ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ
ਭਾਰਤ ਦੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਜੇਕਰ ਕੋਈ ਇੱਕ ਸ਼ਖ਼ਸੀਅਤ ਸਦੀਆਂ ਤੋਂ ਅਡੋਲ, ਉੱਜਲ ਅਤੇ ਅਮਰ ਰਹੀ ਹੈ ਤਾਂ ਉਹ ਹਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ। ਉਹ ਪੀੜ੍ਹੀਆਂ ਤੋਂ ਮਨੁੱਖਤਾ ਦੇ ਸੱਚੇ ਰੱਖਿਅਕ, ਜ਼ੁਲਮ ਵਿਰੁੱਧ ਅਦੁੱਤੀ ਹਿੰਮਤ ਦੇ ਪ੍ਰਤੀਕ ਅਤੇ ਧਾਰਮਿਕ ਆਜ਼ਾਦੀ ਦੇ ਮਹਾਨ ਰਖਵਾਲੇ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਕੁਰਬਾਨੀ ਕਿਸੇ ਇੱਕ ਭਾਈਚਾਰੇ ਜਾਂ ਖੇਤਰ ਲਈ ਨਹੀਂ ਸੀ ਸਗੋਂ ਸਮੁੱਚੀ ਮਨੁੱਖਤਾ ਲਈ ਸੀ। ਇਹ ਇੱਕ ਅਜਿਹੀ ਕੁਰਬਾਨੀ ਸੀ, ਜਿਸ ਨੇ ਭਾਰਤ ਦੀ ਅਧਿਆਤਮਕ ਆਤਮਾ ਨੂੰ ਸੁਰੱਖਿਅਤ ਰੱਖਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਸਪੁੱਤਰ ਸਨ। ਉਨ੍ਹਾਂ ਦਾ ਜਨਮ 1 ਅਪਰੈਲ 1621 ਨੂੰ ਅੰਮ੍ਰਿਤਸਰ ਵਿੱਚ ਹੋਇਆ, ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਸੁਸ਼ੋਭਿਤ ਹੈ।
ਦੁਨੀਆ ਭਰ ਵਿੱਚ ਪ੍ਰਚਲਿਤ ਧਾਰਨਾ ਹੈ ਕਿ ਜਦੋਂ ਵੀ ਮਨੁੱਖਤਾ ’ਤੇ ਅਤਿਅੰਤ ਅੱਤਿਆਚਾਰ ਹੁੰਦਾ ਹੈ ਤਾਂ ਮਨੁੱਖਤਾ ਦੀ ਰੱਖਿਆ ਅਤੇ ਧਰਮ ਦੀ ਸਥਾਪਨਾ ਲਈ ਇੱਕ ਮਹਾਨ ਪੁਰਸ਼ ਦਾ ਆਗਮਨ ਹੁੰਦਾ ਹੈ। ਗੁਰੂ ਸਾਹਿਬ ਦੇ ਜਨਮ ਸਮੇਂ ਹਿੰਦੋਸਤਾਨ ’ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਹ ਪੂਰੇ ਦੇਸ਼ ਦਾ ਇਸਲਾਮੀਕਰਨ ਕਰਨਾ ਚਾਹੁੰਦਾ ਸੀ।
ਉਸ ਸਮੇਂ ਭਾਰਤ ਵਿੱਚ ਬਹੁਗਿਣਤੀ ਲੋਕ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ। ਔਰੰਗਜ਼ੇਬ ਵੱਲੋਂ ਧਰਮ ਪਰਿਵਰਤਨ ਲਈ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਸਤਾਏ ਹੋਏ ਹਿੰਦੂ ਪੰਡਿਤ ਕਿਰਪਾ ਰਾਮ ਜੀ ਨੇ ਕਸ਼ਮੀਰ ਤੋਂ ਆਪਣੇ ਸਾਥੀਆਂ ਨਾਲ ਸ੍ਰੀ ਆਨੰਦਪੁਰ ਸਾਹਿਬ (ਪੰਜਾਬ) ’ਚ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਕੇ ਅੱਤਿਆਚਾਰਾਂ ਨੂੰ ਰੋਕਣ ਅਤੇ ਧਰਮ ਦੀ ਰੱਖਿਆ ਕਰਨ ਲਈ ਬੇਨਤੀ ਕੀਤੀ।
ਗੁਰੂ ਸਾਹਿਬ ਨੇ ਉਨ੍ਹਾਂ ਦੀ ਬੇਨਤੀ ਸੁਣ ਕੇ ਕਿਹਾ ਕਿ ਅਜਿਹੇ ਅੱਤਿਆਚਾਰਾਂ ਨੂੰ ਰੋਕਣ ਲਈ ਕਿਸੇ ਮਹਾਂਪੁਰਸ਼ ਨੂੰ ਬਲਿਦਾਨ ਦੇਣਾ ਪਵੇਗਾ। ਉਸ ਸਮੇਂ ਬਾਲਕ ਗੋਬਿੰਦ ਰਾਏ ਨੇ ਸਾਰੀ ਗੱਲਬਾਤ ਸੁਣ ਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਉਨ੍ਹਾਂ ਤੋਂ ਵੱਡਾ ਹੋਰ ਕੋਈ ਮਹਾਂਪੁਰਸ਼ ਨਹੀਂ ਹੋ ਸਕਦਾ। ਇਸ ਲਈ ਬਲਿਦਾਨ ਆਪ ਜੀ ਨੂੰ ਹੀ ਦੇਣਾ ਚਾਹੀਦਾ ਹੈ। ਇਹ ਸੁਣ ਕੇ ਨੌਵੇਂ ਗੁਰੂ ਨੇ ਆਏ ਫਰਿਆਦੀਆਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇਕਰ ਗੁਰੂ ਤੇਗ ਬਹਾਦਰ ਧਰਮ ਪਰਿਵਰਤਨ ਕਰ ਲੈਣਗੇ ਤਾਂ ਸਾਰਾ ਭਾਰਤ ਇਸਲਾਮ ਧਰਮ ਅਪਣਾ ਲਵੇਗਾ।
ਜਦੋਂ ਔਰੰਗਜ਼ੇਬ ਨੂੰ ਇਹ ਸੁਨੇਹਾ ਮਿਲਿਆ ਤਾਂ ਉਸ ਨੇ ਗੁਰੂ ਜੀ ਨੂੰ ਦਿੱਲੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਇਸਲਾਮ ਧਰਮ ਅਪਣਾਉਣ ਲਈ ਕਿਹਾ। ਗੁਰੂ ਜੀ ਨੇ ਦ੍ਰਿੜ੍ਹਤਾ ਨਾਲ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਇਸ ਨਾਫਰਮਾਨੀ ਦੇ ਨਤੀਜੇ ਵਜੋਂ ਮੌਤ ਨੂੰ ਸਵੀਕਾਰ ਕਰਨ ਲਈ ਕਿਹਾ। ਸਜ਼ਾ ਦੀ ਤਾਰੀਖ਼ 11 ਨਵੰਬਰ 1675 ਤੈਅ ਕੀਤੀ ਗਈ। ਗੁਰੂ ਜੀ ਦੇ ਨਾਲ ਆਏ ਤਿੰਨ ਸਿੱਖਾਂ- ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਨੂੰ ਕ੍ਰਮਵਾਰ ਕੜਾਹੀ ਵਿੱਚ ਉਬਾਲ, ਰੂੰ ਵਿੱਚ ਲਪੇਟ ਕੇ ਅੱਗ ਲਾ ਤੇ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਗੁਰੂ ਤੇਗ ਬਹਾਦਰ ਜੀ ਅਡੋਲ ਰਹੇ। ਫਿਰ ਗੁਰੂ ਸਾਹਿਬ ਦਾ ਸੀਸ ਵੀ ਸਰੀਰ ਤੋਂ ਵੱਖ ਕਰ ਦਿੱਤਾ ਗਿਆ।
ਏਨਾ ਹੀ ਨਹੀਂ, ਗੁਰੂ ਸਾਹਿਬ ਦੇ ਸੀਸ ਸਮੇਤ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਭਾਈ ਜੈਤਾ ਜੀ ਨੂੰ ਸੋਨੀਪਤ ਦੇ ਪਿੰਡ ਗੜ੍ਹੀ ਕੁਸਾਲਾ (ਬੜਖਾਲਸਾ) ਵਿੱਚ ਮੁਗ਼ਲ ਫ਼ੌਜ ਨੇ ਘੇਰ ਲਿਆ। ਇਸ ਪਿੰਡ ਦੇ ਗੁਰੂਘਰ ਦੇ ਸਮਰਪਿਤ ਸੇਵਕ ਭਾਈ ਕੁਸ਼ਾਲ ਸਿੰਘ ਦਹੀਆ ਨੇ ਆਪਣਾ ਸਿਰ ਕਲਮ ਕਰਵਾ ਕੇ ਮੁਗ਼ਲ ਫ਼ੌਜ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਭਾਈ ਜੈਤਾ ਜੀ ਫ਼ੌਜ ਤੋਂ ਬਚ ਕੇ ਗੁਰੂ ਸਾਹਿਬ ਦੇ ਸੀਸ ਸਮੇਤ ਤਰਾਵੜੀ ਅਤੇ ਅੰਬਾਲਾ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ।
ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਆਨੰਦਪੁਰ ਸਾਹਿਬ ਪਹੁੰਚਾਉਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਦੀ ਦੇਹ ਦਾ ਸਸਕਾਰ ਲੱਖੀ ਸ਼ਾਹ ਵਣਜਾਰਾ, ਜੋ ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਸੀ, ਨੇ ਆਪਣੇ ਪਿੰਡ ਰਾਏਸੀਨਾ (ਦਿੱਲੀ) ਵਿੱਚ ਆਪਣੇ ਘਰ ਨੂੰ ਅੱਗ ਲਗਾ ਕੇ ਕੀਤਾ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਮੁਗ਼ਲ ਸਾਮਰਾਜ ਦਾ ਪਤਨ ਹੋਣਾ ਯਕੀਨੀ ਹੋ ਗਿਆ।
ਇਹ ਸਾਡਾ ਗੌਰਵ ਹੈ ਕਿ ਹਿੰਦੋਸਤਾਨ ਗੁਰੂਆਂ, ਸੰਤਾਂ, ਮਹਾਂਪੁਰਖਾਂ ਅਤੇ ਫ਼ਕੀਰਾਂ ਦੀ ਧਰਤੀ ਹੈ।
ਹਰਿਆਣਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹਾਦੀ ਸਮਾਗਮ ਜੋਤੀਸਰ (ਕੁਰੂਕਸ਼ੇਤਰ) ਵਿਖੇ ਮਨਾਉਣ ਦਾ ਫ਼ੈਸਲਾ ਕੀਤਾ। ਸਰਕਾਰ ਵੱਲੋਂ ਚਲਾਈ ਗਈ ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ-ਪ੍ਰਸਾਰ ਯੋਜਨਾ ਤਹਿਤ ਮਹਾਨ ਸੰਤਾਂ ਅਤੇ ਮਹਾਂਪੁਰਖਾਂ ਦੇ ਜੀਵਨ ਅਤੇ ਵਿਚਾਰਾਂ ਦਾ ਪ੍ਰਚਾਰ-ਪਸਾਰ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ. ਭਗਤ ਧੰਨਾ ਜੀ, ਸੰਤ ਕਬੀਰ ਜੀ, ਸੰਤ ਨਾਮਦੇਵ ਜੀ ਅਤੇ ਸੰਤ ਰਵਿਦਾਸ ਜੀ ਸ਼ਾਮਲ ਹਨ।
ਹਰਿਆਣਾ ਵਿੱਚ ਹੀ ਸਿੱਖਾਂ ਦੇ ਪਹਿਲੇ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਜਧਾਨੀ ਲੋਹਗੜ੍ਹ (ਯਮੁਨਾਨਗਰ) ਵਿੱਚ ਇੱਕ ਮਾਰਸ਼ਲ ਆਰਟਸ ਇੰਸਟੀਚਿਊਟ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੁਰਦੁਆਰਾ ਚਿੱਲਾ ਸਾਹਿਬ (ਸਿਰਸਾ) ਦੀ 72 ਕਨਾਲ ਜ਼ਮੀਨ ਦਾਨ ਕੀਤੀ ਗਈ। ਰਾਜ ਭਰ ਵਿੱਚ ਹੋਰ ਥਾਵਾਂ ’ਤੇ ਯਾਦਗਾਰੀ ਗੇਟ, ਕਾਲਜ ਅਤੇ ਸੰਸਥਾਵਾਂ ਦੇ ਨਾਮ ਗੁਰੂ ਸਾਹਿਬਾਨ ਦੇ ਨਾਮ ’ਤੇ ਰੱਖੇ ਗਏ ਹਨ।
ਹਰਿਆਣਾ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਲਗਭਗ 28 ਗੁਰਦੁਆਰਾ ਸਾਹਿਬਾਨ ਹਨ ਅਤੇ ਉਨ੍ਹਾਂ ਦੇ ਸਹੁਰੇ ਪਿੰਡ ਲਖਨੌਰ ਸਾਹਿਬ (ਅੰਬਾਲਾ) ਵਿੱਚ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਅੱਜ, ਭਾਵ ਮੰਗਲਵਾਰ, 25 ਨਵੰਬਰ 2025 ਨੂੰ ਕੁਰੂਕਸ਼ੇਤਰ ’ਚ ਹੋ ਰਹੇ ਵਿਸ਼ੇਸ਼ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਪੁੱਜ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਰਾਜ ਭਰ ਤੋਂ ਚਾਰ ਸ਼ਰਧਾ ਯਾਤਰਾਵਾਂ ਵਿੱਚ ਲੱਖਾਂ ਸ਼ਰਧਾਲੂ ਕੁਰੂਕਸ਼ੇਤਰ ਪਹੁੰਚੇ ਹਨ। ਸਾਰੇ ਧਰਮਾਂ ਦੇ ਲੋਕ ਅਤੇ ਸੰਗਠਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਭੇਟ ਕਰ ਰਹੇ ਹਨ। ਲਗਭਗ 142 ਵਿਦੇਸ਼ੀ ਸਫ਼ਾਰਤਖਾਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਨ। ਅੱਠ ਗੁਰੂ ਸਾਹਿਬਾਨ- ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਸਮਿਆਂ ’ਤੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਪੈਰ ਰੱਖਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਪਰਉਪਕਾਰ, ਤਿਆਗ, ਸੰਘਰਸ਼ ਅਤੇ ਕੁਰਬਾਨੀ ਸਦਕਾ ਕੁੱਲ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਜੇਕਰ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਭਾਰਤ ਕਿਹੋ ਜਿਹਾ ਹੁੰਦਾ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਹਰਿਆਣਾ ਸਰਕਾਰ ਨੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਆਦਰਸ਼ਾਂ ਪ੍ਰਤੀ ਜਾਗਰੂਕ ਕਰਨ ਲਈ ਗੁਰੂ ਸਾਹਿਬ ਦੀ ਯਾਦ ਵਿੱਚ 1 ਨਵੰਬਰ ਤੋਂ 25 ਨਵੰਬਰ 2025 ਤੱਕ ਹਰਿਆਣਾ ਵਿੱਚ ਅਨੇਕਾਂ ਸਮਾਗਮ ਕਰਵਾਏ ਹਨ, ਜੋ ਅਧਿਆਤਮਕ ਏਕਤਾ ਦੀ ਵਿਲੱਖਣ ਉਦਾਹਰਣ ਹਨ। ਰਾਜ ਭਰ ਵਿੱਚ ਚਾਰੋਂ ਦਿਸ਼ਾਵਾਂ ਤੋਂ ਨਿਕਲੇ ਸ਼ਹੀਦੀ ਨਗਰ ਕੀਰਤਨ ਵਿਲੱਖਣ ਅਧਿਆਤਮ ਅਤੇ ਏਕਤਾ ਦਾ ਪ੍ਰਤੀਕ ਬਣ ਗਏ ਹਨ।
ਰਾਜ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਸਿਰਸਾ ਵਿੱਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਗੁਰੂ ਤੇਗ ਬਹਾਦਰ ਚੇਅਰ ਸਥਾਪਤ ਕੀਤੀ ਗਈ ਹੈ। ਅੰਬਾਲਾ ਵਿੱਚ ਪੌਲੀਟੈਕਨਿਕ ਕਾਲਜ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਰੱਖਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕਰਨਾਲ ਵਿੱਚ ਵਿਸ਼ਾਲ ਮੈਰਾਥਨ ਅਤੇ ਟੋਹਾਣਾ-ਜੀਂਦ-ਨਰਵਾਣਾ ਸੜਕ ਦਾ ਨਾਮ ਗੁਰੂ ਤੇਗ ਬਹਾਦਰ ਮਾਰਗ ਰੱਖਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਲੇਸਰ ਖੇਤਰ ਵਿੱਚ ‘ਗੁਰੂ ਤੇਗ ਬਹਾਦਰ ਵਣ’ ਵਿਕਸਤ ਕੀਤਾ ਜਾ ਰਿਹਾ ਹੈ। ਯਮੁਨਾਨਗਰ ਦੇ ਕਿਸ਼ਨਪੁਰ ਵਿੱਚ ਗੁਰੂ ਤੇਗ ਬਹਾਦਰ ਖੇਤੀਬਾੜੀ ਕਾਲਜ ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦਾ ਉਦੇਸ਼ ਗੁਰੂ ਤੇਗ ਬਹਾਦਰ ਜੀ ਦੇ ਤਿਆਗ, ਕੁਰਬਾਨੀ ਅਤੇ ਮਨੁੱਖਤਾ ਦੇ ਵਿਲੱਖਣ ਸੰਦੇਸ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।
ਗੁਰੂ ਸਾਹਿਬ ਦੇ ਸੰਦੇਸ਼ ਅੱਜ ਵੀ ਸਾਡੇ ਦਿਲਾਂ ਵਿੱਚ ਓਨੇ ਹੀ ਜੀਵੰਤ ਅਤੇ ਪ੍ਰਭਾਵਸ਼ਾਲੀ ਹਨ, ਜਿੰਨੇ 350 ਸਾਲ ਪਹਿਲਾਂ ਸਨ। ਉਨ੍ਹਾਂ ਦੇ ਅਮਰ ਸ਼ਬਦ ਅਤੇ ਬੇਮਿਸਾਲ ਕੁਰਬਾਨੀ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾਂ ਪ੍ਰੇਰਿਤ ਕਰਦੇ ਰਹਿਣਗੇ।
* ਮੁੱਖ ਮੰਤਰੀ, ਹਰਿਆਣਾ।
