ਭਾਰਤ ਦੇ ਤਰੁਣ ਮੰਨੇਪੱਲੀ ਸਿਖ਼ਰਲਾ ਦਰਜਾ ਪ੍ਰਾਪਤ ਹਾਂਗਕਾਂਗ ਦੇ ਲੀ ਚਿਊਕ ਯੂ ਨੂੰ ਹਰਾ ਕੇ ਮਕਾਓ ਓਪਨ ਬੀਡਬਲਿਊਐੱਫ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਜਦਕਿ ਲਕਸ਼ੈ ਸੇਨ ਨੇ ਵੀ ਅੰਤਿਮ ਅੱਠ ਵਿੱਚ ਜਗ੍ਹਾ ਬਣਾਈ। ਤਰੁਣ ਨੇ ਦੁਨੀਆ ਦੇ 15ਵੀਂ ਰੈਂਕਿੰਗ ਵਾਲੇ ਲੀ ਨੂੰ 19-21, 21-14, 22-40 ਨਾਲ ਹਰਾਇਆ।
ਇਸ ਤੋਂ ਪਹਿਲਾਂ ਉਹ ਫਰਵਰੀ ਵਿੱਚ ਜਰਮਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਵੀ ਪਹੁੰਚਿਆ ਸੀ। ਹੁਣ ਉਸ ਦਾ ਸਾਹਮਣਾ ਦੁਨੀਆ ਦੇ 87ਵੇਂ ਨੰਬਰ ਦੇ ਖਿਡਾਰੀ ਚੀਨ ਦੇ ਹੂ ਜ਼ੇ ਨਾਲ ਹੋਵੇਗਾ। ਰਾਸ਼ਟਰਮੰਡਲ ਖੇਡ ਚੈਂਪੀਅਨ ਲਕਸ਼ੈ ਸੇਨ ਨੇ ਇੰਡੋਨੇਸ਼ੀਆ ਦੇ ਚਿਕੋ ਔਰਾ ਦਵਿ ਵਾਰਡੋਯੋ ਨੂੰ 21-14, 14-21, 21-17 ਨਾਲ ਮਾਤ ਦਿੱਤੀ। ਉੱਧਰ, ਆਯੂਸ਼ ਸ਼ੈੱਟੀ ਨੂੰ ਮਲੇਸ਼ੀਆ ਦੇ ਜਸਟਿਨ ਹੋਹ ਨੇ 21-18, 21-16 ਨਾਲ ਹਰਾ ਦਿੱਤਾ। ਮਹਿਲਾ ਸਿੰਗਲਜ਼ ਵਿੱਚ ਰਕਸ਼ਿਤਾ ਰਾਮਰਾਜ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਨੇ 14-21, 21-10, 21-10 ਨਾਲ ਹਰਾਇਆ।
ਮਿਕਸਡ ਡਬਲਜ਼ ਵਿੱਚ ਪੰਜਵਾਂ ਦਰਜਾ ਪ੍ਰਾਪਤ ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਟੋ ਨੂੰ ਮਲੇਸ਼ੀਆ ਦੇ ਜਿਮੀ ਵੌਂਗ ਅਤੇ ਲਾਈ ਪੇਈ ਜਿੰਗ ਨੇ 19-21, 21-13, 21-18 ਨਾਲ ਹਰਾਇਆ। ਪੁਰਸ਼ ਡਬਲਜ਼ ਵਿੱਚ ਪ੍ਰਿਥਵੀ ਰੌਏ ਅਤੇ ਕੇ ਸਾਈ ਪ੍ਰਤੀਕ ਨੂੰ ਮਲੇਸ਼ੀਆ ਦੇ ਚੌਥਾ ਦਰਜਾ ਪ੍ਰਾਪਤ ਜੁਨੈਦੀ ਆਰਿਫ਼ ਅਤੇ ਰੌਏ ਕਿੰਗ ਯਾਪ ਨੇ 21-18, 21-18 ਨਾਲ ਹਰਾਇਆ।