ਬੇਸਬਾਲ: ਲੁਧਿਆਣਾ ਦੀਆਂ ਲੜਕੀਆਂ ਨੇ ਸੂਬਾਈ ਚੈਂਪੀਅਨਸ਼ਿਪ ਜਿੱਤੀ
ਪੰਜਾਬ ਬੇਸਬਾਲ ਐਸੋਸੀਏਸ਼ਨ ਵੱਲੋਂ 20ਵੀਂ ਸੀਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਸਥਾਨਕ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ 9 ਤੋਂ 11 ਅਗਸਤ ਤੱਕ ਕਰਵਾਈ ਗਈ। ਇਸ ਦੌਰਾਨ ਮਹਿਲਾ ਵਰਗ ਵਿੱਚ ਲੁਧਿਆਣਾ ਤੇ ਪੁਰਸ਼ ਵਰਗ ਵਿੱਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਮਹਿਲਾ ਵਰਗ ਦੇ ਪਹਿਲੇ ਪਹਿਲੇ ਸੈਮੀਫਾਈਨਲ ਵਿੱਚ ਲੁਧਿਆਣਾ ਨੇ ਮੋਗਾ ਨੂੰ 8-0, ਜਦਕਿ ਦੂਜੇ ਸੈਮੀਫਾਈਨਲ ਵਿੱਚ ਅੰਮ੍ਰਿਤਸਰ ਨੇ ਰੂਪਨਗਰ ਨੂੰ 5-4 ਨਾਲ ਹਰਾਇਆ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਅੰਮ੍ਰਿਤਸਰ ਨੂੰ 4-2 ਨਾਲ ਹਰਾਇਆ। ਮੋਗਾ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਇਸੇ ਤਰ੍ਹਾਂ ਪੁਰਸ਼ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 1-0 ਅਤੇ ਅੰਮ੍ਰਿਤਸਰ ਨੇ ਮੋਗਾ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਵਿੱਚ ਅੰਮ੍ਰਿਤਸਰ ਦੀ ਟੀਮ ਲੁਧਿਆਣਾ ਨੂੰ 2-1 ਨਾਲ ਹਰਾ ਕੇ ਚੈਂਪੀਅਨ ਬਣੀ। ਫਾਈਨਲ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸੱਕਤਰ ਇੰਜਨੀਅਰ ਹਰਬੀਰ ਸਿੰਘ ਗਿੱਲ ਅਤੇ ਗਿੱਲ ਪਿੰਡ ਦੇ ਸਰਪੰਚ ਕਮਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ, ਸਚਿਨ ਠਾਕੁਰ, ਬਲਦੇਵ ਸਿੰਘ, ਰਾਜਿੰਦਰ ਸਿੰਘ, ਰਾਣੀ ਅਤੇ ਹੋਰ ਹਾਜ਼ਰ ਸਨ।