4th Test: India vs England ਭਾਰਤ ਤੇ ਇੰਗਲੈਂਡ ਦਰਮਿਆਨ ਮਾਨਚੈਸਟਰ ਟੈਸਟ ਡਰਾਅ
ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕਡ਼ੇ ਮਾਰੇ; ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ ਬਣਾੲੀਆਂ 425 ਦੌਡ਼ਾਂ
ਇੱਥੇ ਭਾਰਤ ਤੇ ਇੰਗਲੈਂਡ ਦਰਮਿਆਨ ਟੈਸਟ ਮੈਚ ਡਰਾਅ ਹੋ ਗਿਆ। ਮੈਚ ਦੇ ਪੰਜਵੇਂ ਦਿਨ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 425 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਨੇ ਮੈਚ ਦਾ ਰੁਖ਼ ਬਦਲਣ ਲਈ ਪੂਰੀ ਵਾਹ ਲਾਈ ਪਰ ਭਾਰਤ ਦੀਆਂ ਚਾਰ ਵਿਕਟਾਂ ਤੋਂ ਬਾਅਦ ਉਹ ਹੋਰ ਵਿਕਟਾਂ ਹਾਸਲ ਨਾ ਕਰ ਸਕੇ। ਭਾਰਤ ਵਲੋਂ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਵਿਕਟਾਂ ਬਚਾਈ ਰੱਖੀਆਂ ਤੇ ਉਹ ਦੋਵੇਂ ਸੈਂਕੜਾ ਲਾਉਣ ਤੋਂ ਬਾਅਦ ਵੀ ਆਊਟ ਨਹੀਂ ਹੋਏ। ਮੈਚ ਦੇ ਖਤਮ ਹੋਣ ਵੇਲੇ ਤਕ ਰਵਿੰਦਰ ਜਡੇਜਾ 107 ਤੇ ਵਾਸ਼ਿੰਗਟਨ ਸੁੰਦਰ 101 ਦੌੜਾਂ ਬਣਾ ਕੇ ਨਾਬਾਦ ਸਨ।
ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 322 ਦੌੜਾਂ ਬਣਾਈਆਂ ਜਦਕਿ ਸਵੇਰ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਭਾਰਤ ਇਹ ਮੈਚ ਹਾਰ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਟੈਸਟ ਦੀ ਪਹਿਲੀ ਪਾਰੀ ਵਿਚ 358 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿਚ 669 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ ਸੀ। ਅੱਜ ਦੇ ਮੈਚ ਵਿਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਪਾਰੀ ਖੇਡੀ ਤੇ 103 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕੇ ਐਲ ਰਾਹੁਲ ਨੇ 90 ਦੌੜਾਂ ਬਣਾਈਆਂ।

