ਪੰਜਵਾਂ ਟੈਸਟ: ਭਾਰਤ ਨੇ ਦੂਜੀ ਪਾਰੀ ’ਚ 52 ਦੌੜਾਂ ਦੀ ਲੀਡ ਲਈ, ਯਸ਼ਸਵੀ ਜੈਸਵਾਲ ਨੇ ਨੀਮ ਸੈਂਕੜਾ ਜੜਿਆ
ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਪੰਜਵੇਂ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ ਦੇ ਨੁਕਸਾਨ ਨਾਲ 75 ਦੌੜਾਂ ਬਣਾ ਕੇ 52 ਦੌੜਾਂ ਦੀ ਲੀਡ ਲੈ ਲਈ ਹੈ। ਯਸ਼ਸਵੀ ਜੈਸਵਾਲ 51 ਤੇ ਨਾਈਟ ਵਾਚਮੈਨ ਆਕਾਸ਼ ਦੀਪ 4 ਦੌੜਾਂ ਨਾਲ ਨਾਬਾਦ ਸਨ। ਲੋਕੇਸ਼ ਰਾਹੁਲ ਨੇ 7 ਤੇ ਸਾਈ ਸੁਦਰਸ਼ਨ ਨੇ 11 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 224 ਦੌੜਾਂ ਬਣਾਈਆਂ। ਭਾਰਤ ਦੀ ਟੀਮ ਆਪਣੇ ਪਹਿਲੇ ਦਿਨ ਦੇ 204/6 ਸਕੋਰ ਤੋਂ ਅੱਗੇ ਖੇਡਦਿਆਂ ਅੱਜ ਸਿਰਫ਼ 20 ਦੌੜਾਂ ਹੀ ਜੋੜ ਸਕੀ। ਇਸ ਦੌਰਾਨ ਮੇਜ਼ਬਾਨ ਟੀਮ ਨੇ ਕਰੁਣ ਨਾਇਰ (57), ਵਾਸ਼ਿੰਗਟਨ ਸੁੰਦਰ(26), ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਦੇ ਵਿਕਟ ਗੁਆਏ। ਸਿਰਾਜ ਤੇ ਕ੍ਰਿਸ਼ਨਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੇ। ਇੰਗਲੈਂਡ ਵੱਲੋਂ ਗਸ ਐਟਕਿਨਸਨ ਨੇ ਪੰਜ ਵਿਕਟਾਂ ਤੇ ਜੋਸ਼ ਟੰਗ ਨੇ ਤਿੰਨ ਵਿਕਟਾਂ ਲਈਆਂ। ਕ੍ਰਿਸ ਵੋਕਸ ਨੂੰ ਇੱਕ ਵਿਕਟ ਮਿਲੀ।
ਉਧਰ ਇੰਗਲੈਂਡ ਦੀ ਟੀਮ ਜ਼ੈਕ ਕਰਾਊਲੀ ਤੇ ਹੈਰੀ ਬਰੂਕ ਦੇ ਨੀਮ ਸੈਂਕੜਿਆਂ ਦੇ ਬਾਵਜੂਦ ਪਹਿਲੀ ਪਾਰੀ ’ਚ 247 ’ਤੇ ਆਊਟ ਹੋ ਗਈ। ਪਹਿਲੀ ਪਾਰੀ ਦੇ ਆਧਾਰ ’ਤੇ ਇੰਗਲੈਂਡ ਨੇ 23 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਬੈੱਨ ਡਕੇਟ 43 ਦੌੜਾਂ ਬਣਾ ਕੇ ਆਊਟ ਹੋਇਆ। ਡਕੇਟ ਨੂੰ ਅਕਾਸ਼ਦੀਪ ਨੇ ਆਊਟ ਕੀਤਾ। ਜ਼ੈਕ ਕਰਾਊਲੀ 64 ਦੌੜਾਂ, ਓਲੀ ਪੋਪ 12 ਦੌੜਾਂ, ਜੋਅ ਰੂਟ 29 ਅਤੇ ਹੈਰੀ ਬਰੂਕ 53 ਦੌੜਾਂ ਬਣਾ ਕੇ ਆਊਟ ਹੋਏ। ਕ੍ਰਿਸ ਵੋਕਸ ਮੋਢੇ ਦੀ ਸੱਟ ਕਾਰਨ ਬੱਲੇਬਾਜ਼ੀ ਕਰਨ ਲਈ ਮੈਦਾਨ ’ਚ ਨਹੀਂ ਉੱਤਰਿਆ। ਭਾਰਤ ਵੱਲੋਂ ਤੇਜ਼ ਗੇਂਦਬਾਜ਼ਾਂ ਪ੍ਰਸਿੱਧ ਕ੍ਰਿਸ਼ਨਾ ਤੇ ਮੁਹੰਮਦ ਸਿਰਾਜ ਨੇ ਚਾਰ-ਚਾਰ ਵਿਕਟਾਂ ਲਈਆਂ ਜਦਕਿ ਇੱਕ ਵਿਕਟ ਅਕਾਸ਼ਦੀਪ ਨੇ ਹਾਸਲ ਕੀਤੀ। ਪੰਜ ਮੈਚਾਂ ਦੀ ਲੜੀ ਵਿਚ ਮੇਜ਼ਬਾਨ ਇੰਗਲੈਂਡ ਦੀ ਟੀਮ 2-1 ਨਾਲ ਅੱਗੇ ਹੈ।