ਸਬਰ ਸਿਰੜ ਤੇ ਗੱਲਾਂ
ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਨੇ ਕਈ ਯਾਦਾਂ ਫਿਰ ਤਾਜ਼ੀਆਂ ਕਰ ਦਿੱਤੀਆਂ। ਉਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੱਲ ਮੁੱਢ ਤੋਂ ਕਰੀਏ। ਮੇਰਾ ਬਚਪਨ ਸਿੱਖ ਧਰਮ ਦੇ ਪੰਜਵੇਂ ਤਖਤ ਨੇੜਲੇ ਸ਼ਹਿਰ ਵਿੱਚ ਬੀਤਿਆ। ਬਚਪਨ ਦੀਆਂ ਕੁਝ ਯਾਦਾਂ ਧੁੰਦਲੀਆਂ ਹੀ ਸਹੀ, ਪਰ ਹਾਲੇ ਵੀ ਚੇਤੇ ਵਿੱਚ ਵਸੀਆਂ ਹੋਈਆਂ ਹਨ। ਇਨ੍ਹਾਂ ਧੁੰਦਲੀਆਂ ਯਾਦਾਂ ਵਿੱਚੋਂ ਇੱਕ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਾਲ ਜੁੜੀ ਹੈ। ਉਮਰ ਦੀ ਉਹ ਵਰ੍ਹੇਸ ਮਾਪਿਆਂ ਦੀ ਉਂਗਲ ਫੜ ਕੇ ਉਨ੍ਹਾਂ ਦੇ ਨਾਲ ਨਾਲ ਤੁਰਨ ਦੀ ਸੀ। ਉਸ ਵੇਲੇ ਬਹੁਤੇ ਮਾਪੇ ਹੁਣ ਵਾਂਗ ਵੱਖ ਵੱਖ ਸੈਰਗਾਹਾਂ ਜਾਂ ਮੁਲਕਾਂ ਵਿੱਚ ਨਹੀਂ ਸੀ ਜਾਂਦੇ ਸਗੋਂ ਆਪਣੇ ਬੱਚਿਆਂ ਨੂੰ ਇਤਿਹਾਸਕ ਧਰਮ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਿਜਾਂਦੇ ਸਨ।
ਉਸੇ ਵਰ੍ਹੇਸ ਦੇ ਇੱਕ ਇਤਿਹਾਸਕ ਦਿਹਾੜੇ ਅਸੀਂ ਦਮਦਮਾ ਸਾਹਿਬ ਗਏ। ਮੱਥਾ ਟੇਕਿਆ। ਤਖਤ ਸਾਹਿਬ ਦੀ ਇਮਾਰਤ ਦੇ ਨਾਲ ਹੀ ਖੱਬੇ ਹੱਥ ਬਾਬਾ ਦੀਪ ਸਿੰਘ ਜੀ ਦਾ ਬੁਰਜ ਹੈ। ਮਾਂ ਆਪਣੀ ਉਂਗਲ ਲਾ ਕੇ ਇੱਟਾਂ ਦੀਆਂ ਬਣੀਆਂ ਪੌੜੀਆਂ ਰਾਹੀਂ ਬਾਬਾ ਦੀਪ ਸਿੰਘ ਜੀ ਦੇ ਬੁਰਜ ਅੰਦਰ ਲੈ ਗਈ। ਉਸ ਵੇਲੇ ਬੁਰਜ ਦਾ ਅੰਦਰਲਾ ਹਿੱਸਾ ਪੱਕਾ ਨਹੀਂ ਸੀ। ਭੀੜ ਦੇ ਬਾਵਜੂਦ ਸਕੂਨ ਭਰਿਆ ਮਾਹੌਲ ਸੀ। ਸਾਰੇ ਉੱਥੇ ਨਤਮਸਤਕ ਹੋ ਰਹੇ ਸਨ। ਕਿਸੇ ਨੂੰ ਕੋਈ ਕਾਹਲ ਨਹੀਂ। ਅਸੀਂ ਵੀ ਸਾਰਿਆਂ ਵਾਂਗ ਮੱਥਾ ਟੇਕ ਉੱਥੋਂ ਬਾਹਰ ਆ ਗਏ। ਤੁਹਾਨੂੰ ਇਹ ਘਟਨਾ ਆਮ ਜਿਹੀ ਲੱਗਦੀ ਹੋਵੇਗੀ ਪਰ ਉਸ ਬੁਰਜ ਦੀ ਪੁਰਾਣੀ ਦਿੱਖ ਵਾਲੀ ਤਸਵੀਰ ਅੱਜ ਵੀ ਮੇਰੇ ਜ਼ਿਹਨ ’ਚ ਵਸੀ ਹੋਈ ਹੈ।
ਮਨ ਦੇੇ ਸ਼ੀਸ਼ੇ ’ਤੇ ਇੱਕ ਹੋਰ ਤਸਵੀਰ ਵੀ ਉੱਭਰ ਆਈ ਹੈ। ਇਹ ਮਹਾਰਾਸ਼ਟਰ ਸੂਬੇ ਦੇ ਸਤਾਰਾ ਜ਼ਿਲ੍ਹੇ ਵਿਚਲੇ ਇੱਕ ਨਗਰ ਨਰਸੀ ਨਾਮਦੇਵ ਦੀ ਹੈ। ਇੱਥੇ ਭਗਤ ਨਾਮਦੇਵ ਜੀ ਦਾ ਅਸਥਾਨ ਹੈ, ਜਿਨ੍ਹਾਂ ਦੀ ਰਚੀ ਪਵਿੱਤਰ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ। ਜਦੋਂ ਢਾਈ ਦਹਾਕੇ ਪਹਿਲਾਂ ਅਸੀਂ ਉੱਥੇ ਗਏ ਤਾਂ ਉਮਰ ਕਾਫ਼ੀ ਕੁਝ ਦੇਖਣ ਸਮਝਣ ਦੀ ਹੋ ਗਈ ਸੀ। ਉੱਥੇ ਭਗਤ ਨਾਮਦੇਵ ਜੀ ਦੀ ਯਾਦਗਾਰ ਦੇਖੀ। ਉਨ੍ਹਾਂ ਦੇ ਅਸਥਾਨ ਵਜੋਂ ਇੱਕ ਕੱਚਾ ਕਮਰਾ ਸੀ, ਜਿਸ ਵਿੱਚ ਸੀਮਿੰਟ ਦਾ ਫਰਸ਼ ਵੀ ਨਹੀਂ ਸੀ। ਸਿੱਖ ਧਰਮ ਦੇ ਚੌਥੇ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਹੋਰ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਂ ਸੰਗਮਰਮਰੀ ਸਨ ਪਰ ਇਹ ਕਮਰਾ ਦੇਖ ਕੇ ਕਾਫ਼ੀ ਹੈਰਾਨੀ ਹੋੋਈ ਸੀ। ਉਸ ਵੇਲੇ ਇਹ ਵੀ ਜਾਪਿਆ ਕਿ ਭਗਤ ਨਾਮਦੇਵ ਜੀ ਸ਼ਾਇਦ ਇੱਥੇ ਇਸੇ ਮਾਹੌਲ ਵਿੱਚ ਵਿਚਰਦੇ ਰਹੇ ਹੋਣਗੇ। ਸੰਗਮਰਮਰ ਨੇ ਤਾਂ ਉਸ
ਵੇਲੇ ਜਿਹਾ ਅਹਿਸਾਸ ਸਾਡੇ ਮਨਾਂ ਵਿੱਚ ਭਰਨਾ ਨਹੀਂ ਸੀ। ਬਹੁਤੇ ਲੋਕ ਆਖਦੇ ਸੁਣੀਂਦੇ ਹਨ ਕਿ
ਸਾਡਾ ਇਤਿਹਾਸ ਸੰਗਮਰਮਰੀ ਇਮਾਰਤਾਂ ’ਚੋਂ ਮਹਿਸੂਸ ਨਹੀਂ ਹੁੰਦਾ। ਕਿਤੇ ਨਾ ਕਿਤੇ ਇਹ ਗੱਲ ਸਹੀ ਵੀ ਜਾਪਦੀ ਹੈ।
ਬੀਤੇ ਦਿਨੀਂ ਵਾਪਰੀ ਘਟਨਾ ਤੋਂ ਹੋਇਆ ਅਨੂਠਾ ਤਜਰਬਾ ਵੀ ਸਾਂਝਾ ਕਰਨਾ ਬਣਦਾ ਹੈ। ਹੁਣ ਜਿਸ ਸ਼ਹਿਰ ’ਚ ਮੈਂ ਰਹਿੰਦੀ ਹਾਂ, ਉੱਥੇ ਸਾਡੇ ਘਰ ਨੇੜਲੇ ਗੁਰਦੁਆਰਾ ਸਾਹਿਬ ’ਚ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਸਮਾਗਮ ਸੀ। ਸ਼ਾਮ ਵੇਲੇ ਹੋਏ ਉਸ ਸਮਾਗਮ ’ਚ ਮੇਰੀ ਸੱਸ ਮਾਂ ਨੇ ਹਾਜ਼ਰੀ ਭਰੀ। ਅਗਲੇ ਦਿਨ ਉਨ੍ਹਾਂ ਕਿਹਾ ਕਿ ਆਪਣੇ ਗੁਰਦੁਆਰਾ ਸਾਹਿਬ ’ਚ ਪੋਥੀਆਂ ਲਿਖਣ ਦੀ ਸੇਵਾ ਚੱਲ ਰਹੀ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਸੰਗਤ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਚੱਲ ਰਹੀ ਪੋਥੀਆਂ ਦੀ ਸੇਵਾ ਬਾਰੇ ਸਾਰੇ ਦੇਖਣ ਜਾਣਨ। ਮੰਮੀ ਨੇ ਕਿਹਾ, ‘‘ਮੈਂ ਤਾਂ ਪੌੜੀਆਂ ਚੜ੍ਹ ਕੇ ਸਭ ਤੋਂ ਉੱਪਰਲੀ ਮੰਜ਼ਿਲ ’ਤੇ ਜਾ ਨਹੀਂ ਸਕਦੀ। ਤੂੰ ਜਾ ਕੇ ਦੇਖ ਆਈਂ।’’ ਮੈਨੂੰ ਉਤਸੁਕਤਾ ਹੋਈ। ਮੈਂ ਸੋਚਣ ਲੱਗੀ ਕਿ ਪ੍ਰਿੰਟਿੰਗ ਦੇ ਯੁੱਗ ਵਿੱਚ ਸੇਵਾ ਕਰਨ ਵਾਲੇ ਵਿਅਕਤੀ ਕਿਵੇਂ ਸਿਆਹੀ ਬਣਾਉਂਦੇ ਅਤੇ ਲਿਖਦੇ ਹੋਣਗੇ, ਕਿੰਨਾ ਚਿਰ ਲੱਗਦਾ ਹੋਵੇਗਾ ਆਦਿ। ਇਸੇ ਉਤਸੁਕਤਾ ਵੱਸ ਦੋ ਕੁ ਦਿਨਾਂ ਬਾਅਦ ਉੱਥੇ ਜਾ ਪਹੁੰਚੀ। ਦਰਵਾਜ਼ੇ ਵਿੱਚ ਖੜ੍ਹ ਕੇ ਦੇਖਿਆ, ਬੜੇ ਸ਼ਾਂਤ ਮਾਹੌਲ ’ਚ ਦੋ ਜਣੇ ਬੈਠੇ ਬੜੀ ਨੀਝ ਨਾਲ ਆਪਣਾ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਟੋਕਣਾ ਮੈਨੂੰ ਸ਼ਾਂਤ ਤੇ ਸਹਿਜ ਬੈਠੇ ਇਨ੍ਹਾਂ ਦੋਵਾਂ ਦੇ ਇਬਾਦਤ ਜਿਹੇ ਕਾਰਜ ਵਿੱਚ ਵਿਘਨ ਪਾਉਣ ਜਿਹਾ ਜਾਪਿਆ। ਫਿਰ ਵੀ ਝਿਜਕਦੀ ਜਿਹੀ, ਮੈਂ ਇਜਾਜ਼ਤ ਲੈ ਕੇ ਅੰਦਰ ਗਈ ਤੇ ਉਸ ਕਾਰਜ ਦੇ ਇੰਚਾਰਜ ਨਾਲ ਗੱਲ ਸ਼ੁਰੂ ਕੀਤੀ। ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਪੋਥੀਆਂ ਕਿਵੇਂ ਲਿਖਦੇ ਹੋ? ਉਹ ਸ਼ਖ਼ਸ ਦੱਸਣ ਲੱਗਾ, ‘‘ਅਸੀਂ ਪੋਥੀਆਂ ਲਿਖਦੇ ਨਹੀਂ। ਪੁਰਾਤਨ ਰੂਪਾਂ ਦੀ ਸੇਵਾ ਸੰਭਾਲ ਦਾ ਕੰਮ ਕਰਦੇ ਹਾਂ। ਸਾਡੇ ਕੋਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਢਾਈ ਸੌ ਸਾਲ ਤੱਕ ਪੁਰਾਤਨ ਸਰੂਪ ਹਨ। ਦਰਅਸਲ, ਪੁਰਾਣੇ ਸਰੂਪਾਂ ਅਤੇ ਪੋਥੀਆਂ ਦੇ ਪੱਤਰੇ ਵਕਤ ਬੀਤਣ ਨਾਲ ਕਿਤੋਂ ਪਾਟ ਜਾਂਦੇ ਹਨ ਤੇ ਕਿਤੋਂ ਭੁਰ ਜਾਂਦੇ ਹਨ। ਅਸੀਂ ਇਨ੍ਹਾਂ ਨੂੰ ਅਸਲ ਰੂਪ ’ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਨ੍ਹਾਂ ਪੋਥੀਆਂ ਦੀਆਂ ਜਿਲਦਾਂ ਪਾਟ ਗਈਆਂ, ਅਸੀਂ ਉਹ ਵੀ ਇਤਿਹਾਸਕ ਰੂਪ ’ਚ ਸੁਰਜੀਤ ਕਰਦੇ ਹਾਂ। ਵਿਗਿਆਨ ਦੀਆਂ ਉੱਚਤਮ ਤਕਨੀਕਾਂ ਵਰਤ ਕੇ ਇਹ ਕੰਮ ਕੀਤਾ ਜਾਂਦਾ ਹੈ, ਜੋ ਬਹੁਤ ਸਬਰ ਦੀ ਮੰਗ ਕਰਦਾ ਹੈ।’’
ਫਿਰ ਉਸ ਨੇ ਵੱਖ ਵੱਖ ਪੁਰਾਤਨ ਪੋਥੀਆਂ ਦੇ
ਦਰਸ਼ਨ ਕਰਵਾਏ। ਸੇਵਾ ਮਗਰੋਂ ਇਨ੍ਹਾਂ ਪੋਥੀਆਂ ਦੀ ਪੁਰਾਤਨ ਦਿੱਖ ਬਰਕਰਾਰ ਦੇਖ ਕੇ ਹੈਰਾਨੀ ਵੀ ਹੋਈ ਤੇ ਖ਼ੁਸ਼ੀ ਵੀ।
ਇਹ ਪੋਥੀ ਸੇਵਾ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ ਅਤੇ ਬਹੁਤੇ ਲੋਕ ਇਸ ਬਾਰੇ ਉੱਕਾ ਨਹੀਂ ਜਾਣਦੇ। ਮੈਂ ਪੁੱਛਿਆ ਕਿ ਤੁਸੀਂ ਇਤਿਹਾਸ ਦੀ ਇਸ ਵੱਡੀ ਸੇਵਾ ਦਾ ਪ੍ਰਚਾਰ ਕਿਉਂ ਨਹੀਂ ਕਰਦੇ? ਉਨ੍ਹਾਂ ਦਾ ਜਵਾਬ ‘ਗੱਲੀਂ ਬਾਤੀਂ ਮੈਂ ਵੱਡੀ ਤੇ ਕੰਮੀਂ ਕਾਰੀਂ ਤੂੰ’ ਮੁਤਾਬਿਕ ਵਿਚਰਨ ਵਾਲੇ ਸਾਡੇ ਵਰਗੇ ਲੋਕਾਂ ਲਈ ਅੱਖਾਂ ਖੋਲ੍ਹਣ ਵਾਲਾ ਸੀ। ਉਸ ਨੇ ਕਿਹਾ, ‘‘ਜਦੋਂ ਕਿਸੇ ਕੰਮ ਦਾ ਪ੍ਰਚਾਰ ਹੋਣ ਲੱਗਦਾ ਹੈ ਤਾਂ ਸਬਰ ਤੇ ਸਿਰੜ ਨਾਲ ਕੀਤਾ ਜਾ ਸਕਣ ਵਾਲਾ ਕਾਰਜ ਪਿੱਛੇ ਰਹਿ ਜਾਂਦਾ ਹੈ ਤੇ ਪੱਲੇ ਬਸ ਗੱਲਾਂ ਹੀ ਰਹਿ ਜਾਂਦੀਆਂ ਹਨ।’’ ਮੈਨੂੰ ਜਾਪਿਆ ਜਿਵੇਂ ਉਨ੍ਹਾਂ ਦੇ ਬੋਲਾਂ ਨੇ ਮੇਰੇ ਲਈ ਜ਼ਿੰਦਗੀ ਦੇ ਸਬਕ ਦਾ ਕੋਈ ਨਵਾਂ ਅਧਿਆਇ ਲਿਖ ਦਿੱਤਾ ਹੋਵੇ।