ਏਸ਼ੀਆ ਕੱਪ 2025: ਭਾਰਤ ਦੀ ਖ਼ਿਤਾਬੀ ਜਿੱਤ ਵਿੱਚ ਜਲੰਧਰ ਦੇ ਸਿਤਾਰਿਆਂ ਦੀ ਅਹਿਮ ਭੂਮਿਕਾ
ਭਾਰਤ ਨੇ ਏਸ਼ੀਆ ਕੱਪ 2025 ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਦੌਰਾਨ ਰੋਮਾਂਚਕ ਜਿੱਤ ਹਾਸਲ ਕਰਨ ਵਿੱਚ ਜਲੰਧਰ ਦੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਹਾਕੀ ਵਿੱਚ ਇਸ ਜ਼ਿਲ੍ਹੇ ਦੀ ਲਗਾਤਾਰ ਵਿਰਾਸਤ ਪੂਰੀ ਤਰ੍ਹਾਂ ਨਜ਼ਰ ਆਈ ਹੈ। ਜਲੰਧਰ ਨਾਲ ਸਬੰਧਤ ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ ਜੇਤੂ ਟੀਮ ਦਾ ਹਿੱਸਾ ਸਨ। ਸੁਖਜੀਤ ਸਿੰਘ ਨੇ ਕੋਰੀਆ ਦੇ ਖ਼ਿਲਾਫ਼ ਫਾਈਨਲ ਵਿੱਚ ਇੱਕ ਅਹਿਮ ਸ਼ੁਰੂਆਤੀ ਗੋਲ ਕਰਕੇ ਉੱਤਮ ਪ੍ਰਦਰਸ਼ਨ ਕੀਤਾ।
ਸੁਖਜੀਤ ਦਾ ਸਫ਼ਰ ਖਾਸ ਤੌਰ ’ਤੇ ਪ੍ਰੇਰਨਾਦਾਇਕ ਰਿਹਾ ਹੈ। ਕੁਝ ਸਾਲ ਪਹਿਲਾਂ ਅਧਰੰਗ (partial paralysis) ਤੋਂ ਪੀੜਤ ਹੋਣ ਦੇ ਬਾਵਜੂਦ, ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਪਿਛਲੇ ਸਾਲ ਓਲੰਪਿਕ ਵਿੱਚ ਸ਼ੁਰੂਆਤ ਕੀਤੀ ਅਤੇ ਭਾਰਤ ਲਈ ਇੱਕ ਮੈਡਲ ਹਾਸਲ ਕੀਤਾ। ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਉਸ ਨੇ ਇੱਕ ਵਾਰ ਫਿਰ ਆਪਣੀ ਯੋਗਤਾ ਸਾਬਤ ਕੀਤੀ।
'ਟ੍ਰਿਬਿਊਨ ਸਮੂਹ' ਨਾਲ ਗੱਲ ਕਰਦਿਆਂ ਸੁਖਜੀਤ ਦੇ ਪਿਤਾ ਅਜੀਤ ਸਿੰਘ ਨੇ ਕਿਹਾ, “ ਜਦੋਂ ਮੈਂ ਰੀਪਲੇਅ ਦੇਖਿਆ ਤਾਂ ਮੈਨੂੰ ਪਤਾ ਲੱਗਾ ਉਸ ਨੇ ਗੋਲ ਕੀਤਾ ਹੈ। ਮੈਂ ਬਹੁਤ ਖੁਸ਼ ਹੋਇਆ, ਉਸ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਟੀਮ ਨੇ ਸ਼ਾਨਦਾਰ ਗੇਮ ਖੇਡੀ।’’
ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਜੋ ਦੋਵੇਂ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ, ਨੇ ਵੀ ਟੂਰਨਾਮੈਂਟ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਜੱਦੀ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।