ਬੈਡਮਿੰਟਨ: ਮਕਾਊ ਓਪਨ ’ਚ ਸਾਤਵਿਕ-ਚਿਰਾਗ ’ਤੇ ਰਹੇਗੀ ਨਜ਼ਰ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਚੰਗੀ ਲੈਅ ਜਾਰੀ ਰੱਖਣ ਅਤੇ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਦੁਨੀਆ ਦੀ ਤੀਜੇ ਨੰਬਰ ਦੀ ਇਸ ਜੋੜੀ ਨੇ ਇਸ ਸੀਜ਼ਨ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਉਹ ਅਜੇ ਤੱਕ ਕੋਈ ਖਿਤਾਬ ਨਹੀਂ ਜਿੱਤ ਸਕੀ। ਬੀਤੇ ਦਿਨੀਂ ਚਾਈਨਾ ਓਪਨ ਅਤੇ ਇਸ ਤੋਂ ਪਹਿਲਾਂ ਇੰਡੀਆ ਓਪਨ, ਸਿੰਗਾਪੁਰ ਓਪਨ ਅਤੇ ਮਲੇਸ਼ੀਆ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਤੋਂ ਇਲਾਵਾ ਜੋੜੀ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਆਪਣੀ ਲੈਅ ਹਾਸਲ ਕਰਨਾ ਚਾਹੇਗਾ। 2023 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਐੱਚਐੱਸ ਪ੍ਰਣੌਏ ਚਾਈਨਾ ਓਪਨ ਦੇ ਦੂਜੇ ਗੇੜ ਵਿੱਚ ਬਾਹਰ ਹੋਣ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਸੱਤਵਾਂ ਦਰਜਾ ਪ੍ਰਾਪਤ ਆਯੁਸ਼ ਸ਼ੈੱਟੀ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਉਸ ਨੇ ਪਿਛਲੇ ਮਹੀਨੇ ਯੂਐੱਸ ਓਪਨ ਸੁਪਰ 300 ਵਿੱਚ ਆਪਣਾ ਪਹਿਲਾ ਬੀਡਬਲਿਊਐੱਫ ਖਿਤਾਬ ਜਿੱਤਿਆ ਸੀ। ਮਹਿਲਾ ਸਿੰਗਲਜ਼ ਵਿੱਚ 16 ਸਾਲਾ ਉੱਨਤੀ ਹੁੱਡਾ ਚਾਈਨਾ ਓਪਨ ਵਿੱਚ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ’ਤੇ ਆਪਣੀ ਸ਼ਾਨਦਾਰ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗੀ।