ਜ਼ਿੰਦਗੀ ਦਾ ਰਾਹ
ਬਾਲ ਕਹਾਣੀ
ਸਕੂਲ ਤੋਂ ਵਾਪਸ ਘਰ ਆਉਂਦਿਆਂ ਹੀ ਮਨਜੋਤ ਨੇ ਬਸਤਾ ਵਗਾਹ ਕੇ ਮਾਰਿਆ ਤੇ ਚੀਕਦਾ ਹੋਇਆ ਬੋਲਿਆ, ‘‘ਮੈਂ ਅੱਜ ਤੋਂ ਬਾਅਦ ਸਕੂਲ ਨਹੀਂ ਜਾਣਾ। ਹਰ ਵੇਲੇ ਕੋਈ ਨਾ ਕੋਈ ਰੋਕਦਾ-ਟੋਕਦਾ ਹੀ ਰਹਿੰਦਾ ਹੈ। ਸਕੂਲ ਵਿੱਚ ਅਧਿਆਪਕ ਤੇ ਘਰ ਵਿੱਚ ਤੁਸੀਂ। ਅਧਿਆਪਕ ਕਹਿਣਗੇ ਆਹ ਨ੍ਹੀਂ ਕਰਨਾ, ਓਹ ਨ੍ਹੀਂ ਕਰਨਾ। ਸਿੱਧੇ ਹੋ ਕੇ ਬੈਠਣਾ, ਪੈਰ ਚੁੱਕ ਕੇ ਤੁਰਨਾ, ਆਹ ਪੜ੍ਹਨਾ, ਓਹ ਨ੍ਹੀਂ ਪੜ੍ਹਨਾ। ਘਰ ਵਿੱਚ ਤੁਸੀਂ ਨ੍ਹੀਂ ਟਿਕਣ ਦਿੰਦੇ, ਇੱਥੇ ਨ੍ਹੀਂ ਜਾਣਾ, ਉੱਥੇ ਨ੍ਹੀਂ ਜਾਣਾ। ਕੋਈ ਗੱਲ ਏ, ਮੈਂ ਤੰਗ ਆਇਆ ਪਿਆ, ਇੰਨੀ ਪਾਬੰਦੀ ?’’
ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਨਜੋਤ ਆਪਣੇ ਮਨ ਦੀ ਪੂਰੀ ਭੜਾਸ ਕੱਢ ਰਿਹਾ ਸੀ। ਪਰਿਵਾਰ ਵਾਲੇ ਚੁੱਪਚਾਪ ਉਸ ਨੂੰ ਸੁਣ ਰਹੇ ਸਨ। ਜਦੋਂ ਮਨਜੋਤ ਸ਼ਾਂਤ ਹੋਇਆ ਤਾਂ ਉਸ ਦੇ ਦਾਦਾ ਲਾਡ-ਪੁਚਕਾਰ ਕੇ ਆਪਣੇ ਕਮਰੇ ਵਿੱਚ ਲੈ ਗਏ। ਖਾਣ ਲਈ ਚਾਕਲੇਟ ਦਿੰਦੇ ਹੋਏ ਬੋਲੇ, ‘‘ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਇਹ ਦੱਸੋ ਤੁਸੀਂ ਆਪਣਾ ਸਾਈਕਲ ਠੀਕ ਕਰਵਾ ਲਿਆ?’’
‘‘ਹਾਂ ਜੀ, ਉਹਦੇ ਬਰੇਕ ਨ੍ਹੀਂ ਲੱਗਦੇ ਸਨ।’’
‘‘ਤੁਸੀਂ ਬਰੇਕ ਕਿਉਂ ਠੀਕ ਕਰਵਾਏ?’’
‘‘ਤਾਂ ਕਿ ਸਾਈਕਲ ਨੂੰ ਰੋਕਿਆ ਜਾ ਸਕੇ ਤੇ ਐਂਕਸੀਡੈਂਟ ਤੋਂ ਬਚਿਆ ਜਾ ਸਕੇ।’’ ਮਨਜੋਤ ਨੇ ਆਪਣੀ ਬੁੱਧੀ ਦੇ ਅਨੁਸਾਰ ਜਵਾਬ ਦਿੱਤੇ। ਉਹ ਹੈਰਾਨ ਵੀ ਹੋ ਰਿਹਾ ਸੀ ਕਿ ਉਸ ਦੇ ਦਾਦਾ ਜੀ ਕਿਹੋ-ਜਿਹੇ ਸਵਾਲ ਪੁੱਛ ਰਹੇ ਹਨ।
‘‘ਨਹੀਂ ਪੁੱਤਰ! ਸਾਈਕਲ ਸਮੇਤ ਸਾਰੇ ਸਾਧਨਾਂ ਦੇ ਬਰੇਕ ਇਸ ਲਈ ਲਾਏ ਜਾਂਦੇ ਹਨ ਤਾਂ ਕਿ ਅਸੀਂ ਇਨ੍ਹਾਂ ਨੂੰ ਤੇਜ਼ ਚਲਾ ਸਕੀਏ, ਬਿਨਾਂ ਕਿਸੇ ਡਰ, ਭੈਅ ਤੋਂ।’’
‘‘ਉਹ ਕਿਵੇਂ ?’’
‘‘ਜਦੋਂ ਤੁਹਾਡੇ ਸਾਈਕਲ ਦੇ ਬਰੇਕ ਕੰਮ ਨਹੀਂ ਕਰ ਰਹੇ ਸਨ, ਕੀ ਤੁਸੀਂ ਉਸ ਨੂੰ ਤੇਜ਼ ਚਲਾਉਂਦੇ ਸੀ ?’’
‘‘ਨਹੀਂ ਦਾਦਾ ਜੀ, ਏਦਾਂ ਤਾਂ ਸੱਟ ਲੱਗ ਸਕਦੀ ਸੀ ਮੇਰੇ।’’
‘‘ਬਿਲਕੁਲ ਠੀਕ। ਜੇ ਬਰੇਕ ਹੀ ਨਾ ਹੋਣ ਤਾਂ ਸਾਡੇ ਵਿੱਚ ਤੇਜ਼ ਭਜਾਉਣ ਦਾ ਵਿਸ਼ਵਾਸ ਹੀ ਨਹੀਂ ਆ ਸਕਦਾ। ਜਦੋਂ ਤੁਹਾਨੂੰ ਪਤਾ ਹੋਵੇ ਕਿ ਸਾਈਕਲ ਦੇ ਬਰੇਕ ਹਨ, ਫਿਰ ਤੁਸੀਂ ਪੂਰੀ ਸਪੀਡ ’ਤੇ ਭਜਾ ਸਕਦੇ ਹੋ, ਜਦੋਂ ਜੀਅ ਕੀਤਾ ਹੌਲੀ ਕਰ ਸਕਦੇ ਹੋ ਜਾਂ ਰੋਕ ਸਕਦੇ ਹੋ।’’
‘‘ਬਿਲਕੁਲ ਇਸ ਤਰ੍ਹਾਂ ਹੀ ਸਾਡੇ ਜੀਵਨ ਵਿੱਚ ਸਾਡੇ ਮਾਤਾ-ਪਿਤਾ ਦੇ ਸਵਾਲ, ਅਧਿਆਪਕਾਂ ਦੇ ਸਵਾਲ ਇੱਕ ਬਰੇਕਰ ਦੀ ਤਰ੍ਹਾਂ ਆਉਂਦੇ ਹਨ ਤੇ ਅਸੀਂ ਇਸ ਨੂੰ ਰਸਤੇ ਦੀ ਰੁਕਾਵਟ ਸਮਝ ਲੈਂਦੇ ਹਾਂ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਰੇਕ ਇਸ ਲਈ ਹਨ ਤਾਂ ਕਿ ਅਸੀਂ ਆਪਣੇ ਜ਼ਿੰਦਗੀ ਦੇ ਰਾਹ ’ਤੇ ਹੋਰ ਤੇਜ਼ੀ ਨਾਲ ਚੱਲ ਸਕੀਏ। ਗੁੱਸੇ ਹੋਣ ਦੀ ਬਜਾਏ ਸੋਚਣਾ ਚਾਹੀਦਾ ਹੈ ਕਿ ਸਾਨੂੰ ਕੋਈ ਰੋਕਣ ਵਾਲਾ, ਸਮਝਾਉਣ ਵਾਲਾ ਤੇ ਸਿਖਾਉਣ ਵਾਲਾ ਬੈਠਾ ਹੈ। ਕਿਸੇ ਗੱਲ ਤੋਂ ਵੱਡਿਆਂ ਦਾ ਵਰਜਣਾ ਸਾਡੇ ਉੱਪਰ ਰੋਕ ਨਹੀਂ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਤੇਜ਼ ਭੱਜੋ, ਪਰ ਗ਼ਲਤੀਆਂ ਘੱਟ ਕਰੋ। ਸਮਝ ਗਏ ਨਾ ਪੁੱਤਰ ਮੈਂ ਕੀ ਸਮਝਾਉਣਾ ਚਾਹੁੰਨਾ।’’
‘‘ਹਾਂ ਜੀ ਦਾਦਾ ਜੀ, ਸਮਝ ਗਿਆ ਦਾਦਾ ਜੀ, ਸਮਝ ਗਿਆ।’’ ਆਪਣਾ ਸੁੱਟਿਆ ਹੋਇਆ ਬਸਤਾ ਚੁੱਕਦਾ ਮਨਜੋਤ ਬੋਲੀ ਜਾ ਰਿਹਾ ਸੀ।
ਸੰਪਰਕ: 94630-90470