ਏਸ਼ੀਆ ਕੱਪ ਕ੍ਰਿਕਟ: ਅੱਜ ਭਾਰਤ ਤੇ ਯੂ ਏ ਈ ਹੋਣਗੇ ਆਹਮੋ-ਸਾਹਮਣੇ
ਖਿਤਾਬ ਦਾ ਮਜ਼ਬੂਤ ਦਾਅਵੇਦਾਰ ਭਾਰਤ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਬੁੱਧਵਾਰ ਨੂੰ ਜਦੋਂ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ, ਤਾਂ ਉਹ ਹਰਫਨਮੌਲਾ ਖਿਡਾਰੀਆਂ ਰਾਹੀਂ ਟੀਮ ਵਿੱਚ ਢੁਕਵਾਂ ਸੰਤੁਲਨ ਲੱਭਣ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਭਾਰਤ ਨੇ ਹਾਲੇ ਇਹ ਫ਼ੈਸਲਾ ਨਹੀਂ ਕੀਤਾ ਕਿ ਉਸ ਵੱਲੋਂ ਇਸ ਮੈਚ ਵਿੱਚ ਤੀਜਾ ਸਪਿੰਨਰ ਉਤਾਰਿਆ ਜਾਵੇਗਾ ਜਾਂ ਮਾਹਿਰ ਤੇਜ਼ ਗੇਂਦਬਾਜ਼। ਜਦੋਂ ਤੋਂ ਮੁੱਖ ਕੋਚ ਗੌਤਮ ਗੰਭੀਰ ਨੇ ਅਹੁਦਾ ਸੰਭਾਲਿਆ ਹੈ, ਭਾਰਤ ਨੇ ਸਾਰੇ ਫਾਰਮੈਟਾਂ ਵਿੱਚ ਹਰਫਨਮੌਲਾ ਖਿਡਾਰੀਆਂ ਨੂੰ ਤਰਜੀਹ ਦਿੱਤੀ ਹੈ। ਇਹ ਖਾਸ ਤੌਰ ’ਤੇ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ ਤਾਂ ਜੋ ਟੀਮ ਵਿੱਚ ਅੱਠਵੇਂ ਨੰਬਰ ਤੱਕ ਚੰਗੇ ਬੱਲੇਬਾਜ਼ ਹੋਣ। ਅਮੀਰਾਤ ਖ਼ਿਲਾਫ਼ ਮੈਚ 14 ਸਤੰਬਰ ਨੂੰ ਪਾਕਿਸਤਾਨ ਖ਼ਿਲਾਫ਼ ਅਹਿਮ ਮੈਚ ਤੋਂ ਪਹਿਲਾਂ ਅਭਿਆਸ ਮੈਚ ਵਰਗਾ ਹੋਵੇਗਾ। ਦੂਜੇ ਪਾਸੇ ਇਹ ਯੂ ਏ ਈ ਦੇ ਖਿਡਾਰੀਆਂ ਲਈ ਸਭ ਤੋਂ ਵੱਡਾ ਮੈਚ ਹੋਵੇਗਾ। ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨਾ ਜਾਂ ਸ਼ੁਭਮਨ ਗਿੱਲ ਨੂੰ ਗੇਂਦਬਾਜ਼ੀ ਕਰਨਾ ਕਿਸੇ ਐਸੋਸੀਏਟ ਦੇਸ਼ ਦੇ ਕ੍ਰਿਕਟਰ ਦੇ ਜੀਵਨ ਵਿੱਚ ਕੋਈ ਆਮ ਗੱਲ ਨਹੀਂ ਹੈ। ਏਸ਼ੀਆ ਕੱਪ ਉਨ੍ਹਾਂ ਨੂੰ ਖੇਡ ਦੇ ਅਸਲ ਮਾਹੌਲ ਤੋਂ ਜਾਣੂ ਕਰਵਾਏਗਾ।
ਸ਼ੁਭਮਨ ਗਿੱਲ ਦੀ ਸਿਖਰਲੇ ਕ੍ਰਮ ਵਿੱਚ ਵਾਪਸੀ ਨੇ ਵੀ ਸੰਜੂ ਸੈਮਸਨ ਲਈ ਪਲੇਇੰਗ ਇਲੈਵਨ ਵਿੱਚ ਜਗ੍ਹਾ ਮੁਸ਼ਕਲ ਬਣਾ ਦਿੱਤਾ ਹੈ। ਗਿੱਲ ਹੁਣ ਅਭਿਸ਼ੇਕ ਸ਼ਰਮਾ ਨਾਲ ਬੱਲੇਬਾਜ਼ੀ ਦੀ ਸ਼ੁਰੂਆਤ ਕਰੇਗਾ। ਇਸ ਮਗਰੋਂ ਤਿਲਕ ਵਰਮਾ ਤੇ ਕਪਤਾਨ ਸੂਰਿਆਕੁਮਾਰ ਯਾਦਵ ਆਉਣਗੇ। ਹਰਫਨਮੌਲਾ ਖਿਡਾਰੀਆਂ ਵਿੱਚ ਹਾਰਦਿਕ ਪੰਡਿਆ ਅਤੇ ਅਕਸਰ ਪਟੇਲ ਅਹਿਮ ਹਨ। ਤੇਜ਼ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਟੀ-20 ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਚੋਣ ਲਗਪਗ ਤੈਅ ਹੈ। ਸਪਿੰਨਰਾਂ ਦੇ ਰੂਪ ਵਿੱਚ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ’ਚੋਂ ਕਿਸੇ ਨੂੰ ਚੁਣਿਆ ਜਾ ਸਕਦਾ ਹੈ।