ਬੁਢਾਪਾ ਜੀਵਨ-ਜਸ਼ਨ ਦੇ ਦਾਇਰੇ ਤੋਂ ਬਾਹਰ ਕਿਉਂ
ਕਰਨੈਲ ਸਿੰਘ ਸੋਮਲ ਸਾਡੀਆਂ ਮਹਾਨ ਲਿਖਤਾਂ ਵਿੱਚ ਮਨੁੱਖੀ ਜੀਵਨ ਨੂੰ ਦੁਰਲੱਭ ਕਿਹਾ ਗਿਆ ਹੈ। ਨਾਲ ਇਹ ਵੀ ਸੁਝਾਇਆ ਗਿਆ ਹੈ ਕਿ ਇਸ ਅਨਮੋਲ ਜੀਵਨ ਨੂੰ ਜਸ਼ਨ ਵਾਂਗ ਜੀਵਿਆ ਜਾਵੇ ਨਾ ਕਿ ਦਿਨ-ਕਟੀ ਕੀਤੀ ਜਾਵੇ। ਇਸੇ ਲਈ ਪਰਿਵਾਰ ਵਿੱਚ ਕਿਸੇ ਜੀਵ...

ਸਾਡੀਆਂ ਮਹਾਨ ਲਿਖਤਾਂ ਵਿੱਚ ਮਨੁੱਖੀ ਜੀਵਨ ਨੂੰ ਦੁਰਲੱਭ ਕਿਹਾ ਗਿਆ ਹੈ। ਨਾਲ ਇਹ ਵੀ ਸੁਝਾਇਆ ਗਿਆ ਹੈ ਕਿ ਇਸ ਅਨਮੋਲ ਜੀਵਨ ਨੂੰ ਜਸ਼ਨ ਵਾਂਗ ਜੀਵਿਆ ਜਾਵੇ ਨਾ ਕਿ ਦਿਨ-ਕਟੀ ਕੀਤੀ ਜਾਵੇ। ਇਸੇ ਲਈ ਪਰਿਵਾਰ ਵਿੱਚ ਕਿਸੇ ਜੀਵ ਦੇ ਜੰਮਣ ਉੱਤੇ ਚਾਅ ਕੀਤੇ ਜਾਂਦੇ ਹਨ। ਉਸ ਦੇ ਜਨਮ-ਦਿਨ ਦੇ ਜਸ਼ਨ ਮਨਾਏ ਜਾਂਦੇ ਹਨ। ਇਸ ਭਾਂਤ ਮਨੁੱਖ ਦਾ ਸਾਰਾ ਜੀਵਨ ਤਿਉਹਾਰ ਜਿਹਾ ਯਾਨੀ ਖ਼ੁਸ਼ੀਆਂ ਦਾ ਸਰੋਤ ਹੁੰਦਾ ਹੈ। ਇੰਜ ਜੀਵਨ ਨੂੰ ਮੌਲਦਾ ਵੇਖ ਅਕਹਿ ਅਨੰਦ ਮਹਿਸੂਸ ਕੀਤਾ ਜਾਂਦਾ ਹੈ। ਜਦੋਂ ਮਨੁੱਖ ਭਰਪੂਰ ਜੀਵਨ ਜਿਉਂ ਕੇ ਪੂਰਾ ਹੁੰਦਾ ਹੈ ਤਾਂ ਪਰਿਵਾਰ ਆਪਣੇ ਸਬੰਧੀਆਂ ਅਤੇ ਭਾਈਚਾਰੇ ਵਿੱਚ ਇਸ ਮ੍ਰਿਤੂ ਦਾ ਜਸ਼ਨ ਮਨਾਉਂਦਾ ਹੈ। ਇਸ ਵਰਤਾਰੇ ਨੂੰ ‘ਪੂਰਾ ਹੋਣਾ’ ਕਿਹਾ ਜਾਂਦਾ ਹੈ। ਭਾਵ ਇਹੋ ਕਿ ਮਨੁੱਖ ਇਸ ਧਰਤੀ ਉੱਤੇ ਜਨਮ ਲੈ ਕੇ, ਜੀਵਨ ਦੀਆਂ ਸਾਰੀਆਂ ਅਵਸਥਾਵਾਂ ਅਤੇ ਸਾਰੇ ਰੰਗਾਂ ਨੂੰ ਮਾਣਦਾ ਧੰਨ ਹੋਇਆ ਹੈ।
ਹੁਣ, ਜੇ ਜੀਵਨ ਦਾ ਸਾਰਾ ਕੁਝ ਜਸ਼ਨ ਵਾਂਗ ਹੈ ਤਾਂ ਜੀਵਨ ਦਾ ਅੰਤਲਾ ਪੜਾਅ ਯਾਨੀ ਬੁਢਾਪਾ ਵੀ ਜਸ਼ਨ ਵਾਂਗ ਮੰਨਣਾ ਚਾਹੀਦਾ ਹੈ। ਅਸੀਂ ਦੁਪਹਿਰ ਤੋਂ ਬਾਅਦ ਦੇ ਦਿਨ ਦੇ ਅਰਸੇ ਨੂੰ ਕਦੇ ਹਕਾਰਤ ਨਾਲ ਨਹੀਂ ਵੇਖਦੇ। ਢਲਦੇ ਪਰਛਾਵਿਆਂ ਨੂੰ ਕਦੇ ਵੀ ਨਖਿੱਧ ਨਹੀਂ ਕਹਿੰਦੇ। ਪੱਕਦੀਆਂ ਫ਼ਸਲਾਂ ਵੇਖ ਕੇ ਅਸੀਂ ਮੂੰਹ ਨਹੀਂ ਲਟਕਾਉਂਦੇ। ਅਜਿਹੀਆਂ ਹੋਰ ਸੈਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਮਨੁੱਖ ਆਪਣੀ ਅਉਧ ਦੇ ਪ੍ਰਸੰਗ ਵਿੱਚ ਇੱਕ-ਇੱਕ ਧਉਲੇ ਦੀ ਆਮਦ ਉੱਤੇ ਤ੍ਰਭਕਦਾ ਹੈ। ਉਸ ਦੀ ਜੀਵਨ-ਦ੍ਰਿਸ਼ਟੀ ਨਜ਼ਰ ਵਿੱਚ ਹੀ ਕੁਝ ਵਿਗਾੜ ਆ ਗਿਆ ਜਾਪਦਾ ਹੈ। ਉਹ ਆਪਣੇ ਹੀ ਕੰਨਾਂ ਨੂੰ ਮੁੜ-ਮੁੜ ਸੁਣਾਉਂਦਾ ਹੈ ਕਿ ‘ਹੁਣ ਬੁਢਾਪਾ ਮਾਰੋ-ਮਾਰ ਚੜ੍ਹਿਆ ਆਉਂਦਾ ਹੈ।’
ਅਸਲ ਵਿੱਚ ਇਹ ਅਵਸਥਾ ਉਸ ਦੀ ਸਿਆਣਪ ਦਾ ਮੁੱਢ ਹੈ, ਉਸ ਦੇ ਸੰਜੀਦਾ ਹੋਣ ਦਾ ਅਰੰਭ ਹੈ। ਸਾਡੇ ਪੰਜਾਬੀ ਦੇ ਸ਼ਬਦ ‘ਸਿਞਾਣ’ ਦਾ ਭਾਵ ਪਛਾਣ ਹੈ। ਸੋ ਸਿਆਣਾ ਉਹ ਹੋਇਆ ਜਿਹੜਾ ਜੀਵਨ ਦੇ ਅਨੇਕ ਰੰਗਾਂ ਨੂੰ ਜਾਣੇ, ਸਿਞਾਣੇ ਅਤੇ ਹਰੇਕ ਰੰਗ ਦੀਆਂ ਵਿਭਿੰਨ ਅਵਸਥਾਵਾਂ ਨੂੰ ਵੀ ਸਮਝੇ। ਦਿਨ ਢਲਣ ’ਤੇ ਵੀ ਉਵੇਂ ਹੀ ਚਾਅ ਨਾਲ ਕੰਮ ਕੀਤੇ ਜਾਂਦੇ ਹਨ, ਜਿੰਨੇ ਦਿਨ ਦੇ ਪਹਿਲੇ ਅੱਧ ਵਿੱਚ। ਬਾਬਾ ਬੁੱਢਾ ਜੀ ਬਾਲ ਉਮਰ ਤੋਂ ਹੀ ਸਿਞਾਣੇ ਭਾਵ ਬੁੱਢੇ ਬਣ ਗਏ ਸਨ। ਅਜਿਹੀ ਸਿਆਣੀ ਉਮਰ ਉੱਤੇ ਕਿੰਨੇ ਹੀ ਜੀਵਨ ਕੁਰਬਾਨ!
ਰੰਗਰੇਜ਼ ਰੰਗਾਂ ਦਾ ਪਾਰਖੂ ਹੁੰਦਾ ਹੈ, ਮੁਸੱਵਰ (ਚਿੱਤਰਕਾਰ) ਵੀ ਰੰਗਾਂ ਦੀਆਂ ਬਾਰੀਕੀਆਂ ਦਾ ਜਾਣੂ ਹੁੰਦਾ ਹੈ। ਹੁਣ ਤਾਂ ਵਿਗਿਆਨ ਨੇ ਹਰ ਰੰਗ ਦੇ ਅਣਗਿਣਤ ਭਾਹ, ਭਾਵ ਉਸ ਦੀਆਂ ਅਨੇਕ ਰੰਗਤਾਂ ਦੀ ਪਛਾਣ ਕਰ ਲਈ ਹੈ। ਉਂਜ ਵੀ ਸੂਰਜ ਦੇ ਢਲਣ ਦੇ ਹਰ ਪਲ ਉਸ ਦੀ ਰੋਸ਼ਨੀ, ਮਿੱਠਾ-ਮਿੱਠਾ ਨ੍ਹੇਰਾ ਹੋਣ ਤੀਕ, ਜਿੰਨੇ ਰੰਗ ਬਿਖੇਰਦੀ ਹੈ, ਉਸ ਨੂੰ ਜਾਣਨ, ਪਛਾਣਨ ਅਤੇ ਮਾਣਨ ਲਈ ਕੁਦਰਤ ਦੀ ਲੀਲਾ ਵਿੱਚ ਗੜੂੰਦ ਹੁੰਦੀ ਹੈ। ਜੀਵਨ ਦੇ ਵੀ ਸਹੰਸਰਾਂ ਰੰਗ ਤੇ ਅਨੰਤ ਹੀ ਭਾਹਾਂ ਹਨ।
ਵਕਤ ਦਾ ਸਿਤਮ ਵੇਖੋ ਕਿ ਸਮਾਜ ਵਿੱਚੋਂ ਕਿੰਨੇ ਹੀ ਛੋਟੇ-ਵੱਡੇ ਵਰਗ ਹਾਸ਼ੀਏ ਤੋਂ ਬਾਹਰ ਸਮਝੇ ਜਾਂਦੇ ਹਨ। ਸਾਰੇ ਗ਼ਰੀਬ ਲੋਕ, ਇਸਤਰੀਆਂ ਦਾ ਵਡੇਰਾ ਭਾਗ, ਹੋਰ ਹਰ ਪ੍ਰਕਾਰ ਦੇ ਪਛੜੇਵਿਆਂ ਦੀ ਮਾਰ ਹੇਠ ਆਏ ਲੋਕ, ਅਨੇਕਾਂ ਦੁਰਭਾਵਨਾਵਾਂ ਦੇ ਸ਼ਿਕਾਰ ਇਨਸਾਨ, ਜਾਤੀ ਤੇ ਨਸਲੀ ਭੇਦ-ਭਾਵਾਂ ਦੇ ਲਿਤਾੜੇ ਜਨ, ਆਤਮਹੀਣਤਾ ਦੇ ਝੰਬੇ ਹੋਏ ਜੀਵਨ ਨੂੰ ਜਸ਼ਨ ਕਿਵੇਂ ਸਮਝਣ? ਜੀਵਨ ਦੀ ਖ਼ੂਬਸੂਰਤੀ ਦਾ ਅਹਿਸਾਸ ਉਨ੍ਹਾਂ ਨੂੰ ਕਿਸ ਬਿਧ ਹੋਵੇ? ਸਾਡੇ ਸਮਾਜ ਵਿੱਚ ਬਹੁਤੇ ਉਮਰ-ਦਰਾਜ਼ ਲੋਕਾਂ ਦੀ ਜਿਊਣ-ਲਾਲਸਾ ਕਮਜ਼ੋਰ ਪੈ ਜਾਂਦੀ ਹੈ। ਸੋਹਣਾ ਬਣਨ, ਤੰਦਰੁਸਤ ਰਹਿਣ ਦੀ ਕਾਮਨਾ ਨਾਂਮਾਤਰ ਬਚਦੀ ਹੈ। ਆਪਾ ਜਤਾਉਣ ਦੀ ਹੁਬ, ਆਦਰ-ਮਾਣ ਦੇ ਅਧਿਕਾਰੀ ਹੋਣ ਦੀ ਇੱਛਾ ਰਹਿੰਦੀ ਹੀ ਨਹੀਂ।
ਨੁਕਤਾ ਇਹੋ ਕਿ ਮਨੁੱਖੀ ਅਉਧ ਦੀ ਅੰਤਲੀ ਅਵਸਥਾ ਭਾਵ ਬੁਢਾਪੇ ਨੂੰ ਜਸ਼ਨ ਦੇ ਤੌਰ ’ਤੇ ਕਿਉਂ ਨਹੀਂ ਲਿਆ ਜਾਂਦਾ। ਉਸ ਬੰਦੇ ਨੇ ਆਪਣੇ ਹਾਲਾਤ ਮੁਤਾਬਿਕ ਬਥੇਰੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ, ਆਪਣੇ ਹਿੱਸੇ ਆਈਆਂ ਔਕੜਾਂ ਨੂੰ ਵੀ ਝੱਲਿਆ ਹੁੰਦਾ ਹੈ। ਉਸ ਕੋਲ ਆਪਣਾ ਅਨੁਭਵ ਹੁੰਦਾ ਹੈ, ਉਸ ਦਾ ਸਰੀਰਕ ਬਲ ਬੇਸ਼ੱਕ ਘਟਿਆ ਹੁੰਦਾ ਹੈ, ਪਰ ਜੀਵਨ ਦੀ ਕਲਾ ਬਥੇਰੀ ਹੁੰਦੀ ਹੈ। ਘਰ ਵਿੱਚ ਉਸ ਦੀ ਹੋਂਦ ਬੜੇ ਅਰਥ ਰੱਖਦੀ ਹੈ। ਉਸ ਦੀ ਵਿਹਲ ਉਸ ਦੀ ਕਮਾਈ ਹੈ। ਉਸ ਕੋਲੋਂ ਪਹਿਲੀ ਉਮਰ ਦੀਆਂ ਆਸਾਂ ਕਿਉਂ ਰੱਖੀਆਂ ਜਾਣ। ਉਸ ਦਾ ਹੱਕ ਬਣਦਾ ਹੈ ਕਿ ਉਸ ਨੂੰ ਢਲੀ ਉਮਰ ਵਿੱਚ ਜਿਵੇਂ ਦੇ ਸਹਾਰੇ ਦੀ ਲੋੜ ਹੈ, ਉਹ ਮਿਲੇ। ਜੀਵਨ-ਜਸ਼ਨ ਦਾ ਉਹ ਵੀ ਭਾਗੀ ਬਣੇ। ਅਸੀਂ ਸੰਧਿਆ ਵੇਲੇ ਅਰਾਧਨਾ ਕਰਦੇ ਹਾਂ, ਘਰ ਵਿੱਚ ਜੀਵੰਤ ਸੰਧਿਆ ਵੱਲ ਅਸੀਂ ਪਿੱਠ ਕਿਉਂ ਕਰੀਏ? ਕੋਈ ਵੀ ਜਸ਼ਨ ਇਕੱਲਿਆਂ ਕਿਵੇਂ ਮਨਾਇਆ ਜਾ ਸਕੇ। ਜੇਕਰ ਬੁਢਾਪਾ ਬੋਝ ਹੈ ਤਾਂ ਜੀਵਨ ਦੀ ਹਰ ਅਵਸਥਾ ਬੋਝ ਹੈ। ਮੁੱਢਲੀਆਂ ਲੋੜਾਂ ਦੀ ਅਪੂਰਤੀ ਅਤੇ ਭੁੱਖ, ਜੀਵਨ-ਜਸ਼ਨ ਦਾ ਖ਼ਿਆਲ ਹੀ ਨਹੀਂ ਆਉਣ ਦਿੰਦੇ। ਜ਼ਰਾ ਸੋਚੀਏ ਤਾਂ!
ਸੰਪਰਕ: 98141-57137

