DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ...

ਸਾਲ 1970 ਵਿੱਚ ਆਈ ਹਿੰਦੀ ਰੁਮਾਂਟਿਕ ਫਿਲਮ ‘ਪਗਲਾ ਕਹੀਂ ਕਾ’ ਦਾ ਇੱਕ ਗੀਤ ਸੀ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਭੀ ਵੀ ਸੁਨੋਗੇ ਗੀਤ ਮੇਰੇ, ਸੰਗ ਸੰਗ ਤੁਮ ਵੀ ਗੁਨਗੁਨਾਓਗੇ...।’ ਇਸ ਗੀਤ ਨੂੰ ਗਾਇਆ ਸੀ ਮਹਾਨ ਗਾਇਕ ਮੁਹੰਮਦ ਰਫ਼ੀ...
  • fb
  • twitter
  • whatsapp
  • whatsapp
Advertisement

ਸਾਲ 1970 ਵਿੱਚ ਆਈ ਹਿੰਦੀ ਰੁਮਾਂਟਿਕ ਫਿਲਮ ‘ਪਗਲਾ ਕਹੀਂ ਕਾ’ ਦਾ ਇੱਕ ਗੀਤ ਸੀ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਭੀ ਵੀ ਸੁਨੋਗੇ ਗੀਤ ਮੇਰੇ, ਸੰਗ ਸੰਗ ਤੁਮ ਵੀ ਗੁਨਗੁਨਾਓਗੇ...।’ ਇਸ ਗੀਤ ਨੂੰ ਗਾਇਆ ਸੀ ਮਹਾਨ ਗਾਇਕ ਮੁਹੰਮਦ ਰਫ਼ੀ ਨੇ। ਇਸ ਗੀਤ ਦੇ ਸ਼ੁਰੂਆਤੀ ਬੋਲ ਸੱਚ ਸਾਬਤ ਹੋ ਚੁੱਕੇ ਹਨ। ਮੁਹੰਮਦ ਰਫ਼ੀ ਉਹ ਗਾਇਕ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਸ ਦੇ ਗੀਤ ਸੁਣਨ ਵਾਲੇ ਉਸ ਦੇ ਨਾਲ ਹੀ ਗੁਣਗੁਣਾਉਣ ਲੱਗਦੇ ਹਨ। ਇਹੀ ਤਾਂ ਕਿਸੇ ਆਵਾਜ਼ ਦੇ ਅਮਰ ਹੋਣ ਦੀ ਨਿਸ਼ਾਨੀ ਹੈ। ਰਫ਼ੀ ਦੇ ਦੁਨੀਆ ਤੋਂ ਰੁਖ਼ਸਤ ਹੋਣ ਦੇ 45 ਸਾਲਾਂ ਬਾਅਦ ਵੀ ਉਸ ਦੀ ਮਕਬੂਲੀਅਤ ਵਿੱਚ ਕੋਈ ਕਮੀ ਨਹੀਂ ਆਈ। ਹਰ ਵਰਗ ਦਾ ਸਰੋਤਾ ਉਸ ਦੇ ਸਦਾਬਹਾਰ ਗੀਤਾਂ ’ਤੇ ਝੂਮਦਾ ਹੈ। ਉਸ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਅੱਜ ਦੇਸ਼-ਵਿਦੇਸ਼ ਵਿੱਚ ਜਿੰਨੇ ਸੰਗੀਤਕ ਪ੍ਰੋਗਰਾਮ ਉਸ ਦੀ ਯਾਦ ਵਿੱਚ ਕੀਤੇ ਜਾ ਰਹੇ ਹਨ, ਓਨੇ ਕਿਸੇ ਹੋਰ ਗਾਇਕ ਦੀ ਯਾਦ ਵਿੱਚ ਨਹੀਂ ਕਰਵਾਏ ਜਾ ਰਹੇ।

ਮੁਹੰਮਦ ਰਫ਼ੀ ਨੇ 24 ਦਸੰਬਰ 1924 ਨੂੰ ਪਿੰਡ ਕੋਟਲਾ ਸੁਲਤਾਨ ਸਿੰਘ (ਨੇੜੇ ਮਜੀਠਾ-ਅੰਮ੍ਰਿਤਸਰ) ’ਚ ਜਨਮ ਲੈ ਕੇ ਪੰਜਾਬ ਦੀ ਧਰਤੀ ਨੂੰ ਭਾਗ ਲਾਏ ਤੇ ਵਿਸ਼ਵ ਭਰ ਵਿੱਚ ਪੰਜਾਬ ਤੇ ਭਾਰਤ ਦਾ ਨਾਂ ਚਮਕਾਇਆ। ਉਸ ਦੀ ਮਖ਼ਮਲੀ ਆਵਾਜ਼ ਦੀ ਖ਼ਾਸੀਅਤ ਇਹ ਵੀ ਸੀ ਕਿ ਉਸ ਨੇ ਜਿਸ ਵੀ ਅਦਾਕਾਰ ਲਈ ਗਾਇਆ ਤਾਂ ਉਸ ਅਦਾਕਾਰ ਨੂੰ ਉਸ ਦੀ ਆਵਾਜ਼ ਆਪਣੇ ’ਤੇ ਫਿਲਮਾਏ ਜਾਣ ਲਈ ਵਧੇਰੇ ਢੁੱਕਵੀਂ ਲੱਗੀ। ਉਸ ਵੱਲੋਂ ਗਾਏ ਗਏ ਹਜ਼ਾਰਾਂ ਗੀਤ ਹਿੱਟ ਤੇ ਸੁਪਰ-ਡੁਪਰ ਹਿੱਟ ਹੋਏ, ਜਿਨ੍ਹਾਂ ਵਿੱਚੋਂ ਕਈਆਂ ਲਈ ਉਸ ਨੂੰ ਫਿਲਮਫੇਅਰ ਐਵਾਰਡ ਵੀ ਮਿਲੇ। ਮੁਹੰਮਦ ਰਫੀ ਨੇ ਹਰ ਗੀਤ ਨੂੰ ਉਸ ਦੀ ਭਾਵਨਾ ਦੀ ਡੂੰਘਾਈ ਤੱਕ ਜਾ ਕੇ ਪੂਰੀ ਤਰ੍ਹਾਂ ਖੁੱਭ ਕੇ ਗਾਇਆ।

Advertisement

ਵੈਸੇ ਤਾਂ ਉਸ ਨੇ ਹਰ ਤਰ੍ਹਾਂ ਦੇ ਗੀਤ ਕਮਾਲ ਦੇ ਗਾਏ, ਪਰ ਲੱਗਦਾ ਹੈ ਕਿ ਰੁਮਾਂਟਿਕ ਤੇ ਦਰਦ ਭਰੇ ਗੀਤ ਉਸ ਲਈ ਹੀ ਬਣੇ ਸਨ। ਜੇ ਰੁਮਾਂਟਿਕ ਗੀਤਾਂ ਦੀ ਗੱਲ ਕਰੀਏ ਤਾਂ ਇੱਕ ਤੋਂ ਇੱਕ ਗੀਤ ਪਏ ਹਨ, ਪਰ ਇੱਥੇ ‘ਛੂਹ ਲੇਨੇ ਦੋ ਨਾਜ਼ੁਕ ਹੋਠੋਂ ਕੋ’, ‘ਤੁਮ ਜੋ ਮਿਲ ਗਏ ਹੋ...’, ‘ਆ ਜਾ ਰੇ ਆ ਜ਼ਰਾ...’, ‘ਬਹਾਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਯਾ ਹੈ’ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਸੰਜੀਦਾ ਤੇ ਗ਼ਮਗੀਨ ਗੀਤਾਂ ਦੀ ਪੇਸ਼ਕਾਰੀ ਦਾ ਵੀ ਜਵਾਬ ਨਹੀਂ ਸੀ। ਫਿਲਮ ‘ਨੀਲ ਕਮਲ’ ਦੇ ਵਿਦਾਇਗੀ ਗੀਤ ‘ਬਾਬੁਲ ਕੀ ਦੁਆਏਂ ਲੇਤੀ ਜਾ’ ਤੇ ਇਸੇ ਫਿਲਮ ਦੇ ਗੀਤ ‘ਤੁਝ ਕੋ ਪੁਕਾਰੇ ਮੇਰਾ ਪਿਆਰ’ ਨੂੰ ਉਸ ਨੇ ਜਿਸ ਸੰਜੀਦਗੀ ਤੇ ਭਾਵਨਾਵਾਂ ਦੇ ਵਹਿਣ ’ਚ ਵਹਿ ਕੇ ਗਾਇਆ, ਉਹ ਆਪਣੇ ਆਪ ਵਿੱਚ ਮਿਸਾਲ ਹੈ। ‘ਬਾਬੁਲ ਕੀ ਦੁਆਏਂ...’ ਵਾਲੇ ਗੀਤ ਦੇ ਸਬੰਧ ਵਿੱਚ ਉਸ ਦੀ ਮੌਤ ਤੋਂ ਕੁਝ ਚਿਰ ਪਹਿਲਾਂ ਉਰਦੂ ਦੇ ਇੱਕ ਮੈਗਜ਼ੀਨ ’ਚ ਲੇਖ ਛਪਿਆ ਸੀ, ਜਿਸ ਵਿੱਚ ਉਸ ਨੇ ਲਿਖਿਆ ‘ਜਦੋਂ ਮੈਂ ਇਹ ਗੀਤ ਰਿਕਾਰਡ ਕਰਵਾ ਰਿਹਾ ਸੀ ਤਾਂ ਉਸ ਤੋਂ ਦੋ ਦਿਨ ਬਾਅਦ ਮੇਰੀ ਬੇਟੀ ਦੀ ਸ਼ਾਦੀ ਸੀ। ਕਲਪਨਾ ਦ੍ਰਿਸ਼ਟੀ ’ਚ ਮੈਨੂੰ ਇੰਜ ਲੱਗਿਆ ਕਿ ਮੇਰੀ ਬੇਟੀ ਵਿਦਾ ਹੋ ਰਹੀ ਹੈ ਤੇ ਮੈਂ ਉਸ ਲਈ ਦੁਆ ਕਰ ਰਿਹਾ ਹਾਂ। ਮੈਂ ਉਸ ਗੀਤ ਨੂੰ ਗਾਉਂਦਿਆਂ ਜਜ਼ਬਾਤੀ ਹੋਣ ਦੀ ਐਕਟਿੰਗ ਨਹੀਂ ਸੀ ਕੀਤੀ ਬਲਕਿ ਸਚਮੁੱਚ ਮੇਰੀਆਂ ਅੱਖਾਂ ’ਚ ਅੱਥਰੂ ਸਨ।’ ਰਫ਼ੀ ਦੇ ਸਮਕਾਲੀ ਗਾਇਕਾਂ ਦੀਆਂ ਆਪੋ ਆਪਣੀਆਂ ਗਾਇਨ ਸ਼ੈਲੀਆਂ ਸਨ, ਪਰ ਉਸ ਨੇ ਕਦੇ ਕੋਈ ਗਾਇਨ ਸ਼ੈਲੀ ਨਾ ਅਪਣਾਈ। ਹਰ ਵੰਨਗੀ ਨੂੰ ਉਸ ਨੇ ਬਾਕਮਾਲ ਬਣਾਇਆ।

ਮੁਹੰਮਦ ਰਫ਼ੀ ਦੇ ਪਿਤਾ ਹਾਜ਼ੀ ਅਲੀ ਮੁਹੰਮਦ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਗਵੱਈਆ ਬਣੇ, ਪਰ ਰਫ਼ੀ ਦਾ ਵੱਡਾ ਭਰਾ ਹਾਮਿਦ ਛੋਟੇ ਭਰਾ ਅੰਦਰ ਲੁਕੀ ਕਲਾ ਨੂੰ ਪਛਾਣ ਗਿਆ ਸੀ, ਉਸ ਨੇ ਹੀ ਪਿਤਾ ਨੂੰ ਮਨਾਇਆ ਤੇ ਰਫ਼ੀ ਨੂੰ ਨਾਲ ਲੈ ਕੇ ਮੁੰਬਈ ਪਹੁੰਚ ਗਿਆ। ਉਸ ਨੂੰ ਸਭ ਤੋਂ ਪਹਿਲਾਂ ਮਾਸਟਰ ਨਜ਼ੀਰ ਦੀ ਫਿਲਮ ‘ਲੈਲਾ ਮਜਨੂੰ’ ਲਈ ਗਾਉਣ ਦਾ ਮੌਕਾ ਮਿਲਿਆ, ਇਸ ਸਮੇਂ ਉਸ ਦੀ ਉਮਰ ਮਹਿਜ਼ 15 ਸਾਲ ਦੀ ਸੀ। ਉਸ ਫਿਲਮ ਜ਼ਰੀਏ ਜਦੋਂ ਪਹਿਲੀ ਵਾਰ ਲੋਕਾਂ ਤੱਕ ਮੁਹੰਮਦ ਰਫ਼ੀ ਦੀ ਆਵਾਜ਼ ਪਹੁੰਚੀ ਤਾਂ ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਫਿਲਮ ‘ਗਾਂਵ ਕੀ ਗੋਰੀ’ ਦੇ ਗੀਤ ਵੀ ਬਹੁਤ ਪ੍ਰਸਿੱਧ ਹੋਏ। ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਾ ਵੇਖਿਆ।

ਮੁਹੰਮਦ ਰਫ਼ੀ ਦੀ ਆਵਾਜ਼ ਤੇ ਗਾਇਕੀ ਦੀ ਵਿਲੱਖਣਤਾ ਤੋਂ ਉਸ ਦੇ ਸਮਕਾਲੀ ਗਾਇਕ ਵੀ ਬਹੁਤ ਪ੍ਰਭਾਵਿਤ ਸਨ। ਉਹ ਖੁੱਲ੍ਹੇ ਦਿਲ ਨਾਲ ਇਸ ਹਕੀਕਤ ਨੂੰ ਪ੍ਰਵਾਨ ਕਰਦੇ ਸਨ ਕਿ ਗਾਉਣ ’ਚ ਰਫ਼ੀ ਦੀ ਕੋਈ ਸੀਮਾ ਨਹੀਂ। ਉਸ ਵੱਲੋਂ ਗਾਏ ਗਏ ਜ਼ਿਆਦਾਤਰ ਗੀਤ ਨੌਸ਼ਾਦ ਤੇ ਸ਼ੰਕਰ-ਜੈਕਿਸ਼ਨ ਦੀ ਸੰਗੀਤ ਨਿਰਦੇਸ਼ਨਾ ਵਾਲੇ ਹਿੱਟ ਹੋਏ ਸਨ। ਹੋਰਨਾਂ ਸੰਗੀਤ ਨਿਰਦੇਸ਼ਕਾਂ ਵਾਂਗ ਓ.ਪੀ. ਨਈਅਰ ਨੇ ਵੀ ਉਸ ਦੀ ਵਿਲੱਖਣ ਆਵਾਜ਼ ਤੇ ਅੰਦਾਜ਼ ਨੂੰ ਸਫਲਤਾ ਨਾਲ ਆਪਣੀਆਂ ਧੁਨਾਂ ’ਚ ਉਤਾਰਿਆ। ਕੋਈ ਵੀ ਸੰਗੀਤਕਾਰ ਉਸ ਦੀ ਆਵਾਜ਼ ਦੇ ਜਾਦੂਈ ਪ੍ਰਭਾਵ ਤੋਂ ਨਹੀਂ ਸੀ ਬਚ ਸਕਿਆ। ਉਹ ਫਿਲਮ ਨਿਰਮਾਤਾ-ਨਿਰਦੇਸ਼ਕ ਤੋਂ ਪੁੱਛ ਵੀ ਲੈਂਦਾ ਸੀ ਕਿ ਗੀਤ ਕਿਸ ਅਦਾਕਾਰ ’ਤੇ ਫ਼ਿਲਮਾਇਆ ਜਾਣਾ ਹੈ, ਫਿਰ ਉਸ ਕਲਾਕਾਰ ਦੀ ਅਦਾਇਗੀ ਦੀ ਤਰ੍ਹਾਂ ਆਪਣੀ ਆਵਾਜ਼ ਨੂੰ ਢਾਲ ਲੈਂਦਾ ਸੀ। ਮੁਹੰਮਦ ਰਫ਼ੀ ਆਲ੍ਹਾ ਦਰਜੇ ਦਾ ਗਾਇਕ ਤਾਂ ਹੈ ਹੀ ਸੀ, ਉਹ ਨਵੇਂ ਸੰਗੀਤ ਨਿਰਦੇਸ਼ਕਾਂ ਦੀ ਮਦਦ ਵੀ ਕਰਦਾ ਸੀ। ਉਸ ਨੇ ਨਵੇਂ ਕੰਪੋਜ਼ਰ ਦੇ ਪਹਿਲੇ ਗੀਤ ਲਈ ਕਦੇ ਪੈਸਾ ਨਹੀਂ ਸੀ ਲਿਆ। ਇਸ ਗੱਲ ਦਾ ਜ਼ਿਕਰ ਲਕਸ਼ਮੀ ਕਾਂਤ-ਪਿਆਰੇ ਲਾਲ ਦੀ ਸੰਗੀਤਕਾਰ ਜੋੜੀ ਦੇ ਲਕਸ਼ਮੀ ਕਾਂਤ ਨੇ ਸੁਜਾਤਾ ਦੇਵ ਦੀ ਅੰਗਰੇਜ਼ੀ ਦੀ ਪੁਸਤਕ ‘ਮੁਹੰਮਦ ਰਫ਼ੀ : ਗੋਲਡਨ ਵਾਇਸ ਆਫ ਦਿ ਸਿਲਵਰ ਸਕਰੀਨ’ ਵਿੱਚ ਵੀ ਕੀਤਾ ਹੈ। ਰਫ਼ੀ ਨੇ ਇਸ ਜੋੜੀ ਤੋਂ ਫਿਲਮ ‘ਛੈਲਾ ਬਾਬੂ’ (1967) ਅਤੇ ‘ਪਾਰਸਮਣੀ’ (1963) ਦੇ ਗੀਤ ਗਾਉਣ ਲਈ ਕੋਈ ਪੈਸਾ ਨਹੀਂ ਸੀ ਲਿਆ। ਉਸ ਨੇ ਕਈ ਪੰਜਾਬੀ ਫਿਲਮਾਂ ਦੇ ਗੀਤ ਵੀ ਮੁਫ਼ਤ ’ਚ ਗਾ ਕੇ ਪੰਜਾਬ ਦੀ ਮਿੱਟੀ ਦਾ ਕਰਜ਼ ਚੁਕਾਇਆ। ਉਸ ਨੇ ਸ਼ਿਆਮ ਸੁੰਦਰ, ਫਿਰੋਜ਼ ਨਿਜ਼ਾਮੀ ਅਤੇ ਨੌਸ਼ਾਦ ਤੋਂ ਲੈ ਕੇ ਬੱਪੀ ਲਹਿਰੀ ਤੇ ਅਨੂੰ ਮਲਿਕ ਤੱਕ 200 ਤੋਂ ਵੱਧ ਕੰਪੋਜ਼ਰਾਂ ਲਈ ਗੀਤ ਗਾਏ, ਇਨ੍ਹਾਂ ਵਿੱਚ ਕਈ ਨਵੇਂ ਕੰਪੋਜ਼ਰ ਵੀ ਸ਼ਾਮਲ ਸਨ। ਕਿਸੇ ਵੀ ਕੰਪੋਜ਼ਰ ਦਾ ਗੀਤ ਗਾਉਣ ਲਈ ਉਸ ਦੇ ਮੂੰਹ ’ਤੇ ਕਦੇ ਵੀ ਨਾਂਹ ਨਹੀਂ ਸੀ ਆਈ। ਪੈਸੇ ਦਾ ਮੋਹ ਉਸ ਨੂੰ ਕਦੇ ਆਇਆ ਹੀ ਨਹੀਂ ਸੀ। ਉਹ ਆਪਣੇ ਸਾਥੀ ਸਾਜ਼ਿੰਦਿਆਂ ਦੀ ਵੀ ਸਮੇਂ ਸਮੇਂ ’ਤੇ ਮਾਇਕ ਮਦਦ ਕਰਦਾ ਰਹਿੰਦਾ ਸੀ। ਉਹ ਜੰਮੂ-ਕਸ਼ਮੀਰ ਦੇ ਇੱਕ ਫ਼ਕੀਰਨੁਮਾ ਇਨਸਾਨ ਨੂੰ ਹਰ ਮਹੀਨੇ ਮਨੀਆਰਡਰ ਰਾਹੀਂ ਕੁਝ ਪੈਸੇ ਭੇਜਦਾ ਰਿਹਾ, ਪਰ ਇਸ ਮਦਦ ਦਾ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ।

ਮੁਹੰਮਦ ਰਫ਼ੀ ਨੂੰ ਬਹੁਤ ਸਾਰੇ ਇਨਾਮ-ਸਨਮਾਨ ਮਿਲੇ। ਸਭ ਤੋਂ ਪਹਿਲਾਂ ਉਸ ਨੂੰ 1948 ’ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਸ ਵਕਤ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਸੀ ਜਦੋਂ ਉਸ ਨੇ ਭਾਰਤ ਦੀ ਆਜ਼ਾਦੀ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਸਮਾਗਮ ਵਿੱਚ ‘ਸੁਨੋ ਸੁਨੋ ਐ ਦੁਨੀਆ ਵਾਲੋ ਬਾਪੂ ਕੀ ਯੇ ਅਮਰ ਕਹਾਨੀ’ ਗੀਤ ਗਾਇਆ ਸੀ। 1967 ਵਿੱਚ ਉਸ ਨੂੰ ‘ਪਦਮ ਸ਼੍ਰੀ’ ਐਵਾਰਡ ਨਾਲ ਨਿਵਾਜਿਆ ਗਿਆ। 1977 ’ਚ ਉਸ ਨੂੰ ‘ਹਮ ਕਿਸੀ ਸੇ ਕਮ ਨਹੀਂ’ ਫਿਲਮ ਦੇ ਗੀਤ ‘ਕਯਾ ਹੂਆ ਤੇਰਾ ਵਾਅਦਾ...’ (ਗੀਤਕਾਰ ਮਜਰੂਹ ਸੁਲਤਾਨਪੁਰੀ ਤੇ ਸੰਗੀਤਕਾਰ ਆਰ. ਡੀ. ਬਰਮਨ) ਲਈ ਕੌਮੀ ਫਿਲਮ ਐਵਾਰਡ ਪ੍ਰਦਾਨ ਕੀਤਾ ਗਿਆ। ਉਸ ਨੇ ਛੇ ਕੁ ਵਾਰ ਫਿਲਮਫੇਅਰ ਐਵਾਰਡ ਹਾਸਲ ਕੀਤੇ। 1980 ਤੱਕ ਰਫ਼ੀ ਦੇ ਗਾਏ 15 ਦੇ ਕਰੀਬ ਗੀਤ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤੇ ਗਏ। 7 ਜਨਵਰੀ 2001 ਨੂੰ ਹੀਰੋ ਹੌਂਡਾ ਤੇ ਸਟਾਰਡਸਟ ਮੈਗਜ਼ੀਨ ਨੇ ਮੁਹੰਮਦ ਰਫ਼ੀ ਨੂੰ ‘ਬੈਸਟ ਸਿੰਗਰ ਆਫ ਦਿ ਮਿਲੇਨੀਅਮ’ ਐਵਾਰਡ ਨਾਲ ਸਨਮਾਨਿਆ। ਬੰਗਾਲ ਫਿਲਮ ਜਰਨਲਿਸਟਸ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਉਸ ਨੂੰ ਵੱਖ ਵੱਖ ਐਵਾਰਡਾਂ ਨਾਲ ਨਿਵਾਜਿਆ।

31 ਜੁਲਾਈ 1980 ਦੀ ਰਾਤ ਸੰਗੀਤ ਲਈ ਮਨਹੂਸ ਕਹੀ ਜਾਣ ਵਾਲੀ ਰਾਤ ਸੀ ਜਦੋਂ ਮਹਾਨ ਗਾਇਕ ਮੁਹੰਮਦ ਰਫ਼ੀ ਦੇ ਸਾਹਾਂ ਦੀ ਮਾਲਾ ਬਿੱਖਰ ਗਈ, ਇਸ ਪਾਕਿ ਇਨਸਾਨ ਲਈ ਦਿਲ ਦਾ ਦੌਰਾ ਘਾਤਕ ਸਾਬਤ ਹੋਇਆ। ਲੱਗਾ ਸੀ ਜਿਵੇਂ ਸੰਗੀਤ ਦੇ ਸੱਤ ਸੁਰਾਂ ਵਿੱਚੋਂ ਇੱਕ ਸੁਰ ਖ਼ਤਮ ਹੋ ਗਿਆ ਹੋਵੇ। ਸੁਰਾਂ ਦੇ ਨਾਲ ਨਾਲ ਸਾਜ਼ ਵੀ ਰੋ ਰਹੇ ਹੋਣ। ਫਿਲਮ ਉਦਯੋਗ ਸੋਗ ਵਿੱਚ ਡੁੱਬ ਗਿਆ ਸੀ। ਤਿੰਨ ਦਿਨ ਕਿਸੇ ਸਟੂਡੀਓ ਵਿੱਚ ਰਿਕਾਰਡਿੰਗ ਨਹੀਂ ਸੀ ਕੀਤੀ ਗਈ। ਜਨਾਜ਼ੇ ਦੌਰਾਨ ਭਾਰੀ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਲੋਕ ਛਤਰੀਆਂ ਲੈ ਕੇ ਆਪਣੇ ਮਹਿਬੂਬ ਗਾਇਕ ਦੀ ਅੰਤਿਮ ਯਾਤਰਾ ’ਚ ਸ਼ਰੀਕ ਹੋਏ। ਜਿੱਧਰੋਂ ਵੀ ਜਨਾਜ਼ਾ ਨਿਕਲਿਆ, ਆਸ-ਪਾਸ ਦੀਆਂ ਇਮਾਰਤਾਂ ਤੋਂ ਲੋਕਾਂ ਨੇ ਫੁੱਲ ਵਰਸਾਏ ਕਿਉਂਕਿ ਮਹਾਨ ਫਰਿਸ਼ਤਾ ਰੂਪੀ ਇਨਸਾਨ ਇਸ ਜਹਾਨ ਨੂੰ ਅਲਵਿਦਾ ਕਹਿ ਰਿਹਾ ਸੀ। ਪ੍ਰਸਿੱਧ ਸੰਗੀਤਕਾਰ ਨੌਸ਼ਾਦ, ਜਿਨ੍ਹਾਂ ਨਾਲ ਰਫ਼ੀ ਦਾ ਬਹੁਤ ਲੰਮਾ ਸਮਾਂ ਸਾਥ ਰਿਹਾ ਤੇ ਬਹੁਤ ਹਿੱਟ ਗੀਤ ਦਿੱਤੇ, ਨੇ ਮਹਾਨ ਗਾਇਕ ਦੀ ਮੌਤ ’ਤੇ ਕਿਹਾ ਸੀ;

ਮਹਿਫ਼ਿਲੋਂ ਕੇ ਦਾਮਨੋਂ ਮੇਂ, ਸਾਹਿਲੋਂ ਕੇ ਆਸ ਪਾਸ

ਯੇ ਸਦਾ ਗੂੰਜੇਗੀ ਸਦੀਓਂ ਤੱਕ ਦਿਲੋਂ ਕੇ ਆਸ ਪਾਸ।

ਨਿਰਸੰਦੇਹ ਮੁਹੰਮਦ ਰਫ਼ੀ ਦੀ ਯਾਦ ਤੇ ਪੁਰਕਸ਼ਿਸ਼ ਆਵਾਜ਼ ਅਮਰ ਰਹੇਗੀ। ਉਸ ਦੇ ਗਾਏ ਸਦਾਬਹਾਰ ਗੀਤ ਰੂਹ ਨੂੰ ਸਕੂਨ ਬਖ਼ਸ਼ਦੇ ਰਹਿਣਗੇ।

ਸੰਪਰਕ: 98722-09399

Advertisement
×