DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਰਤਾਂ ਦਾ ਵਕੀਲ ਬੀ.ਆਰ. ਚੋਪੜਾ

ਸੁਖਮਿੰਦਰ ਸਿੰਘ ਸੇਖੋਂ ਕੋਈ ਵੀ ਅਜਿਹਾ ਹਿੰਦੀ ਸਿਨਮਾ ਪ੍ਰੇਮੀ ਨਹੀਂ ਹੋਵੇਗਾ ਜੋ ਬਲਦੇਵ ਰਾਜ ਚੋਪੜਾ ਨੂੰ ਨਾ ਜਾਣਦਾ ਹੋਵੇ। ਵਿਸ਼ੇਸ਼ ਕਰਕੇ ਗਹਿਰਾਈ ਨਾਲ ਸਿਨਮਾ ਨੂੰ ਮਾਣਨ ਤੇ ਸਮਝਣ ਵਾਲਾ ਤਾਂ ਅਜਿਹਾ ਕੋਈ ਵੀ ਸ਼ਖ਼ਸ ਨਹੀਂ ਹੋਵੇਗਾ। ਲਾਹੌਰ ਤੋਂ ਚੱਲ ਕੇ...

  • fb
  • twitter
  • whatsapp
  • whatsapp
Advertisement

ਸੁਖਮਿੰਦਰ ਸਿੰਘ ਸੇਖੋਂ

ਕੋਈ ਵੀ ਅਜਿਹਾ ਹਿੰਦੀ ਸਿਨਮਾ ਪ੍ਰੇਮੀ ਨਹੀਂ ਹੋਵੇਗਾ ਜੋ ਬਲਦੇਵ ਰਾਜ ਚੋਪੜਾ ਨੂੰ ਨਾ ਜਾਣਦਾ ਹੋਵੇ। ਵਿਸ਼ੇਸ਼ ਕਰਕੇ ਗਹਿਰਾਈ ਨਾਲ ਸਿਨਮਾ ਨੂੰ ਮਾਣਨ ਤੇ ਸਮਝਣ ਵਾਲਾ ਤਾਂ ਅਜਿਹਾ ਕੋਈ ਵੀ ਸ਼ਖ਼ਸ ਨਹੀਂ ਹੋਵੇਗਾ। ਲਾਹੌਰ ਤੋਂ ਚੱਲ ਕੇ ਬੰਬੇ (ਮੁੰਬਈ) ਤੱਕ ਦਾ ਰਸਤਾ ਤੈਅ ਕਰਨ ਵਾਲਾ ਇਹ ਫਿਲਮੀ ਕਾਮਾ ਕਦੇ ਥੱਕਿਆ ਹਾਰਿਆ ਨਹੀਂ ਤੇ ਆਪਣੇ ਬਲਬੂਤੇ ਆਪਣਾ ਮੁਕਾਮ ਹਾਸਲ ਕੀਤਾ। ਉਸ ਦਾ ਜਨਮ 22 ਅਪਰੈਲ 1914 ਨੂੰ ਹੋਇਆ। ਐੱਮ.ਏ. ਅੰਗਰੇਜ਼ੀ ਲਿਟਰੇਚਰ ਵਿੱਚ ਕਰਨ ਵਾਲੇ ਇਸ ਸ਼ਖ਼ਸ ਨੇ ਆਪਣੇ ਸ਼ੁਰੂਆਤੀ ਦੌਰ ਵਿੱਚ ਫਿਲਮੀ ਪੱਤਰਕਾਰੀ ਵੀ ਕੀਤੀ, ਪਰ ਫਿਲਮਾਂ ਵਿੱਚ ਨਿਰਦੇਸ਼ਨ ਕਰਨ ਦੇ ਜਨੂੰਨ ਨੇ ਫਿਲਮ ਇੰਡਸਟਰੀ ਵਿੱਚ ਉਸ ਲਈ ਆਪਣੇ ਦੁਆਰ ਖੋਲ੍ਹ ਦਿੱਤੇ ਅਤੇ ਉਸ ਨੇ ਫਿਲਮ ‘ਚਾਂਦਨੀ ਚੌਂਕ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਕੇ।

ਬੀ.ਆਰ. ਨੇ ਆਪਣੇ ਲੰਮੇ ਕਾਰਜਕਾਲ ਦੌਰਾਨ ਬੇਸ਼ੱਕ ਅਨੇਕਾਂ ਫਿਲਮਾਂ ਦਾ ਨਿਰਮਾਣ ਕੀਤਾ, ਪ੍ਰੰਤੂ ਇੱਥੇ ਆਪਾਂ ਕੇਵਲ ਉਸ ਦੀਆਂ ਕੁਝ ਕੁ ਫਿਲਮਾਂ ਦਾ ਜ਼ਿਕਰ ਹੀ ਕਰਾਂਗੇ। ਉਸ ਨੇ ਸਿਨਮਾ ਪ੍ਰੇਮੀਆਂ ਨੂੰ ਮਨੋਰੰਜਨ ਦੇ ਨਾਲ ਨਾਲ ਸੇਧਾਤਮਕ ਫਿਲਮਾਂ ਵੀ ਦਿੱਤੀਆਂ, ਜਿਵੇਂ ‘ਕਾਨੂੰਨ’, ‘ਸਾਧਨਾ’, ‘ਇਤਫਾਕ’, ‘ਆਦਮੀ ਔਰ ਇਨਸਾਨ’। ‘ਗੁੰਮਰਾਹ’ ਤੇ ‘ਵਕਤ’ ਵੀ ਚੰਗੀਆਂ ਫਿਲਮਾਂ ਵਿੱਚ ਸ਼ੁਮਾਰ ਹੁੰਦੀਆਂ ਹਨ। ਪਰ ਇੱਥੇ ਉਸ ਦੀਆਂ ਕੇਵਲ ਦੋ ਫਿਲਮਾਂ ਦਾ ਹੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਾਂਗੇ, ਉਹ ਹਨ ‘ਨਿਕਾਹ’ ਤੇ ‘ਇਨਸਾਫ ਕਾ ਤਰਾਜ਼ੂ’। ‘ਨਿਕਾਹ’ ਵਿੱਚ ਰਾਜ ਬੱਬਰ ਦੇ ਨਾਲ ਦੋ ਨਵੇਂ ਚਿਹਰਿਆਂ ਦੀਪਕ ਪ੍ਰਾਸ਼ਰ ਤੇ ਪਾਕਿਸਤਾਨੀ ਅਦਾਕਾਰਾ ਤੇ ਗਾਇਕਾ ਸਲਮਾ ਆਗਾ ਨੂੰ ਪੇਸ਼ ਕੀਤਾ ਗਿਆ ਸੀ। ਦੋ ਪ੍ਰੇਮੀ (ਦੀਪਕ ਤੇ ਸਲਮਾ) ਜਦੋਂ ਵਿਆਹ ਬੰਧਨ ਵਿੱਚ ਬੱਝ ਜਾਂਦੇ ਹਨ ਤਾਂ ਸ਼ੁਰੂਆਤ ਦੇ ਕੁਝ ਦਿਨ ਤਾਂ ਠੀਕ ਹੀ ਬੀਤਦੇ ਹਨ ਜਿਵੇਂ ਕਿ ਆਮ ਜੀਵਨ ਵਿੱਚ ਸਾਰਿਆਂ ਨਾਲ ਹੁੰਦਾ ਹੈ, ਪਰ ਹੌਲੀ ਹੌਲੀ ਜ਼ਿੰਦਗੀ ਦੂਸਰੀ ਤਰਫ਼ ਕਰਵਟ ਲੈਣ ਲੱਗਦੀ ਹੈ ਤੇ ਦੋਵਾਂ ਦੇ ਵਿਆਹੁਤਾ ਜੀਵਨ ਵਿੱਚ ਤਰੇੜਾਂ ਪੈਣ ਲੱਗਦੀਆਂ ਹਨ। ਤੁੂੰ ਤੂੰ ਮੈਂ ਮੈਂ ਤੋਂ ਹੱਥੋਪਾਈ ਤੱਕ ਵੀ ਗੱਲ ਵਧਣ ਲੱਗਦੀ ਹੈ, ਪਰ ਇਸ ਦਰਮਿਆਨ ਸਲਮਾ ਨੂੰ ਜ਼ਿੰਦਗੀ ਦੇ ਇਸ ਮੋੜ ’ਤੇ ਰਾਜ ਬੱਬਰ ਨਾਂ ਦਾ ਨੌਜਵਾਨ ਮਿਲਦਾ ਹੈ ਜੋ ਸਲਮਾ ਵਾਂਗ ਹੀ ਕਲਾ ਪ੍ਰੇਮੀ ਹੈ ਤੇ ਉਸ ਵਾਂਗ ਹੀ ਗਾਉਣ ਦਾ ਸ਼ੌਕ ਰੱਖਦਾ ਹੈ। ਗੀਤ ਗਾਉਣ ਵਿੱਚ ਇੱਕ ਦੂਸਰੇ ਦੀ ਕਹਾਣੀ ਬਿਆਨ ਹੋਣ ਲੱਗਦੀ ਹੈ। ਕਹਾਣੀ ਹੋਰ ਅਗਾਂਹ ਤੁਰਦੀ ਹੈ ਤੇ ਸਲਮਾ ਦੀਪਕ ਤੋਂ ਤਲਾਕ ਲੈ ਕੇ ਰਾਜ ਦੀ ਹੋ ਜਾਂਦੀ ਹੈ, ਪਰ ਫਿਲਮ ਦਾ ਕਲਾਈਮੈਕਸ ਵੇਖਣਯੋਗ ਬਣਦਾ ਹੈ। ਸਲਮਾ ਚੀਕ ਉੱਠਦੀ ਹੈ, ‘‘ਪਹਿਲਾਂ ਇੱਕ ਨਾਲ ਪਿਆਰ ਕੀਤਾ, ਫੇਰ ਦੂਸਰੇ ਨਾਲ ਅਤੇ ਹੁਣ ਮਰਦ ਸਮਾਜ ਦਾ ਚਲਨ ਦੇਖੋ, ਦੂਸਰਾ ਸ਼ਖ਼ਸ ਮੈਨੂੰ ਤਲਾਕ ਦੇਣ ਲਈ ਕਹਿੰਦਾ ਹੈ? ਮੈਂ ਤਾਂ ਸਮਝੋ ਦੋ ਮਰਦਾਂ ਵਿਚਕਾਰ ਘਿਰ ਗਈ, ਨਾ ਇਸ ਦੀ ਰਹੀ ਤੇ ਨਾ ਦੂਸਰੇ ਦੀ ਹੋਈ? ਔਰਤ ਜਾਵੇ ਤਾਂ ਕਿੱਥੇ ਜਾਵੇ? ਕੀ ਔਰਤ ਇੱਕ ਕਠਪੁਤਲੀ ਹੈ?’’ ਇਸ ਕਲਾਈਮੈਕਸ ਨੂੰ ਦੇਖ ਕੇ ਦਰਸ਼ਕ ਵੀ ਸੁੰਨ ਰਹਿ ਜਾਂਦਾ ਹੈ। ਫਿਲਮ ਸੁਪਰ ਹਿੱਟ ਸਾਬਤ ਹੋਈ ਤੇ ਦਰਸ਼ਕਾਂ ਤੋਂ ਇਲਾਵਾ ਸਿਨਮਾ ਆਲੋਚਕਾਂ ਵੱਲੋਂ ਵੀ ਇਸ ਨੂੰ ਵਧੀਆ ਨੰਬਰ ਦਿੱਤੇ ਗਏ। ਇਸ ਫਿਲਮ ਦਾ ਪਹਿਲਾਂ ਨਾਮਕਰਨ ‘ਤਲਾਕ, ਤਲਾਕ, ਤਲਾਕ’ ਕੀਤਾ ਸੀ, ਪ੍ਰੰਤੂ ਬੀ.ਆਰ. ਨੇ ਕੁਝ ਸਿਆਣੇ ਬੰਦਿਆਂ ਦੀ ਸਲਾਹ ਨਾਲ ਇਸ ਦਾ ਅੰਤਿਮ ਨਾਮ ਰੱਖਿਆ-‘ਨਿਕਾਹ’।

Advertisement

ਫਿਲਮ ‘ਇਨਸਾਫ ਕਾ ਤਰਾਜ਼ੂ’ ਵੀ ਇਸਤਰੀ ਮਨ ਤੇ ਮਸਲੇ ਨਾਲ ਸਬੰਧਤ ਸੀ, ਪ੍ਰੰਤੂ ਇਸ ਦਾ ਵਿਸ਼ਾ ਪਹਿਲੀ ਨਾਲੋਂ ਬਿਲਕੁਲ ਹਟ ਕੇ ਸੀ। ਇੱਕ ਮਾਡਲ ਜ਼ੀਨਤ ਅਮਾਨ ਉੱਪਰ ਰਾਜ ਬੱਬਰ ਫਿਦਾ ਹੋ ਜਾਂਦਾ ਹੈ। ਫਿਦਾ ਤੋਂ ਭਾਵ ਇਹ ਨਹੀਂ ਕਿ ਉਹ ਉਸ ਨੂੰ ਦਿਲੋਂ ਪ੍ਰੇਮ ਪਿਆਰ ਕਰਨ ਲੱਗਦਾ ਹੈ ਬਲਕਿ ਏਦਾਂ ਕਹਿ ਸਕਦੇ ਹਾਂ ਕਿ ਉਹ ਉਸ ਦੇ ਰੰਗ ਰੂਪ ਤੇ ਸਰੀਰ ਵੱਲ ਖਿੱਚਿਆ ਜਾਂਦਾ ਹੈ, ਪ੍ਰੰਤੂ ਜਦੋਂ ਤਤਿਲੀ ਹੱਥ ਨਹੀਂ ਲੱਗਦੀ ਤਾਂ ਉਸ ਦੇ ਖੰਭ ਮਰੋੜਨ ਦਾ ਨਿਸ਼ਚਾ ਕਰ ਲੈਂਦਾ ਹੈ ਤੇ ਉਸ ਨੂੰ ਆਪਣੇ ਇਸ ਨਾਪਾਕ ਇਰਾਦੇ ਵਿਚ ਸਫਲਤਾ ਵੀ ਹਾਸਲ ਹੁੰਦੀ ਹੈ। ਨਾਇਕਾ ਬਲਾਤਕਾਰ ਦੀ ਸ਼ਿਕਾਰ ਹੋ ਜਾਂਦੀ ਹੈ, ਪਰ ਉਹ ਲੜਦੀ ਹੈ। ਆਪਣੀ ਇੱਜ਼ਤ ਦੀ ਬਹਾਲੀ ਵਾਸਤੇ ਲੜਾਈ ਕਰਦੀ ਹੈ, ਪਰ ਰਾਜ ਨਾਂ ਦਾ ਪਾਤਰ ਏਥੇ ਹੀ ਚੁੱਪ ਨਹੀਂ ਕਰਦਾ ਜਦੋਂ ਉਸ ਨੂੰ ਜ਼ੀਨਤ ਦੀ ਛੋਟੀ ਭੈਣ ਪਦਮਨੀ ਕੋਹਲਾਪੁਰੀ ਦੀ ਝਲਕ ਮਿਲਦੀ ਹੈ ਤਾਂ ਉਹ ਉਸ ਨਾਬਾਲਗ ’ਤੇ ਵੀ ਮੋਹਤਿ ਹੋ ਜਾਂਦਾ ਹੈ ਅਤੇ ਆਪਣੀ ਅਯਾਸ਼ੀ ਨੂੰ ਅੰਜਾਮ ਦਿੰਦਾ ਹੈ। ਉਹ ਪਦਮਨੀ ਨੂੰ ਹੌਲੀ ਹੌਲੀ ਪਿਆਰ ਨਾਲ ਤੇ ਫੇਰ ਡਰਾ ਕੇ ਆਪਣਾ ਮਕਸਦ ਪੂਰਾ ਕਰਦਾ ਹੈ। ਇੱਕ ਮਾਸੂਮ, ਨਾਬਾਲਗ ਅਤੇ ਬੇਵੱਸ ਲੜਕੀ ਕਰ ਵੀ ਕੀ ਸਕਦੀ ਸੀ? ਬੇਸ਼ੱਕ ਇਸ ਕੁਝ ਮਿੰਟਾਂ ਦੇ ਲੰਮੇ ਸੀਨ ਨੂੰ ਚੋਪੜਾ ਪ੍ਰੋਡਕਸ਼ਨ ਨੇ ਚਟਖਾਰੇ ਨਾਲ ਪੇਸ਼ ਕੀਤਾ, ਪਰ ਉਹ ਵਿਸ਼ੇ ਪੱਖੋਂ ਆਪਣੇ ਮੰਤਵ ਦੀ ਪੂਰਤੀ ਵੀ ਕਰ ਗਏ। ਜਿਵੇਂ ਕਹਿੰਦੇ ਨੇ ਰਾਵਣ ਜਾਂ ਹਰਨਾਕਸ ਵਗੈਰਾ ਜਿੰਨੇ ਮਰਜ਼ੀ ਅੱਤਿਆਚਾਰ ਕਰ ਲੈਣ ਅਖੀਰ ਜਿੱਤ ਤਾਂ ਬਦੀ ’ਤੇ ਨੇਕੀ ਦੀ ਹੀ ਹੁੰਦੀ ਹੈ। ਫਿਰ ਦਰਸ਼ਕਾਂ ਸਾਹਮਣੇ ਪੰਜਾਬ ਦਾ ਸ਼ੇਰ ਪੁੱਤਰ ਧਰਮਿੰਦਰ ਆ ਗਰਜਦਾ ਹੈ। ਫ਼ੌਜ ਵਿੱਚੋਂ ਰਿਟਾਇਰ ਹੋਇਆ ਇਹ ਕਿਰਦਾਰ ਰਾਜ ਬੱਬਰ ਦਾ ਬੱਧ ਕਰ ਦਿੰਦਾ ਹੈ। ਅਦਾਲਤ ਉਸ ਨੂੰ ਸਜ਼ਾ ਸੁਣਾਉਣ ਤੋਂ ਪਹਿਲ ਉਸ ਦਾ ਪੱਖ ਸੁਣਨਾ ਚਾਹੁੰਦੀ ਹੈ ਤਾਂ ਉਹ ਲੰਮਾ ਡਾਇਲਾਗ ਬੋਲਦਾ ਹੈ ਜਿਸ ਦਾ ਸਾਰ ਹੈ, ‘‘ਮੈਂ ਫ਼ੌਜ ਵਿੱਚ ਰਿਹਾ, ਲੜਾਈ ਵੇਲੇ ਦੁਸ਼ਮਣਾਂ ਦੇ ਛੱਕੇ ਛੁੜਾਏ ਤੇ ਮੇਰੀ ਵਰਦੀ ’ਤੇ ਤਗ਼ਮੇ ਤੇ ਤਗ਼ਮੇ ਲੱਗਦੇ ਚਲੇ ਗਏ, ਪਰ ਅੱਜ? ਬੇਸ਼ੱਕ ਮੈਨੂੰ ਕੋਈ ਵੀ ਤਗ਼ਮਾ ਨਾ ਮਿਲੇ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜੰਗ ਸਮੇਂ ਮੈਂ ਬਾਹਰੀ ਦੁਸ਼ਮਣਾਂ ਦਾ ਸਫਾਇਆ ਕੀਤਾ ਅਤੇ ਹੁਣ ? ਅੱਜ ਘਰ ਦੇ ਦੁਸ਼ਮਣ, ਭਾਵ ਆਪਣੇ ਦੇਸ਼ ਦੇ ਅੰਦਰੂਨੀ ਦੁਸ਼ਮਣ ਨੂੰ ਸਜ਼ਾ ਸੁਣਾਈ ਹੈ ਜਿਸ ਦਾ ਮੈਨੂੰ ਕੋਈ ਦੁੱਖ ਜਾਂ ਪਛਤਾਵਾ ਨਹੀਂ, ਬਲਕਿ ਮੈਂ ਇਸ ’ਤੇ ਫਖ਼ਰ ਮਹਿਸੂਸ ਕਰਦਾ ਹਾਂ।’’

Advertisement

ਕੁੱਲ ਮਿਲਾ ਕੇ ਵੇਖਿਆਂ ਤਾਂ ਇਨ੍ਹਾਂ ਦੋ ਫਿਲਮਾਂ ਵਿੱਚੋਂ ਸਾਡੇ ਪ੍ਰੋੜ ਤੇ ਪੁਰਾਣੇ ਫਿਲਮਸ਼ਾਜ ਬਲਦੇਵ ਰਾਜ ਚੋਪੜਾ ਦਾ ਅਕਸ ਇੱਕ ਇਸਤਰੀ ਪੱਖੀ ਵਜੋਂ ਉੱਭਰਦਾ ਹੈ। ਉਸ ਦੀ ਹੀ ਇੱਕ ਹੋਰ ਫਿਲਮ ‘ਬਾਗਬਾਨ ਦਾ ਜ਼ਿਕਰ ਆਪਾਂ ਕਦੀ ਫੇਰ ਕਰਾਂਗੇ, ਪ੍ਰੰਤੂ ਚੱਲਦੇ ਚੱਲਦੇ ਏਨਾ ਹੀ ਕਹਿਣਾ ਕਾਫ਼ੀ ਹੋਵੇਗਾ ਕਿ ਜਦੋਂ ਅਮਤਿਾਭ ਬਚਨ ਆਪਣੀ ਨਾਵਲੀ ਰਚਨਾ ‘ਬਾਗਬਾਨ’ ਦੇ ਸੰਦਰਭ ਵਿੱਚ ਸਟੇਜ ਤੋਂ ਉਤਰ ਕੇ ਆਉਂਦਾ ਹੈ ਤਾਂ ਉਸ ਦੀ ਧਰਮ ਪਤਨੀ ਹੇਮਾ ਮਾਲਿਨੀ ਵੀ ਨਾਲ ਹੁੰਦੀ ਹੈ। ਮੁਆਫ਼ੀ ਵਜੋਂ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਮਤਿਾਭ ਬਚਨ ਏਨਾ ਕਹਿ ਕੇ ਆਪਣੀ ਪਤਨੀ ਨਾਲ ਅਗਾਂਹ ਟੁਰ ਪੈਂਦਾ ਹੈ ‘‘ਜੋ ਬੱਚੇ ਅਪਨੇ ਮਾਂ ਬਾਪ ਕੋ ਪਿਆਰ ਨਹੀਂ ਕਰਤੇ, ਉਨਹੇ ਮੈਂ ਕਭੀ ਮਾਫ ਨਹੀਂ ਕਰਤਾ।’’ ਪ੍ਰਤੀਕਾਤਮਕ ਨਜ਼ਰੀਏ ਤੋਂ ਫਿਲਮ ਦਾ ਇੱਕ ਵਧੀਆ ਅੰਤ ਹੋ ਜਾਂਦਾ ਹੈ ਜੋ ਸਲਾਹੁਣਯੋਗ ਬਣਦਾ ਹੈ। ਅਜਿਹੀਆਂ ਹੀ ਕੁਝ ਫਿਲਮਾਂ ਕਰਕੇ ਤਾਂ ਅਸੀਂ ਬੀ.ਆਰ. ਚੋਪੜਾ ਨੂੰ ਔਰਤਾਂ ਦਾ ਵਕੀਲ ਕਹਿੰਦੇ ਹਾਂ। ਬਹੁਚਰਚਤਿ ਟੀਵੀ ਲੜੀਵਾਰ ‘ਮਹਾਂਭਾਰਤ’ ਤੇ ‘ਬਹਾਦਰਸ਼ਾਹ ਜ਼ਫਰ’ ਦਾ ਨਿਰਮਾਣ ਕਰਨ ਵਾਲਾ ਇਹ ਸ਼ਖ਼ਸ 94 ਵਰ੍ਹਿਆਂ ਦੀ ਲੰਬੀ ਉਮਰ ਭੋਗ ਕੇ 5 ਨਵੰਬਰ 2008 ਨੂੰ ਰੁਖ਼ਸਤ ਹੋ ਗਿਆ।

ਸੰਪਰਕ: 98145-07693

Advertisement
×