ਅਦਾਕਾਰੀ ਦਾ ਸਰਦਾਰ ਗੁਰਪ੍ਰੀਤ ਘੁੱਗੀ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿਖੇ ਪੈਦਾ ਹੋਏ ਤੇ ਆਪਣੀ ਅਦਾਕਾਰੀ ਸਦਕਾ ਪੰਜਾਬੀਆਂ ਦੀ ਹਰਮਨਪਿਆਰੀ ਸ਼ਖ਼ਸੀਅਤ ਬਣੇ ਗੁਰਪ੍ਰੀਤ ਘੁੱਗੀ ਸਬੰਧੀ ਜ਼ਿਆਦਾਤਰ ਲੋਕੀਂ ਫਿਲਮਾਂ ਬਾਰੇ ਹੀ ਗੱਲਾਂ ਕਰਦੇ ਹਨ, ਪਰ ਉਸ ਦੀ ਇੱਕ ਅਦਾਕਾਰ ਦੇ ਨਾਲ-ਨਾਲ ਆਦਰਸ਼ ਇਨਸਾਨ ਵਜੋਂ ਉੱਭਰੀ ਸ਼ਖ਼ਸੀਅਤ ਦੇ ਸਫ਼ਰ ਬਾਰੇ ਕਦੇ ਵੀ ਕੋਈ ਗੱਲ ਨਹੀਂ ਕਰਦਾ। ਪਿਛਲੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਚਾਏ ਗਏ ਇੱਕ ਸਮਾਗਮ ‘ਕਿਤਾਬਾਂ ਨਾਲ ਮੇਰਾ ਰਿਸ਼ਤਾ’ ਦੌਰਾਨ ਗੁਰਪ੍ਰੀਤ ਘੁੱਗੀ ਦੀਆਂ ਵਿਲੱਖਣ ਤੇ ਸੇਧਗਾਰ ਗੱਲਾਂ ਸੁਣਨ ਦਾ ਸਬੱਬ ਬਣਿਆ ਜਿੱਥੇ ਉਸ ਨੇ ਆਪਣੇ ਅਦਾਕਾਰ ਬਣਨ ਦਾ ਸਮੁੱਚਾ ਸਿਹਰਾ ਹੀ ਕਿਤਾਬਾਂ ਦੇ ਸਿਰ ਬੰਨ੍ਹ ਦਿੱਤਾ।
ਗੁਰਪ੍ਰੀਤ ਸਿੰਘ ਵੜੈਚ ਉਰਫ਼ ਗੁਰਪ੍ਰੀਤ ਘੁੱਗੀ ਨੇ ਸੰਵਾਦ ਦੀ ਸ਼ੁਰੂਆਤ ਸਕੂਲ ’ਚ ਪਹਿਲਾ ਕਦਮ ਰੱਖਣ ਤੋਂ ਕਰਦਿਆ ਦੱਸਿਆ ਕਿ ਅੱਖ਼ਰ ਗਿਆਨ ਤੋਂ ਬਾਅਦ ਜਦੋਂ ਉਹ ਸ਼ਬਦ ਪੜ੍ਹਨ ਲੱਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਕਿਤਾਬਾਂ-ਕਾਪੀਆਂ ’ਤੇ ਛਪੇ ਇੱਕ ਲੋਗੋ ’ਚੋਂ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦੇ ਅਰਥ ਆਪਣੇ ਪਿਤਾ ਜੀ ਤੋਂ ਪੁੱਛੇ ਤਾਂ ਉਨ੍ਹਾਂ ਸਮਝਾਇਆ ਕਿ ਜੋ ਵਿਅਕਤੀ ਗਿਆਨ ਹਾਸਲ ਕਰ ਲੈਂਦਾ ਹੈ, ਉਹ ਆਪਣੀ ਭਲਾਈ ਦੇ ਨਾਲ-ਨਾਲ ਹੋਰਨਾਂ ਦੀ ਭਲਾਈ ਕਰਨ ਦੇ ਵੀ ਸਮਰੱਥ ਹੋ ਜਾਂਦਾ ਹੈ। ਇਸ ਸਤਰ ਨੂੰ ਪੱਲੇ ਬੰਨ੍ਹ ਕੇ ਘੁੱਗੀ ਨੇ ਨਿਸ਼ਠਾ ਨਾਲ ਪੜ੍ਹਾਈ ਕਰਨ ਦਾ ਪ੍ਰਣ ਕੀਤਾ ਅਤੇ ਗਿਆਨ ਦੀ ਤਾਕਤ ਸਮਝਣ ਲੱਗਿਆ।
ਆਪਣੇ ਬਚਪਨ ਦੇ ਗੁਰਬਤ ਭਰੇ ਦਿਨਾਂ ਬਾਰੇ ਦੱਸਿਆ ਕਿ ਉਸ ਦੇ ਪਿਤਾ ਜੀ ਨੇ ਇੱਕ ਸੈਨਿਕ ਵਜੋਂ ਦੇਸ਼ ਲਈ 1962, 1965 ਤੇ 1971 ਦੀਆਂ ਲੜਾਈਆਂ ਲੜੀਆਂ ਤੇ ਬਾਅਦ ’ਚ ਵੀ ਪਰਿਵਾਰ ਪਾਲਣ ਲਈ ਬਹੁਤ ਸੰਘਰਸ਼ ਕੀਤਾ। ਅਜਿਹੇ ਦਿਨਾਂ ਦੌਰਾਨ ਵੀ ਉਨ੍ਹਾਂ ਦੇ ਘਰ ਭਾਵੇਂ ਇੱਕ ਡੰਗ ਸਬਜ਼ੀ ਨਾ ਬਣਦੀ, ਪਰ ‘ਨਾਗਮਣੀ’ ਰਸਾਲਾ ਜ਼ਰੂਰ ਆਉਂਦਾ ਸੀ ਕਿਉਂਕਿ ਉਸ ਦਾ ਭਰਾ ਛੋਟੀ ਉਮਰ ਤੋਂ ਹੀ ਸਾਹਿਤ ਪੜ੍ਹਨ ਲੱਗ ਗਿਆ ਸੀ। ਦੇਖਾ-ਦੇਖੀ ਘੁੱਗੀ ਵੀ ਬਚਪਨ ਤੋਂ ਹੀ ‘ਨਾਗਮਣੀ’ ਪੜ੍ਹਨ ਲੱਗ ਗਿਆ ਭਾਵੇਂ ਉਸ ਨੂੰ ਬਹੁਤੀ ਸਮਝ ਨਾ ਪੈਂਦੀ, ਪਰ ਉਸ ਨੂੰ ਇੰਨੀ ਕੁ ਸਮਝ ਸੀ ਕਿ ਉਸ ਦੇ ਪੱਲੇ ਕੁਝ ਨਹੀਂ ਪੈ ਰਿਹਾ। ਘੁੱਗੀ ਦੇ ਪਿਤਾ ਜੀ ਧੂਫ਼ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ। ਘੁੱਗੀ ਦੇ ਨਾਮ ਦੇ ਪਿਛਲੇ ਦੋ ਅੱਖ਼ਰਾਂ ਦੇ ਨਾਮ ’ਤੇ ਉਨ੍ਹਾਂ ਆਪਣੇ ਬਰਾਂਡ ਦੀ ਅਗਰਬੱਤੀ ਦਾ ਨਾਮ ‘ਪ੍ਰੀਤ ਬਹਾਰ’ ਰੱਖਿਆ ਹੋਇਆ ਸੀ ਅਤੇ ਡੱਬੀ ’ਤੇ ਉਸ ਦੇ ਵੱਡੇ ਭਰਾ ਦੀ ਤਸਵੀਰ ਲੱਗੀ ਹੁੰਦੀ ਸੀ। ਉਹ ਹਰ ਰੋਜ਼ ਸਵੇਰੇ ਧੂਫ਼ ਡੱਬੀਆਂ ’ਚ ਬੰਦ (ਪੈਕ) ਕਰਕੇ ਸਕੂਲ ਜਾਂਦੇ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਨਿੱਤ ਹੀ ਧੂਫ਼ ਵੇਚਣ ਜਾਂਦੇ ਸਨ। ਉਨ੍ਹਾਂ ਦੇ ਪਿਤਾ ਜੀ ਧੂਫ਼ ਨੂੰ ਸਾਂਭਣ ਲਈ ਰੱਦੀ ਕਾਗਜ਼ ਲੈ ਕੇ ਆਉਂਦੇ ਸਨ। ਕਾਗਜ਼ ਵਧੀਆ ਹੋਣ ਕਰਕੇ ਉਹ ਉਸ ਸਮੇਂ ਦੇ ਚਰਚਿਤ ਰਸਾਲੇ ‘ਸੋਵੀਅਤ ਸੰਘ’ ਨੂੰ ਰੱਦੀ ਵਾਲੇ ਤੋਂ ਖ਼ਰੀਦ ਕੇ ਲਿਆਉਂਦੇ ਸਨ, ਜੋ ਇੱਕ ਰੁਪਏ ਦੇ ਦਸ ਕਿਲੋ ਆ ਜਾਂਦੇ ਸਨ। ਉਹ ਦੋਵੇਂ ਭਰਾ ਪਹਿਲਾਂ ਇਹ ਰਸਾਲੇ ਪੜ੍ਹਦੇ ਤੇ ਫਿਰ ਉਸ ਦੀ ਰੱਦੀ ਵਜੋਂ ਵਰਤੋਂ ਕਰਦੇ। ਉਨ੍ਹਾਂ ਦੇ ਪਿਤਾ ਜੀ ਵਿਹਲੇ ਸਮੇਂ ’ਚ ਸਾਰੇ ਪਰਿਵਾਰ ਨੂੰ ਬਿਠਾ ਕੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਪੜ੍ਹ ਕੇ ਸੁਣਾਉਂਦੇ ਸਨ। ਹੌਲੀ-ਹੌਲੀ ਘੁੱਗੀ ਦੀ ਰੁਚੀ ਇੰਨੀ ਵਧ ਗਈ।
ਘੁੱਗੀ ਕਹਿੰਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਜੋ ਕੁਝ ਅਸੂਲ ਬਣਾਏ ਹੋਏ ਹਨ, ਉਹ ਕਿਤਾਬਾਂ ਤੋਂ ਹੀ ਸਿੱਖੇ ਹਨ। ‘ਨਾਗਮਣੀ’ ਦੇ ਇੱਕ ਅੰਕ ਦੇ ਸਰਵਰਕ ’ਤੇ ਛਪਿਆ ਸੀ, ‘ਪੈਰਾਂ ਦੀ ਅਸਾਂ ਨਿਆਜ਼ ਚੜ੍ਹਾਈ ਰਾਹਾਂ ਦੀ ਦਰਗਾਹ’ ਇਨ੍ਹਾਂ ਸ਼ਬਦਾਂ ਨੇ ਘੁੱਗੀ ਨੂੰ ਡਟ ਕੇ ਮਿਹਨਤ ਕਰਨ ਲਈ ਪ੍ਰੇਰਿਆ। ਫਿਰ ਉਸ ਨੇ ਬਾਬਾ ਬੁੱਲ੍ਹੇ ਸ਼ਾਹ ਦੇ ਸ਼ਬਦ ‘ਬੁੱਲ੍ਹਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ ਤੂੰ ਆਹੋ ਆਹੋ ਆਖ’ ਪੜ੍ਹੇ, ਜਿਨ੍ਹਾਂ ਨੂੰ ਉਸ ਨੇ ਆਪਣੀ ਜ਼ਿੰਦਗੀ ਦਾ ਮੂਲ ਮੰਤਰ ਹੀ ਬਣਾ ਲਿਆ ਕਿ ਚੁਗਲੀ-ਨਿੰਦਿਆ ਕਰਨ ਵਾਲੇ ਨਾਲ ਬਹਿਸ ਨਾ ਕਰੋ। ਫਿਰ ਗੀਤਾ ’ਚੋਂ ਪੜ੍ਹੇ ‘ਕਰਮ ਕਰ ਫ਼ਲ ਦੀ ਇੱਛਾ ਨਾ ਰੱਖ’ ਸ਼ਬਦਾਂ ਤੋਂ ਘੁੱਗੀ ਨੇ ਸਿੱਖਿਆ ਕੇ ਜੇਕਰ ਅਸੀਂ ਕੋਈ ਕੰਮ ਫ਼ਲ ਦੀ ਇੱਛਾ ਰੱਖ ਕੇ ਕਰਦੇ ਹਾਂ ਤਾਂ ਉਹ ਸੌਦਾ (ਡੀਲ) ਹੁੰਦਾ ਹੈ ਨਾ ਕਿ ਕੰਮ। ਚੌਥੇ ਸਭ ਤੋਂ ਵੱਡੇ ਉਪਦੇਸ਼ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।’ ਨੇ ਤਾਂ ਉਸ ਦਾ ਨਜ਼ਰੀਆ ਹੀ ਬਦਲ ਦਿੱਤਾ ਕਿ ਹਮੇਸ਼ਾਂ ਸੱਚ ਦੀ ਜਿੱਤ ਹੁੰਦੀ ਹੈ ਤੇ ਇਸੇ ਰਾਹ ਤੁਰਿਆ ਚੱਲ। ਘੁੱਗੀ ਦਾ ਮੰਨਣਾ ਹੈ ਕਿ ਕਦੇ ਵੀ ਕਿਸੇ ਵਿਅਕਤੀ ਦੇ ਲਗਨ ਠੰਢੇ ਨਹੀਂ ਹੁੰਦੇ, ਸਗੋਂ ਉਸ ਦੀ ਲਗਨ ਠੰਢੀ ਹੁੰਦੀ ਹੈ ਜਿਸ ਕਾਰਨ ਉਹ ਹੋਰਨਾਂ ਤੋਂ ਪੱਛੜ ਜਾਂਦਾ ਹੈ। ਕਿਤਾਬਾਂ/ਗਰੰਥਾਂ ’ਚੋਂ ਮਿਲੇ ਇਸ ਗਿਆਨ ਸਦਕਾ ਹੀ ਉਹ ਵਕਤ ਵੱਲੋਂ ਮਾਰੇ ਜਾਂਦੇ ਥਪੇੜਿਆਂ ਦਾ ਜੁਆਬ ਦਿੰਦਾ ਗਿਆ।
ਪੂਰੀ ਸੂਝ ਨਾਲ ਪੜ੍ਹੀ ਆਪਣੀ ਪਹਿਲੀ ਕਿਤਾਬ ਬਾਰੇ ਉਹ ਦੱਸਦਾ ਹੈ ਕਿ ਇਹ ਪੁਸਤਕ ਸੀ ਸ਼ਹੀਦ ਭਗਤ ਸਿੰਘ ਦੀ ਰਚਨਾ ‘ਮੈਂ ਨਾਸਤਿਕ ਕਿਉਂ ਹਾਂ’। ਜਿਸ ਦੇ ਆਖ਼ਰੀ ਪੰਨਿਆਂ ’ਤੇ ਦਰਜ ਸਤਰਾਂ ‘ਇਹ ਮੇਰੀ ਵਿਚਾਰਧਾਰਾ ਹੈ। ਮੈਂ ਆਪਣੀ ਵਿਚਾਰਧਾਰਾ ਆਪ ਬਣਾਈ ਹੈ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਅਨੁਯਾਈ ਬਣੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਵਿਚਾਰਧਾਰ ਖ਼ੁਦ ਸਿਰਜੋ।’ ਨੇ ਘੁੱਗੀ ਨੂੰ ਆਪਣੀ ਵਿਲੱਖਣ ਪਹਿਚਾਣ ਬਣਾਉਣ ਲਈ ਉਤਸ਼ਾਹਿਤ ਕੀਤਾ। ਘੁੱਗੀ ਦਾ ਕਹਿਣਾ ਹੈ ਕਿ ਅਸੀਂ ਭਾਵੇਂ ਗਿਆਨ ਕਿਤਾਬਾਂ ’ਚੋਂ ਹਾਸਲ ਕਰਦੇ ਹਾਂ, ਪਰ ਕਿਤਾਬਾਂ ਦੁਨੀਆ ਭਰ ਦੇ ਦਾਰਸ਼ਨਿਕਾਂ ਵੱਲੋਂ ਆਪਣੇ ਤਜਰਬਿਆਂ ਰਾਹੀਂ ਹਾਸਲ ਕੀਤੇ ਗਿਆਨ ਨੂੰ ਸੰਭਾਲਦੀਆਂ ਹਨ। ਇਸੇ ਕਰਕੇ ਮਨੁੱਖ ਦੀ ਕਲਮ ਤੇ ਕਾਗਜ਼ ਨਾਲ ਸਦੀਆਂ ਤੋਂ ਸਾਂਝ ਚੱਲੀ ਆ ਰਹੀ ਹੈ। ਉਸ ਦਾ ਵਿਚਾਰ ਹੈ ਕਿ ਪੁਸਤਕਾਂ ਸਾਨੂੰ ਭਵਿੱਖ ਦਾ ਰਾਹ ਦਿਖਾਉਣ ਤੋਂ ਪਹਿਲਾ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਂਦੀਆਂ ਹਨ ਜੋ ਸਾਡੇ ਅੰਦਰ ਨਵੀਂ ਰੋਸ਼ਨੀ ਪੈਦਾ ਕਰਦਾ ਹੈ।
ਪੁਸਤਕ ਪੜ੍ਹਨ ਲਈ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਬਾਰੇ ਘੁੱਗੀ ਨੇ ਬੜੀ ਦਿਲਚਸਪ ਗੱਲ ਸੁਣਾਈ ਕਿ ਬਚਪਨ ਤੋਂ ਹੀ ਕਿਤਾਬਾਂ ਪੜ੍ਹਦਾ ਆ ਰਿਹਾ ਹਾਂ। ਜਦੋਂ ਉਹ ਘਰ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਹੁੰਦਾ ਤਾਂ ਉਸ ਦਾ ਪੁੱਤਰ ਆਪਣੇ ਬਚਪਨ ’ਚ ਹੀ ਕਿਤਾਬਾਂ ਬਾਰੇ ਪੁੱਛਣ ਲੱਗ ਗਿਆ ਤੇ ਘੁੱਗੀ ਉਸ ਦੀ ਉਮਰ ਮੁਤਾਬਕ ਕਿਤਾਬ ਦੇ ਵਿਸ਼ੇ ਬਾਰੇ ਕੁਝ ਗੱਲਾਂ ਦੱਸ ਦਿੰਦਾ ਸੀ। ਹੌਲੀ-ਹੌਲੀ ਉਹ ਵੀ ਕਿਤਾਬਾਂ ਫਰੋਲਣ ਲੱਗ ਗਿਆ ਤੇ ਉਸ ਲਈ ਘੁੱਗੀ ਨੇ ਛੋਟੀਆਂ-ਛੋਟੀਆਂ ਕਿਤਾਬਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਸਕੂਲੀ ਜੀਵਨ ਦੌਰਾਨ ਹੀ ਵਧੀਆ ਪਾਠਕ ਬਣ ਗਿਆ। ਇੱਕ ਦਿਨ ਉਹ ‘ਪੰਜਵਾਂ ਸਾਹਿਬਜ਼ਾਦਾ’ ਕਿਤਾਬ ਪੜ੍ਹ ਰਿਹਾ ਸੀ ਤਾਂ ਉਸ ਦੇ ਪੁੱਤਰ ਨੇ ਪੁੱਛਿਆ ਕਿ ਕਿੰਨੀ ਕੁ ਪੜ੍ਹਨੀ ਬਾਕੀ ਰਹਿ ਗਈ? ਉਸ ਦੇ ਪੁੱਤਰ ਨੇ ਕਿਹਾ ਕਿ ਉਹ ‘ਪਿਊਂਦ’ ਸਿਰਲੇਖ ਵਾਲੀ ਕਿਤਾਬ ਪੜ੍ਹ ਰਿਹਾ ਹੈ ਜੋ ਉਸ ਦੇ ਦਾਦਾ ਜੀ ਨੇ ਦਿੱਤੀ ਹੈ। ਪੁੱਤਰ ਨੇ ਘੁੱਗੀ ਨੂੰ ਕਿਹਾ ਕਿ ਉਹ ‘ਪੰਜਵਾਂ ਸਾਹਿਬਜ਼ਾਦਾ’ ਪੜ੍ਹ ਕੇ ਉਸ ਨੂੰ ਦੇ ਦੇਣ ਤੇ ਉਹ ਉਨ੍ਹਾਂ ਨੂੰ ‘ਪਿਊਂਦ’ ਮੁਕਾ ਕੇ ਦੇ ਦੇਵੇਗਾ। ਘੁੱਗੀ ਇਹ ਗੱਲ ਸੁਣਾਉਂਦਿਆਂ ਭਾਵੁਕ ਹੋ ਗਿਆ ਕਿ ਜਦੋਂ ਪੋਤਰੇ ਤੇ ਦਾਦੇ ਵਿਚਕਾਰ ਕਿਤਾਬਾਂ ਦੀ ਸਾਂਝ ਹੋ ਜਾਵੇ ਤੇ ਪੁੱਤ, ਪਿਉ ਨੂੰ ਕੋਈ ਪੁਸਤਕ ਪੜ੍ਹਨ ਲਈ ਪ੍ਰੇਰਿਤ ਕਰੇ ਤਾਂ ਪਿਉ ਲਈ ਇਸ ਤੋਂ ਵੱਡੀ ਦੌਲਤ ਤੇ ਖ਼ੂਬਸੂਰਤ ਰਿਸ਼ਤਾ ਕੋਈ ਹੋਰ ਨਹੀਂ ਹੋ ਸਕਦਾ। ਘੁੱਗੀ ਦਾ ਮੰਨਣਾ ਹੈ ਕਿ ਬੱਚੇ ਪਾਲਣਾ ਇੱਕ ਕਲਾ ਨਹੀਂ ਸਗੋਂ ਸਾਧਨਾ ਹੈ। ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਇਸੇ ਸਾਧਨਾ ਦੀ ਵੱਡੀ ਤੇ ਸੌਖੀ ਕੜੀ ਹੈ। ਇਸ ਕਾਰਜ ਲਈ ਮਾਪਿਆਂ ਨੂੰ ਬੱਚਿਆਂ ਲਈ ਖ਼ੁਦ ਇੱਕ ਵਧੀਆ ਪਾਠਕ ਵਜੋਂ ਆਦਰਸ਼ ਬਣਨਾ ਚਾਹੀਦਾ ਹੈ। ਹੋ ਸਕੇ ਤਾਂ ਹਰੇਕ ਘਰ ’ਚ ਇੱਕ ਲਾਇਬ੍ਰੇਰੀ ਜ਼ਰੂਰ ਹੋਣੀ ਚਾਹੀਦੀ ਹੈ ਭਾਵੇਂ ਵੱਡੀ ਹੋਵੇ ਜਾਂ ਛੋਟੀ। ਜਿਸ ’ਚ ਸ਼ਾਮਲ ਪੁਸਤਕਾਂ ਨੂੰ ਇੱਕ ਪੀੜ੍ਹੀ ਨਹੀਂ ਪੜ੍ਹੇਗੀ ਤਾਂ ਦੂਸਰੀ ਜ਼ਰੂਰ ਪੜ੍ਹੇਗੀ। ਕਿਤਾਬਾਂ ਦਾ ਬਜ਼ੁਰਗਾਂ ਵਾਂਗ ਸਤਿਕਾਰ ਕਰੋ ਉਹ ਸਾਨੂੰ ਅਸੀਸਾਂ ਦਿੰਦੀਆਂ ਹਨ ਤੇ ਅਸੀਸਾਂ ਨਾਲ ਸਾਡਾ ਜੀਵਨ ਸੰਵਰਦਾ ਹੈ।
ਅਦਾਕਾਰ ਬਣਨ ਸਬੰਧੀ ਵੀ ਘੁੱਗੀ ਨੇ ਕਿਤਾਬਾਂ ਨਾਲ ਜੁੜਿਆ ਰੋਚਕ ਕਿੱਸਾ ਸੁਣਾਇਆ। ਉਹ ਅਕਸਰ ਆਪਣੇ ਪਾਠਕ੍ਰਮ ਦੀਆਂ ਪੁਸਤਕਾਂ ਦੇ ਨਾਲ-ਨਾਲ ਆਪਣੇ ਤੋਂ ਚਾਰ ਜਮਾਤਾਂ ਅੱਗੇ ਵੱਡੇ ਭਰਾ ਦੀਆਂ ਕਿਤਾਬਾਂ ਵੀ ਪੜ੍ਹ ਲੈਂਦਾ ਸੀ। ਜਦੋਂ ਉਹ ਪੰਜਵੀਂ ਜਮਾਤ ’ਚ ਸੀ ਤਾਂ ਸਕੂਲ ਅਧਿਆਪਕਾ ਨੇ ਉਨ੍ਹਾਂ ਨੂੰ ਸਕੂਲ ਦੇ ਇੱਕ ਸਮਾਗਮ ਲਈ ਗੀਤ ਗਾਉਣ ਜਾਂ ਸਕਿੱਟ/ਨਾਟਕ ਸੰਗੀਤ ਜਾਂ ਕੋਈ ਹੋਰ ਆਈਟਮ ਤਿਆਰ ਕਰਨ ਲਈ ਕਿਹਾ। ਉਸ ਨੂੰ ਗਾਉਣਾ ਤਾਂ ਆਉਂਦਾ ਨਹੀਂ ਸੀ ਤੇ ਉਸ ਨੇ ਅਧਿਆਪਕਾ ਤੋਂ ਸਕਿੱਟ/ਨਾਟਕ ਬਾਰੇ ਪੁੱਛਿਆ ਤਾਂ ਅਧਿਆਪਕਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਅਧਿਆਪਕਾ ਦੀ ਗੱਲ ਸੁਣ ਕੇ ਉਸ ਨੇ ਪਹਿਲਾਂ ਹੀ ਪੜ੍ਹੀ ਨੌਵੀਂ ਜਮਾਤ ਦੀ ਪੰਜਾਬੀ ਪਾਠ ਪੁਸਤਕ ’ਚ ਸ਼ਾਮਲ ‘ਧੰਨਾ ਸਿੰਘ ਬੱਬਰ’ ਇਕਾਂਗੀ ਖੇਡਣ ਦੀ ਅਧਿਆਪਕਾ ਤੋਂ ਆਗਿਆ ਲੈ ਲਈ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਕਾਂਗੀ ਤਿਆਰ ਕਰ ਲਈ। ਘੁੱਗੀ ਨੇ ਇਸ ਵਿੱਚ ਧੰਨਾ ਸਿੰਘ ਬੱਬਰ ਦੀ ਭੂਮਿਕਾ ਨਿਭਾਈ ਤੇ ਇਸ ਦਾ ਨਿਰਦੇਸ਼ਨ ਵੀ ਖ਼ੁਦ ਕੀਤਾ। ਇਸ ਤਰ੍ਹਾਂ ਘੁੱਗੀ ਮੰਨਦਾ ਹੈ ਕਿ ਇੱਕ ਕਿਤਾਬ ਨੇ ਉਸ ਨੂੰ ਅਦਾਕਾਰ ਬਣਨ ਦੇ ਰਾਹ ਪਾ ਦਿੱਤਾ।
ਘੁੱਗੀ ਆਪਣੀ ਅਦਾਕਾਰੀ ਦੀਆਂ ਸਾਹਿਤ ਨਾਲ ਜੁੜੀਆਂ ਪ੍ਰਾਪਤੀਆਂ ਬਾਰੇ ਦੱਸਦਾ ਹੈ ਕਿ ਉਸ ਨੂੰ ਮਾਣ ਹੈ ਕਿ ਨਾਮਵਰ ਲੇਖਕ ਓਮ ਪ੍ਰਕਾਸ਼ ਗਾਸੋ ਦੀ ਰਚਨਾ ‘ਬੁਝ ਰਹੀ ਬੱਤੀ ਦਾ ਚਾਨਣ’ ’ਤੇ ਆਧਾਰਿਤ ਲੜੀਵਾਰ ‘ਪਰਛਾਵੇਂ’ ’ਚ ਬੁਲਾਰੇ ਦਾ ਕਿਰਦਾਰ ਨਿਭਾਇਆ, ਜਿਸ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਉਹ ਓਮ ਪ੍ਰਕਾਸ਼ ਗਾਸੋ ਹੀ ਬਣ ਗਿਆ। ਫਿਰ ਗਾਸੋ ਜੀ ਨੇ ਇਸੇ ਲੜੀਵਾਰ ’ਤੇ ਪੁਸਤਕ ‘ਪਰਛਾਵੇਂ’ ਵੀ ਲਿਖੀ। ਇਸ ਤੋਂ ਇਲਾਵਾ ਘੁੱਗੀ ਨੇ ਅੰਮ੍ਰਿਤਾ ਪ੍ਰੀਤਮ, ਮੋਹਨ ਭੰਡਾਰੀ ਤੇ ਜਸਬੀਰ ਭੁੱਲਰ ਹੋਰਾਂ ਦੀਆਂ ਕਹਾਣੀਆਂ ’ਤੇ ਆਧਾਰਿਤ ਲੜੀਵਾਰ/ਲਘੂ ਫਿਲਮਾਂ ’ਚ ਵੀ ਕੰਮ ਕੀਤਾ। ਉਸ ਦਾ ਮੰਨਣਾ ਹੈ ਕਿ ਉਸ ਨੇ ਕਿਤਾਬਾਂ ਤੋਂ ਇੰਨੀਆਂ ਕੁ ਗੱਲਾਂ ਸਿੱਖ ਲਈਆਂ ਹਨ ਕਿ ਉਹ ਸਿਰਫ਼ ਉਨ੍ਹਾਂ ਗੱਲਾਂ ਨਾਲ ਆਪਣਾ ਘਰ ਚਲਾ ਸਕਦਾ ਹੈ। ਗੱਲਬਾਤ ਸਮੇਟਦਿਆਂ ਉਸ ਨੇ ਕਿਹਾ ਕਿ ਜੇਕਰ ਦੁਨੀਆ ’ਚੋਂ ਨਫ਼ਰਤ ਖ਼ਤਮ ਕਰਨੀ ਹੈ ਤਾਂ ਵਿਚਾਰਵਾਨ ਬਣੋ, ਵਿਚਾਰਵਾਨ ਬਣਨ ਲਈ ਕਿਤਾਬਾਂ ਪੜ੍ਹਨੀਆਂ ਲਾਜ਼ਮੀ ਹਨ।
ਸੰਪਰਕ: 97795-90575