AUS Vs WI: ਟੈਸਟ ਇਤਿਹਾਸ ਦਾ ਦੂਜਾ ਸਭ ਤੋਂ ਘੱਟ ਸਕੋਰ, ਵੈਸਟਇੰਡੀਜ਼ ਦੀ ਟੀਮ 27 ਦੌੜਾਂ ’ਤੇ ਆਉਟ
ਕਿੰਗਸਟਨ (ਜਮਾਇਕਾ), 15 ਜੁਲਾਈ
ਆਸਟ੍ਰੇਲੀਆ ਨੇ ਟੈਸਟ ਕ੍ਰਿਕਟ ਵਿੱਚ ਟੀਮ ਦੀ ਮਜ਼ਬੂਤੀ ਇੱਕ ਵਾਰ ਫਿਰ ਸਾਬਤ ਕਰ ਦਿੱਤੀ ਹੈ। ਮਿਸ਼ੇਲ ਸਟਾਰਕ ਅਤੇ ਸਕਾਟ ਬੋਲੈਂਡ ਦੀ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਟੀਮ ਨੇ ਵੈਸਟਇੰਡੀਜ਼ ਨੂੰ ਸਿਰਫ 27 ਦੌੜਾਂ ’ਤੇ ਆਲਆਊਟ ਕਰਕੇ ਤੀਜਾ ਟੈਸਟ 176 ਦੌੜਾਂ ਨਾਲ ਜਿੱਤ ਲਿਆ ਅਤੇ ਸੀਰੀਜ਼ 3-0 ਨਾਲ ਜਿੱਤ ਕੇ ਫ੍ਰੈਂਕ ਵੌਰੇਲ ਟਰਾਫੀ ਆਪਣੇ ਨਾਮ ਕੀਤੀ ਹੈ।
ਵੈਸਟਇੰਡੀਜ਼ ਦਾ 27 ਦੌੜਾਂ ਦਾ ਸਕੋਰ ਟੈਸਟ ਇਤਿਹਾਸ ਵਿੱਚ ਕਿਸੇ ਵੀ ਟੀਮ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾ 1955 ਵਿਚ ਸਭ ਤੋਂ ਘੱਟ ਸਕੋਰ 26 ਦੌੜਾਂ ਨਿਉਜ਼ੀਲੈਂਡ ਨੇ ਬਣਾਇਆ ਸੀ। ਆਸਟ੍ਰੇਲੀਆਈ ਫੀਲਡਰ ਦੀ ਇੱਕ ਗਲਤੀ ਕਾਰਨ ਇਹ ਰਿਕਾਰਡ ਟੁਟਣੋ ਬਚ ਗਿਆ।
ਸਟਾਰਕ ਦਾ ‘ਸੈਂਕੜਾ’: 100ਵਾਂ ਟੈਸਟ ਅਤੇ 400 ਵਿਕਟ ਪੂਰੇ
ਆਪਣਾ 100ਵਾਂ ਟੈਸਟ ਖੇਡ ਰਹੇ ਮਿਚੇਲ ਸਟਾਰਕ ਨੇ 9 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਅਤੇ 15 ਗੇਂਦਾਂ ਵਿੱਚ 5 ਵਿਕਟਾਂ ਲੈ ਕੇ ਉਸ ਨੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ ਪੰਜ ਵਿਕਟ ਹਾਸਲ ਕਰਨ ਦਾ ਰਿਕਾਰਡ ਬਣਾਇਆ। ਸਟਾਰਕ ਨੇ ਇਸੇ ਮੈਚ ਵਿੱਚ 400 ਟੈਸਟ ਵਿਕਟਾਂ ਵੀ ਪੂਰੀਆਂ ਕੀਤੀਆਂ ਅਜਿਹਾ ਕਰਨ ਵਾਲਾ ਉਹ ਦੁਨੀਆ ਦੇ ਕੁਝ ਚੁਣੇ ਹੋਏ ਗੇਂਦਬਾਜ਼ਾਂ ਵਿੱਚ ਸ਼ਾਮਲ ਹੋ ਗਏ। ਪਹਿਲੇ ਓਵਰ ਵਿੱਚ 3 ਵੈਸਟਇੰਡੀਜ਼ ਦੀਆਂ ਤਿੰਨ ਵਿਕਟਾਂ ਉਡਾ ਦਿੱਤੀਆਂ।
ਬੋਲੈਂਡ ਦੀ ਹੈਟ੍ਰਿਕ ਅਤੇ ਵੈਸਟਇੰਡੀਜ਼ ਦੀ ਸ਼ਰਮਨਾਕ ਹਾਲਤ
ਸਕਾਟ ਬੋਲੈਂਡ ਨੇ ਜਸਟਿਨ ਗ੍ਰੀਵਜ਼, ਸ਼ਾਮਰ ਜੋਸਫ ਅਤੇ ਜੋਮੇਲ ਵਾਰੀਕਨ ਨੂੰ ਲਗਾਤਾਰ ਆਊਟ ਕਰਕੇ ਟੈਸਟ ਕਰੀਅਰ ਦੀ ਪਹਿਲੀ ਹੈਟ੍ਰਿਕ ਪੂਰੀ ਕੀਤੀ। ਇਹ ਕਿਸੇ ਆਸਟ੍ਰੇਲੀਆਈ ਗੇਂਦਬਾਜ਼ ਦੀ 10ਵੀਂ ਟੈਸਟ ਹੈਟ੍ਰਿਕ ਹੈ। ਵੈਸਟਇੰਡੀਜ਼ ਦੀਆਂ ਪਹਿਲੀਆਂ ਛੇ ਵਿਕਟਾਂ ਸਿਰਫ 11 ਦੌੜਾਂ 'ਤੇ ਡਿੱਗ ਗਈਆਂ ਸਨ ਅਤੇ ਸੱਤ ਬੱਲੇਬਾਜ਼ ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ। ਸਭ ਤੋਂ ਜ਼ਿਆਦਾ 11 ਦੌੜਾਂ ਜਸਟਿਨ ਗ੍ਰੀਵਜ਼ ਨੇ ਬਣਾਈਆਂ।
ਮੈਚ ਸਿਰਫ ਢਾਈ ਦਿਨਾਂ ਵਿੱਚ ਖਤਮ
ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ 225 ਦੌੜਾਂ ਬਣਾਈਆਂ, ਜਦੋਂ ਕਿ ਵੈਸਟਇੰਡੀਜ਼ ਨੇ ਜਵਾਬ ਵਿੱਚ 143 ਦੌੜਾਂ ਹੀ ਬਣਾਈਆਂ। ਦੂਜੀ ਪਾਰੀ ਵਿੱਚ ਆਸਟ੍ਰੇਲੀਆ 121 ਦੌੜਾਂ ’ਤੇ ਆਲਆਊਟ ਹੋਇਆ, ਜਿਸ ਵਿੱਚ ਅਲਜ਼ਾਰੀ ਜੋਸਫ ਨੇ 5 ਵਿਕਟਾਂ ਲਈਆਂ। ਜਿੱਤ ਲਈ ਵੈਸਟਇੰਡੀਜ਼ ਨੂੰ 204 ਦੌੜਾਂ ਦਾ ਟੀਚਾ ਮਿਲਿਆ, ਪਰ ਪੂਰੀ ਟੀਮ ਸਿਰਫ 14.3 ਓਵਰਾਂ ਵਿੱਚ 27 ਦੌੜਾਂ ’ਤੇ ਢੇਰ ਹੋ ਗਈ।
ਸਾਨੂੰ ਵੀ ਯਕੀਨ ਨਹੀਂ ਸੀ ਕਿ ਮੈਚ ਇੰਨੀ ਜਲਦੀ ਖਤਮ ਹੋਵੇਗਾ: ਸਟਾਰਕ
ਮੈਨ ਆਫ ਦ ਮੈਚ ਬਣੇ ਖਿਡਾਰੀ ਬਣੇ ਸਟਾਰਕ ਨੇ ਕਿਹਾ, “ਇਹ ਸ਼ਾਨਦਾਰ ਸੀਰੀਜ਼ ਰਹੀ, ਪਰ ਇੰਨੀ ਜਲਦੀ ਮੈਚ ਖਤਮ ਹੋਵੇਗਾ ਇਹ ਅਸੀਂ ਵੀ ਨਹੀਂ ਸੋਚਿਆ ਸੀ। ਇਸ ਮੈਚ ਵਿਚ ਬੱਲੇਬਾਜ਼ੀ ਸੁਖਾਲੀ ਨਹੀਂ ਸੀ।”