ਵਿਸ਼ਵ ਕੱਪ ਜੇਤੂ ਦੀਪਤੀ ਸ਼ਰਮਾ, ਦੱਖਣੀ ਅਫ਼ਰੀਕਾ ਦੀ ਬੱਲੇਬਾਜ਼ ਲੌਰਾ ਵੋਲਵਾਰਡਟ ਸਣੇ ਕ੍ਰਿਕਟ ਦੀਆਂ ਕਈ ਭਾਰਤੀ ਖਿਡਾਰਨਾਂ ਲਈ ਇੱਥੇ ਵੀਰਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ (ਡਬਲਿਊ ਪੀ ਐੱਲ) ਲਈ ਨਿਲਾਮੀ ਤਹਿਤ ਵੱਡੀ ਬੋਲੀ ਲੱਗ ਸਕਦੀ ਹੈ। ਨਿਲਾਮੀ ਦੌਰਾਨ ਭਾਰਤੀ ਖਿਡਾਰਨਾਂ ਕਰਾਂਤੀ ਗੌੜ ਤੇ ਸ਼੍ਰੀ ਚਰਨੀ ਲਈ ਵੀ ਉੱਚੀ ਬੋਲੀ ਲੱਗ ਸਕਦੀ ਹੈ।
ਨਿਲਾਮੀ ਵਿੱਚ ਕੁੱਲ 277 ਖਿਡਾਰਨਾਂ, ਜਿਸ ਵਿੱਚ 194 ਭਾਰਤੀ ਹਨ ਤੇ 83 ਵਿਦੇਸ਼ੀ ਹਨ, ਹਿੱਸਾ ਲੈਣਗੀਆਂ। ਪੰਜ ਟੀਮਾਂ 73 ਖਾਲੀ ਥਾਵਾਂ ਭਰਨ ਲਈ ਕੋਸ਼ਿਸ਼ ਕਰਨਗੀਆਂ, ਜਿਨ੍ਹਾਂ ਵਿੱਚ 50 ਭਾਰਤੀ ਖਿਡਾਰਨਾਂ ਤੇ 23 ਵਿਦੇਸ਼ੀ ਖਿਡਾਰਨਾਂ ਸ਼ਾਮਲ ਹਨ। ਹਰ ਟੀਮ ਵਿੱਚ ਘੱਟੋ-ਘੱਟ 15 ਤੇ ਵੱਧ ਤੋਂ ਵੱਧ 18 ਖਿਡਾਰਨਾਂ ਹੋ ਸਕਦੀਆਂ ਹਨ। ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਖਿਡਾਰਨਾਂ ਦੀ ਮੰਗ ਬਹੁਤ ਵਧੀ ਹੈ। ਦੀਪਤੀ ਸ਼ਰਮਾ, ਜਿਸ ਨੂੰ ਵਿਸ਼ਵ ਕੱਪ ਵਿੱਚ ‘ਪਲੇਅਰ ਆਫ ਦਿ ਟੂਰਨਾਮੈਂਟ’ ਖ਼ਿਤਾਬ ਮਿਲਿਆ ਸੀ, ਉੱਤੇ ਵੱਡੀ ਬੋਲੀ ਲੱਗਣ ਦੀ ਉਮੀਦ ਹੈ। ਕਰਾਂਤੀ ਤੇ ਚਰਨੀ ’ਤੇ ਵੀ ਦੀਪਤੀ ਦੇ ਬਰਾਬਰ ਬੋਲੀ ਲੱਗ ਸਕਦੀ ਹੈ।
ਹਰਲੀਨ ਦਿਓਲ, ਰੇਣੂਕਾ ਸਿੰਘ ਤੇ ਸਨੇਹ ਰਾਣਾ ਵੀ ਨਿਲਾਮੀ ਦਾ ਹਿੱਸਾ ਹਨ। ਨਿਲਾਮੀ ਵਿੱਚ ਕੌਮਾਂਤਰੀ ਖਿਡਾਰਨਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਸਾਬਕਾ ਆਸਟਰੇਲੀਆਈ ਕਪਤਾਨ ਮੇਗ ਲੈਨਿੰਗ, ਮੌਜੂਦਾ ਆਸਟਰੇਲੀਆਈ ਕਪਤਾਨ ਐਲਿਸਾ ਹੀਲੀ, ਇੰਗਲੈਂਡ ਦੀ ਪ੍ਰਮੁੱਖ ਸਪਿਨਰ ਸੋਫੀ ਐਕਲਸਟੋਨ, ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਤੇ ਦੱਖਣੀ ਅਫ਼ਰੀਕੀ ਕਪਤਾਨ ਲੌਰਾ ਵੋਲਵਾਰਡਟ ਸ਼ਾਮਲ ਹਨ। ਵੋਲਵਾਰਡਟ ਨੇ ਵੀ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਨੇ ਸੈਮੀਫ਼ਾਈਨਲ ਵਿੱਚ ਇੰਗਲੈਂਡ ਵਿਰੁੱਧ ਤੇ ਫਾਈਨਲ ਵਿੱਚ ਭਾਰਤ ਵਿਰੁੱਧ ਸੈਂਕੜਾ ਜੜਿਆ ਸੀ। ਡਬਲਿਊ ਪੀ ਐੱਲ ਟੂਰਨਾਮੈਂਟ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।

