Asia Cup: ਭਾਰਤ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ; ਪਲੇਅਰ ਆਫ ਦਿ ਮੈਚ ਅਭਿਸ਼ੇਕ ਸ਼ਰਮਾ ਰਿਹਾ
ਪਾਕਿਸਤਾਨ ਨੇ ਬਣਾੲੀਆਂ ਸਨ ਪੰਜ ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ; ਸਾਹਿਬਜ਼ਾਦਾ ਫਰਹਾਨ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ; ਪਾਕਿਸਤਾਨ ਨੂੰ ਚਾਰ ਜੀਵਨਦਾਨ ਮਿਲੇ
ਭਾਰਤ ਨੇ ਅੱਜ ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ। ਭਾਰਤ ਨੇ 18.5 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 174 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਦੇ ਤਿਲਕ ਵਰਮਾ 30 ਤੇ ਹਾਰਦਿਕ ਪਾਂਡਿਆ 7 ਦੌੜਾਂ ਬਣਾ ਕੇ ਨਾਬਾਦ ਰਹੇ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ 172 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ ਹਨ। ਪਾਕਿਸਤਾਨ ਵਲੋਂ ਸਲਮਾਨ ਆਗਾ 17 ਤੇ ਫਾਹੀਮ ਅਸ਼ਰਫ 20 ਦੌੜਾਂ ਬਣਾ ਕੇ ਨਾਬਾਦ ਰਹੇ।
ਭਾਰਤ ਨੇ 172 ਦੌੜਾਂ ਦਾ ਪਿੱਛਾ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ੀ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਪਰ ਸ਼ੁਭਮਨ ਤੇ ਅਭਿਸ਼ੇਕ ਦੇ ਆਊਟ ਹੋਣ ਤੋਂ ਬਾਅਦ ਹੌਲੀ ਗਤੀ ਨਾਲ ਦੌੜਾਂ ਬਣੀਆਂ।
ਭਾਰਤ ਦਾ ਪਹਿਲਾ ਵਿਕਟ ਸ਼ੁਭਮਨ ਗਿੱਲ ਦਾ ਡਿੱਗਿਆ। ਉਸ ਨੇ 28 ਗੇਂਦਾਂ ਵਿਚ 47 ਦੌੜਾਂ ਬਣਾਈਆਂ। ਉਸ ਨੂੰ ਫਾਹੀਮ ਅਸ਼ਰਫ ਨੇ ਕਲੀਨ ਬੋਲਡ ਕੀਤਾ।
ਭਾਰਤ ਦਾ ਦੂਜਾ ਵਿਕਟ ਕਪਤਾਨ ਸੂਰਿਆ ਕੁਮਾਰ ਯਾਦਵ ਵਜੋਂ ਡਿੱਗਿਆ। ਉਸ ਨੇ ਕੋਈ ਦੌੜ ਨਹੀਂ ਬਣਾਈ। ਉਸ ਨੂੰ ਹੈਰਿਸ ਰਾਊਫ ਦੀ ਗੇਂਦ ’ਤੇ ਅਬਰਾਰ ਅਹਿਮਦ ਨੇ ਕੈਚ ਆਊਟ ਕੀਤਾ। ਭਾਰਤ ਦਾ ਤੀਜਾ ਵਿਕਟ ਅਭਿਸ਼ੇਕ ਸ਼ਰਮਾ ਦਾ ਡਿੱਗਿਆ। ਉਸ ਨੇ 39 ਗੇਂਦਾਂ ਵਿਚ 74 ਦੌੜਾਂ ਬਣਾਈਆਂ।
ਭਾਰਤ ਦਾ ਚੌਥਾ ਖਿਡਾਰੀ ਸੰਜੂ ਸੈਮਸਨ ਆਊਟ ਹੋਇਆ। ਉਸ ਨੇ 17 ਗੇਂਦਾਂ ਵਿਚ 13 ਦੌੜਾਂ ਬਣਾਈਆਂ।
ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਦੀ ਸ਼ੁਰੂਆਤ ਵੇਲੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਅੱਜ ਦੋ ਬਦਲਾਅ ਕੀਤੇ। ਭਾਰਤ ਨੇ ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।
ਪਾਕਿਸਤਾਨ ਨੂੰ ਪਹਿਲੇ ਹੀ ਓਵਰ ਵਿਚ ਉਦੋਂ ਜੀਵਨਦਾਨ ਮਿਲਿਆ ਜਦੋਂ ਹਾਰਦਿਕ ਪਾਂਡਿਆ ਦੀ ਗੇਂਦ ‘ਤੇ ਅਭਿਸ਼ੇਕ ਸ਼ਰਮਾ ਨੇ ਫਰਹਾਨ ਦਾ ਕੈਚ ਛੱਡ ਦਿੱਤਾ। ਇਸ ਤੋਂ ਬਾਅਦ ਫਖਰ ਜ਼ਮਾਨ ਨੇ ਬੁਮਰਾਹ ਦੇ ਓਵਰ ਵਿਚ ਦੋ ਚੌਕੇ ਮਾਰੇ। ਪਾਕਿਸਤਾਨ ਦਾ ਪਹਿਲਾ ਵਿਕਟ ਫਖਰ ਜ਼ਮਾਨ ਵਜੋਂ ਡਿੱਗਿਆ। ਉਸ ਨੇ ਨੌਂ ਗੇਂਦਾਂ ਵਿਚ 15 ਦੌੜਾਂ ਬਣਾਈਆਂ। ਉਸ ਨੂੰ ਹਾਰਦਿਕ ਪਾਂਡਿਆ ਦੀ ਗੇਂਦ ’ਤੇ ਸੈਮਸਨ ਨੇ ਕੈਚ ਆਊਟ ਕੀਤਾ। ਫਖਰ ਜਮਾਨ ਤੋਂ ਬਾਅਦ ਸਈਮ ਅਯੂਬ ਨੂੰ ਵੀ ਜੀਵਨਦਾਨ ਮਿਲਿਆ। ਵਰੁਣ ਚੱਕਰਵਰਤੀ ਦੀ ਗੇਂਦ ’ਤੇ ਉਸ ਦਾ ਕੈਚ ਕੁਲਦੀਪ ਯਾਦਵ ਨੇ ਛੱਡ ਦਿੱਤਾ। ਸਾਹਿਬਜ਼ਾਦਾ ਫਰਹਾਨ ਨੇ 10ਵੇਂ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਅਕਸ਼ਰ ਪਟੇਲ ਦੀ ਤੀਜੀ ਗੇਂਦ ’ਤੇ ਛੱਕਾ ਜੜਿਆ। ਇਸ ਛੱਕੇ ਨਾਲ ਉਸ ਦਾ ਅਰਧ ਸੈਂਕੜਾ ਪੂਰਾ ਹੋ ਗਿਆ। ਫਰਹਾਨ ਨੇ 34 ਗੇਂਦਾਂ ਵਿਚ ਅਰਧ ਸੈਂਕੜਾ ਬਣਾਇਆ। ਇਹ ਉਸ ਦਾ ਤੀਜਾ ਅਰਧ ਸੈਂਕੜਾ ਹੈ।
ਪਾਕਿਸਤਾਨ ਦਾ ਦੂਜਾ ਵਿਕਟ ਸਈਅਮ ਅਯੂਬ ਵਜੋਂ ਡਿੱਗਿਆ। ਅਯੂਬ ਨੂੰ ਸ਼ਿਵਮ ਦੂਬੇ ਦੇ ਅਭਿਸ਼ੇਕ ਸ਼ਰਮਾ ਹੱਥੋਂ ਕੈਚ ਆਊਟ ਕਰਵਾਇਆ। ਅਯੂਬ ਨੇ 17 ਗੇਂਦਾਂ ਵਿਚ 21 ਦੌੜਾਂ ਬਣਾਈਆਂ। ਇਸ ਮੈਚ ਵਿਚ ਪਾਕਿਸਤਾਨ ਨੂੰ ਤਿੰਨ ਜੀਵਨਦਾਨ ਮਿਲੇ।
ਪਾਕਿਸਤਾਨ ਦਾ ਤੀਜਾ ਵਿਕਟ ਹੁਸੈਨ ਤਲਤ ਵਜੋਂ ਡਿੱਗਿਆ। ਉਸ ਨੇ 10 ਦੌੜਾਂ ਬਣਾਈਆਂ। ਉਸ ਨੂੰ ਕੁਲਦੀਪ ਯਾਦਵ ਦੀ ਗੇਂਦ ’ਤੇ ਵਰੁਨ ਚੱਕਰਵਰਤੀ ਨੇ ਕੈਚ ਆਊਟ ਕੀਤਾ।
ਪਾਕਿਸਤਾਨ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ 45 ਗੇਂਦਾਂ ਵਿਚ 58 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਸ਼ਿਵਮ ਦੂਬੇ ਦੀ ਗੇਂਦ ’ਤੇ ਸੂਰਿਆ ਕੁਮਾਰ ਯਾਦਵ ਨੇ ਕੈਚ ਆਊਟ ਕੀਤਾ। ਪਾਕਿਸਤਾਨ ਦੀ ਪੰਜਵੀਂ ਵਿਕਟ ਮੁਹੰਮਦ ਨਵਾਜ਼ ਵਜੋਂ ਡਿੱਗੀ। ਉਸ ਨੇ 21 ਦੌੜਾਂ ਬਣਾਈਆਂ ਤੇ ਉਸ ਨੂੰ ਸੂਰਿਆ ਕੁਮਾਰ ਨੇ ਰਨ ਆਊਟ ਕੀਤਾ।
ਭਾਰਤੀ ਕਪਤਾਨ ਨੇ ਪਾਕਿਸਤਾਨ ਦੇ ਕਪਤਾਨ ਨਾਲ ਹੱਥ ਨਾ ਮਿਲਾਇਆ
Cricket-India again refuse handshake with Pakistan at Asia Cup ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਆਪਣੇ ਏਸ਼ੀਆ ਕੱਪ ਮੈਚ ਤੋਂ ਪਹਿਲਾਂ ਅੱਜ ਟਾਸ ਮੌਕੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨਾਲ ਇਕ ਵਾਰ ਮੁੜ ਹੱਥ ਨਾ ਮਿਲਾਇਆ। ਇਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਖੇਡਾਂ ਵਿਚ ਵੀ ਕੁੜੱਤਣ ਹੋਰ ਵਧ ਗਈ ਹੈ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਚਲੇ ਦਹਿਸ਼ਤੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਜੰਗ ਛਿੜ ਗਈ ਸੀ।
ਇਸ ਤੋਂ ਪਹਿਲਾਂ ਭਾਰਤ ਨੇ ਪਿਛਲੇ ਹਫ਼ਤੇ ਗਰੁੱਪ ਏ ਦੇ ਮੈਚ ਨੂੰ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਸੀ ਅਤੇ ਭਾਰਤੀ ਖਿਡਾਰੀਆਂ ਨੇ ਮੈਚ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਗੁੱਸੇ ਵਿਚ ਆਏ ਪਾਕਿਸਤਾਨ ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਹਟਾਉਣ ਦੀ ਮੰਗ ਕੀਤੀ ਸੀ।

