Ashes Series ਟਰੈਵਿਸ ਹੈੱਡ ਦਾ ਸੈਂਕੜਾ; ਆਸਟਰੇਲੀਆ ਨੇ ਪਹਿਲੇ ਟੈਸਟ ਦੇ ਦੂਜੇ ਦਿਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਮੇਜ਼ਬਾਨ ਆਸਟਰੇਲੀਆ ਨੇ ਟਰੈਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੂੰ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਅੱਜ ਅੱਠ ਵਿਕਟਾਂ ਨਾਲ ਸ਼ਿਕਸਤ ਦਿੱਤੀ।
ਦੋ ਦਿਨਾਂ ਵਿਚ ਪੰਜ ਸੈਸ਼ਨਾਂ ਦੌਰਾਨ ਤਿੰਨ ਪਾਰੀਆਂ ਵਿਚ 113 ਓਵਰਾਂ 468 ਦੌੜਾਂ ਬਣੀਆਂ ਤੇ 30 ਵਿਕਟਾਂ ਡਿੱਗੀਆਂ। ਪੂਰੇ ਮੈਚ ਦੌਰਾਨ ਤੇਜ਼ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ। ਪਰਥ ਦੀ ਤੇਜ਼ਤਰਾਰ ਪਿੱਚ ’ਤੇ ਪਹਿਲੇ ਦਿਨ 19 ਜਦੋਂਕਿ ਦੂਜੇ ਦਿਨ ਟੀ ਬ੍ਰੇਕ ਤੋਂ ਪਹਿਲਾਂ 11 ਵਿਕਟ ਡਿੱਗੇ। ਆਸਟਰੇਲੀਆ ਦੀ ਟੀਮ ਨੂੰ ਦੂਜੀ ਪਾਰੀ ਵਿਚ 205 ਦੌੜਾਂ ਦਾ ਟੀਚਾ ਮਿਲਿਆ ਸੀ।
ਹੈੱਡ ਨੇ 83 ਗੇੇਂਦਾਂ ਵਿਚ 123 ਦੌੜਾਂ ਦੀ ਪਾਰੀ ਖੇਡੀ ਤੇ ਇਸ ਦੌਰਾਨ 12 ਚੌਕੇ ਤੇ ਚਾਰ ਛੱਕੇ ਜੜੇ। ਜਦੋਂ ਹੈੱਡ ਆਊਟ ਹੋਇਆ ਉਦੋਂ ਆਸਟਰੇਲੀਆ ਨੂੰ ਜਿੱਤ ਲਈ ਸਿਰਫ਼ 13 ਦੌੜਾਂ ਦੀ ਦਰਕਾਰ ਸੀ। ਮਾਰਨਸ ਲਾਬੂਸ਼ੇਨ ਨੇ ਛੱਕਾ ਲਾ ਕੇ ਸਕੋਰ ਦੀ ਬਰਾਬਰੀ ਕੀਤੀ ਤੇ 51 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਦੂਜਾ ਟੈਸਟ ਮੈਚ 4 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ ਵਿਚ ਖੇਡਿਆ ਜਾਵੇਗਾ। ਆਸਟਰੇਲੀਆ ਨੇ 2010-11 ਦੀ ਐਸ਼ੇਜ਼ ਲੜੀ ਹਾਰਨ ਤੋਂ ਬਾਅਦ ਹੁਣ ਤੱਕ ਆਪਣੀ ਹੀ ਸਰਜ਼ਮੀਨ ’ਤੇ ਖੇਡੇ 16 ਟੈਸਟਾਂ ਵਿਚੋਂ 14 ਵਿਚ ਜਿੱਤ ਦਰਜ ਕੀਤੀ ਹੈ ਤੇ ਦੋ ਟੈਸਟ ਡਰਾਅ ਖੇੇਡੇ ਹਨ। (ਸੰਖੇਪ ਸਕੋਰ: ਇੰਗਲੈਂਡ: 172, 164; ਆਸਟਰੇਲੀਆ 132, 205/2)
