ਮੁੜ ਆਉਣ ਲੱਗੀ ਮੱਠੀਆਂ ਦੀ ਮਹਿਕ
ਬਚਪਨ ’ਚ ਖਾਧੀਆਂ ਚੀਜ਼ਾਂ ਦਾ ਸੁਆਦ ਬੰਦੇ ਦੇ ਦਿਲ-ਦਿਮਾਗ਼ ਵਿੱਚ ਹਮੇਸ਼ਾਂ ਲਈ ਬਣਿਆ ਰਹਿੰਦਾ ਹੈ। ਜਦੋਂ ਕਦੇ ਉਨ੍ਹਾਂ ਘਰਾਂ ਵਿੱਚ ਬਣਨ ਤੇ ਖਾਣ ਵਾਲੀਆਂ ਦੇਸੀ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਤੇ ਸਾਰਾ ਉਸ ਸਮੇਂ ਦਾ ਦ੍ਰਿਸ਼ ਕੁਝ ਸਕਿੰਟਾਂ ਵਿੱਚ ਹੀ ਦਿਮਾਗ਼ ਵਿੱਚ ਘੁੰਮ ਜਾਂਦਾ ਹੈ ਜੋ ਆਦਮੀ ਨੂੰ ਮਾਣੇ ਉਨ੍ਹਾਂ ਪਲਾਂ ਦਾ ਅਹਿਸਾਸ ਕਰਵਾ ਦਿੰਦਾ ਹੈ। ਯਾਦਾਂ ਦੇ ਉਸ ਝਰੋਖੇ ਦੇ ਖੁੱਲ੍ਹਣ ਨਾਲ ਇੱਕ ਸੁਖਦ ਤੇ ਆਨੰਦਮਈ ਸਰੂਰ ਛਾ ਜਾਂਦਾ ਹੈ ਜਿਸ ਨੂੰ ਅੱਜ ਫਿਰ ਮਾਣਨ ਨੂੰ ਜੀਅ ਕਰਦਾ ਹੈ।
ਅੱਜ ਮੇਰੇ ਜ਼ਿਹਨ ਵਿੱਚ ਮੇਰਾ ਉਹ ਬਚਪਨ ਤੇ ਸਾਉਣ ਦੇ ਮਹੀਨੇ ਖਾਣ ਨੂੰ ਮਿਲਣ ਵਾਲੇ ਪਦਾਰਥਾਂ ਵਿੱਚੋਂ ਉਸ ਸਮੇਂ ਸਾਡੇ ਸਭ ਦੀ ਮਨਭਾਉਂਦੀ ਚੀਜ਼ ਗੁੜ ਦੀਆਂ ਮੱਠੀਆਂ ਦੀ ਯਾਦ ਤਾਜ਼ਾ ਹੋ ਗਈ। ਇਨ੍ਹਾਂ ਨੂੰ ਅਸੀਂ ਕਈ-ਕਈ ਦਿਨ ਖਾਂਦੇ ਰਹਿੰਦੇ ਸੀ। ਉਂਜ ਤਾਂ ਮੇਰੇ ਕਹਿਣ ’ਤੇ ਤਕਰੀਬਨ ਹਰ ਸਾਲ ਇਸ ਮਹੀਨੇ ਮੇਰੀ ਪਤਨੀ ਸੇਰ ਅੱਧ-ਸੇਰ ਆਟੇ ਦੀਆਂ ਮੱਠੀਆਂ ਤੇ ਕੁਝ ਨਮਕੀਨ ਮਟਰ ਬਣਾ ਦਿੰਦੀ ਹੈ। ਬਚਪਨ ਦਾ ਗੁੜ ਦੀਆਂ ਇਹ ਮੱਠੀਆਂ ਖਾਣ ਦਾ ਬਣਿਆ ਸੁਆਦ ਇਸ ਮਹੀਨੇ ਮਨ ਵਿੱਚ ਹਲਚਲ ਜਿਹੀ ਛੇੜ ਦਿੰਦਾ ਹੈ ਅਤੇ ਇਹ ਮੇਰੀ ਇੱਛਾ ਪੂਰੀ ਵੀ ਹੋ ਜਾਂਦੀ ਹੈ।
ਰੋਜ਼ਾਨਾ ਦੀ ਤਰ੍ਹਾਂ ਜਦੋਂ ਮੈਂ ਡਿਊਟੀ ਤੋਂ ਘਰ ਪਰਤਿਆ ਤਾਂ ਅੰਦਰ ਵੜਦਿਆਂ ਦੇਖਿਆ ਕਿ ਸਾਡੀ ਵਿਚਕਾਰਲੀ ਭੈਣ ਜਿਸ ਨੂੰ ਅਸੀਂ ਸਾਰੇ ਪਿਆਰ ਨਾਲ ਭੋਲੀ ਕਹਿੰਦੇ ਹਾਂ, ਉਹ ਆਈ ਹੋਈ ਸੀ। ਭੈਣ, ਮਾਂ ਤੇ ਪਤਨੀ ਲੌਬੀ ਵਿੱਚ ਥੱਲੇ ਚਾਦਰ ਵਿਛਾ ਕੇ ਗੁੰਨ੍ਹੇ ਆਟੇ ਦੇ ਪੇੜੇ ਬਣਾ ਰਹੀਆਂ ਸਨ। ਇਹ ਸਭ ਦੇਖ ਕੇ ਅੱਜ ਉਹੀ ਯਾਦਾਂ ਤੇ ਉਹੀ ਮਾਹੌਲ ਕਈ ਦਹਾਕੇ ਪਿੱਛੇ ਲੈ ਗਿਆ। ਸਾਹਮਣੇ ਉਹੀ ਸਾਰਾ ਕੁਝ ਫਿਰ ਤਾਜ਼ਾ ਹੋ ਗਿਆ। ਸਾਉਣ ਦੇ ਮਹੀਨੇ ਮਾਂ ਦਿਨ ਦੇ ਦਸ-ਗਿਆਰਾਂ ਕੁ ਵਜੇ ਇੱਕ ਵੱਡੇ ਤੁੱਸਕ (ਖੁੱਲ੍ਹੇ ਮੂੰਹ ਵਾਲਾ ਭਾਂਡਾ) ਵਿੱਚ ਗੁੜ ਭਿਉਂ ਦਿੰਦੀ, ਫਿਰ ਆਟਾ ਛਾਣ ਕੇ ਇੱਕ ਵੱਡੀ ਪਰਾਤ ਵਿੱਚ ਥੋੜ੍ਹਾ ਘਿਉ ਜਾਂ ਸਰ੍ਹੋਂ ਦਾ ਤੇਲ ਪਾ ਕੇ ਆਟੇ ਨੂੰ ਸੁੱਕਾ ਹੀ ਮਸਲਿਆ ਜਾਂਦਾ, ਜਿਸ ਨੂੰ ਆਟੇ ਨੂੰ ਮੋਣ ਦੇਣਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਭਿਉਂਇਆ ਗੁੜ ਪਾ ਕੇ ਆਟਾ ਗੁੰਨ੍ਹਿਆ ਜਾਂਦਾ। ਵੱਡੀਆਂ ਭੈਣਾਂ ਸਾਰੀਆਂ ਮਿਲ ਕੇ ਮੱਠੀਆਂ ਬਣਾਉਂਦੀਆਂ। ਸਾਨੂੰ ਹੁੰਦਾ ਕਿ ਛੇਤੀ-ਛੇਤੀ ਮੱਠੀਆਂ ਖਾਣ ਨੂੰ ਮਿਲ ਜਾਣ, ਇਸ ਲਈ ਅਸੀਂ ਵੀ ਬਣੇ ਪੇੜਿਆਂ ਨੂੰ ਚਕਲੇ ’ਤੇ ਰੱਖ ਕੇ ਵੇਲਦੇ ਤੇ ਫਿਰ ਚਾਕੂ ਨਾਲ ਬਰਫੀਆਂ ਵਾਂਗ ਕੱਟ ਕੇ ਇੱਕ ਵੱਡੇ ਟੋਕਰੇ ’ਚ ਵਿਛੀ ਚਾਦਰ ’ਤੇ ਪਾਈ ਜਾਂਦੇ।
ਮਾਂ ਚੁੱਲ੍ਹੇ ’ਤੇ ਸਰ੍ਹੋਂ ਦੇ ਤੇਲ ਵਾਲੀ ਕੜਾਹੀ ਚੜ੍ਹਾ ਲੈਂਦੀ। ਮੱਠੀਆਂ ਤਲ਼ ਕੇ ਨਾਲ ਰੱਖੇ ਦੂਸਰੇ ਟੋਕਰੇ ’ਚ ਵਿਛੇ ਪੋਣੇ ’ਤੇ ਉਤਾਰੀ ਜਾਂਦੀ। ਪਹਿਲੇ ਪੂਰ ਨਾਲ ਹੀ ਸਾਡੇ ਸਬਰ ਦਾ ਬੰਨ੍ਹ ਟੁੱਟ ਜਾਂਦਾ। ਅਸੀਂ ਫਟਾਫਟ ਗਰਮ-ਗਰਮ ਮੱਠੀਆਂ ਨੂੰ ਚੁੱਕ ਫੂਕਾਂ ਮਾਰ-ਮਾਰ ਠੰਢੀਆਂ ਕਰਦੇ ਤੇ ਖਾਂਦੇ। ਅਗਲੇ ਦਿਨ ਮਾਂ ਇਨ੍ਹਾਂ ਨੂੰ ਮਿੱਟੀ ਦੀਆਂ ਬਣੀਆਂ ਝੱਕਰੀਆਂ ਵਿੱਚ ਪਾ ਦਿੰਦੀ। ਇਹ ਉਹੋ ਜਿਹੀਆਂ ਹੀ ਰਹਿੰਦੀਆਂ, ਸੁਆਦ ਵਿੱਚ ਭੋਰਾ ਫ਼ਰਕ ਨਾ ਪੈਂਦਾ। ਅਸੀਂ ਜਦੋਂ ਬਾਹਰ ਖੇਡਣ ਜਾਂਦੇ ਤਾਂ ਮੁੱਠੀਆਂ ਭਰ ਕੇ ਆਪਣੀਆਂ ਜੇਬਾਂ ਵਿੱਚ ਪਾ ਲੈਂਦੇ। ਖੇਡਦੇ ਫਿਰਦੇ ਨਾਲੇ ਖਾਂਦੇ ਰਹਿੰਦੇ। ਇਸ ਤਰ੍ਹਾਂ ਖਾਣ ਦਾ ਆਪਣਾ ਵੱਖਰਾ ਹੀ ਆਨੰਦ ਹੁੰਦਾ ਸੀ। ਅਜਿਹੀਆਂ ਸੁਆਦਲੀਆਂ ਖਾਣ ਦੀਆਂ ਚੀਜ਼ਾਂ ਅੱਜ ਤਕਰੀਬਨ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਇਸ ਦੀ ਥਾਂ ਨਵੇਂ ਤੇ ਆਧੁਨਿਕ ਪਕਵਾਨਾਂ ਨੇ ਲੈ ਲਈ ਹੈ।
ਅੱਜ ਸਾਡੇ ਕੋਲ ਬੇਸ਼ੱਕ ਭਿੰਨ-ਭਿੰਨ ਤੇ ਬਹੁਗਿਣਤੀ ਵਿੱਚ ਇਹ ਆਧੁਨਿਕ ਜ਼ਮਾਨੇ ਦੇ ਪਕਵਾਨ, ਮਿਠਾਈਆਂ ਉਪਲੱਬਧ ਹਨ, ਪਰ ਘਰ ’ਚ ਬਣੀਆਂ ਇਹ ਗੁੜ, ਸ਼ੱਕਰ ਦੀਆਂ ਮੱਠੀਆਂ ਦੀ ਥਾਂ ਸ਼ਾਇਦ ਬਾਜ਼ਾਰੀ ਕੋਈ ਵੀ ਮਠਿਆਈ ਨਹੀਂ ਲੈ ਸਕਦੀ। ਬੇਸ਼ੱਕ ਬਰਗਰ, ਪੀਜ਼ਾ ਆਦਿ ਖਾਣ ਵਾਲੇ ਇਨ੍ਹਾਂ ਨੂੰ ਖਾਣ ਦੀ ਬਜਾਇ ਦੇਖ ਕੇ ਨੱਕ ਬੁੱਲ੍ਹ ਕੱਢਦੇ ਹਨ। ਉਹ ਅਜਿਹੀਆਂ ਘਰਾਂ ਵਿੱਚ ਬਣਨ ਵਾਲੀਆਂ ਸਾਫ਼ ਸੁਥਰੀਆਂ ਚੀਜ਼ਾਂ ਖਾਣ ਦੇ ਆਦੀ ਹੀ ਨਹੀਂ। ਅੱਜਕੱਲ੍ਹ ਬਹੁਤ ਘੱਟ ਘਰ ਹੋਣਗੇ ਜਿਨ੍ਹਾਂ ’ਚ ਖ਼ਾਲਸ ਸਰ੍ਹੋਂ ਦੇ ਤੇਲ ਵਿੱਚ ਇਹੋ ਜਿਹੇ ਪਕਵਾਨ ਬਣਦੇ ਹੋਣਗੇ। ਅਸੀਂ ਆਪਣੇ ਪੁਰਾਣੇ ਸ਼ੁੱਧ ਪਕਵਾਨਾਂ ਨੂੰ ਛੱਡ ਕੇ ਪਤਾ ਨਹੀਂ ਹੋਰ ਕਿਹੜੇ ਉਲਟੇ ਸਿੱਧੇ ਨਾਵਾਂ ਵਾਲੇ ਖਾਣੇ ਖਾਣ ਲੱਗ ਪਏ ਹਾਂ ਜਿਹੜੇ ਸਰੀਰ ਨੂੰ ਤਾਕਤ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦੇਣ ਦੀ ਥਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੇ ਹਨ।
ਅੱਜ ਨਾ ਉਹ ਸ਼ੁੱਧ ਖਾਣੇ ਰਹੇ ਨਾ ਹੀ ਉਹ ਸੱਚਾ ਪਿਆਰ ਰਿਹਾ। ਰਿਸ਼ਤਿਆਂ, ਭੈਣ-ਭਰਾਵਾਂ ਤੇ ਸਕਿਆਂ ’ਚ ਉਹ ਆਪਣਾਪਣ ਤੇ ਪਿਆਰ-ਮੁਹੱਬਤ ਦੀ ਤੰਦ ਪਤਲੀ ਪੈਂਦੀ ਜਾ ਰਹੀ ਹੈ। ਰਿਸ਼ਤਿਆਂ ਵਿੱਚ ਗਰਜ਼ ਆ ਗਈ ਹੈ। ਜੇ ਕੋਈ ਗਰਜ਼ ਪੂਰੀ ਕਰਦਾ ਹੈ ਤਾਂ ਰਿਸ਼ਤੇਦਾਰ ਹੈ, ਨਹੀਂ ਤੂੰ ਕੌਣ ਤੇ ਮੈਂ ਕੌਣ। ਬਸ ਸਭ ਉਂਜ ਹੀ ਇੱਕ ਰਸਮੀ ਜਿਹਾ ਵਰਤਾਰਾ ਦੇਖਣ ਨੂੰ ਮਿਲਦਾ ਹੈ। ਖੈਰ! ਸਮੇਂ ਨੇ ਆਪਣੀ ਚਾਲ ਚੱਲਣਾ ਹੈ, ਦੇਖਦੇ ਹਾਂ ਕਦੋਂ ਤੱਕ ਕਿਹੜੇ ਕਿਹੜੇ ਘਰਾਂ ਵਿੱਚੋਂ, ਕਿੰਨਾ ਚਿਰ ਇਸ ਸਾਉਣ ਦੇ ਮਹੀਨੇ ਗੁਲਗੁਲੇ, ਪਤੌੜ, (ਮਾਲਵੇ ਦੇ ਸਾਡੇ ਇਲਾਕੇ ਵਿੱਚ ਪਕੌੜਿਆਂ ਨੂੰ ਕਹਿੰਦੇ ਹਨ) ਖੀਰ-ਪੂੜੇ, ਮੱਠੀਆਂ ਦੀਆਂ ਮਹਿਕਾਂ ਆਉਂਦੀਆਂ ਰਹਿਣਗੀਆਂ। ਸਾਡੇ ਘਰ ਵਿੱਚ ਇਹ ਤਕਰੀਬਨ ਹਰ ਸਾਲ ਬਣਾਈਆਂ ਜਾਂਦੀਆਂ ਹਨ, ਪਰ ਇਸ ਵਾਰ ਬਣਾਉਣ ਦਾ ਜੋ ਮਾਹੌਲ ਕੁਦਰਤੀ ਸਿਰਜਿਆ ਗਿਆ, ਉਸ ਨੇ ਬਹੁਤ ਕੁਝ ਚੇਤੇ ਕਰਾ ਦਿੱਤਾ।
ਹੁਣ ਲੋਕ ਸ਼ਾਇਦ ਥੋੜ੍ਹੇ ਜਾਗਰੂਕ ਹੋਏ ਹਨ। ਬਾਜ਼ਾਰੂ ਚੀਜ਼ਾਂ ਦਾ ਬਹੁਤ ਸੁਆਦ ਚੱਖ ਲਿਆ ਹੈ ਤੇ ਲੱਗਦਾ ਹੈ ਸਮਝ ਪੈਂਦੀ ਜਾ ਰਹੀ ਹੈ ਕਿ ਇਹ ਚੀਜ਼ਾਂ ਸਾਡੀ ਸਿਹਤ ਲਈ ਕਿੰਨੀਆਂ ਕੁ ਚੰਗੀਆਂ ਹਨ ਅਤੇ ਇਨ੍ਹਾਂ ਨੂੰ ਕਿਵੇਂ, ਕਿਹੜੇ ਤੇਲਾਂ ਤੇ ਕਿੰਨੀਆਂ ਕੁ ਸਾਫ਼ ਸੁਥਰੀਆਂ ਥਾਵਾਂ ’ਤੇ ਬਣਾਇਆ ਜਾਂਦਾ ਹੈ? ਇਨ੍ਹਾਂ ਨੂੰ ਦੇਖਦੇ ਹੋਏ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਲੋਕ ਮੁੜ ਤੋਂ ਆਪਣੇ ਰਵਾਇਤੀ ਅਤੇ ਘਰਾਂ ਵਿੱਚ ਬਣਨ ਵਾਲੇ ਖਾਣਿਆਂ ਵੱਲ ਮੋੜਾ ਘੱਤ ਰਹੇ ਹਨ। ਹੁਣ ਕੁਝ ਘਰਾਂ ’ਚੋਂ ਇਨ੍ਹਾਂ ਦੇਸੀ ਖਾਣ ਵਾਲੀਆਂ ਚੀਜ਼ਾਂ ਦੀਆਂ ਮਹਿਕਾਂ ਆਉਣ ਲੱਗੀਆਂ ਹਨ ਜੋ ਇੱਕ ਚੰਗੀ ਗੱਲ ਹੈ।
ਸੰਪਰਕ: 86995-35708