DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਰੇ ਭੰਗੜੇ ਨੂੰ ਮੰਨਦੈ ਜਹਾਨ ਰਾਣੀਏ ...

ਜਸਵਿੰਦਰ ਸਿੰਘ ਰੂਪਾਲ ਭੰਗੜਾ ਗੱਭਰੂਆਂ ਵੱਲੋਂ ਪਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਜੋ ਫ਼ਸਲਾਂ ਪੱਕਣ ਸਮੇਂ, ਵਿਆਹ-ਸ਼ਾਦੀ ਸਮੇਂ, ਮੇਲਿਆਂ ਸਮੇਂ ਅਤੇ ਹੋਰ ਖ਼ੁਸ਼ੀ ਦੇ ਸਮਾਗਮਾਂ ’ਤੇ ਪਾਇਆ ਜਾਂਦਾ ਹੈ। ਪ੍ਰਸਿੱਧ ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ...
  • fb
  • twitter
  • whatsapp
  • whatsapp
Advertisement

ਜਸਵਿੰਦਰ ਸਿੰਘ ਰੂਪਾਲ

Advertisement

ਭੰਗੜਾ ਗੱਭਰੂਆਂ ਵੱਲੋਂ ਪਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਜੋ ਫ਼ਸਲਾਂ ਪੱਕਣ ਸਮੇਂ, ਵਿਆਹ-ਸ਼ਾਦੀ ਸਮੇਂ, ਮੇਲਿਆਂ ਸਮੇਂ ਅਤੇ ਹੋਰ ਖ਼ੁਸ਼ੀ ਦੇ ਸਮਾਗਮਾਂ ’ਤੇ ਪਾਇਆ ਜਾਂਦਾ ਹੈ। ਪ੍ਰਸਿੱਧ ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ, ‘ਪਹਿਲਾਂ ਪਹਿਲ ਜਦੋਂ ਪੰਜਾਬੀਆਂ ਨੇ ਹਰੀਆਂ ਫ਼ਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਨ੍ਹਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉੱਠਦਾ? ਮੁੱਢ ਵਿੱਚ ਇਹ ਨਾਚ ਫ਼ਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤਾਂ-ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ।’’

ਭੰਗੜੇ ਦਾ ਸਬੰਧ ਕਿਉਂਕਿ ਤਾਲ ਅਤੇ ਢੋਲ ਨਾਲ ਹੈ, ਇਸ ਲਈ ਕੁਝ ਵਿਦਵਾਨਾਂ ਅਨੁਸਾਰ ਇਸ ਦਾ ਜਨਮ ਭੰਗ ਅਤੇ ਸ਼ਿਵ ਜੀ ਦੇ ਡਮਰੂ ਤੋਂ ਹੋਇਆ। ਇੱਕ ਹੋਰ ਧਾਰਨਾ ਅਨੁਸਾਰ ਭੰਗੜੇ ਦਾ ਜਨਮ ਭੰਗ ਤੋਂ ਹੋਇਆ। ਭੰਗ ਪੀ ਕੇ ਭਾਂਗੜੀਆਂ ਦੁਆਰਾ ਕੀਤਾ ਜਾਣ ਵਾਲਾ ਨਾਚ ਹੀ ਭੰਗੜਾ ਅਖਵਾਇਆ, ਪਰ ਕਿਸੇ ਵੀ ਨਾਚ ਦਾ ਜਨਮ ਉਸ ਦੇ ਸ਼ਬਦਾਂ ਦੀ ਵਿਉਂਤਬੰਦੀ ਤੋਂ ਲਗਾਉਣਾ ਵਧੇਰੇ ਠੀਕ ਨਹੀਂ ਹੈ। ਬਲਕਿ ਕਿਸੇ ਵੀ ਨਾਚ ਦੀਆਂ ਮੁਦਰਾਵਾਂ ਨੂੰ ਖ਼ਿਆਲ ਵਿੱਚ ਰੱਖਣਾ ਵਧੇਰੇ ਠੀਕ ਹੈ। ਢੋਲ ਦੀਆਂ ਤਾਲਾਂ ਦਾ ਬੁਨਿਆਦੀ ਆਧਾਰ, ਮੁਦਰਾਵਾਂ ਦੀ ਪ੍ਰਾਚੀਨਤਾ ਅਤੇ ਨਾਚ ਦੁਆਰਾ ਪੈਦਾ ਹੋਣ ਵਾਲੇ ਭਾਵਾਂ ਦੀ ਸਾਰਥਿਕਤਾ ਨੂੰ ਮੁੱਖ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਭੰਗੜਾ ਖ਼ੁਸ਼ੀ ਸਮੇਂ ਦਾ ਨਾਚ ਹੈ। ਇਸ ਦੀਆਂ ਮੁੱਖ ਪੰਜ ਤਾਲਾਂ ਹਨ- ਭੰਡਾਰਾ, ਦੰਗਲ, ਭੰਗੜਾ, ਝੂਮਰ ਅਤੇ ਲੁੱਡੀ। ਲੁੱਡੀ ਅਤੇ ਝੂਮਰ ਦੋ ਵੱਖਰੇ ਨਾਚ ਹਨ, ਜਿਨ੍ਹਾਂ ਦੀਆਂ ਕੁਝ ਮੁਦਰਾਵਾਂ ਅਤੇ ਤਾਲਾਂ ਨੂੰ ਭੰਗੜੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਭੰਡਾਰੇ ਦੀ ਤਾਲ ਧੀਮੀ ਅਤੇ ਇੱਕ ਸਾਰ ਵੱਜਣ ਵਾਲੀ ਹੈ ਜੋ ਯੱਗਾਂ ਅਤੇ ਭੰਡਾਰੇ ਸਮੇਂ ਸਾਂਝੀ ਖ਼ੁਸ਼ੀ ਪ੍ਰਗਟਾਉਣ ਲਈ ਵਰਤੀ ਜਾਂਦੀ ਸੀ। ਦੰਗਲ, ਭਲਵਾਨੀ ਵਾਲੀ ਅਤੇ ਅਖਾੜਿਆਂ ਵਿੱਚ ਛਿੰਝ ਸਮੇਂ ਵੱਜਦੀ ਜੰਗੀ ਵਰਤਾਰੇ ਵਾਲੀ ਤਾਲ ਹੈ। ਇਸ ਵਿੱਚ ਜ਼ਿਆਦਾ ਜ਼ੋਰ ਡੱਗੇ ਦੀ ਮਾਤਰਾ ’ਤੇ ਦਿੱਤਾ ਜਾਂਦਾ ਹੈ।

ਭੰਗੜੇ ਸਮੇਂ ਪਹਿਰਾਵਾ ਵੀ ਵਿਸ਼ੇਸ਼ ਹੁੰਦਾ ਹੈ। ਕਲੀਆਂ ਵਾਲਾ ਕੁੜਤਾ, ਤੇੜ ਚਾਦਰਾ, ਸ਼ਮਲੇ ਵਾਲੀ ਪੱਗ ਅਤੇ ਉੱਪਰ ਦੀ ਕਢਾਈ ਵਾਲੀ ਨਹਿਰੂ ਜਾਕਟ ਵੀ ਸ਼ਿੰਗਾਰ ਬਣਦੀ ਹੈ। ਆਮ ਸਟੇਜਾਂ ’ਤੇ ਜੁੱਤੀ ਨਹੀਂ ਪਾਈ ਜਾਂਦੀ, ਪਰ ਖੁੱਲ੍ਹੇ ਥਾਵਾਂ ’ਤੇ ਭੰਗੜਾ ਪਾਉਣ ਸਮੇਂ ਤਿੱਲੇਦਾਰ ਪੰਜਾਬੀ ਜੁੱਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸ਼ਮਲਿਆਂ ਨੂੰ ਬੰਨ੍ਹਣ ਦੇ ਵੀ ਤਿੰਨ ਚਾਰ ਤਰੀਕੇ ਹਨ। ਰਵਾਇਤੀ ਗਹਿਣੇ ਜਿਵੇਂ ਨੱਤੀਆਂ, ਮੁੰਦਰੇ, ਕੈਂਠਾ ਆਦਿ ਵੀ ਪਾ ਲਏ ਜਾਂਦੇ ਹਨ। ਮਕਸਦ ਇੱਕੋ ਹੁੰਦਾ ਹੈ, ਖ਼ੂਬਸੂਰਤ ਦਿੱਖ ਨਾਲ ਸਭ ਨੂੰ ਆਕਰਸ਼ਿਤ ਕਰਨਾ।

ਇਸ ਨਾਚ ਵਿੱਚ ਢੋਲੀ ਦਾ ਮੁੱਖ ਰੋਲ ਹੁੰਦਾ ਹੈ ਕਿਉਂਕਿ ਸਾਰਾ ਨਾਚ ਢੋਲ ਦੀ ਤਾਲ ਅਨੁਸਾਰ ਹੀ ਚੱਲਦਾ ਹੈ। ਤਾਲ ਦੇ ਬਦਲਣ ’ਤੇ ਹੀ ਨਾਚ ਦੀਆਂ ਮੁਦਰਾਵਾਂ ਵੀ ਬਦਲ ਜਾਂਦੀਆਂ ਹਨ। ਬੋਲੀਆਂ ਅਤੇ ਗੀਤ ਨਾਚ ਨੂੰ ਗਤੀ ਦਿੰਦੇ ਹਨ। ਬੋਲੀ, ਗੀਤ, ਨਾਚ ਦੀਆਂ ਮੁਦਰਾਵਾਂ ਜਿਨ੍ਹਾਂ ਵਿੱਚ ਹੱਥਾਂ ਅਤੇ ਪੈਰਾਂ ਦੀ ਗਤੀ ਹੁੰਦੀ ਹੈ ਅਤੇ ਢੋਲ ਦਾ ਤਾਲ ਇਹ ਸਭ ਇੱਕ ਸੁਰ ਵਿੱਚ ਹੋਣੇ ਬਹੁਤ ਜ਼ਰੂਰੀ ਹਨ। ਬੋਲੀ ਦੇ ਬਦਲਣ, ਢੋਲ ਦੀ ਤਾਲ ਦੇ ਬਦਲਣ ਅਨੁਸਾਰ ਹੀ ਮੁਦਰਾਵਾਂ ਵਿੱਚ ਤਬਦੀਲੀ ਆਉਂਦੀ ਹੈ ਅਤੇ ਇਸ ਸਭ ਵਿੱਚ ਲਗਾਤਾਰਤਾ ਹੋਣੀ ਬਹੁਤ ਜ਼ਰੂਰੀ ਹੈ। ਜੋਸ਼ ਅਤੇ ਉਤਸ਼ਾਹ ਦਾ ਬਣਿਆ ਰਹਿਣਾ ਭੰਗੜੇ ਨੂੰ ਲੋਕਾਂ ਦੇ ਦਿਲ ਦੀ ਧੜਕਣ ਨਾਲ ਜੋੜਦਾ ਹੈ।

ਇਸ ਨਾਚ ਵਿੱਚ ਪੇਂਡੂ ਸਾਜ਼ ਵਰਤੇ ਜਾਂਦੇ ਹਨ। ਇੱਕਤਾਰਾ, ਛੈਣੇ, ਤੂੰਬਾ, ਚਿਮਟਾ, ਘੜਾ, ਸੱਪ, ਕਾਟੋ ਆਦਿ, ਪਰ ਮੁੱਖ ਸਾਜ਼ ਢੋਲ ਹੀ ਹੈ ਅਤੇ ਬਾਕੀ ਸਾਰੇ ਸਾਜ਼ ਢੋਲ ਦੀ ਤਾਲ ਨੂੰ ਪੂਰਨ ਲਈ ਹੀ ਵਰਤੇ ਜਾਂਦੇ ਹਨ। ਢੋਲ ਤੋਂ ਬਿਨਾਂ ਭੰਗੜਾ ਨਿਰਜਿੰਦ ਹੈ। ਭੰਗੜੇ ਵਿੱਚ ਬੋਲੀਆਂ ਅਤੇ ਗੀਤ ਦੋਵੇਂ ਹੁੰਦੇ ਹਨ ਜਦੋਂਕਿ ਗਿੱਧੇ ਵਿੱਚ ਸਿਰਫ਼ ਬੋਲੀਆਂ ਹੀ ਹੁੰਦੀਆਂ ਹਨ। ਭੰਗੜੇ ਵਿੱਚ ਗਾਏ ਜਾਣ ਵਾਲੇ ਗੀਤ ਜ਼ਰੂਰੀ ਨਹੀਂ ਕਿ ਪੂਰੇ ਗਾਏ ਜਾਣ। ਕਿਸੇ ਗੀਤ ਦਾ ਇੱਕ, ਕਿਸੇ ਦੇ ਦੋ ਬੰਦ ਹੀ ਕਾਫ਼ੀ ਹੁੰਦੇ ਹਨ। ਗਿੱਧੇ ਤੋਂ ਉਲਟ ਇਸ ਵਿੱਚ ਮੌਖਿਕ ਵਾਰਤਾਲਾਪ ਨੂੰ ਕੋਈ ਵਿਸ਼ੇਸ਼ ਥਾਂ ਨਹੀਂ ਦਿੱਤੀ ਜਾਂਦੀ।

ਇਹ ਗੱਭਰੂ ਦੇਸ਼ ਪੰਜਾਬ ਦੇ

ਉੱਡਦੇ ਵਿੱਚ ਹਵਾ।

ਇਹ ਨੱਚ ਨੱਚ ਪਾਉਂਦੇ ਭੰਗੜੇ

ਤੇ ਦਿੰਦੇ ਧਰਤ ਹਿਲਾ।

ਹੋ ਬੱਲੇ ਬੱਲੇ ਜਵਾਨਾ।

ਬੱਲੇ ਬੱਲੇ ਬੱਲੇ ਬੱਲੇ।

***

ਸਾਡੇ ਪਿੰਡ ਦੇ ਮੁੰਡੇ ਦੇਖ ਲਓ

ਜਿਉਂ ਟਾਹਲੀ ਦੇ ਪਾਵੇ ।

ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰਾ

ਜਿਉਂ ਬਗਲਾ ਤਲਾਅ ਵਿੱਚ ਨ੍ਹਾਵੇ।

ਭੰਗੜਾ ਪਾਉਂਦੇ ਮੁੰਡਿਆਂ ਦੀ

ਸਿਫਤ ਕਰੀ ਨਾ ਜਾਵੇ।

***

ਦੇਸ਼ ਪੰਜਾਬ ਦੇ ਮੁੰਡੇ ਦੇਖ ਲਓ

ਜਿਵੇਂ ਲੜੀਆਂ ਦੀਆਂ ਲੜੀਆਂ।

’ਕੱਠੇ ਹੋ ਕੇ ਪਾਉਣ ਬੋਲੀਆਂ

ਮੁੱਛਾਂ ਰੱਖਦੇ ਖੜ੍ਹੀਆਂ।

ਰਲ ਮਿਲ ਕੇ ਫੇਰ ਪਾਉਣ ਭੰਗੜਾ

ਸਹਿਣ ਨਾ ਕਿਸੇ ਦੀਆਂ ਤੜੀਆਂ।

ਐਰ ਗੈਰ ਨਾਲ ਗੱਲ ਨਹੀਂ ਕਰਦੇ

ਵਿਆਹ ਕੇ ਲਿਆਵਣ ਪਰੀਆਂ।

ਬੇਲਾਂ ਧਰਮ ਦੀਆਂ

ਵਿੱਚ ਦਰਗਾਹ ਦੇ ਹਰੀਆਂ।

***

ਮੈਂ ਤਾਂ ਤੈਨੂੰ ਲੈਣ ਆ ਗਿਆ

ਤੂੰ ਵੜ ਬੈਠੀ ਖੂੰਜੇ।

ਨੀਂ ਲੈ ਕੇ ਜਾਊਂਗਾ

ਮੋਤੀ ਬਾਗ਼ ਦੀਏ ਕੂੰਜੇ।

ਭਾਵੇਂ ਭੰਗੜੇ ਦੀਆਂ ਬੋਲੀਆਂ ਅਤੇ ਗੀਤਾਂ ਦੀ ਚੋਣ ਵਿੱਚ ਕਾਫ਼ੀ ਖੁੱਲ੍ਹ ਹੁੰਦੀ ਹੈ, ਪਰ ਫਿਰ ਵੀ ਗਾਉਣ, ਨੱਚਣ ਅਤੇ ਢੋਲ ਦੀਆਂ ਤਾਲਾਂ ਇਹ ਫ਼ੈਸਲਾ ਕਰਦੀਆਂ ਹਨ ਕਿ ਕੀ ਇਹ ਬੋਲੀ ਜਾਂ ਗੀਤ ਭੰਗੜੇ ਲਈ ਢੁੱਕਵਾਂ ਹੈ ਜਾਂ ਨਹੀਂ। ਗਿੱਧੇ ਦੀਆਂ ਲਗਭਗ ਸਾਰੀਆਂ ਬੋਲੀਆਂ ਦੀ ਆਖਰੀ ਪੰਕਤੀ ਇੱਕ ਸਿਖਰ ’ਤੇ ਜਾਂਦੀ ਹੈ, ਜਿਸ ’ਤੇ ਗਿੱਧਾ ਪੂਰੇ ਜ਼ੋਰ ਨਾਲ ਪੈਂਦਾ ਹੈ ਅਤੇ ਉਸ ਪੰਕਤੀ ਦਾ ਕਾਫ਼ੀ ਦੁਹਰਾਅ ਵੀ ਹੁੰਦਾ ਹੈ, ਪਰ ਭੰਗੜੇ ਲਈ ਇਹ ਜ਼ਰੂਰੀ ਨਹੀਂ ਹੁੰਦਾ। ਭੰਗੜੇ ਵਿੱਚ ਤਾਂ ਸਗੋਂ ਬਹੁਤੀ ਵਾਰ ਲੰਮੀ ਬੋਲੀ ਤੇ ਗੀਤ ਇੱਕ ਟਿਕਾਅ ਨਾਲ ਵੀ ਗਾਏ ਜਾਂਦੇ ਹਨ। ਭੰਗੜੇ ਵਿੱਚ ਸਿਰਫ਼ ਬੋਲੀਆਂ ਹੀ ਨਹੀਂ, ਗੀਤ ਵੀ ਗਾਏ ਜਾਂਦੇ ਹਨ, ਗੀਤ ਪੁਰਾਣੇ ਵੀ ਹੋ ਸਕਦੇ ਹਨ ਅਤੇ ਨਵੇਂ ਗਾਇਕਾਂ ਦੇ ਗੀਤਾਂ ’ਤੇ ਵੀ ਭੰਗੜਾ ਪੈਂਦਾ ਦੇਖਿਆ ਗਿਆ ਹੈ। ਕੁਝ ਗੀਤ ਜੋ ਭੰਗੜੇ ਦੇ ਕਲੀ ਦੇ ਅੰਦਾਜ਼ ਵਿੱਚ ਵੀ ਹਨ, ਉਹ ਢੋਲ ਦੀ ਮਿੱਠੀ ਲੈਅ ਤੇ ਟਿਕਵੇਂ ਪੱਬ ਮਾਰ ਕੇ ਪੇਸ਼ ਕੀਤੇ ਜਾਂਦੇ ਹਨ।

ਓ ਬਈ ਚੜ੍ਹਦੇ ਮਿਰਜ਼ੇ ਖ਼ਾਨ ਨੂੰ

ਵੱਡੀ ਭਾਬੀ ਲੈਂਦੀ ਥੰਮ।

ਵੇਂ ਮੈਂ ਕਦੇ ਨਾ ਦਿਓਰ ਵੰਗਾਰਿਆ

ਵੇ ਤੂੰ ਕਦੇ ਨਾ ਆਇਓਂ ਕੰਮ।

ਜੇ ਤੂੰ ਚੱਲਿਆ ਏਂ ਭੁੱਖਾ ਰਿਜਕ ਦਾ

ਮੇਰੀਆਂ ਬੂਰੀਆਂ ਲੈ ਆ ਬੰਨ੍ਹ।

ਜੇ ਤੂੰ ਚੱਲਿਆ ਏਂ ਵਿਆਹ ਕਰਵਾਉਣ ਨੂੰ

ਮੇਰੇ ਪੇਕੇ ਲੈ ਚੱਲ ਜੰਨ।

ਤੈਨੂੰ ਆਪ ਤੋਂ ਛੋਟੀ ਵਿਆਹ ਦਿਆਂ

ਜੱਟਾਂ ਰੂਪ ਵੇ ਜੱਟੀ ਦਾ ਧੰਨ।

ਆਖੇ ਲੱਗ ਮੰਨ ਮੇਰੀਆਂ

ਬੱਕੀ ਮੋੜ ਕੇ ਤਬੇਲੇ ਬੰਨ੍ਹ।

ਇਸ ਦੇ ਨਾਲ ਹੀ ਇਸੇ ਅੰਦਾਜ਼ ਵਿੱਚ ਇਹ ਕਲੀ ਵੀ ਮਕਬੂਲ ਹੈ;

ਹੁਜਰੇ ਸ਼ਾਹ ਹਕੀਮ ਦੇ ਇੱਕ ਜੱਟੀ ਅਰਜ਼ ਕਰੇ।

ਵੇ ਮੈਂ ਬੱਕਰਾ ਦਿੰਨੀ ਆਂ ਪੀਰ ਦਾ,

ਮੇਰੇ ਸਿਰ ਦਾ ਕੰਤ ਮਰੇ।

ਪੰਜ ਸੱਤ ਮਰਨ ਗਵਾਂਢਣਾਂ,

ਬਾਕੀ ਰਹਿੰਦੀਆਂ ਨੂੰ ਤਾਪ ਚੜ੍ਹੇ।

ਕੁੱਤੀ ਮਰੇ ਫਕੀਰ ਦੀ,

ਜਿਹੜੀ ਚਊਂ ਚਊਂ ਨਿਤ ਕਰੇ।

ਹੱਟੀ ਢਹੇ ਕਰਾੜ ਦੀ ਜਿੱਥੇ ਦੀਵਾ ਨਿਤ ਬਲੇ।

ਗਲੀਆਂ ਹੋਵਣ ਸੁੰਨੀਆ ਵਿੱਚ ਮਿਰਜ਼ਾ ਯਾਰ ਫਿਰੇ।

***

ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ।

***

ਰੰਗਲੇ ਪੰਜਾਬ ਦੀਆਂ

ਕੀ ਕੀ ਸਿਫਤਾਂ ਸੁਣਾਵਾਂ।

***

ਮਣਕੇ ਮਣਕੇ ਮਣਕੇ

ਗੱਲ ਚਾਂਦੀ ਦੇ ਰੁਪਈਏ ਵਾਂਗੂ ਠਣਕੇ।

***

ਅੱਜ ਸਾਰਿਆਂ ਨੂੰ ਭੰਗੜਾ ਪਾਉਣ ਦਿਓ

ਕਿ ਅੱਜ ਖ਼ੁਸ਼ੀ ਮਨਾਈਏ।

***

ਪਿੜਾਂ ਦੇ ਵਿਚਾਲੇ ਪੈਣ ਭੰਗੜੇ

ਸ਼ੌਕੀਨ ਜੱਟ ਪਾਵੇ ਬੋਲੀਆਂ।

ਧਨੀ ਰਾਮ ਚਾਤ੍ਰਿਕ ਦੀ ਕਵਿਤਾ ਅੱਜ ਵੀ ਉਹੀ ਆਨੰਦ ਦਿੰਦੀ ਹੈ।

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ...

ਕਦੇ ਕਦੇ ਛੋਟੀ ਬੋਲੀ ’ਤੇ ਭੰਗੜਾ ਪਾਇਆ ਜਾਂਦਾ ਹੈ ਅਤੇ ਕਿਤੇ ਲੰਮੀ ਬੋਲੀ ਪਾਈ ਜਾਂਦੀ ਹੈ ਜਿਸ ’ਤੇ ਬੋਲੀ ਦੀ ਚਾਲ ਮੁਤਾਬਕ ਨਾਚ ਧੀਮਾ ਹੁੰਦਾ ਹੈ, ਪਰ ਬੋਲੀ ਦੇ ਸਿਖਰ ’ਤੇ ਪਹੁੰਚਣ ਤੱਕ ਚਾਲ ਵੀ ਤੇਜ਼ ਹੋ ਜਾਂਦੀ ਹੈ। ਭੰਗੜੇ ਵਿੱਚ ਸਾਰੇ ਮੁੰਡੇ ਆਪ ਬੋਲੀਆਂ ਨਹੀਂ ਪਾਉਂਦੇ। ਕਿਤੇ ਤਾਂ ਢੋਲੀ ਹੀ ਬੋਲੀ ਪਾਉਂਦਾ ਹੈ। ਕਿਤੇ ਸਟੇਜ ਦੇ ਇੱਕ ਪਾਸੇ ਇੱਕ ਦੋ ਜਵਾਨ ਸਿਰਫ਼ ਬੋਲੀ ਪਾਉਣ ਲਈ ਹੀ ਖੜ੍ਹੇ ਹੁੰਦੇ ਹਨ। ਗਿੱਧੇ ਵਿੱਚ ਅਖੀਰਲੀ ਸਤਰ ਨੂੰ ਗਿੱਧਾ ਪਾਉਂਦੀ ਹਰ ਮੁਟਿਆਰ ਬੋਲਦੀ ਹੈ, ਪਰ ਭੰਗੜੇ ਵਿੱਚ ਜ਼ਿਆਦਾਤਰ ਹਰਕਤ ਹੀ ਹੁੰਦੀ ਹੈ, ਬੋਲੀਆਂ ਸਾਰੇ ਨਹੀਂ ਪਾਉਂਦੇ। ਗੀਤਾਂ ਵਿੱਚ ਕਦੀ ਕਦੀ ਲੋਕ ਕਿੱਸੇ ਵੀ ਛੋਹ ਲਏ ਜਾਂਦੇ ਹਨ ਜਿਨ੍ਹਾਂ ਵਿੱਚ ਜਿਊਣਾ ਮੌੜ, ਦੁੱਲਾ ਭੱਟੀ ਆਦਿ ਵਰਗੇ ਵੀ ਸ਼ਾਮਲ ਹੁੰਦੇ ਹਨ। ਭੰਗੜੇ ’ਤੇ ਮਾਣ ਕਰਦਾ ਗੀਤ ਦੇਖੋ;

ਪਾਵਾਂ ਭੰਗੜਾ ਤੇ ਸਾਰਾ ਸੰਸਾਰ ਨੱਚ ਪਏ।

ਜੇ ਮੈਂ ਵਾਰ ਕਿਤੇ ਗਾਵਾਂ ਤਲਵਾਰ ਨੱਚ ਪਏ।

ਆਉਣ ਖੁਸ਼ੀਆਂ ’ਚ ਸਾਰੇ ਨਰ ਨਾਰ ਰਾਣੀਏ।

ਮੇਰੇ ਭੰਗੜੇ ਨੂੰ ਮੰਨਦੈ ਸੰਸਾਰ ਰਾਣੀਏ।

ਅੱਜਕੱਲ੍ਹ ਦਾ ਸਮਾਂ ਡੀਜੇ ਵਾਲਾ ਹੈ। ਉੱਚੀ ਉੱਚੀ ਗਾਣੇ ਲਾ ਕੇ ਵੀ ਭੰਗੜਾ ਪਾਇਆ ਜਾਂਦਾ ਹੈ, ਪਰ ਅੱਜ ਦੇ ਦੌਰ ਵਿੱਚ ਭੰਗੜਾ, ਗਿੱਧੇ ਤੋਂ ਪਿੱਛੇ ਰਹਿ ਗਿਆ ਹੈ। ਗਿੱਧਾ ਪਾਉਣ ਲਈ ਦੋ ਜਾਂ ਵੱਧ ਅਣਜਾਣ ਕੁੜੀਆਂ ਵੀ ਬਹੁਤ ਜਲਦੀ ਇੱਕ ਮਿੱਕ ਹੋ ਕੇ ਗਿੱਧਾ ਪਾ ਸਕਦੀਆਂ ਹਨ, ਜਿਨ੍ਹਾਂ ਨੇ ਕੋਈ ਸਪੈਸ਼ਲ ਟਰੇਨਿੰਗ ਨਹੀਂ ਲਈ ਹੁੰਦੀ ਅਤੇ ਨਾ ਹੀ ਇਨ੍ਹਾਂ ਨੂੰ ਪਹਿਲਾਂ ਕਿਸੇ ਰਿਆਜ਼ ਦੀ ਲੋੜ ਹੁੰਦੀ ਹੈ, ਪਰ ਭੰਗੜਾ ਤਾਂ ਹੁਣ ਇੱਕ ਵਿਸ਼ੇਸ਼ ਨਾਚ ਬਣ ਚੁੱਕਿਆ ਹੈ। ਜਿਸ ਦੀ ਉਚੇਚੀ ਸਿਖਲਾਈ ਵੀ ਲਈ ਜਾਂਦੀ ਹੈ ਅਤੇ ਟੀਮ ਮੈਂਬਰਾਂ ਨਾਲ ਪੂਰਾ ਤਾਲਮੇਲ ਬਿਠਾਉਣ ਲਈ ਬਕਾਇਦਾ ਰਿਆਜ਼ ਦੀ ਜ਼ਰੂਰਤ ਵੀ ਹੈ। ਇਹੀ ਕਾਰਨ ਹੈ ਕਿ ਭੰਗੜਾ ਅੱਜ ਸਿਰਫ਼ ਯੁਵਕ ਮੇਲਿਆਂ ’ਤੇ ਰਹਿ ਗਿਆ ਹੈ ਜਾਂ ਕਿਸੇ ਸੱਭਿਆਚਾਰਕ ਪ੍ਰੋਗਰਾਮ ’ਤੇ ਕੋਈ ਸਪੈਸ਼ਲ ਟੀਮ ਮੰਗਵਾਈ ਜਾਂਦੀ ਹੈ। ਇਸ ਲੋਕ ਨਾਚ ਵਿੱਚੋਂ ਲੋਕ ਅੰਸ਼ ਖ਼ਤਮ ਹੁੰਦਾ ਜਾ ਰਿਹਾ ਹੈ ਜਿਸ ਬਾਰੇ ਸਾਡੇ ਮਾਹਰ ਖੋਜੀਆਂ ਨੂੰ ਵਿਚਾਰ ਕਰਕੇ ਕੋਈ ਫ਼ੈਸਲੇ ਲੈਣੇ ਬਣਦੇ ਹਨ। ਕਿਤੇ ਅਜਿਹਾ ਨਾ ਹੋਵੇ ਕਿ ਇਹ ਵਿਰਾਸਤੀ ਨਾਚ ਆਮ ਸੱਥਾਂ ਵਿੱਚੋਂ ਖ਼ਤਮ ਹੀ ਹੋ ਜਾਵੇ।

ਸੰਪਰਕ: 98147-15796

Advertisement
×