ਟੀ-20 ਦਰਜਾਬੰਦੀ ਵਿੱਚ ਅਭਿਸ਼ੇਕ ਤੇ ਚੱਕਰਵਰਤੀ ਨੰਬਰ ਵੰਨ
ਹਾਰਦਿਕ ਨੂੰ ਪਛਾੜ ਕੇ ਸਾਇਮ ਅਾਯੂਬ ਬਣਿਆ ਨੰਬਰ ਇੱਕ ਹਰਫਨਮੌਲਾ ਖਿਡਾਰੀ
ਭਾਰਤ ਦੇ ਉੱਭਰਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੀ ਤਾਜ਼ਾ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਇਤਿਹਾਸ ਦੇ ਸਰਵੋਤਮ ਰੇਟਿੰਗ ਅੰਕ ਹਾਸਲ ਕਰਕੇ ਸਿਖ਼ਰ ’ਤੇ ਆਪਣੀ ਸਥਿਤੀ ਹੋਰ ਵੀ ਮਜ਼ਬੂਤ ਕਰ ਲਈ ਹੈ। ਗੇਂਦਬਾਜ਼ੀ ਵਿੱਚ ਭਾਰਤ ਦਾ ਵਰੁਣ ਚੱਕਰਵਰਤੀ ਵੀ ਪਹਿਲੇ ਸਥਾਨ ’ਤੇ ਕਾਇਮ ਹੈ ਪਰ ਪਾਕਿਸਤਾਨ ਦੇ ਸਾਇਮ ਆਯੂਬ ਨੇ ਭਾਰਤ ਦੇ ਹਾਰਦਿਕ ਪਾਂਡਿਆ ਨੂੰ ਪਿੱਛੇ ਛੱਡ ਕੇ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਹਾਲ ਹੀ ਵਿੱਚ ਖਤਮ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਭਿਸ਼ੇਕ ਸ਼ਰਮਾ ਨੇ 931 ਰੇਟਿੰਗ ਅੰਕਾਂ ਨਾਲ ਨਵਾਂ ਕਰੀਬ ਪੰਜ ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਆਈ ਸੀ ਸੀ ਮੁਤਾਬਕ 25 ਸਾਲਾ ਅਭਿਸ਼ੇਕ ਨੇ ਇੰਗਲੈਂਡ ਦੇ ਡੇਵਿਡ ਮਲਾਨ ਦੇ 2020 ਵਿੱਚ ਬਣਾਏ 919 ਰੇਟਿੰਗ ਅੰਕਾਂ ਦਾ ਰਿਕਾਰਡ ਤੋੜਿਆ। ਅਭਿਸ਼ੇਕ ਦੂਜੇ ਸਥਾਨ ’ਤੇ ਕਾਬਜ਼ ਇੰਗਲੈਂਡ ਦੇ ਫਿਲ ਸਾਲਟ ਤੋਂ 82 ਅੰਕ ਅੱਗੇ ਹੈ। ਭਾਰਤ ਦਾ ਹੀ ਤਿਲਕ ਵਰਮਾ ਤੀਜੇ ਸਥਾਨ ’ਤੇ ਹਨ।
ਗੇਂਦਬਾਜ਼ੀ ਵਿੱਚ ਏਸ਼ੀਆ ਕੱਪ ’ਚ ਸੱਤ ਵਿਕਟਾਂ ਲੈਣ ਵਾਲਾ ਵਰੁਣ ਚੱਕਰਵਰਤੀ ਦੁਨੀਆ ਦਾ ਨੰਬਰ ਇੱਕ ਟੀ-20 ਗੇਂਦਬਾਜ਼ ਬਣਿਆ ਹੋਇਆ ਹੈ। ਉਸ ਦਾ ਸਾਥੀ ਕੁਲਦੀਪ ਯਾਦਵ ਨੌਂ ਸਥਾਨ ਉੱਪਰ 12ਵੇਂ ਅਤੇ ਪਾਕਿਸਤਾਨ ਦਾ ਸ਼ਾਹੀਨ ਅਫਰੀਦੀ 12 ਸਥਾਨ ਉੱਪਰ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ, ਜਿੱਥੇ ਪਾਕਿਸਤਾਨ ਦਾ ਸਾਇਮ ਆਯੂਬ ਪਹਿਲੀ ਵਾਰ ਸਿਖਰ ’ਤੇ ਪਹੁੰਚਿਆ ਹੈ। ਏਸ਼ੀਆ ਕੱਪ ਵਿੱਚ ਭਾਵੇਂ ਉਹ ਬੱਲੇ ਨਾਲ ਕਮਾਲ ਨਹੀਂ ਕਰ ਸਕਿਆ, ਪਰ ਗੇਂਦ ਨਾਲ ਉਸ ਨੇ ਅੱਠ ਵਿਕਟਾਂ ਲੈ ਕੇ ਹਾਰਦਿਕ ਪਾਂਡਿਆ ਨੂੰ ਪਛਾੜ ਦਿੱਤਾ ਹੈ। ਹਾਰਦਿਕ ਹੁਣ ਦੂਜੇ ਸਥਾਨ ’ਤੇ ਖਿਸਕ ਗਿਆ ਹੈ ਅਤੇ ਆਯੂਬ ਤੋਂ ਅੱਠ ਰੇਟਿੰਗ ਅੰਕ ਪਿੱਛੇ ਹੈ। ਇਸੇ ਤਰ੍ਹਾਂ ਪਾਕਿਸਤਾਨ ਦਾ ਮੁਹੰਮਦ ਨਵਾਜ਼ ਚਾਰ ਸਥਾਨ ਉਪਰ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ।

