ਬੈਡਮਿੰਟਨ: ਲਕਸ਼ੈ ਤੇ ਸਾਤਵਿਕ-ਚਿਰਾਗ ਦੀ ਨਜ਼ਰ ਸੀਜ਼ਨ ਦੇ ਪਹਿਲੇ ਖਿਤਾਬ ’ਤੇ
ਹਾਂਗਕਾਂਗ ਓਪਨ ਦੇ ਫਾਈਨਲਿਸਟ ਲਕਸ਼ੈ ਸੇਨ ਅਤੇ ਸਾਤਵਿਕਸਾਈਰਾਜ ਰੰਕੀਰੈਡੀ-ਚਿਰਾਗ ਸ਼ੈੱਟੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਚਾਈਨਾ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। ਪਿਛਲੇ ਦੋ ਸਾਲਾਂ ਵਿੱਚ ਪਹਿਲੇ ਵੱਡੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਲਕਸ਼ੈ ਦਾ ਸਾਹਮਣਾ ਇੱਥੇ ਪਹਿਲੇ ਗੇੜ ਵਿੱਚ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨਾਲ ਹੋਵੇਗਾ। 24 ਸਾਲਾ ਲਕਸ਼ੈ ਪੈਰਿਸ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹਿਣ ਤੋਂ ਬਾਅਦ ਕਈ ਟੂਰਨਾਮੈਂਟਾਂ ਵਿੱਚ ਜਲਦੀ ਬਾਹਰ ਹੁੰਦਾ ਰਿਹਾ ਹੈ ਪਰ ਹਾਂਗਕਾਂਗ ਓਪਨ ਵਿੱਚ ਉਸ ਨੇ ਇਸ ਰੁਝਾਨ ਨੂੰ ਤੋੜਿਆ।
ਇਸੇ ਤਰ੍ਹਾਂ ਅੱਠਵਾਂ ਦਰਜਾ ਪ੍ਰਾਪਤ ਸਾਤਵਿਕ ਅਤੇ ਚਿਰਾਗ ਦੀ ਜੋੜੀ ਇਸ ਸੀਜ਼ਨ ਵਿੱਚ ਛੇ ਵਾਰ ਸੈਮੀਫਾਈਨਲ ’ਚ ਪਹੁੰਚੀ ਹੈ ਪਰ ਕੋਈ ਖਿਤਾਬ ਨਹੀਂ ਜਿੱਤ ਸਕੀ। ਐਤਕੀਂ ਭਾਰਤੀ ਜੋੜੀ ਪਹਿਲੇ ਗੇੜ ਵਿੱਚ ਮਲੇਸ਼ੀਆ ਦੇ ਜੁਨੈਦ ਆਰਿਫ਼ ਅਤੇ ਰਾਏ ਕਿੰਗ ਯਾਪ ਦੀ ਜੋੜੀ ਨਾਲ ਭਿੜੇਗੀ। ਮਹਿਲਾ ਸਿੰਗਲਜ਼ ਵਿੱਚ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਦਾ ਸਾਹਮਣਾ ਡੈਨਮਾਰਕ ਦੀ ਜੂਲੀ ਡੇਵਲ ਜੈਕਬਸਨ ਨਾਲ ਹੋਵੇਗਾ। 30 ਸਾਲਾ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਪਰ ਲਾਈਨ ਕ੍ਰਿਸਟੋਫਰਸਨ ਤੋਂ ਹਾਰ ਗਈ ਸੀ। ਮਹਿਲਾ ਡਬਲਜ਼ ਵਿੱਚ ਸ਼ਵੇਤਾਪਰਨਾ ਅਤੇ ਰਿਤੂਪਰਨਾ ਪਾਂਡਾ ਦਾ ਸਾਹਮਣਾ ਮਲੇਸ਼ੀਆ ਦੀ ਓਂਗ ਸ਼ਿਨ ਯੀ ਅਤੇ ਕਾਰਮੇਨ ਟਿੰਗ ਨਾਲ ਹੋਵੇਗਾ। ਮਿਕਸਡ ਡਬਲਜ਼ ਵਿੱਚ ਰੋਹਨ ਕਪੂਰ-ਸ਼ਿਵਾਨੀ ਤੇ ਧਰੁਵ ਕਪਿਲਾ-ਤਨੀਸ਼ਾ ਕਰਾਸਟੋ ਦੀਆਂ ਜੋੜੀਆਂ ਭਾਰਤ ਦੀ ਨੁਮਾਇੰਦਗੀ ਕਰਨਗੀਆਂ।