ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਅੱਜ ਇੱਥੇ ਚਾਈਨਾ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ, ਜਦਕਿ ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਪਿਛਲੇ ਹਫ਼ਤੇ ਹਾਂਗਕਾਂਗ ਓਪਨ ਦੀ ਉਪ ਜੇਤੂ ਜੋੜੀ ਸਾਤਵਿਕ ਅਤੇ ਚਿਰਾਗ ਨੇ ਮਲੇਸ਼ੀਆ ਦੇ ਜੁਨੈਦੀ ਆਰਿਫ਼ ਅਤੇ ਰਾਏ ਕਿੰਗ ਯਾਪ ਨੂੰ 42 ਮਿੰਟਾਂ ਵਿੱਚ 24-22, 21-13 ਨਾਲ ਹਰਾਇਆ।
ਪਹਿਲੀ ਗੇਮ ਵਿੱਚ ਦੋਵਾਂ ਜੋੜੀਆਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ ਪਰ ਭਾਰਤੀ ਜੋੜੀ ਨੇ ਅਹਿਮ ਮੌਕਿਆਂ ’ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 24-22 ਨਾਲ ਗੇਮ ਆਪਣੇ ਨਾਂ ਕੀਤੀ। ਦੂਜੀ ਗੇਮ ਵਿੱਚ ਸਾਤਵਿਕ-ਚਿਰਾਗ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਲਿਆ ਅਤੇ ਮਲੇਸ਼ੀਆਈ ਜੋੜੀ ਨੂੰ ਵਾਪਸੀ ਦਾ ਕੋਈ ਮੌਕਾ ਨਾ ਦਿੰਦਿਆਂ ਗੇਮ ਅਤੇ ਮੈਚ ਜਿੱਤ ਲਿਆ।
ਉਧਰ ਪਿਛਲੇ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਤੱਕ ਪਹੁੰਚਣ ਵਾਲਾ ਲਕਸ਼ੈ ਸੇਨ ਆਪਣੇ ਪਹਿਲੇ ਹੀ ਮੈਚ ਵਿੱਚ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਹੱਥੋਂ 11-21, 10-21 ਦੇ ਵੱਡੇ ਫਰਕ ਨਾਲ ਹਾਰ ਗਿਆ। ਇਹ ਇੱਕਪਾਸੜ ਮੁਕਾਬਲਾ ਸਿਰਫ਼ 30 ਮਿੰਟ ਵਿੱਚ ਹੀ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ ਆਯੂਸ਼ ਸ਼ੈੱਟੀ ਵੀ ਆਪਣਾ ਪਹਿਲਾ ਮੈਚ ਹਾਰ ਗਿਆ ਸੀ, ਜਿਸ ਕਰਕੇ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ।
ਇਸੇ ਤਰ੍ਹਾਂ ਧਰੁਵ ਕਪਿਲਾ ਅਤੇ ਤਨੀਸ਼ਾ ਕਰਾਸਟੋ ਦੀ ਮਿਕਸਡ ਡਬਲਜ਼ ਜੋੜੀ ਫੇਂਗ ਯਾਨ ਜ਼ੇ ਅਤੇ ਹੁਆਂਗ ਡੋਂਗ ਪਿੰਗ ਦੀ ਦੂਜੀ ਦਰਜਾ ਪ੍ਰਾਪਤ ਚੀਨੀ ਜੋੜੀ ਤੋਂ 19-21, 13-21 ਨਾਲ ਹਾਰ ਗਈ। ਮਹਿਲਾ ਸਿੰਗਲਜ਼ ਵਿੱਚ ਪੀਵੀ ਸਿੰਧੂ ਦਾ ਪ੍ਰੀ-ਕੁਆਰਟਰ ਫਾਈਨਲ ਵਿੱਚ ਟਾਕਰਾ ਥਾਈਲੈਂਡ ਦੀ ਛੇਵੀਂ ਦਰਜਾ ਪ੍ਰਾਪਤ ਪੋਰਨਪਾਵੀ ਚੋਚੁਵੋਂਗ ਨਾਲ ਹੋਵੇਗਾ।