Wedding of the Century: ਇਟਲੀ ਦੇ ਵੇਨਿਸ ’ਚ Jeff Bezos - Lauren Sanchez ਦੇ ਵਿਆਹ ਦੀਆਂ ਰੌਣਕਾਂ
ਓਪਰਾ ਵਿਨਫ੍ਰੇ, ਕ੍ਰਿਸ ਜੇਨਰ, ਕਿਮ ਕਾਰਦਾਸ਼ੀਅਨ ਤੇ ਕਲੋਈ ਕਾਰਦਾਸ਼ੀਅਨ ਸਣੇ ਕਈ ਸਿਤਾਰੇ ਪੁੱਜੇ; ਡੋਨਲਡ ਦੀ ਧੀ ਇਵਾਂਕਾ ਵੀ ਪਤੀ ਸਮੇਤ ਪੁੱਜੀ; ਦੁਨੀਆਂ ਭਰ ਦੀਆਂ ਦੋ-ਢਾਈ ਸੌ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ
ਵੇਨਿਸ, 26 ਜੂਨ
ਐਮਾਜ਼ੋਨ ਦੇ ਬਾਨੀ ਜੈਫ ਬੇਜ਼ੋਸ (Amazon founder Jeff Bezos) ਅਤੇ ਪੱਤਰਕਾਰ ਲੌਰੇਨ ਸਾਂਚੇਜ਼ ਵੀਰਵਾਰ ਨੂੰ ਵੇਨਿਸ ਵਿੱਚ ਤਿੰਨ-ਰੋਜ਼ਾ ਸ਼ਾਨਦਾਰ ਵਿਆਹ ਸਮਾਗਮ ਦੇ ਆਗ਼ਾਜ਼ ਲਈ ਤਿਆਰ ਸਨ। ਸਮਾਗਮ ਸਥਲ ਉਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ, ਤਾਂ ਕਿ ਵੀਆਈਪੀ ਮਹਿਮਾਨਾਂ ਤੋਂ ਮੁਜ਼ਾਹਰਾਕਾਰੀਆਂ ਨੂੰ ਦੂਰ ਰੱਖਿਆ ਜਾ ਸਕੇ।
ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਓਪਰਾ ਵਿਨਫ੍ਰੇ (Oprah Winfrey), ਕ੍ਰਿਸ ਜੇਨਰ (Kris Jenner) ਅਤੇ ਕਿਮ ਕਾਰਦਾਸ਼ੀਅਨ (Kim Kardashian) ਤੇ ਕਲੋਈ ਕਾਰਦਾਸ਼ੀਅਨ (Khloe Kardashian) ਹਾਲ ਹੀ ਵਿਚ ਸਮਾਗਮ ਲਈ ਪੁੱਜਣ ਵਾਲੇ ਮਹਿਮਾਨਾਂ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ, ਜੋ ਮੰਗਲਵਾਰ ਨੂੰ ਆਏ ਸਨ, ਨੇ ਵਾਧੂ ਸਮੇਂ ਦਾ ਇਸਤੇਮਾਲ ਸੈਰ-ਸਪਾਟੇ ਅਤੇ ਖਰੀਦਦਾਰੀ ਲਈ ਕੀਤਾ ਹੈ। ਜਾਰਡਨ ਦੀ ਮਹਾਰਾਣੀ ਰਾਨੀਆ ਦੇ ਵੀ ਛੇਤੀ ਹੀ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਸੀ।
‘ਸਦੀ ਦਾ ਵਿਆਹ’ (Wedding of the Century) ਵਜੋਂ ਦੇਖੇ ਜਾ ਰਹੇ ਇਸ ਸਮਾਗਮ ਵਿੱਚ ਮਹਿਮਾਨਾਂ ਦੀ ਪਹਿਲੀ ਸੂਚੀ (A-List) ਦੇ 200-250 ਮਹਿਮਾਨਾਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। ਇਨ੍ਹਾਂ ਵਿਚ ਮੁੱਖ ਤੌਰ ’ਤੇ ਸ਼ੋਅ-ਬਿਜ਼ਨਸ, ਰਾਜਨੀਤੀ ਅਤੇ ਕਾਰੋਬਾਰ ਦੀਆਂ ਅਹਿਮ ਹਸਤੀਆਂ ਸ਼ਾਮਲ ਹਨ। ਇਸ ਸਮਾਗਮ ਉਤੇ ਅੰਦਾਜ਼ਨ 4 ਤੋਂ 4.8 ਕਰੋੜ ਯੂਰੋ ($4.6 ਤੋਂ $5.6 ਕਰੋੜ) ਲਾਗਤ ਆਉਣ ਦਾ ਅਨੁਮਾਨ ਹੈ।
ਬੇਜ਼ੋਸ ਅਤੇ ਸਾਂਚੇਜ਼ ਬੁੱਧਵਾਰ ਨੂੰ ਹੈਲੀਕਾਪਟਰ ਰਾਹੀਂ ਵੇਨਿਸ ਪਹੁੰਚੇ, ਜਿਹੜੇ ਲਗਜ਼ਰੀ ਅਮਾਨ ਹੋਟਲ (luxury Aman hotel) ਵਿੱਚ ਠਹਿਰੇ ਹਨ। ਇਸ ਹੋਟਲ ਦੇ ਗ੍ਰੈਂਡ ਨਹਿਰ ਦੇ ਦ੍ਰਿਸ਼ ਵਾਲੇ ਕਮਰੇ ਦਾ ਇਕ ਰਾਤ ਦਾ ਕਿਰਾਇਆ ਘੱਟੋ ਘੱਟ 4,000 ਯੂਰੋ ਵਸੂਲਿਆ ਜਾਂਦਾ ਹੈ। ਜੋੜੇ ਨੂੰ ਰਾਤ ਦੇ ਖਾਣੇ ਦੇ ਸਮੇਂ ਦੇਖਿਆ ਗਿਆ ਜਦੋਂ ਉਹ ਇੱਕ ਵਾਟਰ ਟੈਕਸੀ ਵਿੱਚ ਹੋਟਲ ਤੋਂ ਬਾਹਰ ਨਿਕਲੇ ਅਤੇ ਫੋਟੋਗ੍ਰਾਫਰਾਂ ਤੇ ਭੀੜ ਵੱਲ ਹੱਥ ਹਿਲਾ ਰਹੇ ਸਨ।
ਮਹਿਮਾਨ ਵੀਰਵਾਰ ਸ਼ਾਮ ਨੂੰ ਕੈਨਾਰੇਜੀਓ (Cannaregio) ਦੇ ਕੇਂਦਰੀ ਖੇਤਰ ਵਿੱਚ ਸਥਿਤ ਇੱਕ ਮੱਧਯੁਗੀ ਚਰਚ ਮੈਡੋਨਾ ਡੇਲ'ਓਰਟੋ (Madonna dell'Orto) ਦੇ ਕਲੋਸਟਰ ਵਿੱਚ ਇਕੱਠੇ ਹੋਣਗੇ, ਜਿਥੇ 16ਵੀਂ ਸਦੀ ਦੇ ਚਿੱਤਰਕਾਰ ਟਿੰਟੋਰੇਟੋ (Tintoretto) ਦੀਆਂ ਸ਼ਾਹਕਾਰ ਕ੍ਰਿਤਾਂ ਲਾਈਆਂ ਗਈਆਂ ਹਨ।
ਬੇਜ਼ੋਸ ਅਤੇ ਸਾਂਚੇਜ਼ ਸ਼ੁੱਕਰਵਾਰ ਨੂੰ ਮੁੱਖ ਸੇਂਟ ਮਾਰਕਸ ਸਕੁਏਅਰ (St Mark's Square) ਦੇ ਸਾਹਮਣੇ ਛੋਟੇ ਟਾਪੂ ਸਾਂ ਜੌਰਜੀਓ (San Giorgio) 'ਤੇ ਇੱਕ ਸਮਾਰੋਹ ਵਿੱਚ ਰਿਸ਼ਤੇ ਦਾ ਹਲਫ਼ ਲੈਣਗੇ। ਉਂਝ ਇੱਕ ਸੀਨੀਅਰ ਸਿਟੀ ਹਾਲ ਅਧਿਕਾਰੀ ਦੇ ਅਨੁਸਾਰ ਇਤਾਲਵੀ ਕਾਨੂੰਨ ਦੇ ਤਹਿਤ ਇਸ ਹਲਫ਼ਦਾਰੀ ਦਾ ਕੋਈ ਕਾਨੂੰਨੀ ਦਰਜਾ ਨਹੀਂ ਹੋਵੇਗਾ।
ਮੁਜ਼ਾਹਾਕਾਰੀਆਂ ਦਾ ਭੈਅ
ਨਗਰ ਕੌਂਸਲ ਨੇ ਸ਼ਾਮ 4.30 ਵਜੇ ਤੋਂ ਖੇਤਰ ਤੋਂ ਪੈਦਲ ਯਾਤਰੀਆਂ ਅਤੇ ਜਲ-ਮਾਰਗ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਹੜੀ ਸਮਾਗਮ ਦੇ ਅਖ਼ੀਰ ਤੱਕ ਜਾਰੀ ਰਹੇਗੀ। ਇਸ ਦਾ ਮੁੱਖ ਕਾਰਨ ਮੁਜ਼ਾਹਰਾਕਾਰੀਆਂ ਨੂੰ ਠੱਲ੍ਹਣਾ ਹੈ।
ਦੂਜੇ ਪਾਸੇ "ਨੋ ਸਪੇਸ ਫਾਰ ਬੇਜ਼ੋਸ" ਅੰਦੋਲਨ ਇਸ ਸਮਾਗਮ ਖ਼ਿਲਾਫ਼ ਮੁਜ਼ਾਹਰਿਆਂ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨੂੰ ਉਹ ਵੇਨਿਸ ਨੂੰ ਅਮੀਰਾਂ ਨੂੰ ਵੇਚਣ ਵਜੋਂ ਦੇਖਦੇ ਹਨ ਜਦੋਂ ਕਿ ਆਮ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਂਝ ਸਾਰੇ ਸਥਾਨਕ ਲੋਕ ਇਸ ਸਮਾਗਮ ਦੇ ਵਿਰੋਧੀ ਨਹੀਂ ਹਨ। ਸਿਆਸਤਦਾਨ, ਹੋਟਲ ਮਾਲਕ ਅਤੇ ਹੋਰ ਨਿਵਾਸੀ ਕਹਿੰਦੇ ਹਨ ਕਿ ਘੱਟ ਖਰਚ ਵਾਲੇ ਸੈਲਾਨੀਆਂ ਦੀ ਭੀੜ ਦੀ ਬਜਾਏ ਉੱਚ-ਪੱਧਰੀ ਸਮਾਗਮ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਇੱਕ ਬਿਹਤਰ ਤਰੀਕਾ ਹਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਇੱਕ ਘੱਟ ਗਿਣਤੀ ਵਜੋਂ ਖਾਰਜ ਕਰਦੇ ਹਨ।
ਵੇਨਿਸ ਨੇ ਕਈ ਵੀਆਈਪੀ ਵਿਆਹਾਂ ਦੀ ਮੇਜ਼ਬਾਨੀ ਕੀਤੀ ਹੈ। ਅਮਰੀਕੀ ਅਦਾਕਾਰ ਜਾਰਜ ਕਲੂਨੀ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਲ ਅਲਾਮੁਦੀਨ ਨੇ 2014 ਵਿੱਚ ਉੱਥੇ ਵਿਆਹ ਕਰਵਾਇਆ ਸੀ ਅਤੇ ਭਾਰਤੀ ਅਰਬਪਤੀਆਂ ਵਿਨੀਤਾ ਅਗਰਵਾਲ ਤੇ ਮੁਕਿਤ ਤੇਜਾ ਨੇ 2011 ਵਿੱਚ ਅਜਿਹਾ ਕੀਤਾ ਸੀ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖ਼ਾਸ ਪ੍ਰੇਸ਼ਾਨੀ ਪੇਸ਼ ਨਹੀਂ ਆਈ ਸੀ।
ਈ-ਕਾਮਰਸ ਦੇ ਨਾਮੀ ਅਦਾਰੇ ਐਮਾਜ਼ੋਨ ਦੇ ਕਾਰਜਕਾਰੀ ਚੇਅਰਮੈਨ ਅਤੇ ਫੋਰਬਸ ਦੀ ਅਰਬਪਤੀਆਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਰਹਿਣ ਵਾਲੇ ਬੇਜ਼ੋਸ ਨੇ ਮੈਕੈਂਜ਼ੀ ਸਕਾਟ ਨਾਲ ਆਪਣੇ 25 ਸਾਲਾਂ ਦਾ ਵਿਆਹ ਦੇ ਟੁੱਟਣ ਤੋਂ ਚਾਰ ਸਾਲ ਬਾਅਦ, 2023 ਵਿੱਚ ਸਾਂਚੇਜ਼ ਨਾਲ ਮੰਗਣੀ ਕਰ ਲਈ ਸੀ। -ਰਾਇਟਰਜ਼