DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੌ ਨੂੰ ਢੁਕਿਆ ‘ਨੌਜਵਾਨ’ ਧੰਨਾ ਬੜੂੰਦੀ ਵਾਲਾ

ਹਰਦਿਆਲ ਸਿੰਘ ਥੂਹੀ ਤੂੰਬੇ ਜੋੜੀ ਦੀ ਗਾਇਕੀ ਦੇ ਖੇਤਰ ਵਿੱਚ ਮੌਜੂਦਾ ਸਮੇਂ ਜਿਹੜੇ ਜੋੜੀ ਵਾਦਕ ਵੱਖ-ਵੱਖ ਜੁੱਟਾਂ ਨਾਲ ਸਾਥ ਨਿਭਾ ਰਹੇ ਹਨ, ਉਨ੍ਹਾਂ ਵਿੱਚੋਂ ਧੰਨਾ ਬੜੂੰਦੀ ਵਾਲਾ ਇੱਕ ਜਾਣਿਆ ਪਛਾਣਿਆ ਨਾਂ ਹੈ। ਇਸ ਸਮੇਂ ਉਹ ਸਭ ਤੋਂ ਵੱਡੀ ਉਮਰ...
  • fb
  • twitter
  • whatsapp
  • whatsapp
Advertisement

ਹਰਦਿਆਲ ਸਿੰਘ ਥੂਹੀ

Advertisement

ਤੂੰਬੇ ਜੋੜੀ ਦੀ ਗਾਇਕੀ ਦੇ ਖੇਤਰ ਵਿੱਚ ਮੌਜੂਦਾ ਸਮੇਂ ਜਿਹੜੇ ਜੋੜੀ ਵਾਦਕ ਵੱਖ-ਵੱਖ ਜੁੱਟਾਂ ਨਾਲ ਸਾਥ ਨਿਭਾ ਰਹੇ ਹਨ, ਉਨ੍ਹਾਂ ਵਿੱਚੋਂ ਧੰਨਾ ਬੜੂੰਦੀ ਵਾਲਾ ਇੱਕ ਜਾਣਿਆ ਪਛਾਣਿਆ ਨਾਂ ਹੈ। ਇਸ ਸਮੇਂ ਉਹ ਸਭ ਤੋਂ ਵੱਡੀ ਉਮਰ ਦਾ ਜੋੜੀ ਵਾਦਕ ਹੈ ਜੋ ਚੁਰਾਨਵੇਂ ਸਾਲਾਂ ਦੀ ਉਮਰ ਵਿੱਚ ਵੀ ਨੌਜਵਾਨਾਂ ਵਾਲਾ ਦਮ-ਖ਼ਮ ਰੱਖਦਾ ਹੈ।

ਧੰਨੇ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਵਾਂ ਦੇ ਪਿੰਡ ਬੜੂੰਦੀ ਵਿਖੇ ਸਾਹਸੀ ਬਰਾਦਰੀ ਵਿੱਚ ਪਿਤਾ ਕੁੱਲੂ ਰਾਮ ਤੇ ਮਾਤਾ ਪਰਮੇਸ਼ਰੀ ਦੇ ਘਰ ਅੰਦਾਜ਼ਨ 1932 ਦੇ ਨੇੜੇ ਤੇੜੇ ਹੋਇਆ। ਉਹ ਦੱਸਦਾ ਹੈ ਕਿ ‘ਰੌਲਿਆਂ ਵੇਲੇ’ (1947 ਵਿੱਚ) ਉਹ ਪੰਦਰਾਂ-ਸੋਲਾਂ ਸਾਲ ਦਾ ਭਰ ਜਵਾਨ ਸੀ। ਛੇ ਭਰਾਵਾਂ ਵਿੱਚੋਂ ਉਹ ਸਭ ਤੋਂ ਵੱਡਾ ਸੀ। ਉਸ ਦੇ ਪਰਿਵਾਰ ਦਾ ਪਿਛੋਕੜ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕਾਸਾਪੁਰ ਦਾ ਹੈ, ਜਿੱਥੋਂ ਉਸ ਦਾ ਪਿਤਾ ਕੁੱਲੂ ਰਾਮ ਆਪਣੇ ਨਾਨਕੇ ਪਿੰਡ ਬੜੂੰਦੀ ਚਲਾ ਗਿਆ ਸੀ। ਉਸ ਦਾ ਬਚਪਨ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਦੇ ਆਮ ਬੱਚਿਆਂ ਵਾਂਗ ਹੀ ਬੀਤਿਆ। ਉਹ ਸਕੂਲ ਵਿੱਚ ਦਾਖਲ ਤਾਂ ਹੋਇਆ, ਪ੍ਰੰਤੂ ਸਾਲ ਕੁ ਲਾਉਣ ਤੋਂ ਬਾਅਦ ਹੀ ਸਕੂਲ ਛੱਡ ਗਿਆ ਅਤੇ ਪਸ਼ੂ ਚਾਰਨ ਲੱਗ ਪਿਆ। ਪਿਤਾ ਕੁੱਲੂ ਰਾਮ ਨੂੰ ਅਲਗੋਜ਼ੇ ਵਜਾਉਣ ਦਾ ਸ਼ੌਕ ਸੀ। ਉਹ ਸ਼ਾਮ ਨੂੰ ਵਿਹਲੇ ਸਮੇਂ ਜੋੜੀ ਵਜਾਇਆ ਕਰਦਾ ਸੀ। ਧੰਨੇ ਦੇ ਦੱਸਣ ਅਨੁਸਾਰ ਇੱਕ ਦਿਨ ਡੰਗਰ ਚਾਰਦਿਆਂ ਉਸ ਨੂੰ ਇੱਕ ਸੀਟੀ ਮਿਲ ਗਈ। ਉਹ ਚੁੱਕ ਕੇ ਉਸ ਨੂੰ ਵਜਾਉਣ ਲੱਗ ਪਿਆ। ਲਗਾਤਾਰ ਫੂਕਾਂ ਮਾਰਦੇ ਮਾਰਦੇ ਕੁਦਰਤੀ ਉਸ ਦਾ ਸਾਹ ਉਲਟ ਗਿਆ। ਉਸ ਨੇ ਘਰ ਆ ਕੇ ਆਪਣੇ ਪਿਓ ਨੂੰ ਸੀਟੀ ਲਗਾਤਾਰ ਵਜਾ ਕੇ ਸੁਣਾਈ। ਪਿਓ ਨੇ ਕਿਹਾ ਕਿ ਤੂੰ ਤਾਂ ਜੋੜੀ ਵੀ ਵਜਾ ਸਕਦਾ ਹੈਂ। ਇਸ ਤਰ੍ਹਾਂ ਹੌਲੀ ਹੌਲੀ ਉਹ ਜੋੜੀ ਵਜਾਉਣ ਲੱਗ ਪਿਆ। ਉਦੋਂ ਉਸ ਦੀ ਉਮਰ ਕੋਈ ਗਿਆਰਾਂ-ਬਾਰਾਂ ਕੁ ਸਾਲ ਦੀ ਸੀ। ਉਹ ਜੋੜੀ ਵਜਾਉਣੀ ਤਾਂ ਭਾਵੇਂ ਸਿੱਖ ਗਿਆ ਸੀ, ਪ੍ਰੰਤੂ ਇਸ ਕਲਾ ਦੀਆਂ ਬਾਰੀਕੀਆਂ ਬਾਰੇ ਉਸ ਦੀ ਜਾਣਕਾਰੀ ਅਧੂਰੀ ਸੀ। ਇਸ ਨੂੰ ਪੂਰਾ ਕਰਨ ਲਈ ਉਸ ਨੇ ਮਾਲੇਰਕੋਟਲੇ ਦੇ ਪ੍ਰਸਿੱਧ ਜੋੜੀ ਵਾਦਕ ਅਜ਼ੀਜ਼ ਮੁਹੰਮਦ ਨੂੰ ਆਪਣਾ ਉਸਤਾਦ ਧਾਰਿਆ ਅਤੇ ਉਸ ਤੋਂ ਇਸ ਸਾਜ਼ ਦੀਆਂ ਗੁੱਝੀਆਂ ਰਮਜ਼ਾਂ ਬਾਰੇ ਜਾਣਿਆ। ਇਸ ਪ੍ਰਕਾਰ ਧੰਨਾ ਛੋਟੀ ਉਮਰ ਵਿੱਚ ਹੀ ਚੰਗਾ ਜੋੜੀ ਵਾਦਕ ਬਣ ਗਿਆ।

ਸ਼ੁਰੂ ਵਿੱਚ ਉਹ ਆਪਣੀ ਬਰਾਦਰੀ ਦੇ ਹੀ ਰਾਗੀ ਸੁੱਚੇ ਮਲੌਦੀਏ ਦੇ ਜੁੱਟ ਵਿੱਚ ਸ਼ਾਮਲ ਹੋ ਗਿਆ। ਤੀਜਾ ਸਾਥੀ ਪਾਛੂ ਤੂੰਬਾ ਵਾਦਕ ਸੀ ਸ਼ਫੀ ਕੇਲੋਂ ਵਾਲਾ। ਲਗਾਤਾਰ ਪੰਜ ਛੇ-ਸਾਲ ਧੰਨੇ ਨੇ ਇਸ ਜੁੱਟ ਨਾਲ ਜੋੜੀ ਵਜਾਈ। ਬਾਅਦ ਵਿੱਚ ਕੁਝ ਸਮਾਂ ਸ਼ਫੀ ਕੇਲੋਂ ਵਾਲੇ ਨਾਲ ਰਿਹਾ। ਫਿਰ ਉਹ ਪੱਖੋਵਾਲੀਏ ਜਾਨੇ ਉਰਫ਼ ਰਮਜ਼ਾਨ ਮੁਹੰਮਦ ਨਾਲ ਰਲ ਗਿਆ। ਇਸ ਜੁੱਟ ਵਿੱਚ ਤੂੰਬਾ ਵਾਦਕ ਪੱਖੋਵਾਲ ਦਾ ਹੀ ਅਮਰ ਸਿੰਘ ਸੀ। ਇਸ ਜੁੱਟ ਨਾਲ ਧੰਨਾ ਅੱਠ-ਦਸ ਸਾਲ ਜੋੜੀ ਵਜਾਉਂਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ ਬਹੁਤ ਮਿਹਨਤ ਕੀਤੀ। ਅਖਾੜਿਆਂ ਵਿੱਚ ਖੜ੍ਹਨਾ, ਤੁਰਨਾ ਅਤੇ ਦੂਜੇ ਸਾਥੀਆਂ ਨਾਲ ਵਧੀਆ ਤਾਲਮੇਲ ਰੱਖਣਾ, ਉਸ ਨੇ ਇਸ ਸਮੇਂ ਦੌਰਾਨ ਹੀ ਸਿੱਖਿਆ। ਸਿੱਟੇ ਵਜੋਂ ਉਸ ਦੀ ਕਲਾ ’ਤੇ ਨਿਖਾਰ ਆਇਆ ਅਤੇ ਉਸ ਦੀ ਚਰਚਾ ਸਰੋਤਿਆਂ ਦੇ ਨਾਲ ਨਾਲ ਸਾਥੀ ਕਲਾਕਾਰਾਂ ਵਿੱਚ ਵੀ ਹੋਣ ਲੱਗ ਪਈ। ਉਸ ਤੋਂ ਬਾਅਦ ਉਸ ਦੀ ਮੰਗ ਵਧ ਗਈ ਅਤੇ ਸਮੇਂ ਸਮੇਂ ’ਤੇ ਉਹ ਕਈ ਜੁੱਟਾਂ ਨਾਲ ਸਾਥ ਨਿਭਾਉਂਦਾ ਰਿਹਾ।

ਫਜ਼ਲ ਮੁਹੰਮਦ ਲੋਹਟਬੱਦੀ ਦੇ ਗਰੁੱਪ ਵਿੱਚ ਉਹ ਦੋ ਸਾਲ ਰਿਹਾ। ਨੂਰਦੀਨ ਮਾਲੇਰਕੋਟਲੇ ਵਾਲੇ ਨਾਲ ਵੀ ਕੁਝ ਸਮਾਂ ਜੋੜੀ ਵਜਾਈ। ਧੰਨੇ ਨੂੰ ਆਪਣੇ ਆਪ ’ਤੇ ਉਸ ਸਮੇਂ ਮਾਣ ਹੋਇਆ ਜਦੋਂ ਇਸ ਗਾਇਕੀ ਦੇ ਬਾਬਾ ਬੋਹੜ ਇਬਰਾਹਿਮ ਘੁੱਦੂ ਨੇ ਉਸ ਨੂੰ ਆਪਣੇ ਜੁੱਟ ਵਿੱਚ ਸ਼ਾਮਲ ਕੀਤਾ। ਤੀਜਾ ਸਾਥੀ ਤੂੰਬਾ ਵਾਦਕ ਸ਼ਾਦੀ ਖਾਂ ਸੀ। ਹੰਢੇ ਹੋਏ ਪਰਿਪੱਕ ਗਵੱਈਏ ਘੁੱਦੂ ਤੋਂ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਘੁੱਦੂ ਦੇ ਸਾਥ ਨੇ ਧੰਨੇ ਦੇ ਸਵੈ ਵਿਸ਼ਵਾਸ ਵਿੱਚ ਬਹੁਤ ਵਾਧਾ ਕੀਤਾ ਅਤੇ ਉਸ ਦਾ ਮਨੋਬਲ ਵਧਦਾ ਹੀ ਗਿਆ। ਇਸ ਤੋਂ ਇਲਾਵਾ ਧੰਨਾ ਫਜ਼ਲਦੀਨ ਮਾਲੇਰਕੋਟਲੇ ਵਾਲੇ, ਮੇਹਰ ਸਿੰਘ ਦੁੱਗਰੀ ਵਾਲੇ, ਸਦੀਕ ਮਾਲੇਰਕੋਟਲੇ ਵਾਲੇ ਅਤੇ ਰਹਿਮਦੀਨ ਨਾਰੋਮਾਜਰੇ ਵਾਲੇ ਦੇ ਜੁੱਟਾਂ ਨਾਲ ਵੀ ਜੋੜੀ ਵਜਾਉਂਦਾ ਰਿਹਾ।

ਇਸੇ ਤਰ੍ਹਾਂ ਉਹ ਸਮੇਂ ਸਮੇਂ ’ਤੇ ਦੁਆਬੇ ਦੇ ਪ੍ਰਸਿੱਧ ਰਾਗੀਆਂ ਨਾਲ ਵੀ ਜੋੜੀ ’ਤੇ ਸਾਥ ਨਿਭਾਉਂਦਾ ਰਿਹਾ, ਜਿਨ੍ਹਾਂ ਵਿੱਚ ਦਰਸ਼ਨ ਸਿੰਘ ਰਾਵਾਂ ਖੇਲਾ, ਅਬਾਦ ਅਲੀ ਗੁੱਜਰ ਢੱਕ ਮਜ਼ਾਰਾ, ਪ੍ਰੀਤੂ ਬੁੰਡਾਲਾ ਆਦਿ ਸ਼ਾਮਲ ਹਨ। ਹੁਣ ਉਪਰੋਕਤ ਸਾਰੇ ਰਾਗੀ ਇਸ ਦੁਨੀਆ ਤੋਂ ਜਾ ਚੁੱਕੇ ਹਨ। 92-93 ਸਾਲਾਂ ਦਾ ਹੋ ਕੇ ਵੀ ਧੰਨਾ ਅਜੇ ਹੰਭਿਆ ਨਹੀਂ। ਉਹ ਪੂਰੀ ਚੜ੍ਹਦੀ ਕਲਾ ਵਿੱਚ ਹੈ। ਅੱਜਕੱਲ੍ਹ ਉਹ ਦੁਆਬੇ ਵਾਲੇ ਕੁੱਕੂ ਰਾਗੀ (ਜਰਨੈਲ ਸਿੰਘ) ਭਾਰ ਸਿੰਘ ਪੁਰੇ ਵਾਲੇ ਨਾਲ ਜੋੜੀ ਵਜਾ ਰਿਹਾ ਹੈ। ਨਾਲ ਸਾਥੀ ਪਾਛੂ ਹੈ, ਨੌਜਵਾਨ ਤੂੰਬਾ ਵਾਦਕ ਰਾਣਾ ਬੁੰਡਾਲੇ ਵਾਲਾ। ਮਾਰਚ 2025 ਵਾਲੇ ਜਰਗ ਦੇ ਮੇਲੇ ’ਤੇ ਉਸ ਨੇ ਕੁੱਕੂ ਰਾਗੀ ਤੋਂ ਇਲਾਵਾ ਮਹਿਰਮਪੁਰ (ਦੁਆਬਾ) ਵਾਲੇ ਰਾਗੀ ਮੱਖਣ ਰਾਮ ਦੇ ਜੁੱਟ ਨਾਲ ਵੀ ਜੋੜੀ ਵਜਾਈ।

ਧੰਨਾ ਇੱਕ ਹੰਢਿਆ ਹੋਇਆ ਅਤੇ ਤਜਰਬੇਕਾਰ ਜੋੜੀ ਵਾਦਕ ਹੈ। ਉਸ ਨੂੰ ਵੰਡ ਤੋਂ ਪਹਿਲਾਂ ਦੇ ਰਾਗੀਆਂ ਬਾਰੇ ਭਰਪੂਰ ਜਾਣਕਾਰੀ ਹੈ, ਜਿਹੜੇ ਵੰਡ ਵੇਲੇ ਪਾਕਿਸਤਾਨ ਚਲੇ ਗਏ ਸਨ। ਜਿਨ੍ਹਾਂ ਵਿੱਚ ਮੁਹੰਮਦ ਸਦੀਕ ਔੜੀਆ, ਭੁੱਲਾ ਸੱਲਾਂ ਵਾਲਾ, ਨਿੱਕਾ ਰਣੀਏ ਵਾਲਾ, ਫਜ਼ਲਾ ਗੁੱਜਰ ਹੇਅਰਾਂ ਵਾਲਾ, ਰਹਿਮਾ ਖੁਣ-ਖੁਣ ਵਾਲਾ, ਫਜ਼ਲਾ ਟੁੰਡਾ ਸ਼ੇਰਪੁੁਰ (ਜਗਰਾਵਾਂ) ਵਾਲਾ, ਨੁਰੂ ਸੇਖੇਵਾਲੀਆ ਆਦਿ ਸ਼ਾਮਲ ਸਨ।

ਧੰਨੇ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਉਹ ਵਧੀਆ ਜੋੜੀਵਾਦਕ ਹੋਣ ਦੇ ਨਾਲ ਨਾਲ ਜੋੜੀਆਂ (ਅਲਗੋਜ਼ੇ) ਬਣਾਉਣ ਵਾਲਾ ਇੱਕ ਪ੍ਰਸਿੱਧ ਕਾਰੀਗਰ ਵੀ ਹੈ। ਉਹ ਆਪਣੇ ਇਸ ਕੰਮ ਵਿੱਚ ਪੂਰਾ ਨਿਪੁੰਨ ਹੈ। ਦੂਰ ਦੂਰ ਦੇ ਜੋੜੀ ਵਾਦਕ ਉਸ ਤੋਂ ਹੀ ਨਵੀਆਂ ਜੋੜੀਆਂ ਬਣਵਾਉਂਦੇ ਅਤੇ ਪੁਰਾਣੀਆਂ ਦੀ ਮੁਰੰਮਤ ਕਰਵਾਉਂਦੇ ਹਨ। ਉਹ ਦੱਸਦਾ ਹੈ ਕਿ ਪਹਿਲਾਂ ਕਰਤਾਰਪੁਰ ਜੋੜੀਆਂ ਬਣਾਉਣ ਵਾਲੇ ਕਾਰੀਗਰ ਸਨ ਅਤੇ ਜੋੜੀਆਂ ਲਈ ਕੱਚਾ ਮਾਲ (ਪੋਰੀਆਂ) ਇੱਥੋਂ ਮਿਲ ਜਾਂਦਾ ਸੀ, ਪਰ ਅੱਜਕੱਲ੍ਹ ਉਨ੍ਹਾਂ ਨੇ ਕੰਮ ਛੱਡ ਦਿੱਤਾ ਹੈ। ਹੁਣ ਤਾਂ ਕੱਚਾ ਮਾਲ ਵੀ ਨਜ਼ੀਬਾਬਾਦ (ਉੱਤਰ ਪ੍ਰਦੇਸ਼) ਤੋਂ ਲਿਆਉਣਾ ਪੈਂਦਾ ਹੈ। ਅੱਜਕੱਲ੍ਹ ਇੱਕ ਵਧੀਆ ਜੋੜੀ ਪੰਦਰਾਂ ਸੌ ਤੋਂ ਦੋ ਹਜ਼ਾਰ ਤੱਕ ਵਿਕ ਜਾਂਦੀ ਹੈ।

ਸਮੇਂ ਅਨੁਸਾਰ ਧੰਨੇ ਦਾ ਵਿਆਹ ਮਾਲੇਰਕੋਟਲਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਭੂਦਨ (ਪੁਰਾਣਾ ਜ਼ਿਲ੍ਹਾ ਸੰਗਰੂਰ) ਵਿਖੇ ਕਿਸ਼ਨ ਸਿੰਘ ਅਤੇ ਪੰਜਾਬੋ ਦੀ ਧੀ ਸੁਰਜੀਤ ਕੌਰ ਨਾਲ ਹੋਇਆ। ਉਸ ਦੇ ਚਾਰ ਪੁੱਤਰਾਂ ਵਿੱਚੋਂ ਕੋਈ ਵੀ ਉਸ ਦੇ ਨਕਸ਼ੇ ਕਦਮਾਂ ’ਤੇ ਨਹੀਂ ਚੱਲਿਆ। ਹੁਣ ਉਹ ਆਪਣੀ ਵਿਰਾਸਤ ਆਪਣੇ ਦੋ ਪੋਤਿਆਂ ਨੂੰ ਸੰਭਾਲਣ ਲਈ ਉਨ੍ਹਾਂ ਨੂੰ ਸਿਖਲਾਈ ਦੇ ਰਿਹਾ ਹੈ। ਪਰਮਾਤਮਾ ਉਸ ਦੀ ਇਹ ਇੱਛਾ ਪੂਰੀ ਕਰੇ। ਇਸ ਤੋਂ ਇਲਾਵਾ ਉਸ ਨੇ ਕਈ ਸ਼ਾਗਿਰਦਾਂ ਨੂੰ ਵੀ ਇਸ ਕਲਾ ਨਾਲ ਜੋੜਿਆ ਹੈ, ਜਿਨ੍ਹਾਂ ਵਿੱਚੋਂ ਕੁਝ ’ਤੇ ਉਸ ਨੂੰ ਪੂਰਾ ਮਾਣ ਹੈ, ਜੋ ਉਸ ਦੇ ਨਾਂ ਨੂੰ ਰੋਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚ ਚੰਦ ਸਰਾਭੇ ਵਾਲਾ, ਗੁਰਮੇਲ ਫਰਵਾਹੀ ਵਾਲਾ, ਸੁਲੇਮਾਨ ਸੋਹੀਆਂ ਵਾਲਾ, ਖੁਸ਼ੀ ਮੁਹੰਮਦ ਟਿੱਬੇ ਵਾਲਾ, ਰਮਜ਼ਾਨ ਮਾਲੇਰਕੋਟਲੇ ਵਾਲਾ, ਮਲਕੀਤ ਛਪਾਰ ਵਾਲਾ, ਅਵਤਾਰ ਕਲੇਰ ਲੁਧਿਆਣੇ ਵਾਲਾ, ਸ਼ੇਰ ਸਿੰਘ ਬਰਮੀ ਵਾਲਾ ਆਦਿ ਸ਼ਾਮਲ ਹਨ। ਪਰਮਾਤਮਾ ਉਸ ਨੂੰ ਤੰਦਰੁਸਤੀ, ਲੰਮੀ ਉਮਰ ਬਖ਼ਸ਼ੇ ਤਾਂ ਕਿ ਉਹ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸਰੋਤ ਬਣਿਆ ਰਹੇ।

ਸੰਪਰਕ: 84271-00341

Advertisement
×