ਆਯੋਵਾ, 30 ਜੂਨ
ਉੱਭਰਦੇ ਭਾਰਤੀ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਨੇ ਯੂਐੱਸ ਓਪਨ ਸੁਪਰ 300 ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਕੈਨੇਡਾ ਦੇ ਬ੍ਰਾਇਨ ਯਾਂਗ ਨੂੰ ਹਰਾ ਕੇ ਆਪਣਾ ਪਹਿਲਾ ਬੀਡਬਲਿਊਐੱਫ ਵਿਸ਼ਵ ਟੂਰ ਖਿਤਾਬ ਜਿੱਤ ਲਿਆ, ਜਦਕਿ ਮਹਿਲਾਜ਼ ਸਿੰਗਲਜ਼ ਵਿੱਚ 16 ਸਾਲਾ ਤਨਵੀ ਸ਼ਰਮਾ ਉਪ ਜੇਤੂ ਰਹੀ। ਆਯੂਸ਼ ਦੀ ਇਸ ਜਿੱਤ ਨੇ ਮੌਜੂਦਾ ਸੀਜ਼ਨ ਵਿੱਚ ਵਰਲਡ ਟੂਰ ’ਤੇ ਭਾਰਤ ਦੇ ਖਿਤਾਬੀ ਸੋਕੇ ਨੂੰ ਖਤਮ ਕਰ ਦਿੱਤਾ ਹੈ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ (2023) ਵਿੱਚ ਕਾਂਸੇ ਦਾ ਤਗ਼ਮਾ ਜੇਤੂ 20 ਸਾਲਾ ਆਯੂਸ਼ ਨੇ 47 ਮਿੰਟ ਤੱਕ ਚੱਲੇ ਮੈਚ ਵਿੱਚ ਤੀਜਾ ਦਰਜਾ ਪ੍ਰਾਪਤ ਯਾਂਗ ਨੂੰ 21-18, 21-13 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਚੋਊ ਟਿਏਨ ਚੇਨ ਖ਼ਿਲਾਫ਼ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਯਾਦਗਾਰ ਜਿੱਤ ਹਾਸਲ ਕੀਤੀ ਸੀ। ਇਹ ਆਯੂਸ਼ ਦੀ ਯਾਂਗ ਖ਼ਿਲਾਫ਼ ਤੀਜੀ ਜਿੱਤ ਹੈ। ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਮਲੇਸ਼ੀਆ ਅਤੇ ਤਾਇਪੇ ਓਪਨ ਵਿੱਚ ਵੀ ਕੈਨੇਡਾ ਦੇ ਇਸ ਖਿਡਾਰੀ ਨੂੰ ਦੋ ਵਾਰ ਹਰਾਇਆ ਸੀ। ਮਹਿਲਾ ਸਿੰਗਲਜ਼ ਫਾਈਨਲ ਵਿੱਚ 16 ਸਾਲਾ ਤਨਵੀ ਸ਼ਰਮਾ ਉਪ ਜੇਤੂ ਰਹੀ। ਉਸ ਨੂੰ ਸਿਖਰਲਾ ਦਰਜਾ ਪ੍ਰਾਪਤ ਅਮਰੀਕਾ ਦੀ ਬੀਵੇਨ ਜ਼ਾਂਗ ਖ਼ਿਲਾਫ਼ ਤਿੰਨ ਗੇਮਾਂ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਟੂਰ ਪੱਧਰ ਦੇ ਆਪਣੇ ਪਹਿਲੇ ਫਾਈਨਲ ਵਿੱਚ ਖੇਡ ਰਹੀ ਗੈਰ-ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੂੰ 46 ਮਿੰਟਾਂ ਵਿੱਚ 11-21, 21-16, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ