ਬੈਡਮਿੰਟਨ: ਸ਼ਾਇਨਾ ਅਤੇ ਦੀਕਸ਼ਾ ਨੇ ਸੋਨ ਤਗ਼ਮੇ ਜਿੱਤੇ
ਭਾਰਤ ਦਾ ਏਸ਼ੀਆ ਅੰਡਰ-17 ਤੇ ਅੰਡਰ-15 ਚੈਂਪੀਅਨਸ਼ਿਪ ਵਿੱਚ ਸਰਵੋਤਮ ਪ੍ਰਦਰਸ਼ਨ w 2 ਸੋਨੇ, 1 ਚਾਂਦੀ ਤੇ 2 ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ
ਸ਼ਾਇਨਾ ਮਨੀਮੁਥੂ ਅਤੇ ਦੀਕਸ਼ਾ ਸੁਧਾਕਰ ਵੱਲੋਂ ਅੱਜ ਇੱਥੇ ਆਪੋ-ਆਪਣੇ ਵਰਗਾਂ ਵਿੱਚ ਸੋਨ ਤਗ਼ਮੇ ਜਿੱਤਣ ਨਾਲ ਭਾਰਤ ਬੈਡਮਿੰਟਨ ਏਸ਼ੀਆ ਅੰਡਰ-17 ਅਤੇ ਅੰਡਰ-15 ਚੈਂਪੀਅਨਸ਼ਿਪ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਿਹਾ। ਅੰਡਰ-15 ਲੜਕੀਆਂ ਦੇ ਸਿੰਗਲਜ਼ ਫਾਈਨਲ ਵਿੱਚ ਸ਼ਾਇਨਾ ਨੇ ਜਪਾਨ ਦੀ ਚਿਹਾਰੂ ਤੋਮਿਤਾ ਨੂੰ 21-14, 22-20 ਨਾਲ ਹਰਾਇਆ; ਦੀਕਸ਼ਾ ਨੇ ਆਪਣੀ ਹੀ ਹਮਵਤਨ ਲਕਸ਼ੈ ਰਾਜੇਸ਼ ਨੂੰ 21-16, 21-9 ਨਾਲ ਹਰਾ ਕੇ ਅੰਡਰ-17 ਲੜਕੀਆਂ ਦੇ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕੀਤਾ।
ਇਸ ਤਰ੍ਹਾਂ ਭਾਰਤੀ ਦਲ ਨੇ ਦੋ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮਿਆਂ ਨਾਲ ਇਸ ਮਹਾਂਦੀਪੀ ਮੁਕਾਬਲੇ ਦੀ ਸਮਾਪਤੀ ਕੀਤੀ, ਜੋ ਇਸ ਚੈਂਪੀਅਨਸ਼ਿਪ ਵਿੱਚ ਉਸ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਨੇ ਇਸ ਤੋਂ ਪਹਿਲਾਂ 2013 ਵਿੱਚ ਦੋ ਸੋਨ ਤਗ਼ਮੇ ਜਿੱਤੇ ਸਨ। ਉਦੋਂ ਸਿਰਿਲ ਵਰਮਾ ਨੇ ਅੰਡਰ-15 ਵਰਗ ਵਿੱਚ ਲੜਕਿਆਂ ਦਾ ਸਿੰਗਲਜ਼ ਖਿਤਾਬ ਅਤੇ ਚਿਰਾਗ ਸ਼ੈੱਟੀ ਤੇ ਐੱਮ ਆਰ ਅਰਜੁਨ ਨੇ ਅੰਡਰ-17 ਵਰਗ ਵਿੱਚ ਲੜਕਿਆਂ ਦਾ ਡਬਲਜ਼ ਖਿਤਾਬ ਜਿੱਤਿਆ ਸੀ।
ਸ਼ਾਇਨਾ ਅੰਡਰ-15 ਵਰਗ ਦਾ ਖਿਤਾਬ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਸਿੰਗਲਜ਼ ਖਿਡਾਰਨ ਬਣ ਗਈ ਹੈ। ਉਸ ਨੇ ਪਹਿਲੀ ਗੇਮ ਵਿੱਚ ਤੋਮਿਤਾ ’ਤੇ ਪੂਰਾ ਦਬਦਬਾ ਬਣਾਈ ਰੱਖਿਆ ਅਤੇ ਫਿਰ ਦੂਜੀ ਗੇਮ ਵਿੱਚ ਜਪਾਨੀ ਖਿਡਾਰਨ ਦੀ ਸਖ਼ਤ ਚੁਣੌਤੀ ਨੂੰ ਪਾਰ ਕਰਦਿਆਂ 44 ਮਿੰਟਾਂ ਵਿੱਚ ਮੈਚ ਜਿੱਤ ਲਿਆ।
ਦੂਜੇ ਪਾਸੇ ਦੀਕਸ਼ਾ ਸਿਰਫ਼ 27 ਮਿੰਟ ਤੱਕ ਚੱਲੇ ਫਾਈਨਲ ਵਿੱਚ ਆਪਣਾ ਦਬਦਬਾ ਕਾਇਮ ਰੱਖਦਿਆਂ ਅੰਡਰ-17 ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸਿੰਗਲਜ਼ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਜਗਸ਼ੇਰ ਸਿੰਘ ਖੰਗੂੜਾ ਅਤੇ ਜੰਗਜੀਤ ਸਿੰਘ ਕਾਜਲਾ ਤੇ ਜਨਨਿਕਾ ਰਮੇਸ਼ ਦੀ ਮਿਕਸਡ ਡਬਲਜ਼ ਜੋੜੀ ਨੇ ਕਾਂਸੇ ਦੇ ਤਗ਼ਮੇ ਜਿੱਤੇ ਸਨ।

