Yasser Desai stunt: ਮੁੰਬਈ ’ਚ ਖ਼ਤਰਨਾਕ ਸਟੰਟ ਕਰਨ ’ਤੇ ਬਾਲੀਵੁੱਡ ਗਾਇਕ ਯਾਸਰ ਦੇਸਾਈ ਖ਼ਿਲਾਫ਼ ਕੇਸ ਦਰਜ
Singer Yasser Desai performs dangerous stunt on Bandra Worli Sea Link in Mumbai; FIR lodged
ਮੁੰਬਈ, 9 ਜੁਲਾਈ
ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਮੁੰਬਈ ਪੁਲੀਸ ਨੇ ਬਾਲੀਵੁੱਡ ਗਾਇਕ ਅਤੇ ਗੀਤਕਾਰ ਯਾਸਰ ਦੇਸਾਈ ਅਤੇ ਦੋ ਹੋਰਾਂ ਵਿਰੁੱਧ ਬਾਂਦਰਾ ਵਰਲੀ ਸੀਅ ਲਿੰਕ (Bandra Worli Sea Link) ਦੇ ਕਿਨਾਰਿਆਂ ਚੜ੍ਹ ਕੇ ਖ਼ਤਰਨਾਕ ਸਟੰਟ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਮੁੰਦਰੀ ਲਿੰਕ ਪੁਲ ਦੇ ਕਿਨਾਰੇ ਸਟੰਟ ਕਰਦੇ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਤੇ ਵਾਇਰਲ ਹੋਈ ਹੈ।
ਅਧਿਕਾਰੀਆਂ ਦੇ ਅਨੁਸਾਰ ਇੱਕ ਵਿਅਕਤੀ ਨੇ ਉਸ ਨੂੰ ਸਮੁੰਦਰੀ ਲਿੰਕ ਪੁਲ ਦੇ ਕਿਨਾਰੇ ਚੜ੍ਹਦਿਆਂ ਅਤੇ ਆਪਣੇ ਦੋ ਸਾਥੀਆਂ ਨਾਲ ਸਟੰਟ ਦੀ ਸ਼ੂਟਿੰਗ ਕਰਦਿਆਂ ਦੇਖਿਆ ਸੀ। ਸਟੰਟ ਕਰਨ ਤੋਂ ਬਾਅਦ ਉਹ ਤਿੰਨੇ ਜਣੇ ਆਪਣੀ ਕਾਰ ਵਿੱਚ ਉਥੋਂ ਚਲੇ ਗਏ।
ਉਸ ਵਿਅਕਤੀ ਨੇ ਘਟਨਾ ਨੂੰ ਰਿਕਾਰਡ ਕਰ ਲਿਆ ਸੀ ਤੇ ਇਹ ਵੀਡੀਓ ਉਸ ਨੇ ਮੁੰਬਈ ਪੁਲੀਸ ਨੂੰ ਭੇਜੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਨੰਬਰ ਪਲੇਟ ਦੀ ਮਦਦ ਨਾਲ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪੁਲ ਦੇ ਕਿਨਾਰੇ ਖੜ੍ਹਾ ਵਿਅਕਤੀ ਗਾਇਕ ਯਾਦਰ ਦੇਸਾਈ ਸੀ।
ਉਨ੍ਹਾਂ ਕਿਹਾ ਕਿ ਬਾਂਦਰਾ ਪੁਲੀਸ ਨੇ ਮੰਗਲਵਾਰ ਨੂੰ ਗਾਇਕ ਅਤੇ ਉਸਦੇ ਦੋ ਸਾਥੀਆਂ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 285 (ਜਨਤਕ ਰਸਤੇ ਵਿੱਚ ਖ਼ਤਰਾ ਜਾਂ ਰੁਕਾਵਟ), 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣਾ), 125 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰਾ) ਅਤੇ 3(5) (ਸਾਂਝਾ ਇਰਾਦਾ) ਅਤੇ ਮੋਟਰ ਵਾਹਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਅਧਿਕਾਰੀ ਨੇ ਕਿਹਾ ਕਿ ਪੁਲੀਸ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਲਈ ਗਾਇਕ ਅਤੇ ਉਸਦੇ ਦੋ ਸਾਥੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ