ਬੈਡਮਿੰਟਨ: ਸਾਤਵਿਕ-ਚਿਰਾਗ ਸੈਮੀਫਾਈਨਲ ’ਚ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਇੱਥੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੀ ਆਰੋਨ ਚੀਆ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਤਗ਼ਮਾ ਪੱਕਾ ਕਰ ਦਿੱਤਾ ਹੈ। ਭਾਰਤੀ ਜੋੜੀ ਪਿਛਲੇ ਸਾਲ ਪੈਰਿਸ ਓਲੰਪਿਕ ਵਿੱਚ ਮਲੇਸ਼ਿਆਈ ਜੋੜੀ ਤੋਂ ਹਾਰ ਗਈ ਸੀ ਪਰ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਮੈਚ ਵਿੱਚ ਬਦਲਾ ਲੈਣ ਵਿੱਚ ਕਾਮਯਾਬ ਰਹੀ। ਸਾਤਵਿਕ ਅਤੇ ਚਿਰਾਗ ਦੀ ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਨੇ 43 ਮਿੰਟਾਂ ਵਿੱਚ 21-12, 21-19 ਦੀ ਸ਼ਾਨਦਾਰ ਜਿੱਤ ਨਾਲ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਚਿਰਾਗ ਨੇ ਮੈਚ ਤੋਂ ਬਾਅਦ ਕਿਹਾ, ‘ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਓਲੰਪਿਕ ਵਰਗਾ ਹੀ ਮੈਚ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਹੱਦ ਤੱਕ ਬਦਲਾ ਲੈਣ ਵਿੱਚ ਕਾਮਯਾਬ ਹੋਏ ਹਾਂ। ਇਹ ਉਹੀ ਕੋਰਟ ਸੀ, ਜਿਸ ’ਤੇ ਅਸੀਂ ਠੀਕ ਇੱਕ ਸਾਲ ਪਹਿਲਾਂ ਹਾਰ ਗਏ ਸੀ। ਅਸੀਂ ਅੱਜ ਜਿੱਤ ਕੇ ਸੱਚਮੁੱਚ ਬਹੁਤ ਖੁਸ਼ ਹਾਂ।’ ਸਾਤਵਿਕ ਅਤੇ ਚਿਰਾਗ ਨੇ 2022 ਵਿੱਚ ਇਸ ਟੂਰਨਾਮੈਂਟ ’ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਅਤੇ ਇਸ ਤਰ੍ਹਾਂ ਇਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਜੋੜੀ ਦਾ ਦੂਜਾ ਤਗ਼ਮਾ ਹੋਵੇਗਾ। ਏਸ਼ੀਆਈ ਖੇਡਾਂ ਦੇ ਚੈਂਪੀਅਨਾਂ ਦਾ ਸੈਮੀਫਾਈਨਲ ਵਿੱਚ ਸਾਹਮਣਾ ਚੀਨ ਦੀ 11ਵੀਂ ਦਰਜਾ ਪ੍ਰਾਪਤ ਜੋੜੀ ਚੇਨ ਬੋ ਯਾਂਗ ਅਤੇ ਲਿਊ ਯੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੀਵੀ ਸਿੰਧੂ ਦੇ ਕੁਆਰਟਰ ਫਾਈਨਲ ਵਿੱਚ ਬਾਹਰ ਹੋਣ ਮਗਰੋਂ ਭਾਰਤ ਮਹਿਲਾ ਸਿੰਗਲਜ਼ ਵਿੱਚ ਤਗ਼ਮੇ ਤੋਂ ਵਾਂਝਾ ਰਹਿ ਗਿਆ ਸੀ।