ਭਾਰਤੀ ਟੀਮ ਨੂੰ ਬੀਸੀਸੀਆਈ ਵੱਲੋਂ 58 ਕਰੋੜ ਰੁਪਏ ਦਾ ਨਕਦ ਪੁਰਸਕਾਰ
ਨਵੀਂ ਦਿੱਲੀ, 20 ਮਾਰਚ
ਬੀਸੀਸੀਆਈ ਨੇ ਦੁਬਈ ’ਚ ਇਸ ਮਹੀਨੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਲਈ 58 ਕਰੋੜ ਰੁਪਏ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਨੇ ਫਾਈਨਲ ’ਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਇਹ ਪੁਰਸਕਾਰ ਖਿਡਾਰੀਆਂ, ਕੋਚਿੰਗ ਤੇ ਸਹਿਯੋਗੀ ਸਟਾਫ ਅਤੇ ਅਜੀਤ ਅਗਰਕਰ ਦੀ ਪ੍ਰਧਾਨਗੀ ਹੇਠਲੀ ਚੋਣ ਕਮੇਟੀ ਨੂੰ ਮਿਲੇਗੀ। ਬੀਸੀਸੀਆਈ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿਸ ਨੂੰ ਕਿੰਨਾ ਪੁਰਸਕਾਰ ਮਿਲੇਗਾ। ਬੀਸੀਸੀਆਈ ਮੁਖੀ ਰੋਜਰ ਬਿੰਨੀ ਨੇ ਬਿਆਨ ’ਚ ਕਿਹਾ, ‘ਲਗਾਤਾਰ ਦੋ ਆਈਸੀਸੀ ਖਿਤਾਬ ਜਿੱਤਣਾ ਖਾਸ ਹੈ। ਇਹ ਪੁਰਸਕਾਰ ਆਲਮੀ ਪੱਧਰ ’ਤੇ ਟੀਮ ਇੰਡੀਆ ਦੀ ਪ੍ਰਤੀਬੱਧਤਾ ਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਹੈ।’ ਬਿੰਨੀ ਨੇ ਕਿਹਾ ਕਿ ਚੈਂਪੀਅਨਜ਼ ਟਰਾਫੀ ’ਚ ਜਿੱਤ ਭਾਰਤ ਦੇ ਮਜ਼ਬੂਤ ਕ੍ਰਿਕਟ ਈਕੋ ਸਿਸਟਮ ਦਾ ਸਬੂਤ ਹੈ। ਉਨ੍ਹਾਂ ਕਿਹਾ, ‘ਇਹ 2025 ’ਚ ਸਾਡਾ ਦੂਜਾ ਆਈਸੀਸੀ ਖਿਤਾਬ ਹੈ। ਆਈਸੀਸੀ ਅੰਡਰ 19 ਮਹਿਲਾ ਟੀਮ ਨੇ ਵੀ ਵਿਸ਼ਵ ਕੱਪ ਜਿੱਤਿਆ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਦੇਸ਼ ’ਚ ਕ੍ਰਿਕਟ ਈਕੋ ਸਿਸਟਮ ਕਿੰਨਾ ਮਜ਼ਬੂਤ ਹੈ।’ ਭਾਰਤੀ ਟੀਮ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਵੀ ਜਿੱਤਿਆ ਸੀ। -ਪੀਟੀਆਈ