ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ

ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਇਸ ’ਚ ਅਸਲੀ ਕੌਮੀ ਜਮਹੂਰੀ ਰਾਜ ਪ੍ਰਬੰਧ ਕਾਇਮ ਕਰਨ ਦੀ ਕੌਮੀ ਜੰਗ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੁੱਗਨਾਇਕ ਵਜੋਂ ਉਭਰ ਕੇ ਸਾਹਮਣੇ ਆਇਆ। ਉਹ ਇੱਕ ਅਜਿਹਾ ਯੋਧਾ ਸੀ ਜੋ ਜ਼ਿੰਦਾਦਿਲ ਸੀ ਤੇ ਦੇਸ਼ ਲਈ ਆਪਾ...
Advertisement

ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਇਸ ’ਚ ਅਸਲੀ ਕੌਮੀ ਜਮਹੂਰੀ ਰਾਜ ਪ੍ਰਬੰਧ ਕਾਇਮ ਕਰਨ ਦੀ ਕੌਮੀ ਜੰਗ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੁੱਗਨਾਇਕ ਵਜੋਂ ਉਭਰ ਕੇ ਸਾਹਮਣੇ ਆਇਆ। ਉਹ ਇੱਕ ਅਜਿਹਾ ਯੋਧਾ ਸੀ ਜੋ ਜ਼ਿੰਦਾਦਿਲ ਸੀ ਤੇ ਦੇਸ਼ ਲਈ ਆਪਾ ਵਾਰ ਦੇਣ ਦਾ ਜਨੂੰਨ ਰੱਖਦਾ ਸੀ। ਆਜ਼ਾਦੀ ਦੀ ਜੰਗ ਵਿੱਚ ਇਹ ਮਰਜੀਵੜਾ ਆਪਣੀਆਂ ਪਹਿਲਕਦਮੀਆਂ ਅਤੇ ਅਗਵਾਈ ਕਰਨ ਦੇ ਹੁਨਰ ਦਾ ਧਾਰਨੀ ਸੀ। ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਨੇ ਕਰਤਾਰ ਸਿੰਘ ਸਰਾਭਾ ਨੂੰ ‘ਬਾਲਾ ਜਰਨੈਲ’ ਆਖਿਆ ਸੀ।

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਪਿਤਾ ਮੰਗਲ ਸਿੰਘ ਦੇ ਘਰ, ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਸਿੱਖਿਆ ਲਈ ਉਸ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਸਰਾਭਾ ਦੀ ਉਮਰ ਸਿਰਫ਼ 5 ਸਾਲ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਮਗਰੋਂ 12 ਵਰ੍ਹਿਆਂ ਦੀ ਉਮਰ ਵਿੱਚ ਮਾਂ ਦਾ ਸਾਥ ਵੀ ਛੁੱਟ ਗਿਆ। ਕਰਤਾਰ ਸਿੰਘ ਦੇ ਪਾਲਣ-ਪੋਸ਼ਣ ਤੇ ਪੜ੍ਹਾਈ ਦਾ ਜ਼ਿੰਮਾ ਦਾਦਾ ਸਰਦਾਰ ਬਦਨ ਸਿੰਘ ਨੇ ਚੁੱਕਿਆ। ਲੁਧਿਆਣਾ ਦੇ ਮਿਸ਼ਨ ਸਕੂਲ ਵਿੱਚ ਪੜ੍ਹਾਈ ਮਗਰੋਂ ਸਰਾਭਾ ਨੂੰ 1910 ਵਿੱਚ ਚਾਚਾ ਬਖਸ਼ੀਸ਼ ਸਿੰਘ ਕੋਲ ਰੈਵਨਸ਼ਾਅ ਕਾਲਜੀਏਟ ਸਕੂਲ ਕਟਕ (ਉੜੀਸਾ) ਵਿੱਚ ਨੌਵੀਂ ਜਮਾਤ ’ਚ ਦਾਖਲ ਕਰਵਾਇਆ ਗਿਆ ਜਿੱਥੋਂ ਸਰਾਭਾ ਨੇ 1912’ਚ ਮੈਟ੍ਰਿਕ ਪਾਸ ਕੀਤੀ। ਸਕੂਲ ਦੇ ਮੁਖੀ ਬੇਨੀ ਮਾਧਵ ਦਾਸ ਦੇ ਦੇਸ਼ ਭਗਤੀ ਵਾਲੇ ਵਿਚਾਰਾਂ ਦਾ ਕਰਤਾਰ ਸਿੰਘ ’ਤੇ ਡੂੰਘਾ ਅਸਰ ਪਿਆ। ਇਸ ਤੋਂ ਪਿੱਛੋਂ ਉਸ ਨੇ ਕਾਲਜ ਵਿੰਗ ਦੀ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਕਰਤਾਰ ਸਿੰਘ ਨੂੰ ਬੇਹੱਦ ਹੁਸ਼ਿਆਰ, ਹੋਣਹਾਰ ਤੇ ਯੋਗ ਹੋਣ ਕਰਕੇ ‘ਅਫਲਾਤੂਨ’ ਅਤੇ ਬਹੁਤ ਤੇਜ਼ ਤੇ ਫੁਰਤੀਲਾ ਹੋਣ ਕਰਕੇ ‘ਉਡਣਾ ਸੱਪ’ ਆਦਿ ਮਖੌਲੀਆ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਉੱਚ ਵਿੱਦਿਆ ਕਰਤਾਰ ਸਿੰਘ ਨੇ ਅਮਰੀਕਾ ਜਾ ਕੇ ਬਰਕਲੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਜਿਥੇ 1912 ’ਚ ਸਰਾਭਾ ਨੇ ਰਸਾਇਣ ਵਿੱਦਿਆ ਦੀ ਡਿਗਰੀ ’ਚ ਦਾਖਲਾ ਲਿਆ। ਅਮਰੀਕਨਾਂ ਦੇ ਆਜ਼ਾਦ ਰੰਗ-ਢੰਗ ਦੇਖ ਕੇ ਅਤੇ ਭਾਰਤੀਆਂ ਨੂੰ ‘ਕੁੱਤੇ’, ‘ਗੁਲਾਮ ਭੇਡਾਂ’, ‘ਕਾਲੇ ਕੁੱਲੀ’ ਆਦਿ ਵਿਸ਼ੇਸ਼ਣਾਂ ਨਾਲ ਪੁਕਾਰਦੇ ਸੁਣ ਕੇ ਅਣਖੀਲੇ ਕਰਤਾਰ ਸਿੰਘ ਅੰਦਰ ਦੇਸ਼ ਭਗਤੀ ਅਤੇ ਆਜ਼ਾਦੀ ਦਾ ਬੀਜ ਬੀਜਿਆ ਗਿਆ। ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ, ਜਤਿੰਦਰ ਲਹਿਰੀ ਬੰਗਾਲੀ ਵਰਗੇ ਇਨਕਲਾਬੀ ਰਾਜਨੀਤਕ ਚੇਤਨਾ ਦੀ ਚੰਗਿਆੜੀ ਮਘਾਉਣ ਲਈ ਪਹਿਲਾਂ ਹੀ ਉਥੇ ਜੁਟੇ ਹੋਏ ਸਨ। ਉਥੇ ਪੜ੍ਹਾਈ ਦੌਰਾਨ ਹੋਰਨਾਂ ਵਿਦਿਆਰਥੀਆਂ ਨਾਲ ਕਰਤਾਰ ਸਿੰਘ ਵੀ ਇਨ੍ਹਾਂ ਦੇ ਸੰਪਰਕ ਵਿੱਚ ਆਇਆ ਤੇ ਕੌਮੀ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ’ਚ ਸ਼ਾਮਲ ਹੋਣ ਲੱਗਾ। ਉਥੇ ਕਰਤਾਰ ਸਿੰਘ ਦੇ ਮਨ ਵਿੱਚ ਦ੍ਰਿੜ ਨਿਸ਼ਚਾ ਹੋ ਗਿਆ ਕਿ ਭਾਰਤ ਨੂੰ ਵਿਦੇਸ਼ੀ ਧਾੜਵੀਆਂ ਤੋਂ ਆਜ਼ਾਦ ਕਰਵਾਉਣ ਲਈ ਹਥਿਆਰਬੰਦ ਸੰਘਰਸ਼ ਹੀ ਸਭ ਤੋਂ ਸਟੀਕ ਰਾਹ ਹੈ। ਤੇਜ਼ ਬੁੱਧੀ ਦੇ ਮਾਲਕ ਸਰਾਭਾ ਨੇ ਉਥੇ ਪੜ੍ਹਾਈ ਦੌਰਾਨ ਮੈਜ਼ਿਨੀ, ਰੂਸੋ, ਸਨਯਾਤਸੇਨ, ਪ੍ਰਿੰਸ ਕਰੌਪਟਕਿਨ, ਲਾਲਾ ਹਰਦਿਆਲ ਤੇ ਗੁਰੂ ਗੋਬਿੰਦ ਸਿੰਘ ਦੀਆਂ ਕਿਰਤਾਂ ਪੜ੍ਹੀਆਂ।

Advertisement

ਦਸੰਬਰ 1912 (ਜਾਂ ਜਨਵਰੀ 13) ਵਿੱਚ ਭਾਰਤੀਆਂ ਦੀ ਅਸਟੋਰੀਆ (ਔਰੇਗਨ) ’ਚ ਮੀਟਿੰਗ ਵਿੱਚ ਪਿੰਡ ਦੇ ਵੱਡੇ ਸਾਥੀ ਰੁਲੀਆ ਸਿੰਘ ਸਰਾਭਾ ਨਾਲ ਕਰਤਾਰ ਸਿੰਘ ਵੀ ਸ਼ਾਮਲ ਹੋਇਆ। ਇਸ ਮੀਟਿੰਗ ’ਚ ਕੇਸਰ ਸਿੰਘ ਠੱਠਗੜ੍ਹ ਨੂੰ ਪ੍ਰਧਾਨ ਤੇ ਬਲਵੰਤ ਸਿੰਘ ਸੰਘਵਾਲ ਨੂੰ ਸਕੱਤਰ ਚੁਣਿਆ ਗਿਆ ਅਤੇ ‘ਹਿੰਦੁਸਤਾਨ ਐਸੋਸੀਏਸ਼ਨ’ ਬਣਾਈ ਗਈ। ਇਸ ਮੀਟਿੰਗ ਨੂੰ ਕਰਤਾਰ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ। ਮਾਰਚ 1913 ’ਚ ਅਸਟੋਰੀਆ ਵਿੱਚ ਅਮਰੀਕਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ (ਗਦਰ ਪਾਰਟੀ) ਦੀ ਬਾਕਾਇਦਾ ਸਥਾਪਨਾ ਕੀਤੀ ਗਈ। ਇਸ ਮੌਕੇ ਸੋਹਣ ਸਿੰਘ ਭਕਨਾ ਪ੍ਰਧਾਨ, ਲਾਲਾ ਹਰਦਿਆਲ ਸਕੱਤਰ ਤੇ ਬਾਕੀ ਅਹੁਦੇਦਾਰ ਚੁਣੇ ਗਏ। ਇਸ ਮੀਟਿੰਗ ਵਿਚ ਕਰਤਾਰ ਸਿੰਘ ਵੀ ਸ਼ਾਮਲ ਸੀ। ਰਸਮੀ ਤੌਰ ’ਤੇ ਜਥੇਬੰਦੀ ਦੀ ਸਥਾਪਨਾ ਦਾ ਐਲਾਨ 21 ਅਪਰੈਲ 1913 ਨੂੰ ਸਾਂ ਫਰਾਸਿਸਕੋ ਵਿੱਚ ਕੀਤਾ ਗਿਆ। ਜਥੇਬੰਦੀ ਨੇ ਹਿੰਦੁਸਤਾਨ ਵਿਚ ਗਦਰ (ਹਥਿਆਰਬੰਦ ਘੋਲ) ਰਾਹੀਂ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰਨ ਅਤੇ ਨਵਾਂ ਕੌਮੀ ਜਮਹੂਰੀ ਰਾਜ ਸਥਾਪਤ ਕਰਨ ਦਾ ਮੁੱਖ ਟੀਚਾ ਮਿਥਿਆ। ਇਸ ਦੀ ਤਿਆਰੀ ਲਈ ‘ਗਦਰ’ ਅਖਬਾਰ ਕੱਢਣ ਅਤੇ ਧੁਰ ਹੇਠਾਂ ਤੱਕ ਜਥੇਬੰਦਕ ਢਾਂਚੇ ਦੀ ਉਸਾਰੀ ਦੇ ਫ਼ੈਸਲੇ ਕੀਤੇ ਗਏ। ਅਖ਼ਬਾਰ ਕੱਢਣ ਵਿੱਚ ਕੁਝ ਦੇਰੀ ਹੋਣ ਕਾਰਨ ਸਰਾਭਾ ਨੇ ਵਾਰ ਵਾਰ ਲਾਲ ਹਰਦਿਆਲ ਅੱਗੇ ਅਖਬਾਰ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਅਖ਼ੀਰ ਪਹਿਲੀ ਨਵੰਬਰ 1913 ਨੂੰ ਯੁਗਾਂਤਰ ਆਸ਼ਰਮ ਤੋਂ ‘ਗ਼ਦਰ’ ਅਖ਼ਬਾਰ ਪ੍ਰਕਾਸ਼ਿਤ ਹੋਣ ਲੱਗਿਆ। ਲਾਲਾ ਹਰਦਿਆਲ ਨੇ ਸੰਪਾਦਕ, ਕਰਤਾਰ ਸਿੰਘ ਸਰਾਭਾ ਤੇ ਰਘਬੀਰ ਦਿਆਲ ਗੁਪਤਾ ਨੇ ਉਪ-ਸੰਪਾਦਕਾਂ ਦੀ ਜ਼ਿੰਮੇਵਾਰੀ ਨਿਭਾਈ। ਹਫ਼ਤਾਵਾਰੀ ‘ਗਦਰ’ ਤੋਂ ਇਲਾਵਾ ਕਾਵਿ ਪਰਚਾ ‘ਗਦਰ ਦੀ ਗੂੰਜ’ ਵੀ ਸਮੇਂ ਸਮੇਂ ਸਿਰ ਛਾਪਿਆ ਗਿਆ। ਹੱਥ ਨਾਲ ਛਾਪੇ ਵਾਲੀ ਮਸ਼ੀਨ ਗੇੜ-ਗੇੜ ਹਜ਼ਾਰਾਂ ਅਖ਼ਬਾਰ ਛਾਪਣ ਤੇ ਵੱਖ-ਵੱਖ ਦੇਸ਼ਾਂ ’ਚ ਭੇਜਣ ਲਈ ਕਰਤਾਰ ਸਿੰਘ ਸਰਾਭਾ ਨੇ ਬਹੁਤ ਮਿਹਨਤ ਕੀਤੀ। ਜਦੋਂ ਮਸ਼ੀਨ ਗੇੜ-ਗੇੜ ਥੱਕ ਕੇ ਚੂਰ ਹੋ ਜਾਂਦੇ ਤਾਂ ਸਾਰੇ ਸਾਥੀ ਰਲ ਕੇ ਗਾਉਂਦੇ:

‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।’

‘ਗ਼ਦਰ’ ਅਖ਼ਬਾਰ ਲਈ ਸਰਾਭਾ ਨੇ ਵੱਡੀ ਗਿਣਤੀ ਲੇਖ, ਕਵਿਤਾਵਾਂ ਲਿਖੀਆਂ ਪਰ ਆਪਣਾ ਨਾਂ ਨਹੀਂ ਵਰਤਿਆ। ਇਸ ਦੇ ਨਾਲ ਹੀ ਉਸ ਨੇ ਉਰਦੂ ਤੋਂ ਪੰਜਾਬੀ ’ਚ ਕਈ ਲਿਖਤਾਂ ਦਾ ਅਨੁਵਾਦ ਵੀ ਕੀਤਾ।

ਇਸ ਤੋਂ ਇਲਾਵਾ ‘ਗ਼ਦਰ’ ਪਾਰਟੀ ਦੇ ਫ਼ੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਨੇ ਹਵਾਈ ਜਹਾਜ਼ ਉਡਾਉਣ ਤੇ ਮੁਰੰਮਤ ਕਰਨ ਦੀ ਸਫਲ ਟ੍ਰੇਨਿੰਗ ਵੀ ਲਈ ਤਾਂ ਜੋ ਹਿੰਦ ਜਾ ਕੇ ਗ਼ਦਰ ਲਈ ਹਵਾਈ ਸੈਨਾ ਦੀ ਉਸਾਰੀ ਕੀਤੀ ਜਾ ਸਕੇ ਤੇ ਇਸ ਦੀ ਨਿੱਗਰ ਵਰਤੋਂ ਕੀਤੀ ਜਾ ਸਕੇ।

ਪਾਰਟੀ ਦੇ ਗੁਪਤ ਕਮਿਸ਼ਨ ਦੀ ਹਦਾਇਤ ’ਤੇ ਕਰਤਾਰ ਸਿੰਘ ਨੇ 21 ਜੁਲਾਈ 1914 ਨੂੰ ਸਾਂ ਫਰਾਂਸਿਸਕੋ ਤੋਂ ਯੋਕੋਹਾਮਾ ਲਈ 100 ਪਿਸਤੌਲਾਂ ਤੇ ਕਾਫੀ ਗੋਲੀ ਸਿੱਕਾ ਅਜਿਹੇ ਗੁਪਤ ਢੰਗ ਨਾਲ ਜਹਾਜ਼ ’ਚ ਜਾ ਟਿਕਾਇਆ ਕਿ ਖੁਫ਼ੀਆ ਤੰਤਰ ਨੂੰ ਕੋਈ ਸ਼ੱਕ ਨਾ ਹੋਇਆ ਤੇ ਕਾਮਯਾਬੀ ਨਾਲ ਭਕਨਾ ਜੀ ਨੂੰ ਜਹਾਜ਼ ਚੜ੍ਹਾ ਦਿੱਤਾ ਗਿਆ। ‘ਗਦਰ’ ਨੇ 28 ਜੁਲਾਈ ਦੇ ਅੰਕ ਰਾਹੀਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ, ‘ਪਹਿਲੀ ਸੰਸਾਰ ਜੰਗ ਲੱਗ ਗਈ ਹੈ, ਤੁਸੀਂ ਆਪਣੀ ਆਜ਼ਾਦੀ ਦੀ ਜੰਗ ਲਈ ਤਿਆਰ ਹੋ ਜਾਓ।’ 4 ਅਗਸਤ ਦੇ ਅੰਕ ਨੇ ‘ਐਲਾਨੇ ਜੰਗ’ ਦਾ ਫ਼ਰਮਾਨ ਜਾਰੀ ਕੀਤਾ। 11 ਅਗਸਤ ਦੇ ਅੰਕ ਨੇ ਕਰਾਂਤੀਕਾਰੀ ਸੱਦਾ ਛਾਪਿਆ:

‘ਗਦਰ ਨੂੰ ਲੋੜ ਹੈ ਨਿਡਰ ਤੇ ਦਲੇਰ ਸਿਪਾਹੀਆਂ ਦੀ

ਤਨਖਾਹ: ਮੌਤ

ਇਨਾਮ: ਸ਼ਹੀਦੀ ਤੇ ਆਜ਼ਾਦੀ

ਸਥਾਨ: ਹਿੰਦ ਦੇ ਮੈਦਾਨ ਵਿੱਚ

ਚਲੋ ਚਲੀਏ ਦੇਸ਼ ਨੂੰ ਯੁੱਧ ਕਰਨੇ, ਇਹੀ ਆਖਰੀ ਬਚਨ ਫਰਮਾਨ ਹੋ ਗਏ।’

ਇਸ ਸੱਦੇ ਅਨੁਸਾਰ 6 ਹਜ਼ਾਰ ਤੋਂ ਉਪਰ ਗਦਰੀ ਯੋਧੇ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਪੁੱਜੇ। ਸਤੰਬਰ 1914 ’ਚ ਕਰਤਾਰ ਸਿੰਘ ਸਰਾਭਾ ਕੋਲੰਬੋ ਰਾਹੀਂ ਹੁੰਦਾ ਹੋਇਆ ਅਮਰੀਕਾ ਤੋਂ ਭਾਰਤ ਪੁੱਜਿਆ ਤੇ ਗੁਪਤਵਾਸ ਹੋ ਕੇ ਪੰਜਾਬ ’ਚ ਗਦਰ ਪਾਰਟੀ ਦੀ ਜਥੇਬੰਦੀ ਦੀ ਉਸਾਰੀ ਤੇ ਹਥਿਆਰਬੰਦ ਗ਼ਦਰ ਦੀ ਤਿਆਰੀ ਲਈ ਦਿਨ-ਰਾਤ ਇਕ ਕਰਨ ਲੱਗਾ। ਉਸ ਦੇ ਅੰਦਰ ਮੌਜੂਦ ਮਨੁੱਖਤਾ ਲਈ ਪਿਆਰ ਤੇ ਸਤਿਕਾਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਪਿੰਡ ‘ਰੱਬੋਂ’ ਦੇ ਡਾਕੇ ਦੌਰਾਨ ਇਕ ਲੜਕੀ ਦੀ ਬਾਂਹ ਨੂੰ ਹੱਥ ਲਾਉਣ ਵਾਲੇ ਆਪਣੇ ਸਾਥੀ ’ਤੇ ਪਿਸਤੌਲ ਤਾਣਦਾ ਹੈ, ਉਸ ਨੂੰ ਮਾਵਾਂ-ਧੀਆਂ ਦੇ ਪੈਰੀਂ ਪੈਣ ਦਾ ਹੁਕਮ ਦਿੰਦਾ ਹੈ।

ਕਰਤਾਰ ਸਿੰਘ ਸਰਾਭਾ ਨੇ ਰੋਜ਼ 50-50 ਮੀਲ ਦਾ ਪੈਂਡਾ ਪੈਦਲ ਅਤੇ ਸਾਈਕਲ ’ਤੇ ਤੈਅ ਕਰਕੇ ਪਿੰਡਾਂ, ਸਕੂਲਾਂ ’ਚ ਗ਼ਦਰ ਦਾ ਪ੍ਰਚਾਰ ਤੇ ਲਾਮਬੰਦੀ ਕੀਤੀ। ਉਸ ਨੇ ਫਿਰੋਜ਼ਪੁਰ ਤੇ ਮੀਆਂਮੀਰ (ਲਾਹੌਰ) ਸਮੇਤ ਕਈ ਫੌਜੀ ਛਾਉਣੀਆਂ ਅੰਦਰ ਬੇਖੌਫ ਤੇ ਦਲੇਰਾਨਾ ਢੰਗ ਨਾਲ ਫੌਜੀਆਂ ਨੂੰ ਗ਼ਦਰ ਲਈ ਤਿਆਰ ਕੀਤਾ। ਪਾਰਟੀ ਵਿਚਲੇ ਗੱਦਾਰ ਕਿਰਪਾਲ ਸਿੰਘ ਵੱਲੋਂ ਗ਼ਦਰ ਦੀ ਤਾਰੀਖ ਤੇ ਯੋਜਨਾ ਪਹਿਲਾਂ 21 ਫਰਵਰੀ 1915 ਫਿਰ 19 ਫਰਵਰੀ 1915 ਬਾਰੇ ਅੰਗਰੇਜ਼ ਹਕੂਮਤ ਕੋਲ ਸੂਚਨਾ ਲੀਕ ਕਰਨ ਦੇ ਸਿੱਟੇ ਵਜੋਂ ਗ਼ਦਰ ਨੂੰ ਵੱਡੀ ਸੱਟ ਵੱਜੀ ਤੇ ਪੂਰੇ ਪੰਜਾਬ ’ਚ ਤੇਜ਼ੀ ਨਾਲ ਗ਼ਦਰੀਆਂ ਦੀ ਫੜੋ-ਫੜਾਈ ਹੋਈ। ਇਸ ਮੌਕੇ ਸਰਾਭਾ ਆਪਣੇ ਦੋ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘ ਨਾਲ ਫਰੰਟੀਅਰ ਮੇਲ ਚੜ੍ਹ ਕੇ ਅਫਗਾਨਿਸਤਾਨ ਦੇ ਕਬਾਇਲੀ ਇਲਾਕੇ ਵੱਲ ਜਾਣ ਲੱਗਿਆ ਪਰ ਪੇਸ਼ਾਵਰ ਉਤਰ ਗਿਆ। ਉਥੇ ਇੱਕ ਰਾਤ ਰੁਕਿਆ ਤੇ ਫ਼ੈਸਲਾ ਕੀਤਾ ਕਿ ਮੁਸੀਬਤ ਵੇਲੇ ਭੱਜ ਕੇ ਨਹੀਂ ਸਰਨਾ। ਇਸ ਲਈ ਉਹ ਮੁੜ ਗਦਰ ਦੀ ਤਿਆਰੀ ਲਈ ਜੁਟ ਗਿਆ। ਲਾਹੌਰ ਨੇੜੇ ਸਰਗੋਧਾ ਦੀ ਬਾਰ ਦੇ ਚੱਕ ਨੰਬਰ 5 ਤੋਂ ਰਾਜਿੰਦਰ ਸਿੰਘ ਪੈਨਸ਼ਨੀਏ ਦੇ ਘਰੋਂ, ਉਸ ਦੀ ਤੇ ਰਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੀ ਗਦਾਰੀ ਤੇ ਮੁਖਬਰੀ ਦੇ ਸਿੱਟੇ ਵੱਜੋਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘਵਾਲਾ 2 ਮਾਰਚ 1915 ਨੂੰ ਇਕੱਠੇ ਫੜੇ ਗਏ ਅਤੇ ਸੈਂਟਰਲ ਜੇਲ੍ਹ ਲਾਹੌਰ ’ਚ ਡੱਕ ਦਿੱਤੇ ਗਏ।

ਲਾਹੌਰ ਸਾਜਿਸ਼ ਕੇਸ (ਪਹਿਲਾ) ਅਧੀਨ ਚੱਲੇ ਮੁਕੱਦਮੇ ਦੌਰਾਨ ਜੱਜ ਨੇ ਕਿਹਾ ‘ਤੈਨੂੰ ਪਤਾ ਹੈ ਕਿ ਤੇਰੇ ਇਸ ਬਿਆਨ ਦਾ ਕੀ ਸਿੱਟਾ ਹੋ ਸਕਦਾ ਹੈ?’ ਸਰਾਭਾ ਨੇ ਕਿਹਾ, ‘ਤੁਸੀ ਮੈਨੂੰ ਫਾਂਸੀ ਹੀ ਲਗਾ ਦਿਉਗੇ! ਹੋਰ ਕੀ ? ਅਸੀਂ ਇਸ ਤੋਂ ਨਹੀਂ ਡਰਦੇ। ਮੈਂ ਉਮਰ ਕੈਦ ਦੀ ਥਾਂ ਫਾਂਸੀ ਲੱਗਣ ਨੂੰ ਪਹਿਲ ਦੇਵਾਂਗਾ ਤਾਂ ਜੋ ਛੇਤੀ ਦੁਬਾਰਾ ਜਨਮ ਲੈ ਕੇ, ਮੁੜ ਭਾਰਤ ਦੀ ਆਜ਼ਾਦੀ ਦੀ ਜੰਗ ਲੜ ਸਕਾਂ।’ ਅਗਲੇ ਦਿਨ ਫਾਂਸੀ ਦੀ ਸਜ਼ਾ ਸੁਣਾਉਣ ਮੌਕੇ ਸਰਾਭਾ ਨੇ ਜੱਜ ਦਾ ਧੰਨਵਾਦ ਕੀਤਾ। 13 ਸਤੰਬਰ 1915 ਨੂੰ ਸਰਾਭਾ ਸਮੇਤ 24 ਸਾਥੀਆਂ ਨੂੰ ਫਾਂਸੀ ਤੇ ਜਾਇਦਾਦ-ਜ਼ਬਤੀ ਦੀ ਸਜ਼ਾ ਸੁਣਾਈ ਗਈ ਪਰ ਪਿੱਛੋਂ ਵਾਇਸਰਾਏ ਨੇ 17 ਜਣਿਆਂ ਦੀ ਸਜ਼ਾ ਬਦਲ ਕੇ ਉਮਰ ਕੈਦ ਕਾਲੇ ਪਾਣੀ ਤੇ ਜਾਇਦਾਦ-ਜ਼ਬਤੀ ਕਰ ਦਿੱਤੀ।

ਵਰਣਨਯੋਗ ਹੈ ਕਿ ਕਰਤਾਰ ਸਿੰਘ ਨੇ ਅਦਾਲਤ ’ਚ ਬਿਆਨ ਇੰਨੀ ਸਿਆਣਪ ਤੇ ਦੂਰਅੰਦੇਸ਼ੀ ਨਾਲ ਦਿੱਤੇ ਕਿ ਸਿਰਫ਼ ਦੁਸ਼ਮਣ ਕੋਲ ਪਹਿਲਾਂ ਪ੍ਰਾਪਤ ਜਾਣਕਾਰੀ ਹੀ ਦੁਹਰਾਈ ਗਈ, ਵਾਅਦਾ-ਮੁਆਫ਼ ਗੱਦਾਰਾਂ ਨੂੰ ਫਸਾਇਆ ਗਿਆ ਅਤੇ ਸੱਚੇ ਗਦਰੀ ਸਾਥੀਆਂ ਦੀ ਜਾਣਕਾਰੀ ਵੱਧ ਤੋਂ ਵੱਧ ਲੁਕੋ ਕੇ ਰੱਖੀ ਗਈ। ਫਾਂਸੀ ਤੋਂ ਪਹਿਲਾਂ ਸਰਾਭਾ ਦਾ ਭਾਰ 5 ਕਿਲੋ ਵਧ ਚੁੱਕਾ ਸੀ। 16 ਨਵੰਬਰ 1915 ਨੂੰ 7 ਮਹਾਨ ਗਦਰੀ ਯੋਧੇ- ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ), ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ-ਅੰਮ੍ਰਿਤਸਰ) ਸੈਂਟਰਲ ਜੇਲ੍ਹ ਲਾਹੌਰ ਵਿਖੇ ਹੱਸ-ਹੱਸ ਕੇ ਫਾਂਸੀ ਚੜ੍ਹ ਕੇ ਸਦਾ ਲਈ ਅਮਰ ਹੋ ਗਏ।

ਅੱਜ ਦੇਸ਼ ਪ੍ਰਦੇਸ਼ ਵਿੱਚ ਵਸਦੇ ਪੰਜਾਬੀਆਂ ਸਮੇਤ ਭਾਰਤੀ ਦੇਸ਼-ਪ੍ਰੇਮੀ ਲੋਕ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਅਧੂਰੇ ਕਾਜ ਨੂੰ ਸਮਝਣ, ਅਪਣਾਉਣ ਤੇ ਪੂਰੇ ਕਰਨ ਦੇ ਪ੍ਰਣ ਕਰਨ ਲਈ ਉਨ੍ਹਾਂ ਦੇ ਸ਼ਹੀਦੀ ਸਮਾਗਮ ਜਥੇਬੰਦ ਕਰਕੇ ਸ਼ਰਧਾਂਜਲੀ ਅਰਪਿਤ ਕਰਨਗੇ।

ਸੰਪਰਕ: 96464-02470

Advertisement
Show comments