ਗੁਣ ਸੂਤਰਾਂ ਦਾ ਕਮਾਲ
ਬਾਲ ਕਹਾਣੀ
ਇਸ਼ਮਨ ਅਤੇ ਜਸ਼ਨ, ਦੋਵੇਂ ਭੈਣ-ਭਰਾ ਬਹੁਤ ਖ਼ੁਸ਼ ਸਨ। ਕਾਰਨ, ਉਨ੍ਹਾਂ ਦੇ ਨਾਨੀ ਜੀ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਕੋਲ ਰਹਿਣ ਲਈ ਆਏ ਹੋਏ ਸਨ। ਉਨ੍ਹਾਂ ਦੇ ਦਾਦੀ ਜੀ ਵਾਂਗ ਉਨ੍ਹਾਂ ਦੇ ਨਾਨੀ ਜੀ ਕੋਲ ਵੀ ਗੱਲਾਂ ਦਾ ਬਹੁਤ ਵੱਡਾ ਭੰਡਾਰ ਸੀ। ਉਨ੍ਹਾਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਇਹ ਸੀ ਕਿ ਸੇਵਾਮੁਕਤ ਅਧਿਆਪਕਾ ਹੋਣ ਕਾਰਨ ਉਹ ਆਮ ਗੱਲ ਨੂੰ ਵੀ ਸਹਿਜੇ ਹੀ ਪੜ੍ਹਾਈ ਨਾਲ ਜੋੜ ਦਿੰਦੇ ਸਨ। ਸ਼ਾਮ ਵੇਲੇ ਜਦੋਂ ਉਨ੍ਹਾਂ ਦੇ ਦਾਦੀ ਜੀ ਅਤੇ ਨਾਨੀ ਜੀ ਮਿਲ ਕੇ ਇੱਧਰ ਉੱਧਰ ਦੀਆਂ ਸੁਣਾਉਂਦੇ ਤਾਂ ਖੂਬ ਰੌਣਕ ਲੱਗ ਜਾਂਦੀ।
ਜਸ਼ਨ ਵੱਡਾ ਸੀ ਤੇ ਉਸ ਦੇ ਤੇਜ਼ ਸੁਭਾਅ ਕਾਰਨ ਸਾਰੇ ਆਖਦੇ ਸਨ ਕਿ ਉਹ ਆਪਣੇ ਪਾਪਾ ’ਤੇ ਗਿਆ ਹੈ, ਪਰ ਸ਼ਾਂਤ ਸੁਭਾਅ ਇਸ਼ਮਨ ਨੂੰ ਸਾਰੇ ਆਪਣੀ ਨਾਨੀ ਦੀ ਕਾਰਬਨ ਕਾਪੀ ਆਖਦੇ ਸਨ। ਜਿਸ ਦਿਨ ਦੇ ਇਸ਼ਮਨ ਦੇ ਨਾਨੀ ਜੀ ਉਨ੍ਹਾਂ ਕੋਲ ਆਏ ਸਨ, ਇਸ਼ਮਨ ਆਪਣੇ ਨਾਨੀ ਦੇ ਚਿਹਰੇ ਵੱਲ ਤੱਕਦੀ ਇਹ ਸੋਚਦੀ ਰਹਿੰਦੀ ਕਿ ਸੱਚਮੁੱਚ ਨਾਨੀ ਜੀ ਛੋਟੇ ਹੁੰਦੇ ਉਸ ਦੇ ਵਰਗੇ ਹੀ ਹੁੰਦੇ ਸਨ। ਕਿਸੇ ਬੱਚੇ ਦਾ ਚਿਹਰਾ-ਮੁਹਰਾ ਆਪਣੇ ਕਿਸੇ ਵੱਡ-ਵਡੇਰੇ ’ਤੇ ਕਿਵੇਂ ਚਲਾ ਜਾਂਦਾ ਹੈ, ਇਹ ਗੱਲ ਉਸ ਦੇ ਨਿੱਕੇ ਜਿਹੇ ਦਿਮਾਗ਼ ਦੀ ਸਮਝ ਤੋਂ ਬਾਹਰ ਸੀ।
ਸ਼ਾਮ ਦਾ ਵੇਲਾ ਸੀ ਤੇ ਦੋਵੇਂ ਭੈਣ ਭਰਾ ਚਾਹ-ਪਾਣੀ ਪੀ ਕੇ ਸਕੂਲ ਤੋਂ ਮਿਲਿਆ ਕੰਮ ਕਰਨ ਲੱਗੇ। ਉਨ੍ਹਾਂ ਦੇ ਮੰਮੀ ਤੇ ਦਾਦੀ ਜੀ ਰਾਤ ਦੇ ਰੋਟੀ ਪਾਣੀ ਦੇ ਆਹਰ ’ਚ ਲੱਗੇ ਸਨ। ਇਸ਼ਮਨ ਦੀ ਮੰਮੀ ਨੇ ਆਟਾ ਗੁੰਨ੍ਹ ਕੇ ਖੀਰ ਰਿੰਨ੍ਹਣੀ ਰੱਖ ਦਿੱਤੀ ਤੇ ਉਸ ਦੇ ਦਾਦੀ ਜੀ ਨੇ ਬੈਠੇ ਬੈਠੇ ਲਸਣ ਪਿਆਜ਼ ਛਿੱਲ ਕੇ ਤੜਕੇ ਦਾ ਸਾਮਾਨ ਤਿਆਰ ਕਰ ਲਿਆ। ਜਦੋਂ ਕੁ ਨੂੰ ਇਸ਼ਮਨ ਦੇ ਮੰਮੀ ਦਾ ਰੋਟੀ-ਪਾਣੀ ਦਾ ਕੰਮ ਮੁੱਕਿਆ ਉਦੋਂ ਹੀ ਦੋਵਾਂ ਬੱਚਿਆਂ ਨੇ ਆਪਣਾ ਸਕੂਲ ਦਾ ਕੰਮ ਵੀ ਮੁਕਾ ਲਿਆ। ਵਿਹਲੇ ਹੋ ਉਹ ਦੋਵੇਂ ਫਟਾ ਫਟ ਆਪੋ ਆਪਣੀ ਕੁਰਸੀ ਚੁੱਕ ਉਸ ਮੰਜੀ ਦੇ ਨੇੜੇ ਆ ਬੈਠੇ ਜਿੱਥੇ ਉਸ ਦੇ ਨਾਨੀ ਜੀ, ਮੰਮੀ ਜੀ ਅਤੇ ਦਾਦੀ ਜੀ ਬੈਠੇ ਸਨ। ਤੇਜ਼ੀ ਵਰਤਦਿਆਂ ਜਸ਼ਨ ਨੇ ਜਦੋਂ ਆਪਣੀ ਕੁਰਸੀ ਇਸ਼ਮਨ ਦੀ ਕੁਰਸੀ ਤੋਂ ਅੱਗੇ ਕੀਤੀ ਤਾਂ ਉਸ ਦੇ ਦਾਦੀ ਜੀ ਨੇ ਆਖਿਆ;
‘‘ਤੇਜ਼ੀ ’ਚ ਤਾਂ ਐਨ ਆਪਣੇ ਪਿਓ ’ਤੇ ਗਿਆ ਹੈ, ਸ਼ੁਕਰ ਹੈ ਇਸ਼ਮਨ ਆਪਣੇ ਨਾਨੀ ਜੀ ’ਤੇ ਗਈ ਐ।’’
ਇਹ ਸੁਣ ਜਿੱਥੇ ਜਸ਼ਨ ਮੂੰਹ ਬਣਾਉਣ ਲੱਗਾ, ਉੱਥੇ ਇਸ਼ਮਨ ਪੋਲਾ ਪੋਲਾ ਹੱਸਣ ਲੱਗੀ। ਮੂੰਹ ਬਣਾਉਂਦਾ ਜਸ਼ਨ ਪਲ ਕੁ ਚੁੱਪ ਰਹਿ ਉਸੇ ਤੇਜ਼ੀ ਨਾਲ ਆਪਣੀ ਨਾਨੀ ਨੂੰ ਕਹਿਣ ਲੱਗਾ;
‘‘ਨਾਨੀ ਜੀ! ਅੱਜ ਫਿਰ ਸਾਨੂੰ ਕੀ ਸੁਣਾਓਗੇ?’’
‘‘ਜੋ ਸਾਡੀ ਪਿਆਰੀ ਜਿਹੀ ਇਸ਼ਮਨ ਕਹੂਗੀ।’’ ਮੁਸਕਰਾਉਂਦਿਆਂ ਉਸ ਦੇ ਨਾਨੀ ਨੇ ਇਸ਼ਮਨ ਵੱਲ ਵੇਖਦਿਆਂ ਇਹ ਆਖਿਆ ਤਾਂ ਇਸ਼ਮਨ ਬੜੇ ਗਹੁ ਨਾਲ ਆਪਣੇ ਨਾਨੀ ਜੀ ਦੇ ਨਿੱਕੇ-ਨਿੱਕੇ ਦੰਦਾਂ ਵੱਲ ਵੇਖਣ ਲੱਗੀ। ਉਸ ਦੇ ਆਪਣੇ ਦੰਦ ਵੀ ਤਾਂ ਇਹੋ ਜਿਹੇ ਹੀ ਸਨ। ਉਸ ਦੇ ਦਿਮਾਗ਼ ਵਿੱਚ ਘੁੰਮਦੀ ਗੱਲ ਹੁਣ ਉਸ ਦੇ ਮੂੰਹ ’ਤੇ ਆ ਗਈ, ਭੋਲਾ ਜਿਹਾ ਮੂੰਹ ਬਣਾਉਂਦਿਆਂ ਉਹ ਆਖਣ ਲੱਗੀ;
‘‘ਨਾਨੀ ਜੀ! ਇਹ ਦੱਸੋ, ਜਸ਼ਨ ਵੀਰ ਜੀ ਪਾਪਾ ’ਤੇ ਕਿਵੇਂ ਚਲੇ ਗਏ ਤੇ ਮੈਂ ਤੁਹਾਡੇ ’ਤੇ।’’
ਇਸ਼ਮਨ ਤੋਂ ਇਹ ਚੇਤਨਤਾ ਭਰਿਆ ਪ੍ਰਸ਼ਨ ਸੁਣ ਕੇ ਉਸ ਦੇ ਨਾਨੀ ਜੀ ਨੇ ਉਸ ਨੂੰ ਸਮਝਾਇਆ;
‘‘ਬੇਟੇ! ਇਹ ਸਭ ਸਾਡੇ ਸੈੱਲਾਂ ਅੰਦਰ ਵਸਦੇ ਗੁਣ ਸੂਤਰਾਂ ਦਾ ਕਮਾਲ ਹੈ। ਸਾਡੇ ਵਿੱਚ ਇਹ ਛਿਆਲੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਅੱਧੇ ਸਾਨੂੰ ਆਪਣੇ ਪਿਤਾ ਤੋਂ ਮਿਲਦੇ ਤੇ ਅੱਧੇ ਆਪਣੀ ਮਾਤਾ ਤੋਂ। ਬਸ ਇਹ ਗੁਣਸੂਤਰ ਹੀ ਸਾਡੇ ਗੁਣਾਂ ਦਾ ਨਿਰਧਾਰਨ ਕਰਦੇ ਨੇ।’’
ਇੰਨਾ ਆਖ ਇਸ਼ਮਨ ਦੇ ਨਾਨੀ ਜੀ ਹਾਲੇ ਉਸ ਦੇ ਚਿਹਰੇ ਵੱਲ ਵੇਖ ਹੀ ਰਹੇ ਸਨ ਕਿ ਜਸ਼ਨ ਫਟਾਫਟ ਫਿਰ ਬੋਲ ਪਿਆ;
‘‘ਨਾਨੀ ਜੀ! ਫਿਰ ਇਹ ਗੁਣ ਸੂਤਰ ਤਾਂ ਸਾਨੂੰ ਦੋਵਾਂ ਨੂੰ ਹੀ ਮੰਮੀ-ਪਾਪਾ ਤੋਂ ਮਿਲੇ ਹਨ, ਪਰ ਇਸ਼ਮਨ ਤੁਹਾਡੇ ’ਤੇ ਕਿਵੇਂ ਚਲੇ ਗਈ?’’
ਦੋਵਾਂ ਬੱਚਿਆਂ ਦੀ ਜਗਿਆਸਾ ਨੂੰ ਵੇਖ ਕੇ ਉਨ੍ਹਾਂ ਦੇ ਨਾਨੀ ਜੀ ਨੇ ਗੱਲ ਵਿਸਥਾਰ ਵੱਲ ਤੋਰੀ;
‘‘ਜਿਵੇਂ 35 ਅੱਖਰੀ ਵਰਣਮਾਲਾ ਨੂੰ ਵੱਖ ਵੱਖ ਤਰਤੀਬ ਦੇ ਕੇ ਅਸੀਂ ਲੱਖਾਂ ਸ਼ਬਦ ਘੜ ਸਕਦੇ ਹਾਂ, ਇਵੇਂ ਹੀ ਇਹ 46 ਗੁਣ ਸੂਤਰ ਆਪਣੇ ਸਰੂਪ ਵਿੱਚ ਨਿੱਕੀਆਂ ਨਿੱਕੀਆਂ ਤਬਦੀਲੀਆਂ ਲਿਆ ਕੇ ਹਰ ਇੱਕ ਜੀਵ ਨੂੰ ਇੱਕ ਵਿਲੱਖਣ ਰੂਪ ਦਿੰਦੇ ਹਨ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ’ਚ ਜਾਣ ਲੱਗਿਆਂ ਹਰ ਬੱਚੇ ਵਿੱਚ ਇਨ੍ਹਾਂ ਦਾ ਸਰੂਪ ਥੋੜ੍ਹਾ ਅਲੱਗ ਹੁੰਦਾ ਹੈ।’’
ਰਤਾ ਵਿਸ਼ਰਾਮ ਲੈ ਕੇ ਉਨ੍ਹਾਂ ਨੇ ਗੱਲ ਅੱਗੇ ਤੋਰੀ;
‘‘ਜਿਵੇਂ ਸਾਨੂੰ ਗੁਣਸੂਤਰ ਆਪਣੇ ਮਾਤਾ-ਪਿਤਾ ਤੋਂ ਮਿਲਦੇ ਨੇ, ਇਵੇਂ ਹੀ ਉਨ੍ਹਾਂ ਦੋਵਾਂ ਨੂੰ ਆਪਣੇ-ਆਪਣੇ ਮਾਤਾ-ਪਿਤਾ ਤੋਂ ਮਿਲੇ ਹੁੰਦੇ ਹਨ। ਕਈ ਵਾਰ ਕਈ ਗੁਣ ਜੋ ਸਾਡੀ ਇੱਕ ਪੀੜ੍ਹੀ ਵਿੱਚ ਪ੍ਰਗਟ ਨਹੀਂ ਹੁੰਦੇ, ਪਰ ਪਿਛਲੀ ਪੀੜ੍ਹੀ ਵਿੱਚ ਹੁੰਦੇ ਹਨ, ਉਹ ਆਪਣਾ ਰੂਪ ਅਗਲੀ ਪੀੜ੍ਹੀ ਵਿੱਚ ਜਾ ਦਿਖਾਉਂਦੇ ਹਨ। ਇਸੇ ਕਾਰਨ ਕਈ ਬੱਚੇ ਆਪਣੇ ਮਾਂ-ਪਿਓ ਨਾਲੋਂ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ’ਤੇ ਚਲੇ ਜਾਂਦੇ ਹਨ।’’
‘‘ਅੱਛਾ ਜੀ! ਤਾਂ ਇਹ ਗੱਲ ਆ, ਇਸੇ ਲਈ ਇਸ਼ਮਨ ਤੁਹਾਡੇ ’ਤੇ ਚਲੀ ਗਈ।’’
ਜਸ਼ਨ ਨੇ ਹੱਸਦਿਆਂ ਜਦੋਂ ਇਹ ਆਖਿਆ ਤਾਂ ਉਸ ਦੀ ਇਸ ਗੱਲ ਨਾਲ ਬਾਕੀ ਸਾਰੇ ਵੀ ਖਿੜ ਖਿੜਾ ਕੇ ਹੱਸ ਪਏ।
ਸੰਪਰਕ: 98550-24495