ਏਸ਼ੀਆ ਕੱਪ ਹਾਕੀ: ਮਲੇਸ਼ੀਆ ਨੇ ਕੋਰੀਆ ਨੂੰ ਹਰਾ ਕੇ ਕੀਤਾ ਉਲਟਫੇਰ
ਮਲੇਸ਼ੀਆ ਨੇ ਅੱਜ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ‘ਬੀ’ ਮੈਚ ਵਿੱਚ ਵੱਡਾ ਉਲਟਫੇਰ ਕਰਦਿਆਂ ਮੌਜੂਦਾ ਚੈਂਪੀਅਨ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਉਧਰ ਬੰਗਲਾਦੇਸ਼ ਨੇ ਵੀ ਚੀਨੀ ਤਾਇਪੇ ਨੂੰ 8-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਉਮੀਦਾਂ ਬਰਕਰਾਰ ਰੱਖੀਆਂ ਹਨ।
ਕੋਰੀਆ ਨੇ ਮੈਚ ਦੇ ਦੂਜੇ ਮਿੰਟ ਵਿੱਚ ਹੀ ਜਿਓਨਹਯੂ ਜਿਨ ਦੇ ਗੋਲ ਨਾਲ 1-0 ਦੀ ਲੀਡ ਲੈ ਲਈ ਸੀ ਪਰ ਇਸ ਤੋਂ ਬਾਅਦ ਮਲੇਸ਼ੀਆ ਨੇ ਸ਼ਾਨਦਾਰ ਵਾਪਸੀ ਕੀਤੀ। ਮਲੇਸ਼ੀਆ ਲਈ ਅਖਿਮੁੱਲਾ ਅਨੁਆਰ ਨੇ 29ਵੇਂ, 34ਵੇਂ ਅਤੇ 58ਵੇਂ ਮਿੰਟ ਵਿੱਚ ਤਿੰਨ ਗੋਲ ਕੀਤੇ। ਟੀਮ ਲਈ ਚੌਥਾ ਗੋਲ ਅਸ਼ਰਾਨ ਹਮਸਾਨੀ ਨੇ ਕੀਤਾ। ਭਾਵੇਂ ਵਿਸ਼ਵ ਰੈਂਕਿੰਗ ਵਿੱਚ ਮਲੇਸ਼ੀਆ (12ਵੇਂ) ਅਤੇ ਕੋਰੀਆ (13ਵੇਂ) ਵਿੱਚ ਸਿਰਫ਼ ਇੱਕ ਰੈਂਕ ਦਾ ਫਰਕ ਹੈ, ਫਿਰ ਵੀ ਕੋਰੀਆ ਨੂੰ ਇਸ ਮੈਚ ਵਿੱਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਚੀਨੀ ਤਾਇਪੇ ਨੂੰ 8-3 ਨਾਲ ਹਰਇਆ। ਬੰਗਲਾਦੇਸ਼ ਆਪਣੇ ਪਹਿਲੇ ਮੈਚ ਵਿੱਚ ਮਲੇਸ਼ੀਆ ਹੱਥੋਂ 1-4 ਨਾਲ ਹਾਰ ਗਿਆ ਸੀ, ਜਦਕਿ ਚੀਨੀ ਤਾਇਪੇ ਨੂੰ ਆਪਣੇ ਪਹਿਲੇ ਮੈਚ ਵਿੱਚ ਕੋਰੀਆ ਹੱਥੋਂ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਮੈਚ ਵਿੱਚ ਬੰਗਲਾਦੇਸ਼ ਨੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ ਅਤੇ ਆਖਰੀ ਦੋ ਕੁਆਰਟਰਾਂ ਵਿੱਚ ਪੰਜ ਗੋਲ ਕੀਤੇ।
ਬੰਗਲਾਦੇਸ਼ ਲਈ ਮੁਹੰਮਦ ਅਬਦੁੱਲਾ ਨੇ ਚੌਥੇ ਅਤੇ 26ਵੇਂ ਮਿੰਟ ਵਿੱਚ, ਰਕੀਬੁਲ ਹਸਨ ਨੇ 42ਵੇਂ ਤੇ 43ਵੇਂ ਮਿੰਟ ਅਤੇ ਅਸ਼ਰਫੁਲ ਇਸਲਾਮ ਨੇ 45ਵੇਂ ਤੇ 58ਵੇਂ ਮਿੰਟ ਵਿੱਚ ਦੋ-ਦੋ ਗੋਲ ਕੀਤੇ, ਜਦਕਿ ਸੋਹਨੂਰ ਸੋਬੂਜ ਨੇ 36ਵੇਂ ਅਤੇ ਰੇਜ਼ਾਊਲ ਬਾਬੂ ਨੇ 56ਵੇਂ ਮਿੰਟ ਵਿੱਚ ਗੋਲ ਕੀਤਾ। ਚੀਨੀ ਤਾਇਪੇ ਲਈ ਸੁੰਗ-ਯੂ ਹਸੀਹ ਨੇ 10ਵੇਂ ਅਤੇ 18ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਟੀਮ ਲਈ ਤੀਜਾ ਗੋਲ ਸੁੰਗ-ਜੇਨ ਸ਼ਿਹ ਨੇ ਆਖਰੀ ਹੂਟਰ ਤੋਂ ਠੀਕ ਪਹਿਲਾਂ 60ਵੇਂ ਮਿੰਟ ਵਿੱਚ ਕੀਤਾ। ਬੰਗਲਾਦੇਸ਼ ਪਹਿਲੀ ਸਤੰਬਰ ਨੂੰ ਕੋਰੀਆ ਦਾ ਸਾਹਮਣਾ ਕਰੇਗਾ, ਜਦਕਿ ਚੀਨੀ ਤਾਇਪੇ ਮਲੇਸ਼ੀਆ ਨਾਲ ਭਿੜੇਗਾ।
ਭਾਰਤ ਤੇ ਜਪਾਨ ਵਿਚਾਲੇ ਮੁਕਾਬਲਾ ਅੱਜ
ਰਾਜਗੀਰ: ਭਾਰਤ ਪਹਿਲੇ ਮੈਚ ਵਿੱਚ ਚੀਨ ਨੂੰ ਹਰਾਉਣ ਮਗਰੋਂ ਐਤਵਾਰ ਨੂੰ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਖ਼ਤਰਨਾਕ ਦਿਖ ਰਹੇ ਜਪਾਨ ਖ਼ਿਲਾਫ਼ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਦੁਨੀਆ ਦੀ ਸੱਤਵੀਂ ਨੰਬਰ ਦੀ ਟੀਮ ਭਾਰਤ ਨੇ ਬੀਤੇ ਦਿਨ ਆਪਣੇ ਪਹਿਲਾ ਪੂਲ ‘ਏ’ ਮੈਚ ਵਿੱਚ ਦੁਨੀਆ ਦੀ 23ਵੀਂ ਨੰਬਰ ਦੀ ਟੀਮ ਚੀਨ ਨੂੰ 4-3 ਹਰਾਇਆ ਪਰ ਟੀਮ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਭਾਰਤ ਟੂਰਨਾਮੈਂਟ ਵਿੱਚ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ ਅਤੇ ਏਸ਼ੀਆ ਕੱਪ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ। ਇਸ ਟੂਰਨਾਮੈਂਟ ਦੀ ਜੇਤੂ ਟੀਮ ਅਗਲੇ ਸਾਲ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰੇਗੀ। ਭਾਰਤੀ ਡਿਫੈਂਸ ਨੂੰ ਤੇਜ਼ ਰਫ਼ਤਾਰ ਵਾਲੀ ਜਪਾਨੀ ਟੀਮ ਖ਼ਿਲਾਫ਼ ਸਾਵਧਾਨ ਰਹਿਣਾ ਪਵੇਗਾ, ਜਿਸ ਨੇ ਆਪਣੇ ਪਹਿਲੇ ਮੈਚ ਵਿੱਚ ਕਜ਼ਾਖਸਤਾਨ ਖ਼ਿਲਾਫ਼ ਸੱਤ ਗੋਲ ਕੀਤੇ ਸਨ। ਚੀਨ ਖ਼ਿਲਾਫ਼ ਭਾਰਤ ਦੇ ਸਾਰੇ ਚਾਰ ਗੋਲ ਪੈਨਲਟੀ ਕਾਰਨਰ ਤੋਂ ਆਏ ਸਨ, ਜਿਸ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਸ਼ਾਮਲ ਸੀ। ਜੁਗਰਾਜ ਸਿੰਘ, ਹਰਮਨਪ੍ਰੀਤ, ਸੰਜੈ ਅਤੇ ਅਮਿਤ ਰੋਹਿਦਾਸ ਵਰਗੇ ਚਾਰ ਡਰੈਗ ਫਲਿੱਕਰਾਂ ਨੂੰ ਖੇਡ ਵਿੱਚ ਸੁਧਾਰ ਕਰਨਾ ਪਵੇਗਾ। ਦਿਨ ਦੇ ਦੂਜੇ ਮੈਚ ’ਚ ਚੀਨ ਦਾ ਸਾਹਮਣਾ ਕਜ਼ਾਖਸਤਾਨ ਨਾਲ ਹੋਵੇਗਾ। -ਪੀਟੀਆਈ