ਬੈਡਮਿੰਟਨ: ਸਾਤਵਿਕ-ਚਿਰਾਗ ਨੇ ਕਾਂਸੇ ਦਾ ਤਗ਼ਮਾ ਜਿੱਤਿਆ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੂੰ ਇੱਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਸੈਮੀਫਾਈਨਲ ਵਿੱਚ 11ਵਾਂ ਦਰਜਾ ਪ੍ਰਾਪਤ ਚੀਨ ਦੀ ਚੇਨ ਬੋ ਯਾਂਗ ਅਤੇ ਲਿਊ ਯੀ ਦੀ ਜੋੜੀ ਤੋਂ ਹਾਰਨ ਮਗਰੋਂ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਲਈ ਤਗ਼ਮਾ ਯਕੀਨੀ ਬਣਾਉਣ ਤੋਂ ਇੱਕ ਦਿਨ ਬਾਅਦ ਸਾਤਵਿਕ ਅਤੇ ਚਿਰਾਗ ਕੋਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਪੁਰਸ਼ ਡਬਲਜ਼ ਜੋੜੀ ਬਣਨ ਦਾ ਮੌਕਾ ਸੀ, ਪਰ ਜੋੜੀ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਬੀਤੀ ਸ਼ਾਮ 67 ਮਿੰਟ ਤੱਕ ਚੱਲੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਜੋੜੀ ਨੂੰ 19-21, 21-18, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਜੋੜੀ ਦਾ ਦੂਜਾ ਤਗਮਾ ਹੈ। ਏਸ਼ਿਆਈ ਖੇਡਾਂ ਦੇ ਚੈਂਪੀਅਨ ਸਾਤਵਿਕ ਅਤੇ ਚਿਰਾਗ ਨੇ ਕੁਆਰਟਰ ਫਾਈਨਲ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਮਲੇਸ਼ੀਆ ਦੇ ਆਰੋਨ ਚੀਆ ਅਤੇ ਸੋਹ ਵੁਈ ਯਿਕ ਨੂੰ ਹਰਾ ਕੇ 2011 ਤੋਂ ਲੈ ਕੇ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਤਗ਼ਮੇ ਜਿੱਤਣ ਦੀ ਭਾਰਤ ਦੀ ਲੜੀ ਨੂੰ ਜਾਰੀ ਰੱਖਿਆ। ਹਾਲਾਂਕਿ ਸੈਮੀਫਾਈਨਲ ਵਿੱਚ ਭਾਰਤੀ ਟੀਮ ਚੀਨੀ ਜੋੜੀ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕੀ। ਇਸ ਨਾਲ ਟੂਰਨਾਮੈਂਟ ਵਿੱਚ ਭਾਰਤ ਦੀ ਮੁਹਿੰਮ ਵੀ ਖਤਮ ਹੋ ਗਈ ਹੈ।