ਮੌਸਮ ਬਦਲ ਗਏ...
ਅੱਜਕੱਲ੍ਹ ਆਈਆਂ ਤਬਦੀਲੀਆਂ ਸਭ ਦੇ ਸਾਹਮਣੇ ਹਨ। ਆਧੁਨਿਕ ਦੌਰ ਵਿੱਚ ਸਭ ਕੁਝ ਬਦਲ ਗਿਆ ਹੈ। ਅਸੀਂ ਜੇ ਨਵੇਂ ਪੁਰਾਣੇ ਦੇ ਫ਼ਰਕ ਨੂੰ ਲੈ ਕੇ ਚੱਲੀਏ, ਤਾਂ ਅੱਜ ਪੁਰਾਣਾ ਸਭ ਕੁਝ ਵਿਸਰ ਗਿਆ ਹੈ ਤੇ ਅਸੀਂ ਨਵੀਆਂ ਕਦਰਾਂ-ਕੀਮਤਾਂ ਵਿੱਚ ਉਲਝ ਕੇ...
ਅੱਜਕੱਲ੍ਹ ਆਈਆਂ ਤਬਦੀਲੀਆਂ ਸਭ ਦੇ ਸਾਹਮਣੇ ਹਨ। ਆਧੁਨਿਕ ਦੌਰ ਵਿੱਚ ਸਭ ਕੁਝ ਬਦਲ ਗਿਆ ਹੈ। ਅਸੀਂ ਜੇ ਨਵੇਂ ਪੁਰਾਣੇ ਦੇ ਫ਼ਰਕ ਨੂੰ ਲੈ ਕੇ ਚੱਲੀਏ, ਤਾਂ ਅੱਜ ਪੁਰਾਣਾ ਸਭ ਕੁਝ ਵਿਸਰ ਗਿਆ ਹੈ ਤੇ ਅਸੀਂ ਨਵੀਆਂ ਕਦਰਾਂ-ਕੀਮਤਾਂ ਵਿੱਚ ਉਲਝ ਕੇ ਰਹਿ ਗਏ ਹਾਂ। ਦਿਲੀ ਸਾਂਝ, ਪਿਆਰ, ਦਇਆ, ਹਲੀਮੀ, ਤਿਆਗ, ਮਿਲਵਰਤਣ ਦੀਆਂ ਦਿਲੀ ਭਾਵਨਾਵਾਂ ਕੋਹਾਂ ਦੂਰ ਚਲੀਆਂ ਗਈਆਂ ਹਨ। ਹੁਣ ਆਪੋ ਧਾਪੀ ਪਈ ਹੋਈ ਹੈ। ਸਵਾਰਥ ਹਰ ਪਾਸੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਵੱਡਾ ਬਣਨਾ, ਵੱਡੇ-ਵੱਡੇ ਮਹਿਲ, ਕੋਠੀਆਂ ਵਿੱਚ ਰਹਿਣਾ। ਵੱਡੀਆਂ ਗੱਡੀਆਂ ਵਿੱਚ ਘੁੰਮਣਾ। ਕਲੱਬਾਂ, ਪਾਰਟੀਆਂ ਵਿੱਚ ਸ਼ਮੂਲੀਅਤ ਕਰ ਕੇ ਆਪਣਾ ਰੁਤਬਾ ਬਣਾਉਣਾ।
ਯਾਦ ਆ ਰਹੀ ਹੈ ਉਨ੍ਹਾਂ ਦਿਨਾਂ ਦੀ ਜਦੋਂ ਵਿਹੜਿਆਂ ਵਿੱਚ ਨਿੰਮ ਦੇ ਰੁੱਖ ਦੀ ਛਾਂ ਵਿੱਚ ਮੰਜੇ ਡਾਹ ਕੇ ਬੈਠ ਕੇ ਰੌਣਕਾਂ ਲਾਉਂਦੇ ਸਨ। ਸਭ ਨੇ ਇਕੱਠੇ ਬੈਠ ਕੇ ਖਾਣਾ ਪੀਣਾ। ਉਨ੍ਹਾਂ ਹੀ ਮੰਜਿਆਂ ’ਤੇ ਪਏ ਦੋ ਘੜੀ ਸੁਸਤਾ ਲੈਣਾ, ਫਿਰ ਆਪਣੇ ਕੰਮਕਾਰ ਵਿੱਚ ਜੁਟ ਜਾਣਾ। ਮਰਦ ਸਣ ਦੀਆਂ ਰੱਸੀਆਂ ਵੱਟਦੇ ਜਾਂ ਬਾਣ ਦੇ ਮੰਜੇ ਬੁਣਦੇ। ਸੁਆਣੀਆਂ ਚਰਖ਼ੇ ਕੱਤਦੀਆਂ, ਅੱਡਿਆਂ ’ਤੇ ਨਾੜੇ, ਦਰੀਆਂ ਬੁਣਦੀਆਂ। ਕੋਈ ਧੀ ਰਾਣੀ ਬਹਿ ਖੱਦਰ, ਕੇਸਮਿੰਟ ’ਤੇ ਕਢਾਈ ਕਰਦੀ। ਖਿੜ-ਖਿੜ ਹਾਸੇ ਹੱਸਦੀਆਂ ਧੀਆਂ ਦੀ ਆਪਣੀ ਹੀ ਸ਼ਾਨ ਹੁੰਦੀ ਸੀ।
ਇਕੱਠਿਆਂ ਬਹਿ ਕੇ ਉੱਥੇ ਹੀ ਸਭ ਨੇ ਮਿਲਜੁਲ ਕੇ ਖਾ ਪੀ ਲੈਣਾ। ਭੋਰਾ ਵੀ ਫ਼ਰਕ ਨਹੀਂ ਹੁੰਦਾ ਸੀ, ਕਿਸੇ ਦੇ ਦਿਲ ਵਿੱਚ ਕੋਈ ਹੇਰ ਫੇਰ ਨਹੀਂ ਸੀ। ਪਾਕਿ ਪਾਣੀਆਂ ਵਾਂਗ ਪਵਿੱਤਰ ਹੁੰਦੇ ਸਨ ਦਿਲ... ਸੱਚੀਆਂ ਮੁਹੱਬਤਾਂ ਦੀਆਂ ਡੋਰਾਂ ਨਾਲ ਬੰਨ੍ਹੇ ਹੋਏ। ਜਦੋਂ ਬਰਸਾਤੀ ਮੌਸਮ ਹੋਣਾ ਤਾਂ ਘਰੀਂ ਗੁਲਗਲੇ, ਕਚੌਰੀਆਂ ਬਣਨੀਆਂ। ਛਮ-ਛਮ ਵਰ੍ਹਦੇ ਮੀਂਹ ਵਿੱਚ ਵਿਹੜਿਆਂ ਵਿੱਚ ਨੱਚਣ ਲੱਗ ਜਾਣਾ। ਕੱਚੇ ਵਿਹੜੇ ਮਾਂ ਨੇ ਰੌਲਾ ਪਾਉਣਾ, ‘ਨੀਂ ਕੁੜੀਓ! ਲੱਤ, ਗੋਡੇ ਨਾ ਤੁੜਵਾ ਲਿਓ। ਬਹਿ ਜੋ ਟਿਕ ਕੇ...।’’
ਬਾਪੂ ਜੀ ਨੇ ਕਹਿਣਾ, ‘‘ਇਹ ਮੀਂਹ ਦਾ ਪਾਣੀ ਤਾਂ ਪੁੱਤ ਅੰਮ੍ਰਿਤ ਹੈ। ਫ਼ਸਲਾਂ ਲਈ ਨਿਰ੍ਹਾ ਰੇਹ ਆ।’’
ਤੀਆਂ ਲਾਉਣੀਆਂ, ਪੀਂਘਾਂ ਚੜ੍ਹਾਉਣੀਆਂ। ਗਿੱਧੇ ਪਾਉਣੇ, ਬਿਰਹੇ ਗਾਉਣੇ ...ਕਿੰਨੇ ਸੋਹਣੇ ਦਿਨ ਸਨ ਬਹਾਰਾਂ ਵਰਗੇ। ਭੋਲੇ ਭਾਲੇ ਦਿਲਾਂ ਵਾਲੇ ਸ਼ਰੀਫ਼ ਲੋਕ ਵਿਤਕਰਿਆਂ, ਨਫ਼ਰਤਾਂ ਤੋਂ ਕੋਹਾਂ ਦੂਰ ਰਹਿਣ ਵਾਲੇ ਸਾਂਝ ਪਿਆਰ ਦੇ ਝਰ ਝਰ ਵਗਦੇ ਨਿਰਮਲ-ਨਿਰਛਲ ਝਰਨਿਆਂ ਵਰਗੇ। ਬਾਣੀਏ ਦਾ ਕਥਨ ਵੀ ਹੈ ਕਿ ...ਜਿਹੋ ਜਿਹਾ ਵਿਹਾਰ ਓਹੋ ਜਿਹਾ ਪਿਆਰ। ਉਨ੍ਹਾਂ ਦਾ ਕਹਿਣਾ ਏਂ, ਬਈ ਜੇ ਵਰਤੋਂ ਵਿਹਾਰ ਚੰਗਾ ਹੈ ਤਾਂ ਹੀ ਪਿਆਰ ਉਪਜਦਾ ਹੈ। ਚੰਗੇ ਵਿਹਾਰ ਵਿੱਚੋਂ ਪੁੰਗਰਿਆ ਪਿਆਰ ਹੀ ਸਭ ਨੂੰ ਰਿਸ਼ਤਿਆਂ ਦੀ ਡੋਰ ਨਾਲ ਬੰਨ੍ਹ ਕੇ ਰੱਖਦਾ ਹੈ। ਬੰਦੇ ਦਾ ਸੱਚਾ-ਸੁੱਚਾ ਕਿਰਦਾਰ ਹੀ ਉਸ ਦੇ ਵਿਹਾਰ ਦੀ ਹਾਮੀ ਭਰਦਾ ਹੈ, ਪਰ ਹੁਣ ਸਭ ਕੁਝ ਬਦਲ ਤੇ ਵਿਸਰ ਗਿਆ। ਸਾਂਝੇ ਚੁੱਲ੍ਹੇ ਇੱਕ ਚੁੱਲ੍ਹੇ ਵਿੱਚ ਬਦਲ ਗਏ। ਹੁਣ ਤਾਂ ਮਾਪੇ ਹੀ ਚਾਹੁੰਦੇ ਨੇ ਧੀ ਦੇ ਪਰਿਵਾਰ ਵਿੱਚ ਬਸ ਇਕੱਲਾ ਲੜਕਾ ਹੀ ਹੋਵੇ। ਉਹ ਨਹੀਂ ਚਾਹੁੰਦੇ ਧੀਆਂ ਨੂੰ ਕੰਮ ਕਰਨੇ ਪੈਣ। ਪਹਿਲਾਂ ਸਮੇਂ ਹੋਰ ਸਨ, ਹੱਥੀਂ ਕਿਰਤ ਕਰਕੇ ਜੋ ਸੰਤੁਸ਼ਟੀ ਮਿਲਦੀ ਸੀ, ਉਹ ਅਸੀਮ ਸੀ। ਪਿੰਡਾਂ ਦੀ ਆਬੋ ਹਵਾ ਦਾ ਆਪਣਾ ਹੀ ਇੱਕ ਸੁਖ਼ਦ ਅਹਿਸਾਸ ਸੀ। ਸਾਫ਼ ਸੁਥਰਾ ਵਾਤਾਵਰਨ...ਹੁਣ ਸ਼ਹਿਰਾਂ ਦੀ ਭੀੜ ਵਿੱਚ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ।
ਬੜੀ ਯਾਦ ਆਉਂਦੀ ਹੈ ਪਿੰਡਾਂ ਦੀ ਰੌਣਕ....ਕਦੇ ਗਾਉਂਦੇ ਹੁੰਦੇ ਸਾਂ;
ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ।
ਖੇਤਾਂ ਵਿੱਚ ਨੱਚਦੀ ਬਹਾਰ ਵੇਖ ਲੈ।
ਸੱਚਮੁੱਚ, ਕਿੰਨੇ ਖੁਸ਼ਹਾਲੀ ਭਰੇ ਦਿਨ ਹੁੰਦੇ ਸਨ। ਹਰ ਪਾਸੇ ਸੁੱਖ ਸ਼ਾਂਤੀ, ਸਬਰ-ਸੰਤੋਖ, ਪਿਆਰ-ਦੁਲਾਰ, ਖ਼ੁਸ਼ੀਆਂ-ਖੇੜਿਆਂ ਦਾ ਜਿਵੇਂ ਮੀਂਹ ਵਰ੍ਹਦਾ ਸੀ। ਰੁੱਖੀ ਸੁੱਕੀ ਖਾ ਕੇ ਵੀ ਸਭ ਖ਼ੁਸ਼ ਸਨ। ਪ੍ਰਾਹੁਣੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ। ਦਿਲ ਜਾਨ ਤੋਂ ਸੇਵਾ ਕੀਤੀ ਜਾਂਦੀ ਸੀ। ਤੀਆਂ ਵਰਗੇ ਦਿਨ ਹੁੰਦੇ ਸਨ। ਹੁਣ ਪ੍ਰਾਹੁਣੇ ਨੂੰ ਵੇਖ ਮੱਥੇ ਵੱਟ ਪੈ ਜਾਂਦੇ ਨੇ। ਹੁਣ ਸੇਵਾ ਕੌਣ ਕਰਨੀ ਚਾਹੁੰਦਾ ਹੈ, ਜਦੋਂ ਆਪ ਹੀ ਬਾਹਰੋਂ ਮੰਗਵਾ ਕੇ ਖਾਂਦੇ ਨੇ। ਹੁਣ ਘਰਦੀਆਂ ਦਾਲਾਂ ਰੋਟੀਆਂ ਕਿਸੇ ਨੂੰ ਚੰਗੀਆਂ ਹੀ ਨਹੀਂ ਲੱਗਦੀਆਂ। ਸਮੇਂ ਦਾ ਰੁਖ਼ ਹੀ ਬਦਲ ਗਿਆ ਹੈ। ਹੁਣ ਘਰਾਂ ਦੀ ਸਾਂਭ-ਸੰਭਾਲ ਕਰਨ ਦੀ ਬਜਾਏ ਔਰਤਾਂ ਕਿੱਟੀ ਪਾਰਟੀਆਂ, ਪੱਬਾਂ ਅਤੇ ਕਲੱਬਾਂ ਵਿੱਚ ਜਾਣ ਨੂੰ ਤਰਜੀਹ ਦਿੰਦੀਆਂ ਹਨ। ਜੀਵਨ ਦੇ ਹਰ ਰੰਗ ਵਿੱਚ ਹੀ ਫ਼ਰਕ ਪੈ ਗਿਆ ਹੈ।
ਜੇ ਹੁਣ ਦੇ ਸਮੇਂ ਨੂੰ ਦੇਖੀਏ ਤਾਂ ਸੋਸ਼ਲ ਮੀਡੀਆ ਦੇ ਚੱਕਰਵਿਊ ਵਿੱਚ ਹੀ ਸਾਰੇ ਫਸ ਕੇ ਰਹਿ ਗਏ ਹਨ। ਇਸ ਚਕਾਚੌਂਧ ਨੇ ਨਵੀਂ ਪੀੜ੍ਹੀ ਦੀਆਂ ਰਾਹਾਂ ਬਿਲਕੁਲ ਬਦਲ ਦਿੱਤੀਆਂ ਹਨ। ਸਾਰਾ ਦਿਨ ਮੋਬਾਈਲ ’ਤੇ ਰੀਲਾਂ ਚਲਦੀਆਂ ਹਨ। ਨੈੱਟ ਫਲਿਕਸ ’ਤੇ ਫਿਲਮਾਂ ਚੱਲਦੀਆਂ ਹਨ। ਲੋਕ ਸੈਲਫੀਆਂ ਖਿੱਚਦੇ ਖਿੱਚਦੇ ਜਾਨਾਂ ਵੀ ਗੁਆ ਬੈਠਦੇ ਹਨ। ਰਿਸ਼ਤੇ ਟੁੱਟ ਰਹੇ ਹਨ, ਘਰ ਟੁੱਟ ਰਹੇ ਹਨ। ਹਰ ਬੰਦਾ ਆਪਣੇ ਕਮਰੇ ਵਿੱਚ ਮੋਬਾਈਲ ਲੈ ਕੇ ਬੈਠਾ ਹੈ। ਕਿਸੇ ਨਾਲ ਕੋਈ ਗੱਲਬਾਤ ਨਹੀਂ... ਹੱਥੀਂ ਮੋਬਾਈਲ ਤੇ ਪੂਰੇ ਘਰ ਵਿੱਚ ਖਾਮੋਸ਼ੀ। ਅਸੀਂ ਕਿੱਧਰ ਤੁਰ ਪਏ ਹਾਂ। ਪਿਛਲੇ ਦਿਨੀਂ ਕਲਕੱਤੇ ਤੇ ਦਿੱਲੀ ਜਿਹੇ ਸ਼ਹਿਰਾਂ ਵਿੱਚ ਰੀਲਾਂ ਬਣਾਉਣ ਵਾਲੀਆਂ ਦੋ ਪਤਨੀਆਂ ਦੇ ਪਤੀਆਂ ਨੇ ਉਨ੍ਹਾਂ ਦੇ ਕਤਲ ਕਰ ਦਿੱਤੇ। ਅਸੀਂ ਕਿਉਂ ਅਜਿਹੀਆਂ ਗ਼ਲਤ ਗੱਲਾਂ ਅਪਣਾ ਲਈਆਂ। ਹੁਣ ਇਹ ਆਖਣ ਨੂੰ ਦਿਲ ਕਰਦਾ ਹੈ;
ਪੁਰਾਣਾ ਪੰਜਾਬ ਹੁਣ ਕਿੱਥੇ
ਮਿੱਠੀ ਆਵਾਜ਼ ਹੁਣ ਕਿੱਥੇ
ਉਹ ਸੇਵਾ, ਪਿਆਰ ਹੁਣ ਕਿੱਥੇ।
ਸੁੱਖਾਂ ਦਾ ਸੰਸਾਰ ਹੁਣ ਕਿੱਥੇ।
ਆ ਗਏ ਹੁਣ ਮੋਬਾਈਲ ਖਿਡੌਣੇ
ਕਿੱਥੇ, ਗਿੱਧੇ ਭੰਗੜੇ ਹੋਣੇ।
ਰੀਲਾਂ ਬਣਾ ਬਣਾ ਝੱਲੇ ਹੋਏ
ਸਾਰੇ ਕੰਮ ਅੱਜ ਅਵੱਲੇ ਹੋਏ
ਹੁਣ ਉਹ ਰੰਗਲਾ ਸਮਾਂ ਨਹੀਂ ਰਿਹਾ। ਹਰ ਰੰਗ ਹੀ ਬਦਲ ਗਿਆ ਹੈ। ਲੋਕ ਬਦਲ ਗਏ, ਰਿਸ਼ਤੇ ਬਦਲ ਗਏ, ਮਿਲਵਰਤਣ ਬਦਲ ਗਏ, ਖਾਣ-ਪੀਣ, ਪਹਿਨਣ-ਓਢਣ ਸਭ ਬਦਲ ਗਿਆ। ਇਸਦੇ ਨਾਲ ਹੀ ਕੁਦਰਤ ਬਦਲ ਗਈ, ਮੌਸਮ ਬਦਲ ਗਏ। ਹੁਣ ਦੇ ਬਰਸਾਤੀ ਮੌਸਮ ਦੀ ਤਬਾਹੀ ਪੰਜਾਬ ਦੀਆਂ ਪੈਲੀਆਂ ਵਿੱਚ ਪੀੜਾਂ ਪਰੁੰਨ ਚੁੱਕੀ ਹੈ। ਸੱਧਰਾਂ ਮਰ ਗਈਆਂ ਹਨ, ਦਿਲਾਂ ਵਿੱਚ ਪੁੰਗਰੇ ਆਸਾਂ ਦੇ ਬੀਜ ਵਹਿੰਦੇ ਪਾਣੀਆਂ ਵਿੱਚ ਵਹਿ ਗਏ ਹਨ... ਝੂਮਦੀਆਂ ਫ਼ਸਲਾਂ ਦੇ ਸੀਨਿਆਂ ’ਤੇ ਰੇਤ ਦੇ ਸੱਥਰ ਵਿਛ ਗਏ ਹਨ। ਪਲਾਂ ਵਿੱਚ ਸਭ ਕੁਝ ਬਦਲ ਗਿਆ ਹੈ...ਸਮਾਂ ਹੱਥੋਂ ਫਿਸਲ ਗਿਆ ਹੈ। ਹੜ੍ਹ ਦੇ ਪਾਣੀ ਕਾਰਨ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ, ਮੱਝਾਂ-ਗਾਵਾਂ, ਸੰਦ ਸੰਦੌਲੇ ਸਭ ਪਾਣੀ ਦੀ ਭੇਟ ਚੜ੍ਹ ਗਏ। ਪਰਿਵਾਰਾਂ ਦੇ ਪਰਿਵਾਰ ਉੱਜੜ ਗਏ। ਕਿੰਨਾ ਮੁਸ਼ਕਿਲ ਹੈ ਵਾਰ-ਵਾਰ ਉੱਜੜ ਕੇ ਵੱਸਣਾ..! ਉਹੀ ਜਾਣ ਸਕਦੇ ਨੇ ਜਿਨ੍ਹਾਂ ’ਤੇ ਬੀਤਦੀ ਹੈ। ਜਿਸ ਤਨ ਲੱਗੇ, ਸੋ ਤਨ ਜਾਣੇ।
ਸਾਡੀਆਂ ਸੋਚਾਂ ਦੇ ਬਦਲਣ ਦੇ ਨਾਲ-ਨਾਲ ਕੁਦਰਤ ਤੇ ਮੌਸਮਾਂ ਨੇ ਵੀ ਆਪਣੀ ਚਾਲ ਬਦਲ ਲਈ ਹੈ। ਅਸੀਂ ਕੁਦਰਤ ਨੂੰ ਆਪਣੇ ਮੇਚ ਦੀ ਬਣਾਉਂਦੇ-ਬਣਾਉਂਦੇ ਉਹਦੇ ਰੰਗਾਂ ਨੂੰ ਬਦਰੰਗ ਬਣਾ ਦਿੱਤਾ ਹੈ, ਜਿਸ ਦਾ ਖਮਿਆਜ਼ਾ ਹੁਣ ਅਸੀਂ ਸਾਰੇ ਭੁਗਤ ਰਹੇ ਹਾਂ। ਪਹਾੜਾਂ ਨੂੰ ਕੱਟ-ਕੱਟ ਕੇ ਬਣਾਏ ਵੱਡੇ-ਵੱਡੇ ਹਾਈ-ਵੇ ਹੁਣ ਮਨੁੱਖਤਾ ਲਈ ਸਰਾਪ ਬਣ ਗਏ ਹਨ। ਪ੍ਰਸ਼ਾਸਕੀ ਖ਼ਾਮੀਆਂ ਵੀ ਮਨੁੱਖਤਾ ਨੂੰ ਢਾਹ ਲਾਉਂਦੀਆਂ ਹਨ। ਡਰੇਨਜ਼ ਵਿਭਾਗ ਤੇ ਹੋਰ ਸਾਰੇ ਵਿਭਾਗ ਆਪਣੇ-ਆਪਣੇ ਕੰਮ ਜ਼ਿੰਮੇਵਾਰੀ ਨਾਲ ਜੇ ਸਮੇਂ -ਸਮੇਂ ਸਿਰ ਨਿਭਾਉਂਦੇ ਜਾਣ ਤਾਂ ਰਾਹਾਂ ਸੁਖਾਲੀਆਂ ਹੋ ਜਾਣ। ਜਿੱਥੇ-ਜਿੱਥੇ ਜ਼ਰੂਰੀ ਸਨ ਨਦੀਆਂ ’ਤੇ ਬੰਨ੍ਹ ਲਗਾਉਣੇ, ਨਦੀਆਂ, ਨਾਲਿਆਂ ਦੀਆਂ ਸਫ਼ਾਈਆਂ, ਪਾਣੀਆਂ ਦੇ ਖ਼ਦਸ਼ਿਆਂ ਨੂੰ ਵੇਖਦੇ ਹੋਏ ਉਚੇਚੇ ਪ੍ਰਬੰਧ ਕਰਨੇ, ਜੇ ਇਹ ਸਮਾਂ ਰਹਿੰਦੇ ਸਭ ਕੁਝ ਹੋ ਜਾਂਦਾ ਤਾਂ ਬਰਬਾਦੀਆਂ ਦਾ ਇਹ ਮੰਜ਼ਰ ਨਾ ਦੇਖਣਾ ਪੈਂਦਾ।
ਆਓ ਕੁਦਰਤ ਦੀ ਸਦਾ ਸੰਭਾਲ ਕਰੀਏ, ਉਹਦੀ ਸੁੰਦਰਤਾ ਨੂੰ ਬਰਕਰਾਰ ਰੱਖੀਏ। ਕੁਦਰਤ ਦੀ ਕਰੋਪੀ ਕਈ ਵਾਰ ਝੱਲ ਚੁੱਕੇ ਹਾਂ। 2020 ਵਿੱਚ ਵੀ ਕਰੋਨਾ ਦੀ ਮਾਰ ਸੰਸਾਰ ਨੂੰ ਸਹਿਣੀ ਪਈ। ਉਦੋਂ ਜੋ ਸਥਿਤੀ ਪੂਰੇ ਜਗਤ ਦੀ ਹੋਈ, ਕਿਸੇ ਨੂੰ ਭੁੱਲੀ ਨਹੀਂ। ਸੋ ਆਓ ਕੁਦਰਤ ਨੂੰ ਸ਼ਿੰਗਾਰੀਏ, ਸੰਵਾਰੀਏ, ਬਹਾਰਾਂ ਖਿੜਾਈਏ ਤਾਂ ਕਿ ਸਾਰਾ ਆਲਾ ਦੁਆਲਾ ਸ਼ਾਂਤ, ਸੁਖਾਂਤ, ਖ਼ੁੁਸ਼ੀਆਂ-ਖੇੜਿਆਂ ਭਰਪੂਰ ਤੇ ਮਹਿਕਾਂ ਵੰਡਦਾ ਹੋਵੇ।
ਕਦਰਤ ਨੂੰ ਕੁਦਰਤ ਰਹਿਣ ਦਿਓ
ਨਾ ਇਹਨੂੰ ਬਰਬਾਦ ਕਰੋ।
ਰੱਬ ਦੀ ਬਖ਼ਸ਼ੀ ਇਹ ਦੌਲਤ
ਇਹਨੂੰ ਲੋਕੋ ਆਬਾਦ ਕਰੋ।
ਆਖ਼ਰ ਵਿੱਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਬੜੀ ਵਾਰੀ ਬਰਬਾਦ ਹੋਇਆ ਤੇ ਮੁੜ-ਮੁੜ ਆਬਾਦ ਵੀ ਹੋਇਆ। ਪੰਜਾਬ ਜਿਊਂਦਾ ਏ ਗੁਰਾਂ ਦੇ ਨਾਮ ’ਤੇ। ਪੰਜਾਬੀਆਂ ਨੂੰ ਮਾਣ ਹੈ ਆਪਣੇ ਡੌਲਿਆਂ ’ਤੇ, ਆਪਣੀ ਫ਼ਰਾਖ ਦਿਲੀ ’ਤੇ, ਆਪਣੇ ਦਰਿਆ ਦਿਲਾਂ ’ਤੇ, ਆਪਣੇ ਉੱਚ ਇਰਾਦਿਆਂ ’ਤੇ, ਸੱਚੇ ਵਾਅਦਿਆਂ ’ਤੇ...। ਇਹ ਹਾਰਦੇ ਨਹੀਂ...ਬੁਲੰਦ ਹੌਸਲੇ ਰੱਖਦੇ ਨੇ। ਇਨ੍ਹਾਂ ਦੀਆਂ ਆਸਾਂ ਦੇ ਆਸ਼ਿਆਨੇ ਫਿਰ ਤੋਂ ਉੱਸਰਨਗੇ, ਜਗਮਗਾਉਣਗੇ ਰੋਸ਼ਨੀਆਂ ਵੰਡਣਗੇ, ਮਨੁੱਖਤਾ ਦੇ ਭਲੇ ਲਈ ਫਿਰ ਤੋਂ ਡਟਣਗੇ...ਇਹ ਹਾਰਨਾ ਨਹੀਂ, ਜੇਤੂ ਬਣਨਾ ਜਾਣਦੇ ਨੇ। ਦਾਤਾ ਅੱਗੇ ਇਹੀ ਅਰਜ਼ ਕਰਾਂਗੀ;
ਬਦਲੇ ਨਾ ਕਦੇ ਮੌਸਮ
ਇੰਨਾ ਕਹਿਰ ਨਾ ਢਾਵੇ
ਬਰਬਾਦੀਆਂ ਨਾ ਏਦਾਂ
ਸੰਗ ਕਦੇ ਲਿਆਵੇ।
ਗੂੰਜਣ ਨਗ਼ਮੇ ਪਿਆਰਾਂ ਦੇ
ਪੌਣ ਵਗੇ ਮਤਵਾਲੀ
ਫੁੱਲਾਂ ਨਾਲ ਰਹਿਣ ਭਰੇ
ਹਰ ਰੁੱਖ ਤੇ ਡਾਲੀ
ਈ-ਮੇਲ: manjeetkaurambalvi@gmail.com