ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕ੍ਰਿਕਟ ਦਾ ਚੌਧਰੀ

ਮਈ 2014 ਵਿੱਚ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਤੋਂ ਹੀ ਭਾਜਪਾ ਅਤੇ ਆਰਐੱਸਐੱਸ ਵੱਲੋਂ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਆਪਣੀ ਇੱਛਾ ਦੇ ਐਲਾਨ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ। ਉਂਝ, ਹਰ ਮਹੀਨਾ ਲੰਘਣ ਤੋਂ ਬਾਅਦ...
Advertisement

ਮਈ 2014 ਵਿੱਚ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਤੋਂ ਹੀ ਭਾਜਪਾ ਅਤੇ ਆਰਐੱਸਐੱਸ ਵੱਲੋਂ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਆਪਣੀ ਇੱਛਾ ਦੇ ਐਲਾਨ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ। ਉਂਝ, ਹਰ ਮਹੀਨਾ ਲੰਘਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਖ਼ਾਹਿਸ਼ ਬੂਰ ਪੈਣ ਤੋਂ ਦੂਰ ਹੁੰਦੀ ਦਿਖਾਈ ਦਿੰਦੀ ਹੈ। ਭਾਵੇਂ ਕੌਮਾਂਤਰੀ ਸਿਆਸਤ ਵਿੱਚ ਸਾਡੀਆਂ ਕਿੰਨੀਆਂ ਵੀ ਨਾਕਾਮੀਆਂ ਰਹੀਆਂ ਹੋਣ ਪਰ ਕੌਮਾਂਤਰੀ ਕ੍ਰਿਕਟ ਦੇ ਖੇਤਰ ਵਿੱਚ ਭਾਰਤ ਹੁਣ ਸਭ ਤੋਂ ਸ਼ਕਤੀਸ਼ਾਲੀ ਬਣ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਇਸ ਦੀਆਂ ਕਾਰਵਾਈਆਂ ਨਾਲ ਕ੍ਰਿਕਟ ਦਾ ਕੋਈ ਭਲਾ ਹੋਵੇ ਜਾਂ ਨਾ ਹੋਵੇ।

ਸਾਲ 2017 ਵਿੱਚ ਸੁਪਰੀਮ ਕੋਰਟ ਵੱਲੋਂ ਕ੍ਰਿਕਟ ਲਈ ਪ੍ਰਸ਼ਾਸਕਾਂ ਦੀ ਕਮੇਟੀ ਨਿਯੁਕਤ ਕੀਤੀ ਗਈ। ਮੈਂ ਕੁਝ ਮਹੀਨੇ ਇਸ ਦਾ ਮੈਂਬਰ ਰਿਹਾ। ਇਸ ਕਮੇਟੀ ਦਾ ਮਕਸਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਦੇ ਕਾਰਵਿਹਾਰ ਵਿੱਚ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਤਾ ਲਿਆਉਣਾ ਸੀ, ਜੋ ਅੰਤ ਹਾਸਿਲ ਨਹੀਂ ਕੀਤਾ ਜਾ ਸਕਿਆ। ਮੈਂ ਦੇਖਿਆ ਕਿ ਬੀਸੀਸੀਆਈ ਦੇ ਅਧਿਕਾਰੀਆਂ ’ਤੇ ਇਹ ਸਨਕ ਹਾਵੀ ਹੈ ਕਿ ਕਿੱਦਾਂ ਹੋਰਨਾਂ ਕ੍ਰਿਕਟ ਬੋਰਡਾਂ ਨੂੰ ਗੋਡਿਆਂ ਭਾਰ ਕੀਤਾ ਜਾਵੇ। ਬਤੌਰ ਇਤਿਹਾਸਕਾਰ ਮੇਰੇ ਲਈ ਇਹ ਚਿੰਤਾ ਦਾ ਵਿਸ਼ਾ ਸੀ ਕਿਉਂਕਿ ਮੈਂ ਇਹ ਜਾਣਦਾ ਸਾਂ ਕਿ ਅਤੀਤ ਵਿੱਚ ਕਿਵੇਂ ਗੋਰੇ ਦੇਸ਼ਾਂ ਦੀ ਸਾਮਰਾਜੀ ਹਉਂ ਨੇ ਕਦੇ ਖੇਡ ਦਾ ਹਿੱਤ ਨਹੀਂ ਪੂਰਿਆ। ਜਿਵੇਂ 2022 ਵਿੱਚ ਆਪਣੀ ਕਿਤਾਬ ‘ਦਿ ਕਾਮਨਵੈਲਥ ਆਫ ਕ੍ਰਿਕਟ’ ਵਿੱਚ ਲਿਖਿਆ ਸੀ: ‘‘ਬੀਸੀਸੀਆਈ ਵਿੱਚ ਮੇਰੇ ਸਾਥੀਆਂ ਨੇ ਮੈਨੂੰ ਦੱਸਿਆ ਸੀ ਕਿ ਇੰਗਲੈਂਡ ਅਤੇ ਆਸਟਰੇਲੀਆ ਦੀ ਚੌਧਰ ਨੇ ਅਕਸਰ ਦੁਨੀਆ ਭਰ ਵਿੱਚ ਕ੍ਰਿਕਟ ਦੇ ਵਡੇਰੇ ਹਿੱਤਾਂ ਖ਼ਿਲਾਫ਼ ਕੰਮ ਕੀਤਾ। ਪਰ ਮੈਂ ਆਖਿਆ ਕਿ ਭਾਰਤੀ ਚੌਧਰ ਨਾਲ ਵੀ ਇਉਂ ਹੀ ਹੈ। ਮੈਂ ਤਰਕ ਦਿੱਤਾ ਕਿ ਭਾਰਤ ਨੂੰ ਕੌਮਾਂਤਰੀ ਕ੍ਰਿਕਟ ਵਿੱਚ ਉਹੋ ਜਿਹੀ ਭੂਮਿਕਾ ਹਰਗਿਜ਼ ਨਹੀਂ ਨਿਭਾਉਣੀ ਚਾਹੀਦੀ ਜਿਵੇਂ ਕੌਮਾਂਤਰੀ ਰਾਜਨੀਤੀ ਵਿੱਚ ਅਮਰੀਕਾ ਵੱਲੋਂ ਨਿਭਾਈ ਜਾਂਦੀ ਹੈ, ਭਾਵ ਨੇਮ ਤੈਅ ਕਰਨ ਦੀ ਗੱਲ ਕਰਨੀ ਅਤੇ ਆਪ ਕੌਮਾਂਤਰੀ ਸੰਧੀਆਂ ਤੋਂ ਉਦੋਂ ਮੂੰਹ ਫੇਰ ਲੈਣਾ ਜਦੋਂ ਇਹ ਉਸ ਦੇ ਹਿੱਤਾਂ ਦੀ ਪੂਰਤੀ ਨਾ ਕਰਦੀਆਂ ਹੋਣ।’’

Advertisement

ਇਹ ਚਿਤਾਵਨੀਆਂ (ਜੋ ਮੰਦੇਭਾਗੀਂ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ ਸਨ) ਇੱਕ ਵਾਰ ਫਿਰ ਮੇਰੇ ਸਾਹਮਣੇ ਆ ਗਈਆਂ ਜਦੋਂ ਮੈਂ ਰੌਡ ਲਾਇਲ ਦੀ ਨਵੀਂ ਕਿਤਾਬ ‘ਦਿ ਕਲੱਬ: ਐਂਪਾਇਰ, ਪਾਵਰ ਐਂਡ ਦਿ ਗਵਰਨੈਂਸ ਆਫ ਵਰਲਡ ਕ੍ਰਿਕਟ’ ਪੜ੍ਹ ਰਿਹਾ ਸੀ। ਇਸ ਦੀ ਸ਼ੁਰੂਆਤ ਇੰਪੀਰੀਅਲ ਕ੍ਰਿਕਟ ਕਾਨਫਰੰਸ ਦੀ ਕਹਾਣੀ ਨਾਲ ਹੁੰਦੀ ਹੈ ਜਿਸ ਦਾ ਗਠਨ 1909 ਵਿੱਚ ਹੋਇਆ ਸੀ ਅਤੇ ਜੋ ਸਾਮਰਾਜੀ ਖਣਨ ਕਾਰੋਬਾਰੀ ਐਬੇ ਬੇਲੀ ਦੀ ਕਾਢ ਸੀ। ਸ਼ੁਰੂ ਦੇ ਕੁਝ ਦਹਾਕਿਆਂ ਵਿੱਚ ਆਈਸੀਸੀ ਉੱਪਰ ਪੂਰੀ ਤਰ੍ਹਾਂ ਇੰਗਲੈਂਡ ਅਤੇ ਗੋਰਿਆਂ ਦੇ ਦੇਸ਼ਾਂ ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦਾ ਦਬਦਬਾ ਰਿਹਾ। ਇਨ੍ਹਾਂ ਦੇਸ਼ਾਂ, ਖ਼ਾਸਕਰ ਇੰਗਲੈਂਡ ਵੱਲੋਂ ਫ਼ੈਸਲਾ ਕੀਤਾ ਜਾਂਦਾ ਸੀ ਕਿ ਕੌਮਾਂਤਰੀ ਕ੍ਰਿਕਟ ਨੂੰ ਕਿਵੇਂ ਚਲਾਇਆ ਜਾਵੇ, ਨਵੇਂ ਮੈਂਬਰਾਂ ਨੂੰ ਭਰਤੀ ਕੀਤਾ ਜਾਂ ਨਾ ਕੀਤਾ ਜਾਵੇ, ਟੂਰਾਂ ਅਤੇ ਲੜੀਆਂ ਦਾ ਪ੍ਰੋਗਰਾਮ ਕਿਵੇਂ ਤੈਅ ਕੀਤਾ ਜਾਵੇ, ਕਿਵੇਂ ਕਾਨੂੰਨ ਤੇ ਨੇਮ ਘੜੇ ਜਾਣ। ਭਾਰਤ, ਪਾਕਿਸਤਾਨ ਅਤੇ ਵੈਸਟ ਇੰਡੀਜ਼ ਜਿਹੇ ਕ੍ਰਿਕਟ ਖੇਡਣ ਵਾਲੇ ਮੁਲਕਾਂ ਨੂੰ ਦੋਇਮ ਦਰਜਾ ਦਿੱਤਾ ਜਾਂਦਾ ਸੀ। ਕੌਮਾਂਤਰੀ ਕ੍ਰਿਕਟ ਦੇ ਪ੍ਰਸ਼ਾਸਨ ਵਿੱਚ ਇਨ੍ਹਾਂ ਦੀ ਨਾਂ-ਮਾਤਰ ਹੀ ਪੁੱਛ ਪ੍ਰਤੀਤ ਹੁੰਦੀ ਸੀ। ਇੱਕ ਤਰ੍ਹਾਂ ਦਾ ਇਹ ਸਾਮਰਾਜੀ ਜਾਂ ਕਹੋ ਨਸਲੀ ਖੇਡਤੰਤਰ ਬਣ ਗਿਆ ਸੀ। (1946 ਤੱਕ, ਆਈਸੀਸੀ ਦੀਆਂ ਮੀਟਿੰਗਾਂ ਵਿੱਚ ਬੀਸੀਸੀਆਈ ਦਾ ਕੋਈ ਗੋਰਾ ਅੰਗਰੇਜ਼ ਹੀ ਜਾ ਸਕਦਾ ਸੀ)।

1950ਵਿਆਂ ਵਿੱਚ ਅਤੇ ਉਸ ਤੋਂ ਬਾਅਦ ਜਦੋਂ ਬਰਤਾਨਵੀ ਬਸਤੀਆਂ ਆਜ਼ਾਦ ਹੋਣ ਲੱਗੀਆਂ ਤਾਂ ਉਨ੍ਹਾਂ ਦੇ ਕ੍ਰਿਕਟ ਪ੍ਰਸ਼ਾਸਕਾਂ ਨੇ ਆਈਸੀਸੀ ਦੇ ਕੰਮਕਾਜ ਨੂੰ ਹੌਲੀ ਹੌਲੀ ਵਧੇਰੇ ਲੋਕਰਾਜੀ ਬਣਾਉਣ ਦੀ ਗੱਲ ਕਰਨੀ ਸ਼ੁਰੂ ਕੀਤੀ। ਲਾਇਲ ਨੇ ਪੁਸਤਕ ਰਾਹੀਂ ਧਿਆਨ ਦਿਵਾਇਆ ਹੈ ਕਿ ਇਸ ਮੁਹਿੰਮ ਵਿੱਚ ਭਾਰਤ ਅਤੇ ਪਾਕਿਸਤਾਨ ਅਕਸਰ ਮਿਲ-ਜੁਲ ਕੇ ਕੰਮ ਕਰਦੇ ਰਹੇ ਸਨ ਤਾਂ ਕਿ ਇੰਗਲੈਂਡ ਤੇ ਆਸਟਰੇਲੀਆ ਦੇ ਦਬਦਬੇ ਨੂੰ ਘਟਾਇਆ ਜਾ ਸਕੇ। 1965 ਵਿੱਚ ਆਈਸੀਸੀ ਦੀ ‘ਆਈ’ ਦਾ ਭਾਵ ਇੰਪੀਰੀਅਲ ਤੋਂ ਬਦਲ ਕੇ ਇੰਟਰਨੈਸ਼ਨਲ ਕਰ ਦਿੱਤਾ ਗਿਆ ਅਤੇ 1989 ਵਿੱਚ ਕਾਨਫਰੰਸ ਦੀ ਥਾਂ ਕੌਂਸਲ ਕਰ ਦਿੱਤਾ ਗਿਆ। 2005 ਵਿੱਚ ਆਈਸੀਸੀ ਦਾ ਮੁੱਖ ਦਫ਼ਤਰ ਲੰਡਨ ਤੋਂ ਬਦਲ ਕੇ ਦੁਬਈ ਲੈ ਆਂਦਾ ਗਿਆ, ਜਿਸ ਨਾਲ ਇਹ ਸੰਸਥਾ ਭਾਰਤੀ ਉਪ-ਮਹਾਂਦੀਪ ਦੀਆਂ ਨਵੀਆਂ ਕ੍ਰਿਕਟ ਸ਼ਕਤੀਆਂ ਦੇ ਹੋਰ ਜ਼ਿਆਦਾ ਨੇੜੇ ਹੋ ਗਈ।

ਆਪਣੀ ਕਿਤਾਬ ਦੇ ਅਗਲੇ ਹਿੱਸਿਆਂ ਵਿੱਚ ਲਾਇਲ ਉਸ ਰੁਝਾਨ ਵੱਲ ਰੁਖ਼ ਕਰਦਾ ਹੈ ਕਿ ਕਿਵੇਂ ਪਿਛਲੇ ਕੁਝ ਦਹਾਕਿਆਂ ਵਿੱਚ ਭਾਰਤ ਨੇ ਆਲਮੀ ਕ੍ਰਿਕਟ ਦੇ ਪ੍ਰਸ਼ਾਸਨ ’ਤੇ ਆਪਣਾ ਦਬਦਬਾ ਕਾਇਮ ਕੀਤਾ। ਉਸ ਦੇ ਬਿਰਤਾਂਤ ਵਿੱਚ ਕੁਝ ਨੁਕਸ ਹਨ; ਉਹ 1983 ਵਿੱਚ ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਵੱਲ ਬਹੁਤੀ ਤਵੱਜੋ ਨਹੀਂ ਦਿੰਦਾ ਅਤੇ ਬਿਨਾਂ ਕੋਈ ਸਬੂਤ ਦਿੰਦਿਆਂ ਇਹ ਧਾਰਨਾ ਪੇਸ਼ ਕਰਦਾ ਹੈ ਕਿ 2011 ਦੇ ਵਿਸ਼ਵ ਕੱਪ ਦੇ ਫਾਈਨਲ (ਜਿਸ ਵਿੱਚ ਭਾਰਤ ਜੇਤੂ ਰਿਹਾ ਸੀ) ਦਾ ਨਤੀਜਾ ‘ਫਿਕਸ’ ਕੀਤਾ ਹੋ ਸਕਦਾ ਹੈ।

ਹਾਲਾਂਕਿ ਕੁੱਲ ਮਿਲਾ ਕੇ ਬੀਸੀਸੀਆਈ ਦੀਆਂ ਘੋਰ ਸਾਮਰਾਜੀ ਰੁਚੀਆਂ ਪ੍ਰਤੀ ਲਾਇਲ ਦਾ ਵਤੀਰਾ ਨਿਰਪੱਖ ਹੈ। ਤਰਕ ਦੀ ਇੱਕ ਦੁਰਲੱਭ ਆਵਾਜ਼ ਬੀਸੀਸੀਆਈ ਦਾ ਸਾਬਕਾ ਪ੍ਰਧਾਨ ਅਤੇ ਆਈਸੀਸੀ ਦਾ ਚੇਅਰਮੈਨ ਸ਼ਸ਼ਾਂਕ ਮਨੋਹਰ ਸੀ, ਜਿਸ ਮੁਤੱਲਕ ਲਾਇਲ ਦੀ ਟਿੱਪਣੀ ਹੈ ਕਿ ‘ਮਨੋਹਰ ਸ਼ਾਇਦ ਇੱਕ ਚੋਟੀ ਦੇ ਭਾਰਤੀ ਕ੍ਰਿਕਟ ਪ੍ਰਸ਼ਾਸਕ ਸਨ, ਜੋ ਬੀਸੀਸੀਆਈ ਦੇ ਤੰਗਨਜ਼ਰ ਹਿੱਤਾਂ ਤੋਂ ਪਰ੍ਹੇ ਤੱਕ ਦੇਖਣ ਲਈ ਤਿਆਰ ਹੋ ਜਾਂਦੇ ਸਨ।’ ਇੱਕ ਹੋਰ ਨੁਕਤੇ ਉੱਪਰ ਉਹ ਕਹਿੰਦਾ ਹੈ, ‘ਇਉਂ ਲਗਦਾ ਹੈ ਕਿ ਸ਼ਸ਼ਾਂਕ ਮਨੋਹਰ ਦੀਆਂ ਜੜ੍ਹਾਂ ਕਮਜ਼ੋਰ ਹਨ ਖ਼ਾਸਕਰ ਭਾਰਤ ਵਿੱਚ।’

ਦਸੰਬਰ 2024 ਵਿੱਚ ਭਾਰਤ ਦੇ ਗ੍ਰਹਿ ਮੰਤਰੀ ਦਾ ਪੁੱਤਰ ਆਈਸੀਸੀ ਦਾ ਚੇਅਰਮੈਨ ਬਣ ਗਿਆ। ਜੈ ਸ਼ਾਹ ਦੀ ਤਰੱਕੀ ਮੁਤੱਲਕ ਉਹ ਲਿਖਦਾ ਹੈ: ‘ਜੋ ਕਦੇ ਐੱਮਸੀਸੀ ਦਾ ਵਿਦੇਸ਼ੀ ਡੈਸਕ ਸੀ, ਹੁਣ ਆਈਸੀਸੀ ਇਉਂ ਲਗਦਾ ਹੈ ਜਿਵੇਂ ਇੱਕ ਅੰਧ-ਰਾਸ਼ਟਰਵਾਦੀ ਭਾਰਤੀ ਸਿਆਸੀ ਪਾਰਟੀ ਅਤੇ ਇਸ ਦੀਆਂ ਕਾਰਪੋਰੇਟੀ ਖ਼ਾਹਿਸ਼ਾਂ ਦਾ ਸੰਦ ਬਣ ਗਿਆ ਹੈ। ਕ੍ਰਿਕਟ ਦੇ ‘ਟਾਵਰ ਆਫ ਸਾਇਲੈਂਸ’ ਉੱਪਰ ਗਿਰਝਾਂ ਮੰਡਰਾ ਰਹੀਆਂ ਹਨ।’ ਇਹ ਤਸਵੀਰਕਸ਼ੀ ਬਿਲਕੁਲ ਸਹੀ ਹੈ ਹਾਲਾਂਕਿ ਇਸ ਵਿੱਚ ‘ਰਾਸ਼ਟਰਵਾਦੀ’ ਦੀ ਥਾਂ ‘ਜੰਗਬਾਜ਼’ ਕੀਤਾ ਜਾਣਾ ਚਾਹੀਦਾ ਹੈ।

ਆਲਮੀ ਕ੍ਰਿਕਟ ਲਈ ਬੀਸੀਸੀਆਈ ਉਵੇਂ ਹੀ ਖ਼ਤਰਾ ਬਣ ਸਕਦੀ ਹੈ ਜਿਵੇਂ ਕਿਸੇ ਸਮੇਂ ਐੱਮਸੀਸੀ ਬਣਿਆ ਹੋਇਆ ਸੀ ਜਿਸ ਨੂੰ ਟੋਨੀ ਗ੍ਰੈਗ ਨੇ ਭਾਂਪ ਲਿਆ ਸੀ। 2012 ਵਿੱਚ ਗ੍ਰੈਗ ਵੱਲੋਂ ਦਿੱਤੇ ਇੱਕ ਭਾਸ਼ਣ ਦਾ ਲਾਇਲ ਨੇ ਹਵਾਲਾ ਦਿੱਤਾ ਹੈ, ਜਿਸ ਵਿੱਚ ਇੰਗਲੈਂਡ ਦੇ ਸਾਬਕਾ ਕਪਤਾਨ, ਕੈਰੀ ਪੈਕਰ ਦੇ ਨੇੜਲੇ ਸਾਥੀ ਅਤੇ ਟੀਵੀ ਕਮੈਂਟੇਟਰ ਗ੍ਰੈਗ ਨੇ ਸੱਟੇ, ਮਾੜੇ ਪ੍ਰਬੰਧ ਅਤੇ ਆਈਸੀਸੀ ਦੇ ਮੈਂਬਰਾਂ ਦਰਮਿਆਨ ਸ਼ਕਤੀਆਂ ਦੀ ਅਸਾਵੀਂ ਵੰਡ ਨੂੰ ਕ੍ਰਿਕਟ ਨੂੰ ਦਰਪੇਸ਼ ਪ੍ਰਮੁੱਖ ਸਮੱਸਿਆਵਾਂ ਦੱਸਿਆ ਸੀ। ਗ੍ਰੈਗ ਦਾ ਖ਼ਿਆਲ ਸੀ ਕਿ ਜੇ ਭਾਰਤ ਕ੍ਰਿਕਟ ਦੀ ਭਾਵਨਾ ਨੂੰ ਸਮਝੇ ਅਤੇ ਇਸ ਦਾ ਪਾਲਣ ਕਰੇ ਤਾਂ ਆਮ ਤੌਰ ’ਤੇ ਜ਼ਿਆਦਾਤਰ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ।

ਗ੍ਰੈਗ ਨੇ ਮੰਨਿਆ ਕਿ ‘ਲਗਭਗ ਪਹਿਲੇ ਸੌ ਸਾਲਾਂ ਤੱਕ ਕ੍ਰਿਕਟ ਨੂੰ ਇੰਗਲੈਂਡ ਤੇ ਆਸਟਰੇਲੀਆ ਦੁਆਰਾ ਚਲਾਇਆ ਗਿਆ ਸੀ। ... ਬਦਕਿਸਮਤੀ ਨਾਲ, ਕਈ ਮੌਕਿਆਂ ’ਤੇ ਨਿੱਜੀ ਹਿੱਤ ਕ੍ਰਿਕਟ ਦੀ ਭਾਵਨਾ ਨਾਲੋਂ ਵਧੇਰੇ ਅਹਿਮ ਸਨ ਅਤੇ ਭਾਰਤ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ ਨਿਰਸੰਦੇਹ ਵਿਤਕਰਾ ਕੀਤਾ ਗਿਆ ਸੀ’। ਉਸ ਨੂੰ ਵਿਸ਼ਵਾਸ ਸੀ ਕਿ ਹੁਣ ਇੰਚਾਰਜ ਬਣੇ ‘ਭਾਰਤ ਨੇ ਕ੍ਰਿਕਟ ਦੀ ਭਾਵਨਾ ਨੂੰ ਲਾਗੂ ਕੀਤਾ ਹੈ ਤੇ ਆਪਣੇ ਸਹਿਯੋਗੀਆਂ ਨੂੰ ਵੋਟ ਦੇਣ ਦੇ ਪੱਖ ਤੋਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ’। (ਗ੍ਰੈਗ ਦੇ ਭਾਸ਼ਣ ਦਾ ਪੂਰਾ ਵੇਰਵਾ ਇੱਥੇ ਉਪਲਬਧ ਹੈ: https://www.espncricinfo.com/story/tony-greig-cowdrey-lecture-the-full-transcript-570147)।

ਇਹ ਦ੍ਰਿਸ਼ਟੀਕੋਣ ਹੱਦੋਂ ਵੱਧ ਆਸ਼ਾਵਾਦੀ ਸਾਬਿਤ ਹੋਇਆ ਕਿਉਂਕਿ ਬੀਸੀਸੀਆਈ ਨੇ ਆਈਸੀਸੀ ’ਤੇ ਕਬਜ਼ਾ ਕਰਨ ਅਤੇ ਇਸ ਦੀਆਂ ਕਾਰਵਾਈਆਂ ’ਤੇ ਪੂਰੀ ਤਰ੍ਹਾਂ ਹਾਵੀ ਹੋਣ ਲਈ ਆਪਣੀ ਵਿੱਤੀ ਤਾਕਤ ਦੀ ਵਰਤੋਂ ਕੀਤੀ ਹੈ।

ਕੌਮਾਂਤਰੀ ਕ੍ਰਿਕਟ ਪ੍ਰਸ਼ਾਸਨ ਦੇ ਸਬੰਧ ਵਿੱਚ ਅੱਜ ਦੀ ਸਥਿਤੀ ਬਾਰੇ ਲਾਇਲ ਵੱਲੋਂ ਕੱਢੇ ਸਿੱਟੇ ਨਾਲ ਅਸਹਿਮਤ ਹੋਣਾ ਮੁਸ਼ਕਿਲ ਹੈ: ‘ਭਾਰਤ ਦੇ ਦਬਦਬੇ ਦੇ ਕੁਝ ਕਾਰਨ ਹਨ: ਦੇਸ਼ ਅਤੇ ਉਪ-ਮਹਾਦੀਪ ਵਿੱਚ ਆਮ ਤੌਰ ’ਤੇ ਕ੍ਰਿਕਟ ’ਚ ਅਤਿ ਦੀ ਰੁਚੀ ਅਤੇ ਆਈਸੀਸੀ ਦੇ ਪਹਿਲੇ 80 ਕੁ ਸਾਲਾਂ ਦੌਰਾਨ ਇੰਗਲੈਂਡ, ਆਸਟਰੇਲੀਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਘਿਣਾਉਣਾ ਬੋਲਬਾਲਾ। ਇਨ੍ਹਾਂ ਵਿੱਚੋਂ ਕੋਈ ਵੀ ਕਾਰਨ ਨਾ ਤਾਂ ਬੇਕਾਬੂ ਭਾਰਤੀ ਪੂੰਜੀਵਾਦ ਦੀ ਬੇਰਹਿਮੀ ਨੂੰ ਜਾਇਜ਼ ਠਹਿਰਾ ਸਕਦਾ ਹੈ ਅਤੇ ਨਾ ਹੀ ਗਿਣਤੀ ਦੇ ਰਾਸ਼ਟਰਵਾਦੀ ਸਿਆਸਤਦਾਨਾਂ ਤੇ ਲਾਲਚੀ ਕੁਲੀਨਾਂ ਵੱਲੋਂ ਕ੍ਰਿਕਟ ਨੂੰ ਆਪਣੇ ਸੌੜੇ ਹਿੱਤਾਂ ਲਈ ਵਰਤਣ ਨੂੰ ਸਹੀ ਕਹਿ ਸਕਦਾ ਹੈ’।

ਕੌਮਾਂਤਰੀ ਦਬਦਬੇ ਦੀ ਇਸ ਦੀ ਇੱਛਾ ਨੂੰ ਪੂਰਨ ਲਈ ਬੀਸੀਸੀਆਈ ਨੂੰ ਆਸਟਰੇਲੀਆ ਅਤੇ ਇੰਗਲੈਂਡ ਵਿਚਲੇ ਕੁਝ ਸੁਆਰਥੀ ਪ੍ਰਬੰਧਕਾਂ ਵੱਲੋਂ ਮਦਦ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਇਸ ਨੇ ਉਪ-ਮਹਾਂਦੀਪ ਦੇ ਦੂਜੇ ਦੇਸ਼ਾਂ ਦੇ ਨਾਲ-ਨਾਲ ਦੱਖਣੀ ਅਫਰੀਕਾ ਅਤੇ ਵੈਸਟ ਇੰਡੀਜ਼ ਵਿੱਚ ਕ੍ਰਿਕਟਰਾਂ, ਕ੍ਰਿਕਟ ਪ੍ਰੇਮੀਆਂ ਅਤੇ ਕ੍ਰਿਕਟ ਪ੍ਰਸ਼ਾਸਕਾਂ ਨੂੰ ਬੇਗਾਨਾ ਕਰ ਦਿੱਤਾ ਹੈ। ਪਿਛਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਤ ਵਿੱਚ ਜਾਰੀ ਕੀਤੀ ਗਈ ਵੀਡੀਓ, ਜਿਸ ਵਿੱਚ ਜੈ ਸ਼ਾਹ ਨੂੰ ਕ੍ਰਿਕਟ ਲਈ ਦੱਖਣੀ ਅਫਰੀਕੀ ਜੇਤੂ ਟੀਮ ਨਾਲੋਂ ਵਧੇਰੇ ਮਹੱਤਵਪੂਰਨ ਦਰਸਾਇਆ ਗਿਆ ਸੀ, ਇਸ ਦਾ ਇੱਕ ਡਰਾਉਣਾ ਪ੍ਰਗਟਾਵਾ ਸੀ ਅਤੇ ਸਾਰੇ ਸੱਚੇ ਕ੍ਰਿਕਟ ਪ੍ਰੇਮੀਆਂ ਨੂੰ ਇਸ ਗੱਲ ਤੋਂ ਸ਼ਰਮਿੰਦਗੀ ਮਹਿਸੂਸ ਹੋਣੀ ਚਾਹੀਦੀ ਹੈ ਕਿ ਵੈਸਟ ਇੰਡੀਜ਼ ਦੇ ਮਹਾਨ ਗੇਂਦਬਾਜ਼ਾਂ ਐਂਡੀ ਰੌਬਰਟਸ ਅਤੇ ਮਾਈਕਲ ਹੋਲਡਿੰਗ ਨੇ ਭਾਰਤ ਦੇ ਨਵੇਂ ਕ੍ਰਿਕਟ ਸਾਮਰਾਜਵਾਦ ਨੂੰ ਜਵਾਬਦੇਹ ਠਹਿਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਸੰਨ 1909 ਵਿੱਚ ਇਸ ਦੀ ਸ਼ੁਰੂਆਤ ਤੋਂ ਹੀ ਆਈਸੀਸੀ ਸਾਜ਼ਿਸ਼ਾਂ ਅਤੇ ਨਾਲਾਇਕੀ ਦਾ ਅੱਡਾ ਬਣਿਆ ਰਿਹਾ ਹੈ। ਹੁਣ ਇਸ ਵਿੱਚ ਭ੍ਰਿਸ਼ਟਾਚਾਰ ਅਤੇ ਮੰਦੀ ਭਾਵਨਾ ਵੀ ਜੁੜ ਗਈ ਹੈ। ਬਰਤਾਨਵੀ ਸ਼ਾਸਨ ਅਧੀਨ ਇਸ ਨੇ ਕੌਮਾਂਤਰੀ ਮਾਨਸਿਕਤਾ ਵਾਲੇ ਕ੍ਰਿਕਟ ਪ੍ਰੇਮੀ ਨੂੰ ਚੰਗਾ ਅਨੁਭਵ ਨਹੀਂ ਦਿੱਤਾ ਤੇ ਇਸ ਸਬੰਧ ’ਚ ਭਾਰਤੀ ਕੰਟਰੋਲ ਵੀ ਕੋਈ ਬਹੁਤਾ ਬਿਹਤਰ ਨਹੀਂ ਰਿਹਾ। ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਬੀਸੀਸੀਆਈ ਨੇ ਭਾਰਤੀ ਕ੍ਰਿਕਟ ਲਈ ਚੰਗੀ ਭੂਮਿਕਾ ਨਿਭਾਈ ਹੈ? ਇਹ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਟੈਸਟ ਕ੍ਰਿਕਟ ਖੇਡ ਦਾ ਸਰਬੋਤਮ ਰੂਪ ਹੈ। ਫਿਰ ਵੀ ਤਿੰਨ ਵਾਰ ਹੋ ਚੁੱਕੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਭਾਰਤ ਇੱਕ ਵਾਰ ਵੀ ਨਹੀਂ ਜਿੱਤ ਸਕਿਆ- ਸਾਡੇ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ, ਕ੍ਰਿਕਟਰਾਂ ਨੂੰ ਮਿਲਣ ਵਾਲੀ ਭਰਪੂਰ ਪ੍ਰਸ਼ੰਸਾ ਅਤੇ ਪੈਸੇ, ਬੀਸੀਸੀਆਈ ਦੇ ਖ਼ਜ਼ਾਨੇ ਵਿਚਲੇ ਕਰੋੜਾਂ ਤੇ ਸਾਡੇ ਕੁਲੀਨਾਂ ਅਤੇ ਸਿਆਸਤਦਾਨਾਂ ਦੁਆਰਾ ਭਾਰਤੀ ਕ੍ਰਿਕਟ ਵਿੱਚ ਕੀਤੇ ਗਏ ਵਿੱਤੀ ਅਤੇ ਪ੍ਰਸਿੱਧੀ ਦੇ ਨਿਵੇਸ਼ ਦੇ ਬਾਵਜੂਦ। ਪਹਿਲੇ ਡਬਲਿਊਟੀਸੀ ਫਾਈਨਲ ਵਿੱਚ ਭਾਰਤ ਨਿਊਜ਼ੀਲੈਂਡ ਤੋਂ ਹਾਰ ਗਿਆ, ਇੱਕ ਅਜਿਹੇ ਦੇਸ਼ ਤੋਂ ਜਿਸ ਦੀ ਆਬਾਦੀ ਸੂਰਤ ਸ਼ਹਿਰ ਤੋਂ ਵੀ ਘੱਟ ਹੈ। ਦੂਜੇ ਡਬਲਿਊਟੀਸੀ ਫਾਈਨਲ ਵਿੱਚ ਭਾਰਤ ਆਸਟਰੇਲੀਆ ਤੋਂ ਹਾਰ ਗਿਆ, ਜੋ ਇੱਕ ਅਜਿਹਾ ਦੇਸ਼ ਹੈ ਜਿਸ ਦੀ ਆਬਾਦੀ ਮੁੰਬਈ ਜਿੰਨੀ ਹੈ। ਤੀਜੀ ਵਾਰ, ਭਾਰਤ ਫਾਈਨਲ ਤੱਕ ਪਹੁੰਚ ਹੀ ਨਹੀਂ ਸਕਿਆ।

ਭਾਰਤ ਦਾ ਆਲਮੀ ਕ੍ਰਿਕਟ ਰਿਕਾਰਡ, ਇਸ ਦੀ ਆਬਾਦੀ ਅਤੇ ਵਿੱਤੀ ਆਧਾਰ ਦੇ ਮੱਦੇਨਜ਼ਰ ਕਾਫ਼ੀ ਫਿੱਕਾ ਹੈ। ਜਦੋਂ ਆਲਮੀ ਕ੍ਰਿਕਟ ਪ੍ਰਸ਼ਾਸਨ ਦੀ ਗੱਲ ਆਉਂਦੀ ਹੈ ਤਾਂ ਭਾਰਤ ਪਿਛਲੀ ਸਦੀ ਵਿੱਚ ਕਈ ਵੱਖ-ਵੱਖ ਪੜਾਵਾਂ ਵਿੱਚੋਂ ਲੰਘਿਆ ਹੈ: ਪਹਿਲਾਂ ਅਧੀਨਤਾ (ਗੋਰਿਆਂ ਦੇ ਦਬਦਬੇ ਹੇਠ), ਫਿਰ ਬਰਾਬਰੀ ਦੀ ਅਪੀਲ, ਫਿਰ ਇੱਕ ਪ੍ਰਮੁੱਖ ਭੂਮਿਕਾ ਪ੍ਰਾਪਤ ਕਰਨਾ ਅਤੇ ਅੰਤ ਵਿੱਚ ਦਬਦਬਾ ਕਾਇਮ ਕਰਨਾ।

ਸਿਆਸੀ ਰਸੂਖ਼ ਦੇ ਲਿਹਾਜ਼ ਨਾਲ ਅਸੀਂ ਅਮਰੀਕਾ, ਚੀਨ ਅਤੇ ਰੂਸ ਤੋਂ ਬਹੁਤ ਬਹੁਤ ਪਿੱਛੇ ਹੋ ਸਕਦੇ ਹਾਂ। ਆਰਥਿਕ ਮਜ਼ਬੂਤੀ ਦੇ ਲਿਹਾਜ਼ ਤੋਂ (ਜਿਵੇਂ ਕਿ ਇਸ ਨੂੰ ਕੁੱਲ ਘਰੇਲੂ ਪੈਦਾਵਾਰ ਦੀ ਬਜਾਏ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਦੇਖਿਆ ਜਾਣਾ ਚਾਹੀਦਾ ਹੈ) ਸਾਡਾ ਮੌਜੂਦਾ ਸਥਾਨ 137ਵਾਂ ਹੈ। ਹਾਲਾਂਕਿ, ਜਦੋਂ ਕੌਮਾਂਤਰੀ ਕ੍ਰਿਕਟ ਨੂੰ ਚਲਾਉਣ (ਤੇ ਇਸ ਦੀ ਦੁਰਵਰਤੋਂ) ਦੀ ਗੱਲ ਆਉਂਦੀ ਹੈ ਤਾਂ ਅਸੀਂ ਸਿਰਫ਼ ਵਿਸ਼ਵ-ਗੁਰੂ ਹੀ ਨਹੀਂ ਸਗੋਂ ਵਿਸ਼ਵ-ਬੌਸ ਅਤੇ ਵਿਸ਼ਵਵਿਆਪੀ-ਦਬੰਗ ਵੀ ਹਾਂ।

ਈ-ਮੇਲ: ramachandraguha@yahoo.in

Advertisement