DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪੋ-ਆਪਣੇ ਮਨ ਦੀ ਬਸੰਤ

ਅਜੀਤ ਸਿੰਘ ਚੰਦਨ ਇਨਸਾਨ ਬਚਪਨ ਤੋਂ ਲੈ ਕੇ ਆਖਰੀ ਉਮਰ ਤੀਕ ਕਿੰਨੀਆਂ ਬਸੰਤ ਰੁੱਤਾਂ ਭੋਗਦਾ ਹੈ? ਕੁਦਰਤ ਦੇ ਅਟੱਲ ਨਿਯਮ ਅਨੁਸਾਰ ਰੁੱਤਾਂ ਬਦਲਦੀਆਂ ਰਹਿੰਦੀਆਂ ਹਨ, ਪਰ ਇਨਸਾਨ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਇਨ੍ਹਾਂ ਰੁੱਤਾਂ ਤੋਂ ਅਣ-ਭਿੱਜ ਰਹਿ ਕੇ ਗੁਜ਼ਾਰੀ ਜਾਂਦਾ...
  • fb
  • twitter
  • whatsapp
  • whatsapp
Advertisement

ਅਜੀਤ ਸਿੰਘ ਚੰਦਨ

Advertisement

ਇਨਸਾਨ ਬਚਪਨ ਤੋਂ ਲੈ ਕੇ ਆਖਰੀ ਉਮਰ ਤੀਕ ਕਿੰਨੀਆਂ ਬਸੰਤ ਰੁੱਤਾਂ ਭੋਗਦਾ ਹੈ? ਕੁਦਰਤ ਦੇ ਅਟੱਲ ਨਿਯਮ ਅਨੁਸਾਰ ਰੁੱਤਾਂ ਬਦਲਦੀਆਂ ਰਹਿੰਦੀਆਂ ਹਨ, ਪਰ ਇਨਸਾਨ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਇਨ੍ਹਾਂ ਰੁੱਤਾਂ ਤੋਂ ਅਣ-ਭਿੱਜ ਰਹਿ ਕੇ ਗੁਜ਼ਾਰੀ ਜਾਂਦਾ ਹੈ। ਕਈ ਵਾਰ ਤਾਂ ਕਿਸੇ ਰੁੱਤ ਦੇ ਲੰਘਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਕਿਹੜੀ ਰੁੱਤ ਆਈ ਤੇ ਫਿਰ ਕਿਹੜੀ ਹੋਰ ਰੁੱਤ ਬੀਤ ਕੇ ਚਲੀ ਵੀ ਗਈ। ਜ਼ਿੰਦਗੀ ਦੀ ਕਰੂਰਤਾ ਤੇ ਬੋਝਲਤਾ ਕਾਰਨ ਹੀ ਇਨਸਾਨ ਦੀ ਜ਼ਿੰਦਗੀ ਕਈ ਵਾਰ ਬੇ-ਢਬੀ ਹੋ ਕੇ ਗੁਜ਼ਰਦੀ ਰਹਿੰਦੀ ਹੈ। ਇਨਸਾਨ ਇਸ ਗੁਜ਼ਾਰ ਰਹੀ ਜ਼ਿੰਦਗੀ ਨੂੰ ਬਸ ਬਸਰ ਕਰੀ ਜਾਂਦਾ ਹੈ। ਇੰਜ ਹੀ ਜਿਵੇਂ ਸਾਰੀਆਂ ਰੁੱਤਾਂ ਆਪਣੇ-ਆਪਣੇ ਠੱਪੇ ਇਨਸਾਨ ਦੀ ਜ਼ਿੰਦਗੀ ’ਤੇ ਲਗਾ ਕੇ ਲੰਘੀ ਜਾਂਦੀਆਂ ਹੋਣ ਤੇ ਇਨਸਾਨ ਇੱਕ ਰੁੱਖ ਦੀ ਤਰ੍ਹਾਂ ਉਜਾੜ-ਬੀਆਬਾਨ ਵਰਗੀ ਜ਼ਿੰਦਗੀ ਗੁਜ਼ਾਰ ਕੇ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਵਿਦਾ ਹੋ ਜਾਂਦਾ ਹੈ। ਉਸ ਨੂੰ ਇਸ ਗੱਲ ਦਾ ਅਭਾਸ ਤੱਕ ਨਹੀਂ ਹੁੰਦਾ ਕਿ ਕਿਹੜੀ ਰੁੱਤ ਦਾ ਲਿਬਾਸ ਕਿਹੋ ਜਿਹਾ ਹੈ। ਰੁੱਤਾਂ ਦੇ ਰੰਗ ਕਿਹੋ ਜਿਹੇ ਹਨ ਜਾਂ ਪੰਛੀਆਂ ਦੀਆਂ ਬੋਲੀਆਂ ਕਿੰਨੀਆਂ ਮਿੱਠੀਆਂ ਹਨ। ਪਹਾੜਾਂ ਤੋਂ ਵਹਿੰਦੇ ਨੀਰ ਕਿੰਨੇ ਦਿਲ ਲੁਭਾਉਣੇ ਹਨ ਤੇ ਝਰਨੇ, ਆਬਸ਼ਾਰਾਂ ਦੇ ਰੰਗ ਕਿਵੇਂ ਵਿਸਮਾਦ ’ਚ ਰੰਗੇ ਸਾਰੀ ਕਾਇਨਾਤ ਨੂੰ ਰੰਗੀ ਜਾ ਰਹੇ ਹਨ।

ਕਿਵੇਂ ਤਰ੍ਹਾਂ-ਤਰ੍ਹਾਂ ਦੇ ਫੁੱਲ, ਬਨਸਪਤੀ ਤੇ ਚੀਲ, ਦਿਉਦਾਰ ਦੇ ਦਰੱਖਤ ਇਸ ਧਰਤੀ ਦੀ ਸ਼ੋਭਾ ਬਣ ਕੇ ਰੰਗ-ਭਾਗ ਲਗਾ ਰਹੇ ਹਨ। ਗੱਲ ਕੀ, ਧਰਤੀ ਦਾ ਇੱਕ-ਇੱਕ ਕਿਣਕਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੁਦਰਤ ਦੇ ਅਨਮੋਲ ਖ਼ਜ਼ਾਨੇ ਕਿੰਜ ਇਨ੍ਹਾਂ ਪਰਬਤਾਂ ਨਾਲ ਆਫ਼ਰੇ ਪਏ ਹਨ ਤੇ ਕੋਈ ਪਾਰਖੂ ਅੱਖ ਹੀ ਇਨ੍ਹਾਂ ਅਨਮੋਲ ਖ਼ਜ਼ਾਨਿਆਂ ਨਾਲ ਆਪਣੀ ਝੋਲੀ ਭਰ ਸਕਦੀ ਹੈ। ਕੋਈ ਦਿਲਾਂ ਦਾ ਆਸ਼ਕ ਹੀ ਇਸ ਕੁਦਰਤ ਦੇ ਗੁੱਝੇ ਭੇਤ ਨੂੰ ਜਾਣ ਕੇ ਰੁੱਖਾਂ, ਬੂਟਿਆਂ ਦੀ ਸੁੰਦਰਤਾ ਨੂੰ ਆਪਣੇ ਮਨ ਵਿੱਚ ਵਸਾ ਕੇ ਇਨ੍ਹਾਂ ਦੀ ਸੁੰਦਰਤਾ ਨੂੰ ਡੀਕਾਂ ਲਾ ਕੇ ਪੀ ਵੀ ਸਕਦਾ ਹੈ। ਵਣਾਂ ਵਿੱਚ ਗਾਉਂਦੀਆਂ ਚਿੜੀਆਂ, ਘੁੱਗੀਆਂ ਤੇ ਗੁਟਾਰਾਂ ਕਿਸੇ ਕੁਦਰਤੀ ਭੇਤ ਦੇ ਖ਼ਜ਼ਾਨਿਆਂ ਨੂੰ ਹੀ ਆਪਣੀ ਬੋਲੀ ’ਚ ਨਿਰੂਪਤ ਕਰ ਰਹੀਆਂ ਹਨ। ਹਿਰਨ-ਹਿਰਨੀਆਂ ਦੇ ਝੁੰਡ ਵੀ ਵਣ-ਲੀਲ੍ਹਾ ਦੀ ਖ਼ੁਸ਼ਬੂ ਸੁੰਘ ਕੇ ਹੀ ਆਪਣੇ ਆਪ ਨੂੰ ਭੁੱਲੇ, ਇਨ੍ਹਾਂ ਜੰਗਲੀ ਥਾਵਾਂ ਦੀ ਲੀਲ੍ਹਾ ਨੂੰ ਮਾਣ ਰਹੇ ਹਨ। ਕੁਦਰਤ ਦਾ ਪੱਤਾ-ਪੱਤਾ ਬੋਲ ਕੇ ਕਿਸੇ ਰਸ-ਲੀਲ੍ਹਾ ਦੀ ਆਰਤੀ ਉਤਾਰਦਾ ਹੈ। ਇਨ੍ਹਾਂ ਖਾਮੋਸ਼ ਝਰਨਿਆਂ, ਆਬਸ਼ਾਰਾਂ ਤੇ ਪਹਾੜਾਂ ਦੀ ਸੁੰਦਰਤਾ ਦਾ ਗੁਣਗਾਨ ਕਰਦਾ ਹੈ। ਫਿਰ ਅਜਿਹੀ ਸੁੰਦਰਤਾ ਦਾ ਰਸ ਪੀਣ ਲਈ ਇਨਸਾਨ ਪਿੱਛੇ ਕਿਉਂ?

ਕੀ ਅੱਜ ਦੇ ਇਨਸਾਨ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਹੈ ਜਾਂ ਆਧੁਨਿਕਤਾ ਦੀ ਚਕਾਚੌਂਧ ਨੇ ਹੀ ਉਸ ਨੂੰ ਅੰਨ੍ਹਾ ਕਰ ਦਿੱਤਾ ਹੈ। ਮਾਇਆਧਾਰੀ ਹੋਇਆ ਇਨਸਾਨ, ਜਿੱਥੇ ਆਪਣੀ ਅਮੀਰ ਵਿਰਾਸਤ, ਪਰੰਪਰਾ ਤੇ ਪੰਜਾਬੀ ਰਹਿਤਲ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ; ਉੱਥੇ ਅਖੌਤੀ ਆਧੁਨਿਕਤਾ ਦੀ ਆੜ ’ਚ ਭੁੱਲਿਆ ਆਪਣੇ-ਆਪ ਨੂੰ ਅਨੁਭਵਾਂ ਤੋਂ ਸੱਖਣਾ ਕਰਕੇ, ਨਿਰੋਲ ਰੋਬੋਟ ਵਾਂਗ ਮਕੈਨਕੀ ਵੀ ਬਣਦਾ ਜਾ ਰਿਹਾ ਹੈ। ਇਸ ਮਸ਼ੀਨੀ ਯੁੱਗ ਦੀ ਮਸ਼ੀਨਤਾ ਨੇ ਉਸ ਨੂੰ ਅਜਿਹਾ ਘੇਰਾ ਪਾਇਆ ਹੈ ਕਿ ਉਹ ਮਹਿਸੂਸਣ, ਜਾਣਨ, ਪਰਖਣ ਤੇ ਕੁਦਰਤੀ ਖ਼ੁਸ਼ੀਆਂ ਦੇ ਖ਼ਜ਼ਾਨਿਆਂ ਤੋਂ ਸਦਾ ਲਈ ਵਿਰਵਾ ਹੁੰਦਾ ਜਾ ਰਿਹਾ ਹੈ। ਮਨੁੱਖ ਦੇ ਰੁਝੇਵੇਂ ਹੀ ਅਜਿਹੇ ਬਣ ਗਏ ਹਨ ਕਿ ਮਾਂ-ਬਾਪ ਦੀ ਅਸੀਸ ਲੈਣੀ ਵੀ ਭੁੱਲ ਗਿਆ ਹੈ। ਭੈਣ-ਭਰਾਵਾਂ ਵਾਲੀ ਡੂੰਘੀ ਧੜਕਣ ਅੱਜ ਕਿਧਰੇ ਮਹਿਸੂਸ ਨਹੀਂ ਹੁੰਦੀ। ਅੱਜ ਦੇ ਇਸ ਯੁੱਗ ਵਿੱਚ ਇਸ ਅੰਨ੍ਹੀ ਦੌੜ ਵਿੱਚ ਦੌੜਦਾ ਇਨਸਾਨ ਹਫਿਆ, ਹਾਰਿਆ ਤੇ ਉਦਾਸ ਜਿਹਾ ਮਹਿਸੂਸ ਕਰਦਾ ਹੈ। ਕਈ ਵਾਰ ਤਾਂ ਉਸ ਦੇ ਬੋਲ ਹੀ ਇਸ ਖੋਖਲੇ ਜੀਵਨ ਦੀ ਸ਼ਾਅਦੀ ਭਰ ਰਹੇ ਹਨ।

ਜ਼ਿੰਦਗੀ ਦੀ ਗਾਗਰ ਖ਼ਾਲੀ ਨਜ਼ਰ ਆਉਂਦੀ ਹੈ। ਰਸ, ਸੁਗੰਧ, ਲੀਨਤਾ ਤੇ ਸੁਰਤਾਲ ਤੋਂ ਸੱਖਣਾ ਇਨਸਾਨ ਕਿਵੇਂ ਬਸੰਤ ਰੁੱਤ ਦੇ ਪਹਿਰਨ ਅੱਖਾਂ ਵਿੱਚ ਵਸਾ ਸਕਦਾ ਹੈ। ਕਿਵੇਂ ਭਿੰਨੀ-ਭਿੰਨੀ ਰੁੱਤ ਦੀ ਬਸੰਤੀ ਧੁੱਪ ਨੂੰ ਆਪਣੇ ਹੱਥਾਂ ਨੂੰ ਛੁਹਾ ਕੇ ਮਸਤਕ ਨੂੰ ਛੂਹ ਸਕਦਾ ਹੈ। ਕਿਵੇਂ ਖਿੜੇ ਫੁੱਲਾਂ ਦੀ ਬਹਾਰ ਉਸ ਨੂੰ ਖ਼ੁਸ਼ੀਆਂ ਦੇ ਉਪਹਾਰ ਪੇਸ਼ ਕਰ ਸਕਦੀ ਹੈ, ਜਦੋਂ ਕਿ ਉਸ ਦੀ ਸੁਰਤੀ ਵਿੱਚੋਂ ਹੀ ਫੁੱਲ, ਬੂਟੇ, ਝਰਨੇ ਤੇ ਆਬਸ਼ਾਰਾਂ ਗਾਇਬ ਹੋ ਚੁੱਕੀਆਂ ਹਨ। ਬਸੰਤ ਰੁੱਤ ਰੰਗੀ ਧਰਤੀ ’ਦੇ ਕਣ-ਕਣ ਦੀ ਖ਼ੁਸ਼ਬੂ ਤਾਂ ਉਹ ਕਿਵੇਂ ਅਨੁਭਵ ਕਰੇ। ਇਸ ਵਿੱਚ ਸਾਹ ਲਵੇ ਤੇ ਖ਼ੁਸ਼ਬੂ ਨੂੰ ਮਾਣ ਵੀ ਸਕੇ। ਕਿਵੇਂ ਪਿੰਡਾਂ ’ਚ ਘੁਲਾੜੀਆਂ ’ਚ ਪੀੜੇ ਜਾਂਦੇ ਗੰਨੇ ਦਾ ਰਸ ਤੇ ਪੱਕਦਾ ਗੁੜ ਉਸ ਦੀ ਬਿਰਤੀ ਵਿੱਚ ਆਪਣੇ ਵਰਗਾ ਹੀ ਰਸ ਘੋਲ ਸਕਦਾ ਹੈ। ਗੁੜ ਦੀ ਮਿੱਠੀ-ਮਿੱਠੀ ਮਹਿਕ ਇਸ ਨੂੰ ਮਹਿਕਾ ਵੀ ਸਕਦੀ ਹੈ।

ਅੱਜ ਦਾ ਇਹ ਢੋਲ-ਢਮੱਕਾ ਤੇ ਤਰ੍ਹਾਂ-ਤਰ੍ਹਾਂ ਦੇ ਵਾਜੇ-ਗਾਜੇ ਓਨਾ ਚਿਰ ਨਿਰਮੂਲ ਹੋ ਕੇ ਰਹਿ ਜਾਂਦੇ ਹਨ ਜਿੰਨਾ ਚਿਰ ਇਨਸਾਨ ਦਾ ਮਨ ਇਨ੍ਹਾਂ ਦੀ ਸੁਰੀਲੀ ਗੂੰਜ ’ਚ ਨਾ ਭਿੱਜਿਆ ਹੋਵੇ ਤੇ ਜਿੰਨਾ ਚਿਰ ਇਨਸਾਨ ਦੇ ਅੰਦਰਲੇ ਮਨ ਦੇ ਸੁਰਤਾਲ ਇਨ੍ਹਾਂ ਆਵਾਜ਼ਾਂ ਵਿੱਚ ਨਾ ਬੱਝੇ ਹੋਣ। ਜਿੰਨਾ ਚਿਰ ਮਨ ਵਿੱਚ ਖੇੜਾ ਨਹੀਂ ਵੱਸਦਾ, ਮਨ ਵਿੱਚ ਖ਼ੁਸ਼ੀਆਂ ਪੈਲਾਂ ਨਹੀਂ ਪਾਉਂਦੀਆਂ ਓਨਾ ਚਿਰ ਜੰਗਲ ਦਾ ਮੋਰ ਭਾਵੇਂ ਕਿੰਨੀ ਵੀ ਸੋਹਣੀ ਪੈਲ ਪਾ ਲਵੇ; ਇਨਸਾਨ ਦਾ ਮਨ ਖਾਲੀ ਖਾਲੀ ਹੀ ਰਹੇਗਾ। ਕਿਸੇ ਆਜੜੀ ਲੜਕੇ ਦੀ ਬੰਸਰੀ ਦੀ ਧੁੰਨ ਵੀ ਅਜਿਹੇ ਕੰਨਾਂ ’ਤੇ ਕੋਈ ਅਸਰ ਨਹੀਂ ਕਰ ਸਕਦੀ, ਜਿੰਨਾ ਚਿਰ ਕੰਨਾਂ ਵਿੱਚ ਅਜਿਹੀ ਤਾਂਘ ਨਾ ਵੱਸੀ ਹੋਵੇ ਤੇ ਰਸ-ਭਿੰਨਾ ਹੁਲਾਰ ਮਨ ’ਤੇ ਨਾ ਵਸੇ ਰਸੇ। ਮਨ ਦੇ ਚਿੱਤਰਪੱਟ ’ਤੇ ਕੋਈ ਅਣ-ਦਿੱਖ ਚਿੱਤਰਕਾਰੀ ਨਾ ਕੀਤੀ ਹੋਵੇ। ਦਿਲ ਦੇ ਰੰਗ ਪਿਆਰ-ਰਸ ’ਚ ਨਾ ਭਿੱਜੇ ਹੋਣ। ਇਸੇ ਲਈ ਸਿਆਣਿਆਂ ਨੇ ਕਿਹਾ ਹੈ ਕਿ ਮਨ ਨੂੰ ਆਪਣੇ ਕਾਬੂ ’ਚ ਰੱਖੋ ਤੇ ਮਨ ’ਤੇ ਤੁਹਾਡੀ ਆਪਣੀ ਪੂਰੀ ਕਮਾਂਡ ਵੀ ਹੋਵੇ। ਅਜਿਹਾ ਨਾ ਹੋਵੇ ਕਿ ਤੁਹਾਡਾ ਮਨ ਬਾਂਦਰ ਵਾਂਗ, ਗਲੀ-ਗਲੀ ਭਟਕਦਾ ਫਿਰੇ ਤੇ ਨਕਲਾਂ ਲਾਈ ਜਾਵੇ। ਤੁਹਾਨੂੰ ਇਸ ਗੱਲ ਦਾ ਅਹਿਸਾਸ ਤੱਕ ਨਾ ਹੋਵੇ ਕਿ ਮਨ ਹੈ ਕਿੱਥੇ?

ਵਜੂਦ ਤਾਂ ਬਸ ਨਿਰੀ ਮਿੱਟੀ ਦੀ ਢੇਰੀ ਹੈ। ਜੇ ਇਸ ’ਚ ਮਨ ਹੀ ਨਹੀਂ ਵੱਸਦਾ ਤਾਂ ਵਜੂਦ ਦੀ ਕੀ ਪਛਾਣ। ਤੁਹਾਡੇ ਮਨ ਨੇ ਹੀ ਇਸ ਸੁੰਦਰ ਕੱਦ-ਬੁੱਤ ਨੂੰ ਰੂਹਾਨੀਅਤ ਬਖ਼ਸ਼ਣੀ ਹੈ। ਤੁਹਾਡੇ ਚਿਹਰੇ ਦਾ ਨਿਖਾਰ ਤੇ ਪਸਾਰ, ਸਭ ਮਨ ਦੀ ਕਰਾਮਾਤ ਹੀ ਹੈ। ਜਿੱਥੇ ਮਨ ਸਿਧਾਏ ਹੋਏ ਹੋਣ, ਉੱਥੇ ਮੁੱਖੜੇ ਆਪਣੇ ਆਪ ਹੀ ਫੁੱਲਾਂ ਦੀ ਕਿਆਰੀ ਬਣ-ਬਣ ਪੈਂਦੇ ਹਨ। ਉੱਥੇ ਤਾਂ ਤੁਸੀਂ ਕਿਸੇ ਯੁੱਗ-ਪੁਰਸ਼ ਦੀ ਰੂਹਾਨੀਅਤ ਵੇਖ ਕੇ ਹੀ ਹੈਰਾਨ ਹੋ ਜਾਂਦੇ ਹੋ। ਯੋਗੀ, ਸੰਨਿਆਸੀ, ਪੀਰ-ਪੈਗੰਬਰ, ਨਬੀ, ਅਵਤਾਰ, ਆਪਣੇ ਸੁੰਦਰ ਨਰੋਏ ਤੇ ਬੇ-ਦਾਗ਼ ਮਨ ਨਾਲ ਹੀ ਖ਼ੂਬਸੂਰਤ ਲੱਗਦੇ ਹਨ। ਫਿਰ ਇਹ ਤੁਹਾਡੀ ਰੂਹਾਨੀਅਤ ਤੇ ਮਸਤੀ ਦਾ ਆਲਮ ਹੀ ਹੈ ਕਿ ਇਸ ਬੇਅੰਤ ਅਮੀਰੀ ਕਾਰਨ ਤੁਸੀਂ ਬਸੰਤ ਨੂੰ ਵੇਖਦੇ, ਮਾਣਦੇ ਜਾਂ ਜਾਣਨ ਤੱਕ ਹੀ ਮਹਿਮੂਦ ਨਹੀਂ ਰਹਿੰਦੇ ਸਗੋਂ ਖ਼ੁਦ ਬਸੰਤ ਬਣ ਜਾਂਦੇ ਹੋ।

ਜਦੋਂ ਬਸੰਤ ਰੁੱਤ ਦੀ ਆਭਾ ’ਚ ਰੰਗੇ ਤੁਹਾਡੇ ਮਨ-ਹਿਰਦੇ ਦੀ ਪਛਾਣ ਬਸੰਤ ਬਣ ਜਾਵੇ ਤਾਂ ਇਸ ਤੋਂ ਵੱਡੀ ਹੋਰ ਕਿਹੜੀ ਖ਼ੁਸ਼ੀ ਹੋ ਸਕਦੀ ਹੈ। ਬਸੰਤ ਰੁੱਤ ਦੀ ਸ਼ੋਭਾ ਇਸ ਕਾਰਨ ਵੀ ਵਧੇਰੇ ਹੈ ਕਿ ਪੂਰੀ ਬਨਸਪਤੀ ਇਸ ਰੁੱਤ ’ਚ ਖਿੜੀ ਹੁੰਦੀ ਹੈ। ਫੁੱਲਾਂ ਤੋਂ ਝਰਦਾ ਰੰਗ ਤੁਹਾਡੇ ਮਨ ਦਾ ਰੰਗ ਬਣ ਜਾਂਦਾ ਹੈ। ਰੁੱਖਾਂ, ਬੂਟਿਆਂ ਦੀਆਂ ਕੋਮਲ ਪੱਤੀਆਂ ਤੁਹਾਡੇ ਮਨਾਂ ’ਚ ਵੀ ਆਪਣੀ ਕੋਮਲਤਾ ਘੋਲ ਦਿੰਦੀਆਂ ਹਨ। ਤਿੱਤਰ/ਮੋਰ ਦੇ ਮੁਕਟ ਤੁਹਾਡੇ ਆਪਣੇ ਮੋਰ-ਮੁਕਟ ਵੀ ਹੋ ਸਕਦੇ ਹਨ।

ਇਸ ਵੱਸਦੀ-ਰਸਦੀ ਦੁਨੀਆ ਦੇ ਰੰਗ ਮਾਣਨ ਲਈ ਇਨਸਾਨ ਨੂੰ ਪਹਿਲਾਂ ਆਪਣੇ ਮਨ ਨੂੰ ਸੁਰ-ਤਾਲ ’ਚ ਕਰਨਾ ਪਵੇਗਾ। ਤਦ ਹੀ ਸੁਰਤਾਲ ਵਿੱਚ ਹੋਇਆ ਮਨ ਕਿਸੇ ਸੁਰ-ਲਹਿਰੀ ਦੇ ਗੀਤ ਸੁਣ ਸਕਦਾ ਹੈ। ਆਵਾਜ਼ਾਂ ਦੇ ਰੰਗ ਵੀ, ਆਪਣੇ ਮਨ ’ਚ ਭਰ ਸਕਦਾ ਹੈ। ਮੋਰ, ਪਪੀਹੇ ਤੇ ਵਣ ਪੰਛੀ ਸਦਾ ਹੀ ਸੁਰਾਂ ਵਿੱਚ ਬੱਝੇ ਆਪਣੇ ਆਲਾਪ ਨਾਲ ਕੁਦਰਤ ਦੀ ਸ਼ੋਭਾ ਨੂੰ ਹੋਰ ਰੰਗੀਨ ਬਣਾ ਦਿੰਦੇ ਹਨ, ਪਰ ਇਨਸਾਨ ਦਾ ਮਨ ਤਦ ਹੀ ਅਜਿਹੀਆਂ ਰੰਗੀਨੀਆਂ ਮਾਣ ਸਕਦਾ ਹੈ; ਜੇ ਮਨ ਵਿੱਚ ਬਸੰਤੀ ਰੰਗ ਵੱਸ ਜਾਵੇ। ਮਨ ਦੇ ਲਹਿਰੀਏ ਬਸੰਤੀ ਬਣ-ਬਣ ਪੈਣ। ਮਨ ਵਿੱਚ ਤਰੰਗਾਂ ਜਾਗ ਪੈਣ। ਤਰੰਗਤ ਹੋਇਆ ਮਨ ਇਨ੍ਹਾਂ ਆਵਾਜ਼ਾਂ ਨੂੰ ਪਛਾਣ ਕੇ ਅਨੰਤ ਖ਼ੁਸ਼ੀਆਂ ਦਾ ਭਾਗੀ ਬਣ ਸਕਦਾ ਹੈ। ਇਹ ਖ਼ੁਸ਼ੀਆਂ ਜਿਨ੍ਹਾਂ ਦੀਆਂ ਕੋਂਪਲਾਂ ਦਿਲ ਵਿੱਚ ਫੁੱਟਦੀਆਂ ਹਨ।

ਕਿਸੇ ਅੱਖਾਂ ਤੋਂ ਅੰਨ੍ਹੇ ਇਨਸਾਨ ਨੂੰ ਵੀ ਬਸੰਤ ਬਹਾਰ ਦਾ ਰੰਗ ਚੜ੍ਹ ਸਕਦਾ ਹੈ। ਉਹ ਇਹ ਰੰਗ ਆਪਣੀਆਂ ਅੱਖਾਂ ਨਾਲ ਤਾਂ ਨਹੀਂ ਵੇਖ ਸਕਦਾ, ਪਰ ਉਸ ਦੇ ਮਨ ਦੀਆਂ ਅੱਖਾਂ ਇਨ੍ਹਾਂ ਰੰਗਾਂ ਨੂੰ ਵੇਖ ਸਕਦੀਆਂ ਹਨ। ਬੜੇ ਅਜਿਹੇ ਇਨਸਾਨ ਵੀ ਹੋਏ ਹਨ ਜੋ ਮਿਲਟਨ ਵਾਂਗ ਅਨੇਕਾਂ ਬਸੰਤਾਂ ਦੇ ਰੰਗ ਆਪਣੇ ਮਨ ਵਿੱਚ ਭਰ ਲੈਣ ਜੋ ਅਨੇਕਾਂ ਖ਼ੁਸ਼ੀਆਂ ਦੀ ਬਹਾਰ ਆਪਣੇ ਮਨ ’ਚ ਸਮੋਅ ਲੈਣ। ਇਨ੍ਹਾਂ ਬਸੰਤੀ ਬਹਾਰ ਦੇ ਫੁੱਲਾਂ ਦੀ ਸ਼ਾਅਦੀ ਡਾ. ਹਰਿਭਜਨ ਸਿੰਘ ਦੀ ਕਵਿਤਾ ਦੀਆਂ ਇਹ ਸਤਰਾਂ ਇੰਜ ਭਰਦੀਆਂ ਹਨ;

ਡਾਲੀ ਦਿਆ ਫੁੱਲਾ

ਅੱਗ ਰੰਗੀਆਂ ਨੀਂ ਪੱਤੀਆਂ

ਦਿਲੇ ਦੀਆਂ ਰੱਖੀਆਂ ਨੀਂ, ਕਾਹਨੂੰ ਗੱਲਾਂ ਰੱਤੀਆਂ

ਕਿਹਦੇ ਲਈ ਡਾਹੀ ਏ

ਤੂੰ ਲਾਲ ਲਾਲ ਛਾਂ ਵੇ।

ਡਾਲੀ ਦਿਆ ਫੁੱਲਾ

ਤੇਰੀ ਮਹਿਕ ਦਾ ਕੀ ਨਾਂ ਵੇ।

ਸੰਪਰਕ: 97818-05861

Advertisement
×