ਭਾਰਤ ਨੇ ਐਤਵਾਰ ਨੂੰ ਖੇਡੇ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ਦੌਰਾਨ ਪਾਕਿਸਤਾਨੀ ਕ੍ਰਿਕਟਰਾਂ ਹੈਰਿਸ ਰੌਫ਼ ਤੇ ਸਾਹਿਬਜ਼ਾਦਾ ਫ਼ਰਹਾਨ ਵੱਲੋਂ ਮੈਦਾਨ ’ਤੇ ਕੀਤੇ ਭੜਕਾਊ ਇਸ਼ਾਰਿਆਂ ਖਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੂੰ ਅਧਿਕਾਰਤ ਸ਼ਿਕਾਇਤ ਕੀਤੀ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਦੋਵੇਂ ਪਾਕਿਸਤਾਨੀ ਕ੍ਰਿਕਟਰਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਆਈਸੀਸੀ ਨੂੰ ਇਸ ਸਬੰਧੀ ਈ-ਮੇਲ ਪ੍ਰਾਪਤ ਹੋ ਗਈ ਹੈ। ਜੇਕਰ ਸਾਹਿਬਜ਼ਾਦਾ ਅਤੇ ਰੌਫ ਇਨ੍ਹਾਂ ਦੋਸ਼ਾਂ ਨੂੰ ਲਿਖਤੀ ਰੂਪ ਵਿੱਚ ਨਕਾਰਦੇ ਹਨ ਤਾਂ ਆਈਸੀਸੀ ਕੋਲ ਸੁਣਵਾਈ ਹੋਣ ਦੀ ਉਮੀਦ ਹੈ। ਉਨ੍ਹਾਂ ਨੂੰ ਸੁਣਵਾਈ ਲਈ ਆਈਸੀਸੀ ਦੇ ਇਲੀਟ ਪੈਨਲ ਰੈਫਰੀ ਰਿਚੀ ਰਿਚਰਡਸਨ ਸਾਹਮਣੇ ਪੇਸ਼ ਹੋਣਾ ਪੈ ਸਕਦਾ ਹੈ।
ਉਧਰ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਵਾਰੀ ਦਾ ਵੱਟਾ ਲਾਉਂਦਿਆਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਆਪਣੀ ਇਕਜੁੱਟਤਾ ਪ੍ਰਗਟ ਕਰਨ ਅਤੇ ਆਪਣੀ ਟੀਮ ਦੀ ਜਿੱਤ ਨੂੰ ਆਪ੍ਰੇਸ਼ਨ ਸਿੰਧੂਰ ਵਿੱਚ ਸ਼ਾਮਲ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ ਕਰਨ ਲਈ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਖਿਲਾਫ਼ ਆਈਸੀਸੀ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਜਾਪਦੀ ਹੈ।
ਸੂਰਿਆਕੁਮਾਰ ਨੇ ਪਾਕਿਸਤਾਨ ਖਿਲਾਫ਼ 14 ਸਤੰਬਰ ਦਾ ਮੈਚ ਜਿੱਤਣ ਮਗਰੋਂ ਇਹ ਟਿੱਪਣੀਆਂ ਕੀਤੀਆਂ ਸਨ। ਪੀਸੀਬੀ ਦਾ ਦੋਸ਼ ਹੈ ਕਿ ਸੂਰਿਆ ਦੀਆਂ ਟਿੱਪਣੀਆਂ ‘ਸਿਆਸੀ’ ਹਨ, ਹਾਲਾਂਕਿ ਤਕਨੀਕੀ ਤੌਰ ’ਤੇ ਇਹ ਦੇਖਣ ਦੀ ਲੋੜ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼ਿਕਾਇਤ ਕਦੋਂ ਦਰਜ ਕੀਤੀ ਸੀ, ਜੋ ਕਿ ਉਕਤ ਟਿੱਪਣੀ ਦੇ ਸੱਤ ਦਿਨਾਂ ਅੰਦਰ ਦਰਜ ਕੀਤੀ ਜਾਣੀ ਚਾਹੀਦੀ ਹੈ।
ਰੌਫ਼ ਤੇ ਸਾਹਿਬਜ਼ਾਦਾ ਵੱਲੋਂ ਕੀਤੇ ਇਸ਼ਾਰੇ
ਹੈਰਿਸ ਰੌਫ਼ ਨੇ 21 ਸਤੰਬਰ ਦੇ ਮੈਚ ਦੌਰਾਨ ਭਾਰਤੀ ਸਮਰਥਕਾਂ ਵੱਲੋਂ ‘ਕੋਹਲੀ ਕੋਹਲੀ’ ਦੇ ਨਾਅਰੇ ਲਗਾਉਣ ’ਤੇ ਭਾਰਤ ਦੀ ਫੌਜੀ ਕਾਰਵਾਈ ਦਾ ਮਜ਼ਾਕ ਉਡਾਉਣ ਲਈ ਇੱਕ ਜਹਾਜ਼ ਨੂੰ ਡੇਗਣ ਦੇ ਇਸ਼ਾਰੇ ਕੀਤੇ ਸਨ। ਰੌਫ਼ ਨੇ ਮੈਚ ਵਿਚ ਆਪਣੇ ਗੇਂਦਬਾਜ਼ੀ ਸਪੈੱਲ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਨੂੰ ਗਾਲ੍ਹਾਂ ਕੱਢੀਆਂ ਜਦੋਂਕਿ ਭਾਰਤੀ ਬੱਲੇਬਾਜ਼ਾਂ ਨੇ ਆਪਣੇ ਬੱਲਿਆਂ ਨਾਲ ਜਵਾਬ ਦਿੱਤਾ।
ਉਸੇ ਮੈਚ ਦੌਰਾਨ ਸਾਹਿਬਜ਼ਾਦਾ ਫ਼ਰਹਾਨ ਨੇ ਨੀਮ ਸੈਂਕੜਾ ਪੂਰਾ ਕਰਨ ਮਗਰੋਂ ਆਪਣੇ ਬੱਲੇ ਨੂੰ ਮਸ਼ੀਨ ਗਨ ਵਜੋਂ ਵਰਤਦੇ ਹੋਏ ਬੰਦੂਕ ਚਲਾਉਣ ਜਿਹਾ ਜਸ਼ਨ ਮਨਾਇਆ, ਜਿਸ ਦੀ ਵਿਆਪਕ ਤੌਰ ’ਤੇ ਆਲੋਚਨਾ ਕੀਤੀ ਗਈ ਹੈ। ਫ਼ਰਹਾਨ ਨੇ ਮੈਚ ਮਗਰੋਂ ਪੱਤਰਕਾਰਾਂ ਨੂੰ ਕਿਹਾ ਸੀ, ‘‘ਉਸ ਸਮੇਂ ਉਹ ਜਸ਼ਨ ਸਿਰਫ਼ ਇੱਕ ਪਲ ਸੀ। ਮੈਂ 50 ਦੌੜਾਂ ਬਣਾਉਣ ਤੋਂ ਬਾਅਦ ਬਹੁਤੇ ਜਸ਼ਨ ਨਹੀਂ ਕਰਦਾ। ਪਰ, ਅਚਾਨਕ ਮੇਰੇ ਮਨ ਵਿੱਚ ਆਇਆ ਕਿ ਆਓ ਅੱਜ ਇੱਕ ਜਸ਼ਨ ਮਨਾਈਏ। ਮੈਂ ਅਜਿਹਾ ਕੀਤਾ। ਮੈਨੂੰ ਨਹੀਂ ਪਤਾ ਕਿ ਲੋਕ ਇਸ ਨੂੰ ਕਿਵੇਂ ਲੈਣਗੇ। ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।’’
ਰੌਫ਼ ਅਤੇ ਸਾਹਿਬਜ਼ਾਦਾ ਦੋਵਾਂ ਨੂੰ ਆਈਸੀਸੀ ਦੀ ਸੁਣਵਾਈ ’ਤੇ ਆਪਣੇ ਇਸ਼ਾਰਿਆਂ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਨੂੰ ਆਚਾਰ ਸੰਹਿਤਾ ਅਨੁਸਾਰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਕਵੀ ਨੇ 'X' 'ਤੇ ਰਹੱਸਮਈ CR7 ਵੀਡੀਓ ਪੋਸਟ ਕੀਤਾ
ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਅੱਗ ’ਤੇ ਤੇਲ ਪਾਉਣ ਦਾ ਕੰਮ ਕਰਦਿਆਂ ਬੁੱਧਵਾਰ ਨੂੰ ‘ਐਕਸ’ ’ਤੇ ਕ੍ਰਿਸਟੀਆਨੋ ਰੋਨਾਲਡੋ ਦਾ ਇੱਕ ਹੌਲੀ-ਮੋਸ਼ਨ ਵੀਡੀਓ ਪੋਸਟ ਕੀਤਾ, ਜਿੱਥੇ ਪੁਰਤਗਾਲੀ ਦਿੱਗਜ ਇਸ਼ਾਰਾ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਇੱਕ ਜਹਾਜ਼ ਅਚਾਨਕ ਕਰੈਸ਼ ਹੋ ਗਿਆ ਹੈ, ਜਿਸ ਦਾ ਸੰਕੇਤ ਹੈਰਿਸ ਰੌਫ਼ ਨੇ ਲੰਘੇ ਐਤਵਾਰ ਨੂੰ ਰਵਾਇਤੀ ਵਿਰੋਧੀ ਭਾਰਤ ਨਾਲ ਮੈਚ ਦੌਰਾਨ ਮੈਦਾਨ ’ਤੇ ਦਿੱਤਾ ਸੀ। ਨਕਵੀ, ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਹੋਣ ਤੋਂ ਇਲਾਵਾ, ਆਪਣੇ ਦੇਸ਼ ਦੇ ‘ਗ੍ਰਹਿ ਮੰਤਰੀ’ ਵੀ ਹਨ ਅਤੇ ਭਾਰਤ ਵਿਰੁੱਧ ਭੜਕਾਊ ਬਿਆਨਾਂ ਲਈ ਜਾਣੇ ਜਾਂਦੇ ਹਨ। ਵੀਡੀਓ ਵਿੱਚ ਰੋਨਾਲਡੋ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੀ ਸਿੱਧੀ ਫ੍ਰੀ-ਕਿੱਕ ਕਿਵੇਂ ਡਿੱਪ ਹੋਈ ਅਤੇ ਗੋਲ ਵਿੱਚ ਦਾਖਲ ਹੋਈ।
ਹਾਲਾਂਕਿ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਭਾਰਤੀ ਟੀਮ, ਜੋ ਹੁਣ ਏਸ਼ੀਆ ਕੱਪ ਦੀ ਫਾਈਨਲਿਸਟ ਹੈ, ਏਸੀਸੀ ਚੇਅਰਮੈਨ ਨਾਲ ਮੰਚ ਸਾਂਝਾ ਕਰਦੀ ਹੈ ਜਾਂ ਨਹੀਂ। ਇਹ ਮਾਮਲਾ ਅਜੇ ਤੱਕ ਬੀਸੀਸੀਆਈ ਅਤੇ ਆਈਸੀਸੀ ਦੋਵਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ। ਸਿਰਫ ਸਮਾਂ ਹੀ ਦੱਸੇਗਾ ਕਿ ਨਕਵੀ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ।