ਡਾਕ ਐਤਵਾਰ ਦੀ
ਜਾਂਬਾਜ਼ ਫ਼ੌਜੀਆਂ ਨੂੰ ਸਲਾਮ
ਐਤਵਾਰ 31 ਅਗਸਤ ਦੇ ‘ਦਸਤਕ’ ਅੰਕ ਵਿੱਚ 1965 ਦੀ ਜੰਗ ਨਾਲ ਜੁੜੇ ਦੋਵੇਂ ਲੇਖ ‘ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ’ (ਕਰਨਲ ਬਲਬੀਰ ਸਿੰਘ ਸਰਾਂ) ਅਤੇ ‘ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ) ਪੜ੍ਹ ਕੇ ਰੌਂਗਟੇ ਖੜ੍ਹੇ ਹੋ ਗਏ। ਦੇਸ਼ ਦੇ ਇਨ੍ਹਾਂ ਜਾਂਬਾਜ਼ ਰਾਖਿਆਂ ਨੂੰ ਦਿਲੋਂ ਸਲਾਮ ਹੈ। ਇਨ੍ਹਾਂ ਦੀ ਉਮਰਾਂ ਨਾਲ ਜੁੜੀ ਇਹ ਕਹਾਣੀ ਹਮੇਸ਼ਾ ਅਮਰ ਰਹੇਗੀ। ਦੋਵਾਂ ਲੇਖਾਂ ਨੂੰ ਪੜ੍ਹ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਮੈਂ ਉਦੋਂ 13 ਸਾਲ ਦੀ ਸੀ। ਜਦੋਂ ਪਾਕਿਸਤਾਨ ਦੇ ਜਹਾਜ਼ ਹਮਲਾ ਕਰਨ ਲਈ ਆਉਂਦੇ ਤਾਂ ਜ਼ੋਰ ਦੀ ਘੁੱਗੂ ਵੱਜਦਾ। ਇੱਕ ਪਾਸੇ ਜਹਾਜ਼ਾਂ ਦਾ ਜ਼ੋਰਦਾਰ ਸ਼ੋਰ ਅਤੇ ਦੂਜੇ ਪਾਸੇ ਸਾਇਰਨ ਦੀ ਚੀਕਵੀਂ ਆਵਾਜ਼ ਚੰਗੇ ਚੰਗਿਆਂ ਦੀਆਂ ਲੱਤਾਂ ਕੰਬਣ ਲਾ ਦਿੰਦੀ ਸੀ। ਅਸੀਂ ਸਾਰੇ ਡਰਦੇ ਡਰਦੇ ਵਿਹੜਿਆਂ ਵਿੱਚ ਐਲ ਟਾਈਪ ਪੁੱਟੀਆਂ ਖਾਈਆਂ ਵੱਲ ਭੱਜਦੇ। ਉੱਪਰੋਂ ਬੰਬਾਂ ਦੀ ਦਹਿਸ਼ਤ ਹੁੰਦੀ ਤੇ ਥੱਲੇ ਸੱਪਾਂ ਦਾ ਡਰ। ਸੱਪਾਂ ਦੇ ਕੱਟਣ ਨਾਲ ਮਰਦੇ ਕਈ ਬੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਸਨ। ਦੋਵੇਂ ਪਾਸੇ ਮੌਤ ਸਾਹਮਣੇ ਹੁੰਦੀ, ਪਰ ਮਰਦਾ ਕੀ ਨਾ ਕਰਦਾ? ਜਨਰਲ ਹਰਬਖਸ਼ ਸਿੰਘ ਦੀ ਰਣਨੀਤੀ ਅਤੇ ਦੂਰਅੰਦੇਸ਼ੀ ਦੇ ਕਿੱਸੇ ਸਦੀਆਂ ਤਕ ਇਸ ਦੇਸ਼ ਦੀਆਂ ਫਿਜ਼ਾਵਾਂ ਵਿੱਚ ਗੂੰਜਦੇ ਰਹਿਣਗੇ ਪਰ ਇਸ ਗੱਲ ਦਾ ਹਮੇਸ਼ਾ ਮਲਾਲ ਰਹੇਗਾ ਕਿ ਜਵਾਨਾਂ ਦੇ ਖ਼ੂਨ ਨਾਲ ਮਕਬੂਜ਼ਾ ਕਸ਼ਮੀਰ ’ਤੇ ਝੁਲਾਏ ਝੰਡੇ ਉਤਾਰਨ ਕਿਉਂ ਦਿੱਤੇ ਗਏ?
‘ਸੋਚ ਸੰਗਤ’ ਪੰਨੇ ’ਤੇ ਸੰਪਾਦਕੀ ਵਿੱਚ ਲੇਖਿਕਾ ਨੇ ਜ਼ੋਰਦਾਰ ਸ਼ਬਦਾਵਲੀ ਵਿੱਚ ਮੰਤਰੀਆਂ ਦੀ ਅਸੰਵੇਦਨਸ਼ੀਲਤਾ, ਬੇਨਿਆਜ਼ੀ ਅਤੇ ਗ਼ੈਰ- ਜ਼ਿੰਮੇਵਾਰੀ ਦੀ ਨਾ ਸਿਰਫ਼ ਨਿਖੇਧੀ ਕੀਤੀ ਹੈ ਸਗੋਂ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕਰ ਦਿੱਤਾ ਹੈ। ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੀ ਇਹ ਹੈ ਕਿ ਸਾਡੇ ਦੇਸ਼ ਵਿੱਚ ਨੀਤੀਆਂ ਤਾਂ ਅਨੇਕਾਂ ਬਣਦੀਆਂ ਹਨ ਪਰ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਅਸੀਂ ਫਾਡੀ ਰਹਿ ਜਾਂਦੇ ਹਾਂ। ਇਸ ਦੇ ਨਤੀਜੇ ਅਸੀਂ ਹਰ ਸਾਲ ਭੁਗਤਦੇ ਹਾਂ।
ਇਸੇ ਪੰਨੇ ’ਤੇ ਅਮਰਜੀਤ ਸਿੰਘ ਵੜੈਚ ਨੇ ਆਪਣੇ ਲੇਖ ‘ਘੱਗਰ ਦਾ ਕਹਿਰ ਤੇ ਸਿਆਸਤਦਾਨ’ ਰਾਹੀਂ ਬਹੁਤ ਮੁੱਲਵਾਨ ਜਾਣਕਾਰੀ ਪ੍ਰਦਾਨ ਕੀਤੀ ਹੈ। ਲੇਖਕ ਨੇ ਘੱਗਰ ਦਰਿਆ ਦਾ ਇੱਕ ਇਤਿਹਾਸਕ ਨਕਸ਼ਾ ਚਿੱਤਰ ਦਿੱਤਾ ਹੈ। ਪਿਛਲੇ 70 ਸਾਲਾਂ ਵਿੱਚ ਬੁੱਢੇ ਘੱਗਰ ਬਾਰੇ ਤਾਂ ਅਸੀਂ ਕਦੇ ਸੁਣਿਆ ਹੀ ਨਹੀਂ ਜੋ ਇਸ ਦਰਿਆ ਦੇ ਉੱਛਲੇ ਪਾਣੀ ਨੂੰ ਆਪਣੇ ਵਿੱਚ ਸਮਾ ਲੈਂਦਾ ਸੀ, ਦੇਖਣਾ ਤਾਂ ਦੂਰ ਦੀ ਗੱਲ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਕਦੋਂ ਤੇ ਕਿਵੇਂ ਪੰਜਾਬ ਲਈ ਵਰਦਾਨ ਹੋਣ ਵਾਲੇ ਇਸ ਦਰਿਆ ਨੂੰ ਪੰਜਾਬ ਲਈ ਸਰਾਪ ਬਣਾ ਦਿੱਤਾ ਗਿਆ?
ਡਾ. ਤਰਲੋਚਨ ਕੌਰ, ਪਟਿਆਲਾ
ਚੇਤੇ ’ਚ ਵਸੀ ਯੂਨੀਵਰਸਿਟੀ
ਐਤਵਾਰ 24 ਅਗਸਤ ਨੂੰ ਪ੍ਰੋ. ਭੂਰਾ ਸਿੰਘ ਘੁੰਮਣ ਦਾ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਪੜ੍ਹ ਕੇ ਯੂਨੀਵਰਸਿਟੀ ਲਈ ਦਿਸ਼ਾ ਤੈਅ ਕਰਨ ਦਾ ਅਹਿਸਾਸ ਹੋਇਆ। ਇਸ ਦੇ ਨਾਲ ਹੀ 1975-1977 ਵਿੱਚ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਪੰਜਾਬੀ ਵਿੱਚ ਐੱਮ.ਏ., 1985 ਵਿੱਚ ਐੱਮ.ਐੱਡ. ਅਤੇ 1995 ਵਿੱਚ ਪ੍ਰਬੰਧਕੀ ਸਿੱਖਿਆ ਵਿੱਚ ਪੋਸਟ ਗਰੈਜੂਏਟ ਡਿਪਲੋਮਾ ਕਰਨ ਦਾ ਸਮਾਂ ਵੀ ਚੇਤੇ ਦੇ ਪਰਦੇ ਉੱਤੇ ਫਿਲਮ ਬਣ ਕੇ ਚੱਲ ਪਿਆ। 1975-76 ਵਿੱਚ ਤਾਂ ਯੂਨੀਵਰਸਿਟੀ ਅੰਦਰ ਦਾਖ਼ਲ ਹੋਣਾ ਹੀ ਅਨੋਖਾ ਜਿਹਾ ਅਹਿਸਾਸ ਦਿੰਦਾ ਸੀ। ਪ੍ਰੋ. ਭੂਰਾ ਸਿੰਘ ਘੁੰਮਣ ਲਿਖਦੇ ਹਨ ਕਿ ਯੂਨੀਵਰਸਿਟੀ ਅੱਖ ਝਪਕਣ ਦੀ ਰਫ਼ਤਾਰ ਨਾਲ ਗਿਆਨ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਨਾਲ ਨਜਿੱਠਣ ਲਈ ਤਿਆਰ ਨਹੀਂ, ਜੋ ਬਿਲਕੁਲ ਸਹੀ ਹੈ। ਯੂਨੀਵਰਸਿਟੀ ਵੱਲੋਂ ਸੋਧਕ ਪੰਨਾ ਔਨਲਾਈਨ ਸ਼ੁਰੂ ਕੀਤਾ ਗਿਆ ਸੀ। ਇਸ ਨਾਲ ਪੰਜਾਬੀ ਦੇ ਸ਼ਬਦਾਂ ਨੂੰ ਚੈੱਕ ਕਰਨਾ ਜਿੱਥੇ ਮਿਆਰੀ ਸੀ ਉੱਥੇ ਕਿਸੇ ਵੀ ਫੌਂਟ ਵਿੱਚ ਟਾਈਪ ਕੀਤੀ ਪੰਜਾਬੀ ਲਿਖਤ ਨੂੰ ਯੂਨੀਕੋਡ ਵਿੱਚ ਬਦਲਿਆ ਜਾ ਸਕਦਾ ਸੀ। ਬਹੁਤ ਮਜ਼ਾ ਆਉਂਦਾ ਸੀ ਇਹ ਚੈੱਕ ਕਰ ਕੇ, ਪਰ ਹੁਣ ਇਹ ਵੈੱਬਸਾਈਟ ਦਾ ਪੰਨਾ ਕੰਮ ਨਹੀਂ ਕਰਦਾ। ਸੌਰੀ... ਕਹਿੰਦਾ ਹੈ। ਇੰਟਰਨੈੱਟ ਉੱਤੇ ਹੁਣ ਹੋਰ ਪੰਨੇ ਹਨ ਜਿਹੜੇ ਇਹ ਕੰਮ ਕਰਦੇ ਹਨ।
ਜਸਵਿੰਦਰ ਭੱਲਾ ਬਾਰੇ ਨਿਰਮਲ ਜੌੜਾ ਦਾ ਲੇਖ ਪੜ੍ਹਿਆ। ‘ਮਾੜੀ ਸੋਚ ਅਤੇ ਪੈਰ ਦੀ ਮੋਚ ਅੱਗੇ ਨਹੀਂ ਵਧਣ ਦਿੰਦੀ’ ਕਹਿਣ ਵਾਲਾ ਜਸਵਿੰਦਰ ਭੱਲਾ ਸਾਡੇ ਨਾਲੋਂ ਵਿਛੜ ਗਿਆ ਹੈ। ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸ ਨੇ ਇਹ ਦੁੱਖ ਮਹਿਸੂਸ ਨਾ ਕੀਤਾ ਹੋਵੇ। ਲੋਕਾਂ ਨੂੰ ਹਸਾਉਣਾ ਬਹੁਤ ਵੱਡੀ ਕਲਾ ਹੈ। ਬਣਾਉਟੀ ਹਾਸਾ ਹੱਸਣਾ ਵੀ ਚੰਗਾ ਹੁੰਦਾ ਹੈ, ਪਰ ਭੱਲੇ ਦਾ ਹਸਾ ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪੁਆਉਣਾ ਆਪਣੇ ਆਪ ਵਿੱਚ ਅਨੋਖਾ ਸੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਦਿਲ ਤੋਂ ਪੰਜਾਬੀ ਸੀ ਲਾਰਡ ਸਵਰਾਜ ਪਾਲ
ਐਤਵਾਰ 24 ਅਗਸਤ ਦੇ ਦਸਤਕ ਅੰਕ ਵਿੱਚ ਡਾ. ਕ੍ਰਿਸ਼ਨ ਕੁਮਾਰ ਰੱਤੂ ਦੇ ਲੇਖ ‘ਦਿਲ ਤੋਂ ਪੰਜਾਬੀ ਸੀ ਲਾਰਡ ਸਵਰਾਜ ਪਾਲ’ ਰਾਹੀਂ ਇੰਗਲੈਂਡ ਦੇ ਪਹਿਲੇ ਲਾਰਡ ਬਣੇ ਭਾਰਤੀ ਸਵਰਾਜ ਪਾਲ ਬਾਰੇ ਜਾਨਣਾ ਬੜਾ ਦਿਲਚਸਪ ਲੱਗਿਆ। ਭਾਰਤ ਆਉਣ ’ਤੇ ਉਸ ਦਾ ਆਪਣੇ ਜਨਮ ਸਥਾਨ ਜਲੰਧਰ ਜ਼ਰੂਰ ਆਉਣਾ ਅਤੇ ਆਖਣਾ ਕਿ ਪੰਜਾਬ ਅਤੇ ਜਲੰਧਰ ਉਸ ਦੇ ਦਿਲ ਵਿੱਚ ਧੜਕਦੇ ਹਨ, ਕਿੰਨੀ ਚੰਗੀ ਗੱਲ ਹੈ ਇਹ!
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ