ਭਾਰਤ ਅਤੇ ਪਾਕਿਸਤਾਨ ਦਰਮਿਆਨ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਦੇ ਦੋ ਅਹਿਮ ਮੈਚ ਦੁਬਈ ਵਿੱਚ ਖੇਡੇ ਜਾਣਗੇ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਸ਼ਨਿਚਰਵਾਰ ਨੂੰ ਇਸਦਾ ਐਲਾਨ ਕੀਤਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਲੀਗ ਗੇੜ ਦਾ ਮੈਚ 14 ਸਤੰਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਕਾਰ ਸੁਪਰ ਸਿਕਸ ਗੇੜ ਦਾ ਸੰਭਾਵੀ ਮੈਚ 21 ਸਤੰਬਰ ਨੂੰ ਉਸੇ ਸਥਾਨ ’ਤੇ ਖੇਡਿਆ ਜਾਵੇਗਾ। 29 ਸਤੰਬਰ ਨੂੰ ਹੋਣ ਵਾਲਾ ਫਾਈਨਲ ਵੀ ਦੁਬਈ ਵਿੱਚ ਹੋਵੇਗਾ। ਅਗਲੇ ਸਾਲ ਭਾਰਤ ਅਤੇ ਸ੍ਰੀਲੰਕਾ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਇਹ ਟੂਰਨਾਮੈਂਟ ਟੀ-20 ਕੌਮਾਂਤਰੀ ਵੰਨਗੀ ਵਿੱਚ ਖੇਡਿਆ ਜਾਵੇਗਾ। ਏਸੀਸੀ ਨੇ 26 ਜੁਲਾਈ ਨੂੰ ਮੈਚਾਂ ਦਾ ਐਲਾਨ ਕੀਤਾ ਸੀ, ਪਰ ਇਸਦੇ ਸਥਾਨ ਦਾ ਐਲਾਨ ਅੱਜ ਕੀਤਾ ਗਿਆ। ਟੂਰਨਾਮੈਂਟ ਦੇ ਕੁੱਲ 19 ਮੈਚਾਂ ਵਿੱਚੋਂ, 11 ਮੈਚ ਦੁਬਈ ਵਿੱਚ ਅਤੇ ਅੱਠ ਮੈਚ ਅਬੂ ਧਾਬੀ ਵਿੱਚ ਖੇਡੇ ਜਾਣਗੇ। ਭਾਰਤ ਆਪਣੇ ਪਹਿਲੇ ਦੋ ਲੀਗ ਮੈਚ 10 ਸਤੰਬਰ (ਬਨਾਮ ਯੂਏਈ) ਅਤੇ 14 ਸਤੰਬਰ (ਬਨਾਮ ਪਾਕਿਸਤਾਨ) ਨੂੰ ਦੁਬਈ ਵਿੱਚ ਖੇਡੇਗਾ, ਜਦੋਂਕਿ ਓਮਾਨ ਖ਼ਿਲਾਫ਼ ਆਖਰੀ ਲੀਗ ਮੈਚ 19 ਸਤੰਬਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਹੋਵੇਗਾ। ਸੁਪਰ ਸਿਕਸ ਗੇੜ ਵਿੱਚ ਅਬੂ ਧਾਬੀ ਵਿੱਚ ਸਿਰਫ਼ ਇੱਕ ਮੈਚ ਤੈਅ ਕੀਤਾ ਗਿਆ ਹੈ। ਭਾਰਤ ਗਰੁੱਪ ਏ ਵਿੱਚ ਪਾਕਿਸਤਾਨ, ਓਮਾਨ ਅਤੇ ਯੂਏਈ ਨਾਲ ਹੈ। ਗਰੁੱਪ ‘ਬੀ’ ਵਿੱਚ ਅਫਗਾਨਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਹਾਂਗਕਾਂਗ ਹਨ।
+
Advertisement
Advertisement
Advertisement
Advertisement
×