ਆਕਾਸ਼ ਦੀਪ ਨੇ ਮੈਚ ਦੀ ਜਿੱਤ ਕੈਂਸਰ ਪੀੜਤ ਭੈਣ ਨੂੰ ਸਮਰਪਿਤ ਕੀਤੀ
ਬਰਮਿੰਘਮ, 7 ਜੁਲਾਈ
ਭਾਰਤ ਦੀ ਇੰਗਲੈਂਡ ਖ਼ਿਲਾਫ ਦੂਜੇ ਟੈਸਟ ਮੈਚ ਦੀ ਜਿੱਤ ਦੌਰਾਨ ਆਕਾਸ਼ ਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਨੂੰ ਆਪਣੀ ਭੈਣ ਨੂੰ ਸਮਰਪਿਤ ਕੀਤਾ, ਜੋ ਪਿਛਲੇ ਦੋ ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਹੀ ਹੈ।
ਆਕਾਸ਼ ਦੀਪ ਨੇ ਕਿਹਾ, ‘‘ਜਦੋਂ ਮੈਂ ਪ੍ਰਦਰਸ਼ਨ ਕਰ ਰਿਹਾ ਸੀ, ਤਾਂ ਮੇਰੀ ਭੈਣ ਦੇ ਖਿਆਲ ਮੇਰੇ ਦਿਮਾਗ ਵਿੱਚ ਆਉਂਦੇ ਸਨ।’’ ਐਜਬੈਸਟਨ ਵਿੱਚ ਐਤਵਾਰ ਨੂੰ ਸੀਰੀਜ਼ ਬਰਾਬਰ ਕਰਨ ਵਾਲੀ 336 ਦੌੜਾਂ ਦੀ ਜਿੱਤ ਵਿੱਚ 10 ਵਿਕਟਾਂ ਲੈਣ ਵਾਲੇ 28 ਸਾਲਾ ਬੰਗਾਲ ਦੇ ਤੇਜ਼ ਗੇਂਦਬਾਜ਼ ਨੇ ਇੱਕ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ।
ਆਕਾਸ਼ ਦੀਪ ਨੇ ਜਿਓ ਹੌਟਸਟਾਰ' ’ਤੇ ਚੇਤੇਸ਼ਵਰ ਪੁਜਾਰਾ ਨਾਲ ਗੱਲ ਕਰਨ ਮੌਕੇ ਕਿਹਾ, ‘‘ਮੈਂ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ, ਪਰ ਦੋ ਮਹੀਨੇ ਪਹਿਲਾਂ, ਮੇਰੀ ਭੈਣ ਨੂੰ ਕੈਂਸਰ ਦਾ ਪਤਾ ਲੱਗਾ ਸੀ। ਉਹ ਮੇਰੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹੋਵੇਗੀ ਅਤੇ ਇਹ ਕੁਝ ਮੁਸਕਰਾਹਟ ਵਾਪਸ ਲਿਆਵੇਗਾ।’’
ਉਸ ਨੇ ਕਿਹਾ, ‘‘ਹਰ ਵਾਰ ਜਦੋਂ ਮੈਂ ਗੇਂਦ ਚੁੱਕਦਾ ਸੀ ਤਾਂ ਉਸ ਦੇ ਖਿਆਲ ਅਤੇ ਤਸਵੀਰ ਮੇਰੇ ਦਿਮਾਗ ਵਿੱਚ ਆਉਂਦੀ ਸੀ। ਇਹ ਪ੍ਰਦਰਸ਼ਨ ਉਸ ਨੂੰ ਸਮਰਪਿਤ ਹੈ। ਮੈਂ ਉਸਨੂੰ ਕਹਿਣਾ ਚਾਹੁੰਦਾ ਹਾਂ, ਭੈਣ, ਅਸੀਂ ਸਾਰੇ ਤੇਰੇ ਨਾਲ ਹਾਂ।’’
ਮੈਚ ਬਾਰੇ ਗੱਲ ਕਰਦਿਆਂ ਆਕਾਸ਼ ਦੀਪ ਨੇ ਕਿਹਾ ਕਿ ਉਹ ਖੁਸ਼ ਸੀ ਕਿ ਜੋ ਯੋਜਨਾਵਾਂ ਅਤੇ ਪ੍ਰਕਿਰਿਆਵਾਂ ਉਸਨੇ ਲਾਗੂ ਕੀਤੀਆਂ ਸਨ ਉਹ ਮੈਚ ਦੌਰਾਨ ਸ਼ਾਨਦਾਰ ਢੰਗ ਨਾਲ ਕੰਮ ਕਰ ਗਈਆਂ।
ਭਾਰਤ ਅਤੇ ਇੰਗਲੈਂਡ ਦਰਮਿਆਨ ਅਗਲਾ ਟੈਸਟ ਮੈਚ ਲਾਰਡਜ਼ ਕ੍ਰਿਕਟ ਗਰਾਊਂਡ ਵਿੱਚ 10 ਤੋਂ 14 ਜੁਲਾਈ ਤੱਕ ਹੋਣ ਹੈ।