ਏਸ਼ੀਆ ਕੱਪ: ਸੁਪਰ 4 ਦੇ ਪਹਿਲੇ ਮੈਚ ਵਿਚ ਬੰਗਲਾਦੇਸ਼ ਵੱਲੋਂ ਲੰਕਾ ਫ਼ਤਹਿ
ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਤੇ ਮਗਰੋਂ ਸਲਾਮੀ ਬੱਲੇਬਾਜ਼ ਸੈਫ ਹਸਨ ਤੇ ਤੌਹੀਦ ਹ੍ਰਿਦਯ ਦੇ ਨੀਮ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਸ਼ਨਿੱਚਰਵਾਰ ਨੂੰ ਏਸ਼ੀਆ ਕੱਪ ਸੁਪਰ 4 ਗੇੜ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਹਰਾਇਆ।
ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਾਸੁਨ ਸ਼ਨਾਕਾ ਦੀਆਂ 37 ਗੇਂਦਾਂ ’ਤੇ ਨਾਬਾਦ 64 ਦੌੜਾਂ ਦੀ ਮਦਦ ਨਾਲ ਸੱਤ ਵਿਕਟਾਂ ਨਾਲ 168 ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ 19.5 ਓਵਰਾਂਵਿਚ 6 ਵਿਕਟਾ ’ਤੇ 169 ਦੌੜਾਂ ਬਣਾਈਆਂ। ਸੈਫ ਨੇ 45 ਗੇਂਦਾਂ ਵਿਚ 61 ਤੇ ਤੌਹੀਦ ਨੇ 37 ਗੇਂਦਾਂ ਵਿਚ 58 ਦੌੜਾਂ ਦਾ ਯੋਗਦਾਨ ਦਿੱਤਾ।
ਪਹਿਲੇ ਓਵਰ ਵਿਚ ਨੁਵਾਨ ਤੁਸ਼ਾਰਾ ਨੇ ਤੰਜੀਦ ਹਸਨ ਨੂੰ ਆਊਟ ਕੀਤਾ, ਪਰ ਇਸ ਦੇ ਬਾਵਜੂਦ ਬੰਗਲਾਦੇਸ਼ੀ ਟੀਮ ਦਬਾਅ ਵਿਚ ਨਜ਼ਰ ਨਹੀਂ ਆਈ। ਕਪਤਾਨ ਲਿਟਨ ਦਾਸ (23) ਨੇ ਸੈਫ ਨਾਲ ਦੂਜੇ ਵਿਕਟ ਲਈ 5.2 ਓਵਰਾਂ ਵਿਚ 59 ਦੌੜਾਂ ਜੋੜੀਆਂ। ਸੈਫ਼ ਨੇ 35 ਗੇਂਦਾਂ ਵਿਚ ਨੀਮ ਸੈਂਕੜਾ ਪੂਰਾ ਕੀਤਾ ਤੇ ਉਹ ਵਾਨਿੰਦੂ ਹਸਰੰਗਾ ਦੀ ਗੇਂਦ ’ਤੇ ਵੇਲਾਲਾਗੇ ਨੂੰ ਕੈਚ ਦੇ ਬੈਠਾ। ਸੈਫ ਤੇ ਤੌਹੀਦ ਨੇ ਤੀਜੇ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ।
ਤੌਹੀਦ ਨੇ 15ਵੇਂ ਓਵਰ ਵਿਚ ਸਪਿੰਨਰ ਕਾਮਿੰਦ ਮੈਂਡਿਸ ਦੇ ਓਵਰ ਵਿਚ 16 ਦੌੜਾਂ ਬਣਾਈਆਂ। ਹਸਰੰਗਾ ਨੂੰ ਦੁਸ਼ਮੰਤਾ ਚਾਮੀਰਾ ਨੇ ਆਊਟ ਕੀਤਾ। ਬੰਗਲਾਦੇਸ਼ ਨੇ ਆਖਰੀ ਓਵਰ ਵਿਚ ਦੋ ਵਿਕਟ ਗੁਆਏ, ਪਰ ਟੀਮ ਇਕ ਗੇਂਦ ਬਾਕੀ ਰਹਿੰਦਿਆਂ ਜੇਤੂ ਟੀਚਾ ਹਾਸਲ ਕਰਨ ਵਿਚ ਸਫ਼ਲਰਹੀ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ਤੋਂ ਬਾਅਦ ਸ਼੍ਰੀਲੰਕਾ ਨੇ ਚੰਗੀ ਸ਼ੁਰੂਆਤ ਕੀਤੀ, ਸਲਾਮੀ ਬੱਲੇਬਾਜ਼ਾਂ ਪਾਥੁਮ ਨਿਸੰਕਾ (15 ਗੇਂਦਾਂ ’ਤੇ 22) ਅਤੇ ਕੁਸਲ ਮੈਂਡਿਸ (25 ਗੇਂਦਾਂ ’ਤੇ 34) ਨੇ ਪੰਜ ਓਵਰਾਂ ਵਿੱਚ 44 ਦੌੜਾਂ ਜੋੜੀਆਂ। ਨਿਸੰਕਾ ਨੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ ਨੂੰ ਲਗਾਤਾਰ ਤਿੰਨ ਚੌਕੇ ਜੜੇ, ਜਦੋਂ ਕਿ ਮੈਂਡਿਸ ਨੇ ਖੱਬੇ ਹੱਥ ਦੇ ਸਪਿੰਨਰ ਨਸੁਮ ਅਹਿਮਦ ਨੂੰ ਛੱਕਾ ਜੜਿਆ। ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ ਨਿਸੰਕਾ ਨੂੰ ਸੈਫ ਹਸਨ ਹੱਥੋਂ ਕੈਚ ਆਊਟ ਕੀਤਾ ਜਿਸ ਨਾਲ ਪਾਰੀ ਪਲਟ ਗਈ, ਪਰ ਮਗਰੋਂ ਸ਼ਨਾਕਾ ਨੇ ਪਾਰੀ ਨੂੰ ਸੰਭਾਲਿਆ।