ਤੀਰਅੰਦਾਜ਼ੀ: ਰਿਕਰਵ ਵਿਚ ਭਾਰਤ ਦੀ ਝੋਲੀ ਮੁੜ ਖਾਲੀ, ਗਾਥਾ ਓਲੰਪਿਕ ਚੈਂਪੀਅਨ ਲਿਮ ਤੋਂ ਹਾਰੀ
ਭਾਰਤ ਲਈ ਵਿਸ਼ਵ ਚੈਂਪੀਅਨਸ਼ਿਪ ਵਿਚ ਰਿਕਰਵ ਤੀਰਅੰਦਾਜ਼ੀ ਵਿਚ ਤਗ਼ਮਾ ਜਿੱਤਣ ਦੀ ਉਡੀਕ ਹੋਰ ਵੱਧ ਗਈ ਹੈ ਕਿ ਕਿਉਂਕਿ 15 ਸਾਲਾ ਗਾਥਾ ਖੜਕੇ ਸ਼ੁੱਕਰਵਾਰ ਨੂੰ ਇਥੇ ਪ੍ਰੀ ਕੁਆਰਟਰ ਫਾਈਨਲ ਵਿਚ ਵਿਸ਼ਵ ਦੀ ਨੰਬਰ ਇਕ ਲਿਮ ਸੀ-ਹਿਯੋਨ ਤੋਂ ਹਾਰ ਗਈ। ਇਸ ਤੋਂ ਪਹਿਲਾਂ ਕਿ ਗਾਥਾ ਕੁਝ ਸਮਝ ਪਾਉਂਦੀ ਅੱਖ ਦੇ ਫੇਰ ਵਿਚ ਸਭ ਕੁਝ ਖ਼ਤਮ ਹੋ ਗਿਆ।
ਪੈਰਿਸ ਓਲੰਪਿਕ ਵਿੱਚ ਤਿੰਨ ਵਾਰ ਸੋਨ ਤਗਮਾ ਜਿੱਤਣ ਵਾਲੀ ਕੋਰਿਆਈ ਖਿਡਾਰਨ ਨੇ ਘਰੇਲੂ ਦਰਸ਼ਕਾਂ ਸਾਹਮਣੇ ਬਿਨਾਂ ਕਿਸੇ ਮੁਸ਼ਕਲ ਦੇ 6-0 ਨਾਲ ਮੈਚ ਜਿੱਤਿਆ। ਭਾਰਤ ਨੇ ਆਖਰੀ ਵਾਰ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਰਿਕਰਵ ਸ਼੍ਰੇਣੀ ਵਿੱਚ ਤਗਮਾ ਜਿੱਤਿਆ ਸੀ। ਫਿਰ ਤਰੁਣਦੀਪ ਰਾਏ, ਅਤਨੂ ਦਾਸ ਅਤੇ ਪ੍ਰਵੀਨ ਜਾਧਵ ਦੀ ਪੁਰਸ਼ ਟੀਮ ਨੇ ਡੇਨ ਬੋਸ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਦੂਜੀ ਵਾਰ ਸੀਨੀਅਰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਗਾਥਾ ਕੋਰੀਆਈ ਖਿਡਾਰੀ ਦੇ ਸਾਹਮਣੇ ਟਿਕ ਨਹੀਂ ਸਕੀ। ਲਿਮ ਨੇ ਤਿੰਨ ਸੰਪੂਰਨ 10 ਨਾਲ ਸ਼ੁਰੂਆਤ ਕੀਤੀ। ਗਾਥਾ ਸਿਰਫ਼ ਦੋ 9 ਅਤੇ ਇੱਕ 8 ਨਾਲ ਜਵਾਬ ਦੇ ਸਕੀ, ਜਿਸ ਕਾਰਨ ਉਹ ਪਹਿਲਾ ਸੈੱਟ 26-30 ਨਾਲ ਹਾਰ ਗਈ। ਗਾਥਾ ਇਸ ਤੋਂ ਬਾਅਦ ਵੀ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਇਸ ਤਰ੍ਹਾਂ ਭਾਰਤੀ ਰਿਕਰਵ ਤੀਰਅੰਦਾਜ਼ ਲਗਾਤਾਰ ਤੀਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਤੋਂ ਖਾਲੀ ਹੱਥ ਪਰਤ ਗਏ। ਯਾਦ ਰਹੇ ਤੀਰਅੰਦਾਜ਼ ਦੀਪਿਕਾ ਕੁਮਾਰੀ ਪਹਿਲੇ ਦੌਰ ਵਿੱਚੋਂ ਹੀ ਬਾਹਰ ਹੋ ਗਈ ਸੀ।