ਏਸ਼ੀਆ ਕੱਪ ਹਾਕੀ: ਚੀਨ ਨੂੰ 4-3 ਨਾਲ ਹਰਾ ਕੇ ਭਾਰਤ ਦੀ ਜੇਤੂ ਸ਼ੁਰੂਆਤ
ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਸਦਕਾ ਭਾਰਤ ਨੇ ਅੱਜ ਇੱਥੇ ਏਸ਼ੀਆ ਕੱਪ ਹਾਕੀ ਦੇ ਆਪਣੇ ਪਹਿਲੇ ਮੈਚ ਵਿੱਚ ਚੀਨ ਨੂੰ 4-3 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਪੂਲ ‘ਏ’ ਦੇ ਇੱਕ ਹੋਰ ਮੈਚ ਵਿੱਚ ਜਪਾਨ ਨੇ ਕਜ਼ਾਖਸਤਾਨ ਨੂੰ 7-0 ਨਾਲ ਹਰਾਇਆ। ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਜਪਾਨ ਨਾਲ ਹੋਵੇਗਾ। ਹਰਮਨਪ੍ਰੀਤ ਨੇ 20ਵੇਂ, 33ਵੇਂ ਅਤੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ, ਜਦਕਿ ਜੁਗਰਾਜ ਸਿੰਘ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਚੀਨ ਲਈ ਸ਼ਿਹਾਓ ਡੂ ਨੇ 12ਵੇਂ, ਬੇਨਹਾਈ ਚੇਨ ਨੇ 35ਵੇਂ ਅਤੇ ਜਿਸ਼ੇਂਗ ਗਾਓ ਨੇ 42ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਨੇ ਭਾਵੇਂ ਮੈਚ ਜਿੱਤ ਲਿਆ ਹੈ ਪਰ ਟੀਮ ਦਾ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਰਿਹਾ। ਮੇਜ਼ਬਾਨ ਟੀਮ ਨੇ ਚੀਨ ਨੂੰ ਮੈਚ ’ਚ ਵਾਪਸ ਆਉਣ ਦੇ ਕਈ ਮੌਕੇ ਦਿੱਤੇ। ਭਾਰਤੀ ਟੀਮ 11 ਪੈਨਲਟੀ ਕਾਰਨਰਾਂ ’ਚੋਂ ਸਿਰਫ਼ ਚਾਰ ਨੂੰ ਹੀ ਗੋਲ ਵਿੱਚ ਬਦਲ ਸਕੀ। ਸ਼ੁਰੂਆਤ ਵਿੱਚ ਭਾਰਤ ਹਮਲਾਵਰ ਰਿਹਾ ਪਰ ਚੀਨ ਦੇ ਗੋਲਕੀਪਰ ਵੇਇਹਾਓ ਯਾਂਗ ਨੇ ਸ਼ਾਨਦਾਰ ਬਚਾਅ ਕੀਤੇ। ਭਾਰਤ ਨੇ ਦਬਾਅ ਬਣਾਈ ਰੱਖਿਆ ਅਤੇ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ। ਮਨਦੀਪ ਨੇ ਇਸ ’ਤੇ ਗੋਲ ਕੀਤਾ ਪਰ ਚੀਨ ਦੇ ਰੈਫਰਲ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਚੀਨ ਨੇ 12ਵੇਂ ਮਿੰਟ ਵਿੱਚ ਪਹਿਲੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ 1-0 ਦੀ ਲੀਡ ਲੈ ਲਈ।
ਦੂਜੇ ਕੁਆਰਟਰ ਵਿੱਚ ਭਾਰਤ ਨੇ ਵਾਪਸੀ ਕਰਦਿਆਂ ਜੁਗਰਾਜ ਸਿੰਘ ਦੇ ਗੋਲ ਨਾਲ ਸਕੋਰ 1-1 ਨਾਲ ਬਰਾਬਰ ਕੀਤਾ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਨੂੰ 2-1 ਦੀ ਲੀਡ ਦਿਵਾਈ। ਤੀਜੇ ਕੁਆਰਟਰ ਵਿੱਚ ਹਰਮਨਪ੍ਰੀਤ ਨੇ ਇੱਕ ਹੋਰ ਗੋਲ ਕਰਕੇ ਲੀਡ 3-1 ਕਰ ਦਿੱਤੀ ਪਰ ਚੀਨ ਨੇ ਜਵਾਬੀ ਹਮਲਾ ਕੀਤਾ। ਚੀਨ ਨੇ ਸੱਤ ਮਿੰਟਾਂ ’ਚ ਦੋ ਗੋਲ ਕਰਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ।
ਆਖ਼ਰੀ ਕੁਆਰਟਰ ਵਿੱਚ ਹਰਮਨਪ੍ਰੀਤ ਨੇ ਮੁੜ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਦੀ 4-3 ਨਾਲ ਜਿੱਤ ਯਕੀਨੀ ਬਣਾਈ। ਇਸ ਮੈਚ ਵਿੱਚ ਹਰਮਨਪ੍ਰੀਤ ਨੇ ਕੁੱਲ ਤਿੰਨ ਗੋਲ ਕੀਤੇ। ਇਸ ਦਿਲਚਸਪ ਮੁਕਾਬਲੇ ਨੂੰ ਦੇਖਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਮੌਜੂਦ ਸਨ।