ਬੈਡਮਿੰਟਨ: ਚਾਈਨਾ ਓਪਨ ਵਿੱਚ ਸਿੰਧੂ ਨੇ ਮਿਆਜ਼ਾਕੀ ਨੂੰ ਹਰਾਇਆ
ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ 2022 ਦੀ ਵਿਸ਼ਵ ਜੂਨੀਅਰ ਚੈਂਪੀਅਨ ਮਿਆਜ਼ਾਕੀ ਨੂੰ 62 ਮਿੰਟਾਂ ਵਿੱਚ 21-15, 8-21, 21-17 ਨਾਲ ਹਰਾਇਆ। ਮੈਚ ਤੋਂ ਬਾਅਦ ਸਿੰਧੂ ਨੇ ਕਿਹਾ, ‘ਇਸ ਜਿੱਤ ਦੀ ਮੈਨੂੰ ਬਹੁਤ ਉਡੀਕ ਸੀ। ਪਹਿਲਾ ਗੇੜ ਮੇਰੇ ਲਈ ਬਹੁਤ ਅਹਿਮ ਸੀ। ਇਹ ਤਿੰਨ ਗੇਮਾਂ ਦਾ ਮੁਕਾਬਲਾ ਸੀ। ਤੀਜੇ ਗੇਮ ਵਿੱਚ ਵੀ ਮੇਰੇ ਲਈ ਸ਼ੁਰੂ ਤੋਂ ਹੀ ਲੀਡ ਲੈਣਾ ਅਹਿਮ ਸੀ। ਇਸ ਮੈਚ ਵਿੱਚ ਜਿੱਤ ਮੇਰਾ ਹੌਸਲਾ ਜ਼ਰੂਰ ਵਧਾਏਗੀ।’ ਸਿੰਧੂ ਇਸ ਵੇਲੇ ਵਿਸ਼ਵ ਵਿੱਚ 15ਵੇਂ ਸਥਾਨ ’ਤੇ ਕਾਬਜ਼ ਹੈ। ਉਹ ਦੂਜੀ ਵਾਰ 18 ਸਾਲਾ ਮਿਆਜ਼ਾਕੀ ਦਾ ਸਾਹਮਣਾ ਕਰ ਰਹੀ ਸੀ। ਪਿਛਲੇ ਸਾਲ ਉਹ ਸਵਿਸ ਓਪਨ ਵਿੱਚ ਜਪਾਨੀ ਖਿਡਾਰਨ ਤੋਂ ਹਾਰ ਗਈ ਸੀ। ਹੈਦਰਾਬਾਦ ਦੀ 30 ਸਾਲਾ ਖਿਡਾਰਨ ਦਾ ਸਾਹਮਣਾ ਹੁਣ ਇੱਕ ਹੋਰ ਭਾਰਤੀ ਖਿਡਾਰਨ 17 ਸਾਲਾ ਉੱਨਤੀ ਹੁੱਡਾ ਨਾਲ ਹੋਵੇਗਾ।
ਉੱਨਤੀ ਨੇ ਓਲੰਪਿਕ ਸਪੋਰਟਸ ਸੈਂਟਰ ਜਿਮਨੇਜ਼ੀਅਮ ਵਿੱਚ 36 ਮਿੰਟ ਚੱਲੇ ਮੈਚ ਵਿੱਚ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜੇਤੂ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ 21-11, 21-16 ਨਾਲ ਹਰਾਇਆ। ਉਧਰ ਵਿਸ਼ਵ ਦੀ 15ਵੇਂ ਨੰਬਰ ਦੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਜਪਾਨ ਦੇ ਕੇਨੀਆ ਮਿਤਸੁਹਾਸ਼ੀ ਅਤੇ ਹਿਰੋਕੀ ਓਕਾਮੁਰਾ ਨੂੰ ਸਿਰਫ਼ 31 ਮਿੰਟਾਂ ਵਿੱਚ 21-13, 21-9 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਏਸ਼ੀਅਨ ਖੇਡਾਂ ਦੀ ਚੈਂਪੀਅਨ ਜੋੜੀ ਦਾ ਅਗਲਾ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਇੰਡੋਨੇਸ਼ਿਆਈ ਜੋੜੀ ਲਿਓ ਰੋਲੀ ਕਾਰਨਾਂਡੋ ਅਤੇ ਬਾਗਸ ਮੌਲਾਨਾ ਨਾਲ ਹੋਵੇਗਾ।