ਸਮਾਜ ਦਾ ਰੌਣਕਮਈ ਪਾਤਰ ‘ਛੜਾ ਜੇਠ’
ਨਿਰਮਲ ਸਿੰਘ ਦਿਉਲ
ਪੁਰਾਣੇ ਸਮੇਂ ਵਿੱਚ ਜਦੋਂ ਖੇਤੀ ਦਾ ਕੰਮ ਹੱਥੀਂ ਕਰਨਾ ਪੈਂਦਾ ਸੀ, ਨਵੀਆਂ ਤਕਨੀਕਾਂ ਦੀ ਘਾਟ ਸੀ, ਮਸ਼ੀਨੀ ਯੁੱਗ ਨਹੀਂ ਸੀ ਤਾਂ ਲੋਕ ਗੁਰਬਤ ਅਤੇ ਮੰਦਹਾਲੀ ਦਾ ਜੀਵਨ ਬਸਰ ਕਰਦੇ ਸਨ। ਪਰਿਵਾਰ ਵੱਡੇ ਹੁੰਦੇ ਸਨ ਕਿਉਂਕਿ ਹੱਥੀਂ ਕੰਮ ਕਰਨ ਲਈ ਆਦਮੀਆਂ ਦੀ ਲੋੜ ਹੁੰਦੀ ਸੀ। ਥੁੜ੍ਹੇ ਤੇ ਟੁੱਟੇ ਘਰਾਂ ਦਾ ਮੁੰਡਾ ਜਦੋਂ ਵਿਆਹ ਦੀ ਉਮਰ ਤੋਂ ਟੱਪਣ ਲੱਗਦਾ ਸੀ ਤਾਂ ਉਸ ਨੂੰ ਛੜੇ ਦੀ ਉਪਾਧੀ ਮਿਲ ਜਾਂਦੀ ਸੀ ਅਤੇ ਜੇ ਹੋਰ ਦੋ ਸਾਲ ਲੰਘਣ ਨਾਲ ਛੋਟੇ ਭਰਾ ਦਾ ਵਿਆਹ ਹੋ ਜਾਂਦਾ ਤਾਂ ਇਹ ਉਪਾਧੀ ਆਪਣੇ ਤੌਰ ’ਤੇ ‘ਛੜੇ ਜੇਠ’ ਦੇ ਖ਼ਿਤਾਬ ਵਿੱਚ ਬਦਲ ਜਾਂਦੀ ਸੀ।
ਛੋਟੇ ਭਰਾਵਾਂ ਦੇ ਵਿਆਹੇ ਜਾਣ ’ਤੇ ਛੜੇ ਜੇਠ ਦੀਆਂ ਰਹਿੰਦੀਆਂ-ਖੂੰਹਦੀਆਂ ਆਸਾਂ ਉਮੀਦਾਂ ’ਤੇ ਵੀ ਪੂਰੀ ਤਰ੍ਹਾਂ ਪਾਣੀ ਫਿਰ ਜਾਂਦਾ ਸੀ, ਬਾਕੀ ਰਹਿੰਦੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਦਿਸਦਾ ਸੀ। ਉਮੀਦਾਂ ਦੇ ਸਹਾਰੇ ਤੁਰ ਰਹੀ ਜ਼ਿੰਦਗੀ ਵਿੱਚ ਖੜੋਤ ਆ ਜਾਂਦੀ ਸੀ ਅਤੇ ਵਿਚਾਰਾ ਛੜਾ ਜੇਠ ਜਾਂ ਤਾਂ ਭਰਜਾਈ ਦੇ ਹੱਥਾਂ ਵੱਲ ਵੇਖਣ ਜਾਂ ਆਪਣੇ ਹੱਥ ਸਾੜ ਕੇ ਰੋਟੀਆਂ ਥੱਪਣ ਲਈ ਮਜਬੂਰ ਹੋ ਜਾਂਦਾ ਸੀ।
ਅਜਿਹੀਆਂ ਮਜਬੂਰੀਆਂ, ਲਾਚਾਰੀਆਂ, ਦੁਸ਼ਵਾਰੀਆਂ ਕਾਰਨ ਵੈਸੇ ਤਾਂ ਛੜਾ ਜੇਠ ਸਮਾਜ ਦੀਆਂ ਖ਼ਾਸ ਤੌਰ ’ਤੇ ਛੋਟੀ ਭਰਜਾਈ ਦੀਆਂ ਨਜ਼ਰਾਂ ਵਿੱਚ ਰਹਿਮ, ਤਰਸ ਅਤੇ ਵਿਚਾਰਗੀ ਦਾ ਪਾਤਰ ਬਣਨਾ ਚਾਹੀਦਾ ਸੀ, ਪਰ ਇਸ ਦੇ ਉਲਟ ਅਨੇਕਾਂ ਆਂਸਾਂ ਉਮੀਦਾਂ, ਉਮੰਗਾਂ ਨੂੰ ਸੀਨੇ ਵਿੱਚ ਦਫ਼ਨ ਕਰੀਂ ਬੈਠਾ ਇਹ ਅਧੂਰਾ ਪਾਤਰ ਘ੍ਰਿਣਾ ਦਾ ਪਾਤਰ ਹੀ ਰਿਹਾ ਹੈ।
ਜਿੱਥੇ ਦਿਉਰ ਭਰਜਾਈ ਦੀ ਜ਼ਿੰਦਗੀ ਨਿੱਕੇ ਨਿੱਕੇ ਹਾਸਿਆਂ ਮਖੌਲਾਂ, ਮਸ਼ਕਰੀਆਂ, ਝਹੇੜਾਂ ਦੇ ਸਹਾਰੇ ਵਧੀਆ ਗੁਜ਼ਰਦੀ ਹੈ, ਉੱਥੇ ਜੇਠ ਵੱਲੋਂ ਕਹੀ ਸਿੱਧੀ ਗੱਲ ਵੀ, ਮੱਤ ਵੀ ਭਰਜਾਈ ਘਰਵਾਲੇ ਕੋਲ ਇਸ ਤਰ੍ਹਾਂ ਬਿਆਨ ਕਰਦੀ;
ਟੁੱਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਦਿਸਦੇ ਤਾਰੇ
ਵੇ ਤੂੰ ਕਿੱਧਰ ਗਿਆ, ਜੇਠ ਬੋਲੀਆਂ ਮਾਰੇ।
ਪੁੰਨਿਆਂ ਦੇ ਚੰਨ ਜਿਹੇ ਹੁਸਨ ਵਾਲੀ ਭਰਜਾਈ ਦੇ ਮੁੱਖ ਦੀ ਇੱਕ ਝਲਕ, ਇੱਕ ਲਿਸ਼ਕਾਰੇ ਲਈ ਜੇ ਛੜਾ ਜੇਠ ਕਿਤੇ ਬਾਹਰੋਂ ਆਉਂਦਾ ਸਹਿ ਕੇ ਜਾਂ ਕੰਧ ਦੀ ਮੋਰੀ ਰਾਹੀਂ ਬਹਾਨਾ ਬਣਾ ਕੇ ਤੱਕਣ ਦੀ ਕੋਸ਼ਿਸ਼ ਕਰੇ ਤਾਂ ਭਰਜਾਈ ਇਸ ਦੀ ਸਜ਼ਾ ਇੱਕ ਲੋਕ ਗੀਤ ਦੀਆਂ ਸਤਰਾਂ ਵਿੱਚ ਇਸ ਤਰ੍ਹਾਂ ਨਿਸ਼ਚਤ ਕਰਦੀ;
ਜੇਠ ਗਲ਼ ਟੱਲ ਬੰਨ੍ਹ ਦਿਉ
ਘਰ ਵੜਦਾ ਖ਼ਬਰ ਨਹੀਂ ਕਰਦਾ।
ਛੋਟੀ ਭਰਜਾਈ ਵੱਲੋਂ ਕੱਢਿਆ ਘੁੰਡ ਛੜੇ ਜੇਠ ਨੂੰ ਆਪਣੇ ਤੇ ਭਰਜਾਈ ਵਿਚਕਾਰ ਚੀਨ ਦੀ ਦੀਵਾਰ ਜਾਪਦਾ ਹੈ ਅਤੇ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਕਈ ਵਾਰ ਭਰਜਾਈ ਨੂੰ ਲਾਲਚ ਵੀ ਦਿੰਦਾ;
ਪੰਜਾਂ ਦਾ ਫੜ ਲੈ ਨੋਟ ਨੀਂ
ਘੁੰਡ ਚੱਕਦੇ ਭਾਬੀ।
ਭਰਜਾਈ ਜਿੱਥੇ ਲਾਡਲੇ ਦਿਉਰ ਨੂੰ ਚੂਰੀਆਂ ਕੁੱਟ-ਕੁੱਟ ਖਵਾਉਂਦੀ, ਉੱਥੇ ਰੁੱਖੀਆਂ ਸੁੱਖੀਆਂ ਰੋਟੀਆਂ ਖਾ ਰਹੇ ਜੇਠ ਨੂੰ ਲੱਸੀ ਦੀ ਘੁੱਟ ਪਿਆਉਣ ਤੋਂ ਵੀ ਆਤਰ ਹੋ ਜਾਂਦੀ;
ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ
ਦਿਉਰ ਭਾਵੇਂ ਮੱਝ ਚੁੰਘ ਜੇ।
ਚਾਹੇ ਸਮਾਜ ਨੇ ਅਜਿਹੇ ਸਖ਼ਤ ਕਾਨੂੰਨ ਬਣਾਏ ਸਨ ਕਿ ਜੇਠ ਭਰਜਾਈ ਵਿੱਚ ਵਿੱਥ ਰਹਿ ਸਕੇ, ਪਰ ਫਿਰ ਵੀ ਕਈ ਵਾਰ ਪਰਿਵਾਰਕ ਥੁੜ੍ਹਾਂ ਦੋਹਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਲਈ ਮਜਬੂਰ ਕਰ ਦਿੰਦੀਆਂ ਸਨ;
ਛੜਾ ਜੇਠ ਕੁਤਰਾ ਕਰੇ
ਘੁੰਡ ਕੱਢ ਕੇ ਚਰ੍ਹੀ ਦਾ ਰੁੱਗ ਲਾਵਾਂ।
ਕਈ ਨਰਮ ਸੁਭਾਅ ਦੇ ਲੋਕ ਨਿੱਤ ਦੇ ਕਲੇਸ਼ ਤੋਂ ਕਿਨਾਰਾ ਕਰਕੇ ਹੱਥੀਂ ਰੋਟੀਆਂ ਥੱਪਣ ਲੱਗ ਜਾਂਦੇ ਸਨ, ਪਰ ਫਿਰ ਵੀ ਭਰਜਾਈ ਨਾਲ ਪਾਣੀ ਭਰਦਿਆਂ ਖੂਹ ਟੋਭੇ ਦੀ ਸਾਂਝ ਤਾਂ ਰਹਿ ਜਾਂਦੀ ਸੀ;
ਨੀਂ ਚੁਕਾਈਂ ਭਾਗਵਾਨੇ ਨੀਂ
ਘੜਾ ਜੇਠ ਨੂੰ।
ਕਈ ਖਾੜਕੂ ਸੁਭਾਅ ਦੇ ਛੜੇ ਜੇਠ ਭਰਜਾਈਆਂ ਨਾਲ ਇੱਟ ਖੜਿੱਕਾ ਵੀ ਲੈਂਦੇ ਰਹਿੰਦੇ ਸਨ ਜਿਸ ਤੋਂ ਮਜਬੂਰ ਹੋ ਕੇ ਛੜੇ ਜੇੇਠ ਦਾ ਛੋਟਾ ਭਰਾ ਘਰਵਾਲੀ ਨੂੰ ਸਮਝਾਉਂਦਾ;
ਮੈਂ ਅੱਧ ਵੰਡਾ ਲਉਂ ਘਰ ਵਿੱਚੋਂ
ਕੱਲ੍ਹ ਭਰੀ ਪੰਚੈਤ ’ਚ ਕਹਿ ਆਇਆ।
ਤਾਂ ਘਰਵਾਲੀ ਉਸ ਨੂੰ ਬਿਗਾਨੀ ਸਮਝਣ ਦਾ ਨਿਹੋਰਾ ਮਾਰਦੀ;
ਰਿਹਾ ਕੋਲ ਤੂੰ ਖੜ੍ਹਾ
ਵੇ ਮੈਂ ਜੇਠ ਨੇ ਕੁੱਟੀ।
ਆਪਣੇ ਵੱਲ ਜੇਠ ਪ੍ਰਤੀ ਇੱਜ਼ਤ ਦੀ ਕਦਰ ਨਾ ਹੁੰਦਿਆਂ ਦੁਰਸੀਸ ਦਿੰਦੀ;
ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗ ਜੇ
ਸਣੇ ਪਜਾਮੇ ਕੋਟ।
ਸਾਡੇ ਕੲਂੀ ਦਹਾਕੇ ਪਹਿਲਾਂ ਕੋਠਿਆਂ ’ਤੇ ਮੰਜੇ ਜੋੜ ਕੇ ਲੱਗਦੇ ਸਪੀਕਰਾਂ ’ਤੇ ਦੋਗਾਣੇ ਅਤੇ ਗੀਤ ਵੀ ਅਜਿਹੀਆਂ ਪਰਿਵਾਰਕ ਮਜਬੂਰੀਆਂ, ਥੁੜ੍ਹਾਂ, ਲੋੜਾਂ ਅਤੇ ਅਰਮਾਨਾਂ ਨੂੰ ਬਾਖੂਬੀ ਬਿਆਨ ਕਰਦੇ ਸਨ। ਕੁੱਝ ਵੀ ਹੋਵੇ, ਛੜਾ ਜੇਠ ਸਮਾਜ ਦਾ ਅਜਿਹਾ ਪਾਤਰ ਸੀ, ਜਿਸ ਦੀ ਹੋਂਦ ਵਿਆਹ ਸ਼ਾਦੀਆਂ, ਤੀਆਂ, ਘਰਾਂ, ਮੇਲਿਆਂ, ਸੱਥਾਂ, ਪੰਚਾਇੰਤਾਂ ਦੇ ਇਕੱਠਾਂ ਨੂੰ ਰੌਣਕਮਈ ਬਣਾਈ ਰੱਖਦੀ ਸੀ। ਆਪਣੇ ਸੀਨੇ ਵਿੱਚ ਅਧੂਰੀ ਜ਼ਿੰਦਗੀ ਦੇ ਸੱਲ ਨੂੰ ਦਬਾ ਕੇ ਇਹ ਪਾਤਰ ਫਿਰ ਵੀ ਆਪਣੇ ਪਰਿਵਾਰ, ਸ਼ਰੀਕੇ, ਖਾਨਦਾਨ, ਪਿੰਡ, ਰਿਸ਼ਤੇਦਾਰਾਂ ਬਾਰੇ ਸੋਚਦਾ ਸੀ ਅਤੇ ਜੇ ਕੋਈ ਦੂਰੋਂ ਨੇੜਿਓਂ ਮੁੱਲ ਦੀ ਤੀਵੀਂ ਲਿਆਉਣ ਦੀ ਰਾਇ ਦਿੰਦਾ ਤਾਂ ਪਰਿਵਾਰ ਤੇ ਖਾਨਦਾਨ ਦਾ ਨੱਕ ਵੱਢੇ ਜਾਣ ਡਰੋਂ ਸਪੱਸ਼ਟ ਜਵਾਬ ਦੇ ਦਿੰਦਾ ਸੀ। ਇਸ ਸਭ ਵਿਚਕਾਰ ਪਤਾ ਲੱਗਦਾ ਹੈ ਕਿ ਅਕਸਰ ਛੜੇ ਜੇਠਾਂ ਨੇ ਕੋਈ ਮੁਜ਼ਰਮਾਨਾ ਗ਼ਲਤੀਆਂ ਨਹੀਂ ਕੀਤੀਆਂ, ਇਹ ਬਸ ਨਿੱਕੇ-ਨਿੱਕੇ ਹਾਸੇ, ਝਹੇੜਾਂ, ਲਤੀਫੇ, ਛੇੜਛਾੜਾਂ ਅਤੇ ਗੱਲਾਂ-ਬਾਤਾਂ ਨਾਲ ਆਪਣੀ ਜ਼ਿੰਦਗੀ ਨੂੰ ਰੌਚਿਕ ਅਤੇ ਦਿਲਚਸਪ ਬਣਾਉਣ ਲਈ ਯਤਨਸ਼ੀਲ ਰਹਿੰਦਾ ਸੀ।
ਪਿਛਲੇ ਕੁੱਝ ਸਮੇਂ ਤੋਂ ਵਧਦੀ ਆਬਾਦੀ ਨੂੰ ਠੱਲ੍ਹ ਪਾਉਣ ਦੇ ਨਾਂ ’ਤੇ ਸਰਕਾਰੀ ਪ੍ਰਚਾਰ ਤਹਿਤ ਅਤੇ ਜ਼ਮੀਨਾਂ ਥੋੜ੍ਹੀਆਂ ਰਹਿਣ ਕਾਰਨ ਪਰਿਵਾਰ ਸੁੰਗੜਨ ਲੱਗ ਗਏ ਹਨ, ਹਰ ਪਰਿਵਾਰ ਵਿੱਚ ਤਕਰੀਬਨ ਇੱਕ ਹੀ ਪੁੱਤ ਤੇ ਧੀ ਦਾ ਰਿਵਾਜ ਰਹਿ ਗਿਆ ਹੈ। ਵਿਗਿਆਨਕ ਤਰੱਕੀ ਅਤੇ ਮਸ਼ੀਨੀ ਕਾਢਾਂ ਨਾਲ ਲੋੜਾਂ, ਥੁੜ੍ਹਾਂ, ਮਜਬੂਰੀਆਂ ’ਤੇ ਵੀ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਇਨ੍ਹਾਂ ਤਬਦੀਲੀਆਂ ਕਾਰਨ ਸਮਾਜ ਦਾ ਅਹਿਮ ‘ਰੰਗੀਲਾ ਅਤੇ ਰੌਣਕਮਈ ਪਾਤਰ’ ਤਕਰੀਬਨ ਸਮਾਜ ਅਤੇ ਪਰਿਵਾਰਾਂ ਵਿੱਚੋਂ ਲੋਪ ਹੋ ਚੁੱਕਾ ਹੈ।
ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਛੜੇ ਜੇਠ ਦੇ ਗੁਣਾਂ, ਔਗੁਣਾਂ, ਰਹਿਣ-ਸਹਿਣ ਦੇ ਢੰਗ, ਜੀਵਨ ਜਿਊਣ ਦੀਆਂ ਮਜਬੂਰੀਆਂ, ਉਸ ਦੀਆਂ ਅਧੂਰੀਆਂ ਉਮੰਗਾਂ, ਅਰਮਾਨਾਂ ਦੀਆਂ ਬਾਤਾਂ ਅਤੇ ਲਤੀਫੇਬਾਜ਼ੀਆਂ ਜਿਹੀਆਂ ਕਹਾਣੀਆਂ ਪੁਰਾਣੇ ਤਵਿਆਂ ਵਾਲੇ ਗੀਤਾਂ, ਦੋਗਾਣਿਆਂ, ਪੁਰਾਣੇ ਨਾਵਲਾਂ, ਕਹਾਣੀਆਂ, ਲਿਖਤਾਂ ਤੋਂ ਹੀ ਜਾਣਕਾਰੀ ਦੇ ਰੂਪ ਵਿੱਚ ਪ੍ਰਾਪਤ ਕਰਿਆ ਕਰਨਗੀਆਂ।
ਸੰਪਰਕ: 94171-04961