ਏਸ਼ੀਆ ਕੱਪ ਦੇ ਸੁਪਰ-4 ਭਾਰਤ-ਪਾਕਿਸਤਾਨ ਮੈਚ ਲਈ ਮੁੜ ਮੈਚ ਰੈਫਰੀ ਹੋਣਗੇ ਐਂਡੀ ਪਾਈਕ੍ਰਾਫਟ
Asia Cup: Pycroft will be match referee again for Super 4s India-Pakistan gameਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਐਤਵਾਰ ਨੂੰ ਹੋਣ ਵਾਲੇ ਹਾਈ-ਵੋਲਟੇਜ ਭਾਰਤ-ਪਾਕਿਸਤਾਨ ਏਸ਼ੀਆ ਕੱਪ ਸੁਪਰ 4 ਮੈਚ ਵਿਚ ਐਂਡੀ ਪਾਈਕ੍ਰਾਫਟ ਨੂੰ ਮੁੜ ਮੈਚ ਰੈਫਰੀ ਬਣਾ ਦਿੱਤਾ ਹੈ ਜਦਕਿ ਪਾਕਿ ਨੇ ਉਨ੍ਹਾਂ ਨੂੰ ਬਾਹਰ ਕਰਨ ਦੀ ਕਈ ਵਾਰ ਅਪੀਲ ਕੀਤੀ ਸੀ। ਸੂਤਰਾਂ ਨੇ ਅੱਜ ਦੱਸਿਆ ਕਿ ਐਂਡੀ ਪਾਈਕ੍ਰਾਫਟ ਭਾਰਤ-ਪਾਕਿਸਤਾਨ ਮੈਚ ਲਈ ਮੈਚ ਰੈਫਰੀ ਹੋਣਗੇ। ਭਲਕੇ ਹੋਣ ਵਾਲੇ ਮੈਚ ਲਈ ਅਧਿਕਾਰੀਆਂ ਦੀ ਸੂਚੀ ਹਾਲੇ ਤਕ ਜਨਤਕ ਨਹੀਂ ਕੀਤੀ ਗਈ ਹੈ। ਟੂਰਨਾਮੈਂਟ ਵਿੱਚ ਦੂਜੇ ਮੈਚ ਰੈਫਰੀ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਰਿਚੀ ਰਿਚਰਡਸਨ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ-ਪਾਕਿ ਮੈਚ ਵਿਚ ਪਾਈਕ੍ਰਾਫਟ ਮੈਚ ਰੈਫਰੀ ਸਨ ਤੇ ਉਸ ਵੇਲੇ ਭਾਰਤੀ ਟੀਮ ਨੇ ਪਾਕਿਸਤਾਨ ਟੀਮ ਨਾਲ ਹੱਥ ਨਹੀਂ ਮਿਲਾਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਟੀਮ ਨੇ ਆਈਸੀਸੀ ਨੂੰ ਦੋ ਵਾਰ ਈਮੇਲ ਕੀਤੀ। ਪਹਿਲੀ ਈਮੇਲ ਵਿਚ ਪਾਈਕ੍ਰਾਫਟ ਨੂੰ ਟੂਰਨਾਮੈਂਟ ਤੋਂ ਹਟਾਉਣ ਲਈ ਕਿਹਾ ਗਿਆ ਤੇ ਅਗਲੀ ਮੇਲ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਮੈਚਾਂ ਤੋਂ ਹਟਾਉਣ ਲਈ ਕਿਹਾ ਗਿਆ ਪਰ ਇਹ ਦੋਵੇਂ ਮੰਗਾਂ ਆਈਸੀਸੀ ਵਲੋਂ ਰੱਦ ਕਰ ਦਿੱਤੀਆਂ ਗਈਆਂ।