DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਰਤਾਂ ਦੇ ਹੱਕਾਂ ਲਈ ਮਿਲ ਕੇ ਲੜਨ ਦੀ ਲੋੜ

ਡਾ. ਅਰਵਿੰਦਰ ਕੌਰ ਕਾਕੜਾ ਕੌਮਾਂਤਰੀ ਔਰਤ ਦਿਵਸ ਔਰਤ ਦੇ ਸੰਘਰਸ਼ ਦਾ ਪ੍ਰਤੀਕ ਦਿਹਾੜਾ ਹੈ। ਇਹ ਦਿਨ ਔਰਤ ਨੂੰ ਆਪਣੇ ਹੱਕਾਂ ਲਈ ਆਵਾਜ਼ ਬਣਨ ਦਾ ਸੁਨੇਹਾ ਦਿੰਦਾ ਹੈ। ਇਹ ਔਰਤ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ ਕਿ ਉਹ ਆਪਣੀ ਸਥਿਤੀ...
  • fb
  • twitter
  • whatsapp
  • whatsapp
Advertisement

ਡਾ. ਅਰਵਿੰਦਰ ਕੌਰ ਕਾਕੜਾ

ਕੌਮਾਂਤਰੀ ਔਰਤ ਦਿਵਸ ਔਰਤ ਦੇ ਸੰਘਰਸ਼ ਦਾ ਪ੍ਰਤੀਕ ਦਿਹਾੜਾ ਹੈ। ਇਹ ਦਿਨ ਔਰਤ ਨੂੰ ਆਪਣੇ ਹੱਕਾਂ ਲਈ ਆਵਾਜ਼ ਬਣਨ ਦਾ ਸੁਨੇਹਾ ਦਿੰਦਾ ਹੈ। ਇਹ ਔਰਤ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ ਕਿ ਉਹ ਆਪਣੀ ਸਥਿਤੀ ਸੁਧਾਰਨ ਲਈ ਸਮੂਹਿਕ ਰੂਪ ਵਿੱਚ ਜਿੰਨਾ ਚਿਰ ਲੜਾਈ ਨਹੀਂ ਲੜਦੀ, ਓਨਾ ਚਿਰ ਲੁੱਟ ਤੋਂ ਮੁਕਤ ਨਹੀਂ ਹੋ ਸਕਦੀ। ਸਾਡੇ ਮੁਲਕ ਵਿੱਚ ਔਰਤ ਦੀ ਆਜ਼ਾਦੀ, ਔਰਤ ਦੀ ਹੋਂਦ, ਔਰਤ ਦੀ ਸੁਰੱਖਿਆ ਦਾ ਸੁਆਲ ਔਰਤ ਦੀ ਮੁਕਤੀ ਨਾਲ ਜੁੜਿਆ ਹੋਇਆ ਹੈ। ਇਹ ਦਿਨ ਸਮੁੱਚੀ ਮਨੁੱਖਤਾ ਦੀ ਲੁੱਟ-ਖਸੁੱਟ ਤੋਂ ਮੁਕਤੀ ਲਈ ਔਰਤਾਂ ਵੱਲੋਂ ਕੀਤੇ ਸੰਘਰਸ਼ ਦੀ ਸ਼ਮੂਲੀਅਤ ਦਾ ਗਵਾਹ ਵੀ ਬਣਦਾ ਹੈ।

Advertisement

ਇਤਿਹਾਸ ਦੱਸਦਾ ਹੈ ਕਿ ਹਰ ਸਮਾਜਿਕ ਲਹਿਰ ਔਰਤਾਂ ਦੀ ਹਿੱਸੇਦਾਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀ। ਜਦੋਂ ਕੁਲ ਆਬਾਦੀ ਵਿੱਚੋਂ ਅੱਧੀ ਆਬਾਦੀ ਔਰਤਾਂ ਦੀ ਹੋਵੇ ਤਾਂ ਹਰ ਖੇਤਰ ਵਿੱਚ ਬਰਾਬਰੀ ਦਾ ਹੱਕ ਮਿਲਣਾ ਜ਼ਰੂਰੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਵੇਖਣਾ ਹੋਵੇ ਤਾਂ ਔਰਤ ਦੀ ਸਥਿਤੀ ਤੋਂ ਜਾਇਜ਼ਾ ਲਿਆ ਜਾ ਸਕਦਾ ਹੈ। ਸਾਡੇ ਸਮਾਜ ਵਿੱਚ ਔਰਤ ਦੀ ਲੁੱਟ ਖਸੁੱਟ ਦੀਆਂ ਬਹੁ ਪਰਤਾਂ ਹਨ, ਵੱਖੋ ਵੱਖਰੇ ਵਰਗ ਨਾਲ ਸਬੰਧਤ ਔਰਤਾਂ ਦੀਆਂ ਵੱਖੋ ਵੱਖਰੀਆਂ ਮੁਸ਼ਕਿਲਾਂ ਹਨ। ਇੱਕ ਪਾਸੇ ਉੱਚ ਤੇ ਮੱਧਵਰਗੀ ਔਰਤਾਂ ਸਮਾਜਿਕ ਗੁਲਾਮੀ ਦਾ ਸ਼ਿਕਾਰ ਹਨ, ਉੱਥੇ ਕੁਝ ਹਿੱਸਾ ਮੱਧ ਵਰਗੀ ਔਰਤਾਂ ਦਾ ਆਰਥਿਕ ਤੇ ਸਮਾਜਿਕ ਗੁਲਾਮੀ ਵਿੱਚ ਜਕੜਿਆ ਹੋਇਆ ਹੈ, ਪਰ ਹੇਠਲੇ ਵਰਗ ਦੀਆਂ ਔਰਤਾਂ ਜਿੱਥੇ ਆਰਥਿਕ, ਸਮਾਜਿਕ, ਮਾਨਸਿਕ ਗੁਲਾਮੀ ਸਹਿਣ ਕਰ ਰਹੀਆਂ ਹਨ, ਉੱਥੇ ਦਲਿਤ ਔਰਤਾਂ ਨੂੰ ਜਾਤ ਨਾਲ ਸਬੰਧਿਤ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਇਹ ਸਪਸ਼ੱਟ ਹੁੰਦਾ ਹੈ ਕਿ 21ਵੀਂ ਸਦੀ ਵਿੱਚ ਜਦੋਂ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਸਮਾਜ ਵਿੱਚੋਂ ਲਿੰਗਕ ਵਿਤਕਰਾ ਖ਼ਤਮ ਹੋ ਰਿਹਾ ਹੈ। ਇਹ ਕਿਸ ਪਰਤ ਤੱਕ ਸੀਮਤ ਹੈ। ਸੁਆਲ ਅੱਜ ਇਹ ਹੈ ਕਿ ਸਮੁੱਚੀ ਮਨੁੱਖਤਾ ਦੀ ਲੁੱਟ ਦੀ ਝਲਕ ਦੇ ਅਨੇਕਾਂ ਰੂਪ ਨਜ਼ਰ ਆਉਂਦੇ ਹਨ ਜਿਸ ਵਿੱਚ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੇ ਨਾਲ ਨਾਲ ਜਾਤ-ਪਾਤ, ਕੌਮੀ, ਕਬਾਇਲੀ ਅਤੇ ਔਰਤ ਮੁਕਤੀ ਦਾ ਸਵਾਲ ਆਦਿ ਨੂੰ ਕਿਵੇਂ ਹੱਲ ਕੀਤਾ ਜਾਵੇ। ਦੇਸ਼ ਦੇ ਹਾਕਮ ਕਹਿ ਰਹੇ ਹਨ ਕਿ ਅਸੀਂ ਦੁਨੀਆ ਦੀ ਤੀਜੀ ਸ਼ਕਤੀ ਬਣਨ ਜਾ ਰਹੇ ਹਾਂ। ਅਜਿਹੇ ਸਮੇਂ ਔਰਤ ਦੀ ਮੁਕਤੀ ਬਾਰੇ ਚਿੰਤਨ ਮੰਥਨ ਕਰਨਾ ਹੋਰ ਵੀ ਜ਼ਰੂਰੀ ਹੈ। ਏਹੀ ਕਾਰਨ ਹੈ ਕਿ 8 ਮਾਰਚ ਦੀ ਇਤਿਹਾਸਕ ਮਹੱਤਤਾ ਹੋਣ ਨਾਲ ਅਜੋਕੇ ਸਮੇਂ ਵੀ ਇਸ ਦੀ ਵੱਖਰੀ ਸਾਰਥਿਕਤਾ ਹੈ। ਇਸ ਲਈ ਦੋਹਾਂ ਪੱਖਾਂ ਨੂੰ ਕੇਂਦਰਿਤ ਕਰਨਾ ਜ਼ਰੂਰੀ ਹੈ।

ਇਸ ਦਿਨ ਦੀ ਸ਼ੁਰੂਆਤ ਮਜ਼ਦੂਰ ਔਰਤਾਂ ਦੇ ਸੰਘਰਸ਼ ਨਾਲ ਹੋਈ ਸੀ। 8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਕੱਪੜਾ ਮਿੱਲ ਵਿੱਚ ਮਜ਼ਦੂਰ ਔਰਤਾਂ ਨੇ 10 ਘੰਟੇ ਕੰਮ ਦੀ ਦਿਹਾੜੀ, ਬਿਹਤਰ ਮਜ਼ਦੂਰੀ, ਕੰਮ ਦੀਆਂ ਬਿਹਤਰ ਹਾਲਤਾਂ ਤੇ ਔਰਤਾਂ ਅਤੇ ਮਰਦ ਦੇ ਬਰਾਬਰ ਹੱਕਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ। ਕਾਰਖਾਨੇ ਦੇ ਮਾਲਕਾਂ ਦੀ ਸ਼ਹਿ ’ਤੇ ਪੁਲੀਸ ਨੇ ਔਰਤਾਂ ਦੇ ਇਸ ਸੰਘਰਸ਼ ਨੂੰ ਕੁਚਲਣ ਲਈ ਜ਼ਬਰ ਢਾਹਿਆ। ਉਸ ਜ਼ੁਲਮ ਦਾ ਸ਼ਿਕਾਰ ਬਹੁਤ ਸਾਰੀਆਂ ਔਰਤਾਂ ਹੋਈਆਂ। ਉਸ ਤੋਂ ਬਾਅਦ ਔਰਤਾਂ ਨੇ ਇਕੱਠੇ ਲੜਾਈ ਲੜਨ ਦਾ ਅਹਿਦਨਾਮਾ ਲਿਆ ਤੇ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਤੇ ਜਿੱਤ ਵੀ ਪ੍ਰਾਪਤ ਹੋਈ। ਇਸ ਸੰਘਰਸ਼ ਦੀ ਬਦੌਲਤ ਤਲਾਕ ਲੈਣ, ਵੋਟ ਦਾ ਹੱਕ, ਕੰਮ ਦੀ ਦਿਹਾੜੀ ਦੇ ਘੰਟੇ ਘੱਟ ਕਰਨ ਵਰਗੇ ਅਨੇਕਾਂ ਹੱਕ ਹਾਸਲ ਕੀਤੇ। 19ਵੀਂ ਅਤੇ 20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਕਲਾਰਾ ਜੈਟਕਿਨ, ਰੋਜ਼ਾ ਲਕਸਮਬਰਗ ਆਦਿ ਔਰਤਾਂ ਨੇ ਔਰਤ ਅੰਦੋਲਨ ਦੀ ਅਗਵਾਈ ਕੀਤੀ। 8 ਮਾਰਚ 1908 ਨੂੰ ਕੱਪੜਾ ਮਿੱਲ ਦੀਆਂ ਮਜ਼ਦੂਰ ਔਰਤਾਂ ਨੇ ਫਿਰ ਸੰਘਰਸ਼ ਕੀਤਾ ਤੇ ਸੱਤਾ ਦਾ ਜ਼ਬਰ ਵੀ ਸਹਿਣ ਕੀਤਾ ਤੇ ਕੁਝ ਔਰਤਾਂ ਸ਼ਹੀਦ ਹੋਈਆਂ, ਪਰ ਉਨ੍ਹਾਂ ਨੇ ਆਪਣੇ ਅਕੀਦੇ ਤੋਂ ਮੁੱਖ ਨਹੀਂ ਮੋੜਿਆ। ਔਰਤ ਆਗੂ ਕਲਾਰਾ ਜੈਟਕਿਨ ਨੇ ਕੌਪਨਹੈਗਨ ਵਿੱਚ ਸੰਸਾਰ ਦੀਆਂ ਚੇਤੰਨ ਔਰਤਾਂ ਦੀ 8 ਮਾਰਚ 1910 ਦੀ ਕਾਨਫਰੰਸ ਕੀਤੀ ਤੇ ਸ਼ਹੀਦ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ 8 ਮਾਰਚ ਦਾ ਦਿਨ ਚੁਣਿਆ ਜੋ ਨਾਰੀ ਚੇਤਨਾ ਦੇ ਤੌਰ ’ਤੇ ਮਨਾਇਆ ਜਾਵੇ। ਸਰਬਸੰਮਤੀ ਨਾਲ ਇਹ ਦਿਨ ‘ਮਹਿਲਾ ਕੌਮਾਂਤਰੀ ਦਿਵਸ’ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਗਿਆ। ਇਹ ਦਿਨ ਯੂਰਪ ਤੇ ਹੋਰ ਦੇਸ਼ਾਂ ਵਿੱਚ ਵੱਖਰੇ ਵੱਖਰੇ ਤੌਰ ’ਤੇ ਮਨਾਇਆ ਗਿਆ। 1975 ਵਿੱਚ ਕੌਮਾਂਤਰੀ ਔਰਤ ਲਹਿਰ ਦੇ ਵਧਦੇ ਦਬਾਅ ਕਾਰਨ ਸੰਯੁਕਤ ਰਾਸ਼ਟਰ ਸੰਘ ਨੇ 8 ਮਾਰਚ ਦੇ ਦਿਨ ਨੂੰ ਕੌਮਾਂਤਰੀ ਔਰਤ ਦਿਵਸ ਮਨਾਉਣ ਦੀ ਮਾਨਤਾ ਦੇ ਦਿੱਤੀ।

ਅੱਜ ਜੇਕਰ ਅਸੀਂ ਭਾਰਤ ਦੀਆਂ ਸਮੁੱਚੀਆਂ ਔਰਤਾਂ ਵੱਲ ਝਾਤੀ ਮਾਰੀਏ ਤਾਂ ਔਰਤ ਦੀ ਆਜ਼ਾਦੀ ਤੇ ਹੋਂਦ ਦੇ ਮਸਲੇ ਨਾਲ ਜੁੜਿਆ ਔਰਤ ਦੀ ਸੁਰੱਖਿਆ ਦਾ ਮਸਲਾ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਅੱਜ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਔਰਤਾਂ ਉੱਤੇ ਹਿੰਸਾ, ਘਰੇਲੂ ਹਿੰਸਾ, ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ਵਿੱਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿੱਚ ਵਿਤਕਰਾ ਅਤੇ ਔਰਤਾਂ ਨਾਲ ਬਲਾਤਕਾਰ ਜਿਹੇ ਅਹਿਮ ਮੁੱਦੇ ਹਨ ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨ। ਔਰਤਾਂ ਘਰੇਲੂ ਕੰਮ, ਬੱਚਿਆਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਨੌਕਰੀ ਪੇਸ਼ਾ, ਦਿਹਾੜੀ ਆਦਿ ਸਾਰਾ ਕੰਮ ਕਰਦੀਆਂ ਹਨ, ਪਰ ਉਨ੍ਹਾਂ ਦੇ ਕੰਮ ਦੀ ਅਹਿਮੀਅਤ ਨਾ ਜਾਣਦੇ ਹੋਏ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈ। ਘਰ-ਪਰਿਵਾਰ ਤੋਂ ਲੈ ਕੇ ਪੂਰੇ ਸਮਾਜਿਕ ਤਾਣੇ ਬਾਣੇ ਵਿੱਚ ਹਰ ਥਾਂ ’ਤੇ ਔਰਤਾਂ ਅਸੁਰੱਖਿਅਤ ਹਨ। ਔਰਤਾਂ ਨਾਲ ਛੇੜਖਾਨੀ, ਅਗਵਾ, ਬਲਾਤਕਾਰ, ਤੇਜ਼ਾਬ ਸੁੱਟਣ ਆਦਿ ਜਿਹੇ ਭਿਆਨਕ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਉਸ ਦੇ ਜਿਸਮ ਨਾਲ ਖੇਡਣਾ ਤੇ ਆਪਣੇ ਮਰਦਾਊਪਣੇ ਦਾ ਅਹਿਸਾਸ ਕਰਵਾਉਣਾ ਇਸ ਸਮਾਜ ਵਿੱਚ ਆਮ ਵਰਤਾਰਾ ਬਣ ਗਿਆ ਜੋ ਸੰਸਥਾਗਤ ਹਿੰਸਾ ਵਿੱਚ ਵਟਦਾ ਨਜ਼ਰ ਆ ਰਿਹਾ ਹੈ। ਸਮਾਜ ਵਿੱਚ ਕਈ ਘਟਨਾਵਾਂ ਇਸ ਦਾ ਸਬੂਤ ਹਨ ਜਿਵੇਂ ਮਹਿਲਾ ਪਹਿਲਵਾਨਾਂ ਦਾ ਸੰਘਰਸ਼, ਹਾਥਰਸ ਦਾ ਗੈਂਗ ਰੇਪ, ਕਠੂਆ ਬਲਾਤਕਾਰ ਕੇਸ ਅਤੇ ਮਨੀਪੁਰ ਵਿੱਚ ਕੁੱਕੀ ਔਰਤਾਂ ਉੱਪਰ ਕੀਤੀ ਗਈ ਸਮੂਹਿਕ ਹਿੰਸਾ, ਕਲਕੱਤਾ ਵਿੱਚ ਮਹਿਲਾ ਟਰੇਨੀ ਡਾਕਟਰ ਦੇ ਬਲਾਤਕਾਰ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਸਾਹਮਣੇ ਹੈ, ਜਿਸ ਤਹਿਤ ਮਨੁੱਖਤਾ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਇਸ ਸਮਾਜ ਵਿੱਚ ਅੱਜ ਦਲਿਤ ਹੋਣਾ ਬਹੁਤ ਵੱਡਾ ਗੁਨਾਹ ਹੈ ਅਤੇ ਇੱਕ ਦਲਿਤ ਔਰਤ ਹੋਣਾ ਹੋਰ ਵੀ ਗੁਨਾਹ ਹੈ।

ਜਦੋਂ ਘੱਟ ਗਿਣਤੀ ਅਤੇ ਦਲਿਤ ਔਰਤਾਂ ਖਿਲਾਫ਼ ਜਿਸ ਕਿਸਮ ਦੇ ਅਪਰਾਧ ਵਧ ਰਹੇ ਹਨ, ਉਸ ਵਿੱਚ ਬਹੁਤ ਹੀ ਖੌਫ਼ਨਾਕ ਤਰੀਕੇ ਨਾਲ ਕੀਤੇ ਗਏ ਕਤਲ ਵੀ ਹਨ। ਅਜਿਹੀ ਇੱਕ ਘਟਨਾ ਹੁਣੇ ਹੀ ਸਾਹਮਣੇ ਆਈ ਕਿ ਅਯੁੱਧਿਆ ਵਿੱਚ ਕਥਾ ਸੁਣਨ ਗਈ ਇੱਕ ਦਲਿਤ ਬੱਚੀ ਜੋ ਤਿੰਨ ਦਿਨਾਂ ਤੋਂ ਲਾਪਤਾ ਸੀ। ਉਹ ਜਦੋਂ ਮਿਲੀ ਤਾਂ ਨਗਨ ਹਾਲਤ ਵਿੱਚ ਸੀ ਅਤੇ ਉਹ ਪਹਿਚਾਣ ਵਿੱਚ ਨਹੀਂ ਸੀ ਆ ਰਹੀ। ਉਸ ਦੀਆਂ ਦੋਵੇਂ ਅੱਖਾਂ ਬਾਹਰ ਕੱਢੀਆਂ ਹੋਈਆਂ ਸਨ। ਇਹ ਸੱਚਮੁੱਚ ਪ੍ਰਸ਼ਾਸਕੀ ਢਾਂਚੇ ਉੱਪਰ ਬਹੁਤ ਵੱਡਾ ਸੁਆਲ ਹੈ। ਅਜਿਹੀਆਂ ਘਟਨਾਵਾਂ ਲਈ ਕੀ ਪਿੱਤਰਕੀ ਪ੍ਰਬੰਧ ਜ਼ਿੰਮੇਵਾਰ ਹੈ ਜਾਂ ਰਾਜਸੀ/ਸੱਭਿਆਚਾਰਕ ਢਾਂਚਾ। ਇਸ ਬਾਰੇ ਵਿਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮੁਲਜ਼ਮ ਬਚ ਜਾਂਦਾ ਹੈ ਜਾਂ ਬਚਾਇਆ ਜਾਂਦਾ ਹੈ। ਬਿਮਾਰ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਦੀ ਸੋਚ ਔਰਤ ਵਿਰੋਧੀ ਘਟਨਾਵਾਂ ਦੀ ਪੈਦਾਇਸ਼ ਬਣਦੀ ਹੈ। ਔਰਤ ਨੂੰ ਆਪਣੇ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨਾਲ ਲੜਾਈ ਲੜਨ ਦੀ ਲੋੜ ਹੈ। ਜਿਵੇਂ ਜਗੀਰੂ/ਮੱਧਯੁਗੀ ਸੋਚ ਦੀ ਜਕੜ ਔਰਤ ਨੂੰ ਸੰਸਕਾਰਾਂ, ਮੁੱਲਾਂ, ਰੀਤਾਂ ਰਿਵਾਜਾਂ ਦੇ ਤੌਰ ’ਤੇ ਮਾਨਸਿਕਤਾ ਨੂੰ ਪ੍ਰਭਾਵਿਤ ਕਰੀ ਬੈਠੀ ਹੈ। ਭਾਰਤੀ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ ਦੀਆਂ ਡੂੰਘੀਆਂ ਜੜਾਂ ਹਨ। ਇਸ ਦੇਸ਼ ਵਿੱਚ ਪਿੱਤਰੀ ਸੱਤਾ ਦੀ ਪੀਡੀ ਜਕੜ ਮਨੁੱਖ ਨੂੰ ਆਪਣੇ ਅਧੀਨ ਕਰੀਂ ਬੈਠੀ ਹੈ। ਇਸ ਵਿੱਚ ਮਰਦਾਂ ਨਾਲੋਂ ਔਰਤ ਵਧ ਪਿਸ ਰਹੀ ਹੈ। ਉਹ ਇੱਕ ਪਾਸੇ ਪਿੱਤਰਕੀ ਸੱਤਾ ਤੇ ਰਾਜ ਸੱਤਾ ਅਤੇ ਦੂਜੇ ਪਾਸੇ ਥੋਪੀਆਂ ਜਾ ਰਹੀਆਂ ਪੂੰਜੀਵਾਦੀ ਕਦਰਾਂ ਕੀਮਤਾਂ ਦੇ ਚੱਕਰਵਿਊ ਵਿੱਚ ਘਿਰੀ ਹੋਈ ਹੈ। ਇਹ ਸਾਰੇ ਹਾਲਾਤ ਪਿੱਤਰ ਸੱਤਾ ਨੂੰ ਮਜ਼ਬੂਤ ਕਰਦੇ ਹਨ। ਪਿੱਤਰ ਸੱਤਾ ਹਵਾ ਵਿੱਚ ਨਹੀਂ ਲਟਕ ਰਹੀ ਬਲਕਿ ਇਸ ਦਾ ਆਧਾਰ ਜਮਾਤੀ ਸਮਾਜ ਵਿੱਚ ਹੈ ਅਤੇ ਵਿਕਾਸ ਸੱਭਿਆਚਾਰ ਵਿੱਚ ਪਿਆ ਹੈ। ਸਮਾਜਿਕ ਵਿਕਾਸ ਦੇ ਇੱਕ ਪੜਾਅ ’ਤੇ ਆ ਕੇ ਜਦੋਂ ਸਮਾਜ ਵਿੱਚ ਨਿੱਜੀ ਜਾਇਦਾਦ ਦਾ ਸੰਕਲਪ ਪੈਦਾ ਹੋਇਆ ਤਾਂ ਸਮਾਜ ਵਿੱਚ ਵਾਧੂ ਪੈਦਾਵਾਰ ਉਤੇ ਕਬਜ਼ੇ ਦੀ ਭਾਵਨਾ ਨੇ ਅਜਿਹੀ ਜਮਾਤ ਪੈਦਾ ਕੀਤੀ ਜੋ ਪੈਦਾਵਾਰੀ ਸਾਧਨਾਂ ਨੂੰ ਕੰਟਰੋਲ ਕਰਦੀ ਤੇ ਦੂਜੇ ਪਾਸੇ ਪੈਦਾਵਾਰ ਵਿਹੂਣੀ ਜਮਾਤ ਪੈਦਾ ਹੋ ਗਈ ਜੋਂ ਪਹਿਲੀ ਜਮਾਤ ਦੀ ਅਧੀਨਗੀ ਸਵੀਕਾਰ ਕਰਨ ਲੱਗੀ। ਇਸੇ ਪੜਾਅ ’ਤੇ ਆ ਕੇ ਔਰਤ ਪ੍ਰਤੀ ਵੀ ਮਰਦ ਦੀ ਕਬਜ਼ੇ ਦੀ ਭਾਵਨਾ ਉਸ ਨੂੰ ਦੁਜੈਲੇ ਨੰਬਰ ’ਤੇ ਲੈ ਗਈ।

ਔਰਤ ਦੀ ਗੁਲਾਮੀ ਤੇ ਮੌਜੂਦਾ ਸਥਿਤੀ ਲਈ ਜਿੱਥੇ ਪਿੱਤਰਕੀ ਸੱਤਾ ਜ਼ਿੰਮੇਵਾਰ ਹੈ, ਉੱਥੇ ਰਾਜ ਪ੍ਰਬੰਧ ਤੇ ਖਪਤਕਾਰੀ ਸੱਭਿਆਚਾਰ ਵੀ ਜ਼ਿੰਮੇਵਾਰ ਹੈ। ਅੱਜ ਮੁਲਕ ਦੀ ਔਰਤ ਸਾਹਵੇਂ ਬਦਲਦੀਆਂ ਹਾਲਤਾਂ ਵਿੱਚ ਕਿਰਤ ਦੀ ਲੁੱਟ ਅਤੇ ਦਾਬੇ ਦੇ ਸਵਾਲ ਅੱਗੇ ਨਵੀਆਂ ਚੁਣੌਤੀਆਂ ਪੇਸ਼ ਹਨ। ਸਰਮਾਏਦਾਰੀ ਮੰਡੀ ਦੇ ਪਾਸਾਰੇ ਵੱਲੋਂ ਔਰਤ ਨੂੰ ਸਸਤੀ ਕਿਰਤ ਸ਼ਕਤੀ ਵਜੋਂ ਅੱਗੇ ਲਿਆਂਦਾ ਜਾ ਰਿਹਾ ਹੈ। ਮੁਨਾਫਾ ਕੇਂਦਰਿਤ ਪ੍ਰਬੰਧ ਨੇ ਔਰਤ ਦੀ ਆਜ਼ਾਦੀ ਦੇ ਨਾਮ ਹੇਠ ਨਵੇਂ ਮਿਆਰ ਸਥਾਪਿਤ ਕਰ ਕੇ ਸਰੀਰਕ ਲੁੱਟ ਨੂੰ ਵਧਾਇਆ ਹੈ। ਕਾਰਪੋਰੇਟੀ ਪ੍ਰਬੰਧ ਨੇ ਔਰਤ ਦੇ ਜਿਸਮ ਦਾ ਜਿਨਸੀਕਰਨ ਕਰ ਕੇ ਉਸ ਨੂੰ ਨੁਮਾਇਸ਼ ਦੀ ਵਸਤ ਬਣਾ ਦਿੱਤਾ ਹੈ। ਇੱਕ ਪਾਸੇ ਔਰਤ ਨੂੰ ਭੋਗ ਦੀ ਵਸਤੂ ਸਮਝਿਆ ਜਾ ਰਿਹਾ ਹੈ। ਜਗੀਰੂ ਸੱਭਿਆਚਾਰ ਅਤੇ ਨੰਗੇਜ਼ਵਾਦੀ, ਕਾਮੁਕਤਾਵਾਦੀ, ਖਪਤਵਾਦੀ ਗਲੇ-ਸੜੇ ਸੱਭਿਆਚਾਰ ਦਾ ਪ੍ਰਸਾਰ ਤਹਿਤ ਫਿਲਮਾਂ, ਗਾਣਿਆਂ ਆਦਿ ਵਿੱਚ ਔਰਤਾਂ ਦੇ ਸੁੰਦਰ ਸਰੀਰ ਤੇ ਅੰੰਗਾਂ ਨੂੰ ਪ੍ਰਦਰਸ਼ਨ ਵਜੋਂ ਦਿਖਾਇਆ ਜਾਂਦਾ ਹੈ। ਪੋਰਨੋਗ੍ਰਾਫੀ ਖਪਤਕਾਰੀ ਸੱਭਿਆਚਾਰ ਦਾ ਸਭ ਤੋਂ ਘਿਨਾਉਣਾ ਰੂਪ ਹੈ। ਇਸ ਰਾਹੀਂ ਸਰੀਰਕ ਹਿੰਸਾ, ਬਲਾਤਕਾਰ ਨੂੰ ਜਾਇਜ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਵਿਚਲੀ ਲਿੰਗ ਕਿਰਿਆ ਨੂੰ ਹੀ ਮਨੁੱਖੀ ਰਿਸ਼ਤੇ ਦਾ ਕੇਂਦਰ ਦਰਸਾਇਆ ਜਾਂਦਾ ਹੈ ਜਿਸ ਵਿੱਚ ਔਰਤ-ਮਰਦ ਦੇ ਰਿਸ਼ਤਿਆਂ ਵਿਚਲੇ ਇਨਸਾਨੀ ਪੱਖ ਖ਼ਤਮ ਕਰ ਪਸ਼ੂ ਬਿਰਤੀ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪਿਛਾਖੜੀ ਸੋਚ ਨੂੰ ਹੋਰ ਪੀਡਾ ਕਰਨ ਲਈ ਸੱਤਾਧਾਰੀ ਜਮਾਤ ਦੀ ਕੱਟੜਪੰਥੀ ਸੋਚ ਮੱਧ ਯੁੱਗੀ ਰੂੜੀਵਾਦੀ ਮੁੱਲਾਂ ਨੂੰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਹ ਸਾਰਾ ਕੁਝ ਵਾਚਦਿਆਂ ਇਹ ਕਿਹਾ ਜਾਂਦਾ ਹੈ ਕਿ ਅੱਜ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਨਹੀਂ ਮਿਲਿਆ। ਉਂਝ ਅਸੀਂ ਕਹਿ ਰਹੇ ਹਾਂ ਕਿ ਔਰਤ, ਮਰਦ ਦੇ ਬਰਾਬਰ ਦੀ ਹੱਕਦਾਰ ਹੈ। ਦੇਸ਼ ਦੇ ਵਿਕਾਸ ਵਿੱਚ ਬਰਾਬਰ ਦੇ ਕੰਮ ਕਰਦੀ ਔਰਤ ਸਿਰਫ਼ ਇੱਕ ਪ੍ਰਤੀਸ਼ਤ ਪੈਦਾਵਾਰੀ ਸਾਧਨਾਂ ’ਤੇ ਕਾਬਜ਼ ਹੈ। ਉਹ ਭਾਵੇਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ, ਪਰ ਸਮੁੱਚੇ ਤੌਰ ’ਤੇ ਸਿਹਤ, ਸਿੱਖਿਆ, ਰਾਜਨੀਤੀ, ਪ੍ਰਸ਼ਾਸਨ ਵਿੱਚ ਉਸ ਦੀ ਹੋਂਦ ਮਰਦ ਨਾਲੋਂ ਪੱਛੜੀ ਹੋਈ ਹੈ। ਮਾਨਸਿਕ, ਸਮਾਜਿਕ, ਆਰਥਿਕ ਸ਼ੋਸ਼ਣ ਹੰਢਾਉਂਦੀ ਔਰਤ ਦੀ ਦਸ਼ਾ ਲਗਾਤਾਰ ਨਿੱਘਰ ਰਹੀ ਹੈ। ਜੇਕਰ ਆਰਥਿਕ ਤੌਰ ’ਤੇ ਉਹ ਕਾਮਯਾਬ ਵੀ ਹੋਈ ਹੈ, ਫਿਰ ਵੀ ਉਹ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਤੋਂ ਵਾਂਝੀ ਹੈ। ਆਪਣੀ ਤਨਖਾਹ/ਆਮਦਨ ਵੀ ਆਪਣੀ ਮਰਜ਼ੀ ਅਨੁਸਾਰ ਖ਼ਰਚਣ ਦਾ ਅਧਿਕਾਰ ਜ਼ਿਆਦਾਤਰ ਔਰਤਾਂ ਨੂੰ ਨਹੀਂ ਹੈ। ਔਰਤਾਂ ਨੂੰ ਫੈਸਲਾਕੁੰਨ ਸ਼ਕਤੀ ਬਣਨ ਲਈ ਬਰਾਬਰੀ ਦੇ ਸਮਾਜ ਸਿਰਜਣ ਦੀ ਲੜਾਈ ਤੇਜ਼ ਕਰਨੀ ਪਵੇਗੀ। ਕੁਝ ਮੰਗਾਂ ਨੂੰ ਤਿੱਖੇ ਰੂਪ ਵਿੱਚ ਉਠਾਉਣ ਦੀ ਲੋੜ ਹੈ।

ਔਰਤਾਂ ਖ਼ਿਲਾਫ਼ ਵਧ ਰਹੇ ਅਪਰਾਧਾਂ ਦੀ ਜੜ ਨਾਬਰਾਬਰੀ ਵਾਲੇ ਪ੍ਰਬੰਧ ਅੰਦਰਲੀ ਪਿਛਾਂਹਖਿੱਚੂ ਸੋਚ ਵਿੱਚ ਹੈ। ਇਸ ਵਿਰੁੱਧ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਇੱਕ ਪਾਸੇ ਲਿੰਗ ਸਮਾਨਤਾ ਲਿਆਉਣ ਲਈ ਔਰਤ ਨੂੰ ਮਰਦ ਦੇ ਬਰਾਬਰ ਕੰਮ ਕਰਨ ਦੇ ਮੌਕੇ ਦਿੱਤੇ ਜਾਣ ਤੇ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇ। ਘਰਾਂ ਤੋਂ ਬਾਹਰ ਕੰਮ-ਕਾਜ ਕਰਦੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇ। ਆਪਣੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਦੇ ਘਰੇਲੂ ਕੰਮਾਂ ਨੂੰ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇ। ਔਰਤ ਨੂੰ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਤੇ ਉਸ ਪ੍ਰਤੀ ਤੰਗਦਿਲੀ ਤੋਂ ਉੱਪਰ ਉੱਠ ਕੇ ਆਪਣੀ ਮਾਨਸਿਕਤਾ ਬਦਲੀ ਜਾਵੇ। ਉਸ ਨੂੰ ਵੀ ਮਰਦ ਬਰਾਬਰ ਮਨੁੱਖ ਸਮਝਿਆ ਜਾਵੇ। ਅਜਿਹੀ ਸਥਿਤੀ ਪੈਦਾ ਕਰਨ ਲਈ ਔਰਤ ਨੂੰ ਆਪਣੀ ਲੜਾਈ ਮੁਕਤੀ ਦੀ ਦਿਸ਼ਾ ਅਖ਼ਤਿਆਰ ਕਰ ਕੇ ਲੜਨੀ ਪਵੇਗੀ, ਉਸ ਦੀ ਮੁਕਤੀ ਕਿਰਤੀ ਲੋਕਾਂ ਦੀ ਮੁਕਤੀ ਨਾਲ ਜੁੜੀ ਹੋਈ ਹੈ। ਆਓ ਔਰਤ ਦਿਵਸ ’ਤੇ ਇਹ ਪ੍ਰਣ ਕਰੀਏ ਕਿ ਅਸੀਂ ਔਰਤ ਦੇ ਹੱਕਾਂ ਦੀ ਲੜਾਈ ਮਿਲ ਕੇ ਲੜਾਂਗੇ ਤੇ ਸੋਹਣਾ ਸਮਾਜ ਸਿਰਜਣ ਵੱਲ ਅੱਗੇ ਵਧਾਂਗੇ।

ਸੰਪਰਕ: 94636-15536

Advertisement
×