ਘੰਟੀ ਦਾ ਭੇਤ
ਬਾਲ ਕਹਾਣੀ
ਕੁਲਬੀਰ ਸਿੰਘ ਸੂਰੀ (ਡਾ.)
ਇੱਕ ਪਹਾੜ ਦੇ ਪੈਰਾਂ ਵਿੱਚ ਛੋਟਾ ਜਿਹਾ ਪਿੰਡ ਸੀ। ਪਿਛਲੇ ਕੁਝ ਸਮੇਂ ਤੋਂ ਪਹਾੜ ਦੀ ਚੋਟੀ ਉੱਪਰੋਂ ਘੰਟੀ ਵੱਜਣ ਦੀ ਆਵਾਜ਼ ਪਿੰਡ ਵਿੱਚ ਸੁਣਾਈ ਦਿੰਦੀ ਸੀ। ਘੰਟੀ ਦੀ ਆਵਾਜ਼ ਸੁਣ ਕੇ ਲੋਕਾਂ ਦੇ ਮਨਾਂ ਵਿੱਚ ਡਰ ਬੈਠ ਗਿਆ ਕਿ ਪਹਾੜ ਉੱਪਰ ਕੋਈ ਭੂਤ-ਪ੍ਰੇਤ ਰਹਿੰਦਾ ਹੈ, ਜਿਸ ਕੋਲੋਂ ਘੰਟੀ ਦੇ ਵੱਜਣ ਦੀ ਆਵਾਜ਼ ਆਉਂਦੀ ਹੈ।
ਦਰਅਸਲ, ਇੱਕ ਆਦਮੀ ਘੰਟੀ ਵਜਾ ਕੇ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਵੇਚਿਆ ਕਰਦਾ ਸੀ। ਉਹ ਆਦਮੀ ਉਸ ਪਹਾੜੀ ਇਲਾਕੇ ਵਿੱਚ ਜਾ ਰਿਹਾ ਸੀ ਤਾਂ ਕਿਸੇ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਘੰਟੀ ਅਤੇ ਖਾਣ ਵਾਲੀਆਂ ਚੀਜ਼ਾਂ ਬਾਂਦਰ ਚੁੱਕ ਕੇ ਲੈ ਗਏ। ਖਾਣ ਵਾਲੀਆਂ ਚੀਜ਼ਾਂ ਤਾਂ ਉਹ ਉਸੇ ਵਕਤ ਖਾ ਗਏ, ਪਰ ਘੰਟੀ ਨੂੰ ਉਹ ਰਾਤ ਵੇਲੇ ਜਾਂ ਸਵੇਰੇ ਤੜਕੇ ਵਜਾਉਂਦੇ ਰਹਿੰਦੇ, ਜਿਸ ਕਰਕੇ ਘੰਟੀ ਦੀ ਆਵਾਜ਼ ਦੂਰ-ਦੂਰ ਤੱਕ ਚਲੀ ਜਾਂਦੀ।
ਕਿਸੇ ਹੋਰ ਰਾਹੀ ਨੇ ਉਸ ਆਦਮੀ ਦੀ ਲਾਸ਼ ਉੱਥੋਂ ਲੰਘਦਿਆਂ ਵੇਖੀ ਤਾਂ ਉਸ ਨੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਇੱਥੇ ਭੂਤ-ਪ੍ਰੇਤ ਵਸਦੇ ਹਨ। ਉਹ ਜਦੋਂ ਕਿਸੇ ਆਦਮੀ ਦੀ ਜਾਨ ਲੈਂਦੇ ਹਨ ਤਾਂ ਉਸ ਤੋਂ ਬਾਅਦ ਘੰਟੀ ਵਜਾ ਕੇ ਉਸ ਦਾ ਜਸ਼ਨ ਮਨਾਉਂਦੇ ਹਨ। ਇਸ ਅਫ਼ਵਾਹ ਨੇ ਉਸ ਸਾਰੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ। ਹੁਣ ਰਾਤ ਵੇਲੇ ਤਾਂ ਕੀ ਦਿਨ ਵੇਲੇ ਵੀ ਜੇ ਉੱਥੋਂ ਕੋਈ ਲੰਘਦਾ ਤਾਂ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਉਹ ਜਾਨ ਤਲੀ ’ਤੇ ਰੱਖ ਕੇ ਲੰਘ ਰਿਹਾ ਹੋਵੇ। ਕਈ ਡਰਪੋਕ ਬੰਦੇ ਤਾਂ ਉੱਥੋਂ ਆਪਣੀ ਰਿਹਾਇਸ਼ ਵੀ ਕਿਸੇ ਹੋਰ ਪਾਸੇ ਲੈ ਗਏ।
ਉਸੇ ਪਿੰਡ ਵਿੱਚ ਇੱਕ ਪੜ੍ਹਿਆ-ਲਿਖਿਆ ਨੌਜਵਾਨ ਰਹਿੰਦਾ ਸੀ। ਉਸ ਦੀ ਸੋਚ ਵਿਗਿਆਨਕ ਅਤੇ ਅਗਾਂਹਵਧੂ ਸੀ। ਉਹ ਭੂਤਾਂ-ਪ੍ਰੇਤਾਂ ਵਿੱਚ ਯਕੀਨ ਨਹੀਂ ਸੀ ਕਰਦਾ। ਉਸ ਨੇ ਪਿੰਡ ਦੇ ਲੋਕਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਪਰ ਉਸ ਦੀ ਗੱਲ ਕੋਈ ਨਾ ਮੰਨਦਾ। ਇੱਕ ਦਿਨ ਉਸ ਲੜਕੇ ਨੇ ਘੰਟੀ ਦਾ ਭੇਤ ਜਾਣਨ ਲਈ ਅੱਧੀ ਰਾਤ ਪਹਾੜੀ ’ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਸਵੇਰ ਹੋਣ ਤੋਂ ਪਹਿਲਾਂ-ਪਹਿਲਾਂ ਉਹ ਪਹਾੜੀ ਦੇ ਕਾਫ਼ੀ ਉੱਪਰ ਚਲਾ ਗਿਆ। ਉੱਥੇ ਪਹੁੰਚ ਕੇ ਉਹ ਇੱਕ ਦਰੱਖਤ ਥੱਲੇ ਬੈਠ ਗਿਆ ਅਤੇ ਦਿਨ ਚੜ੍ਹਨ ਦੀ ਉਡੀਕ ਕਰਨ ਲੱਗਾ।
ਪਹੁ-ਫੁਟਾਲਾ ਹੋਇਆ ਤਾਂ ਉਹ ਨੌਜਵਾਨ ਕੁਦਰਤ ਦੇ ਹੁਸੀਨ ਨਜ਼ਾਰੇ ਮਾਣਨ ਲੱਗਾ। ਉਹ ਅਜੇ ਪਹਾੜੀ ਦੇ ਉੱਪਰ ਦੇ ਖ਼ੂਬਸੂਰਤ ਦ੍ਰਿਸ਼ ਵੇਖ ਹੀ ਰਿਹਾ ਸੀ ਤਾਂ ਉਸ ਨੂੰ ਬੜੀ ਨੇੜਿਓਂ ਘੰਟੀ ਵੱਜਣ ਦੀ ਆਵਾਜ਼ ਆਈ। ਉਹ ਬੜੇ ਧਿਆਨ ਨਾਲ ਆਵਾਜ਼ ਸੁਣਨ ਲੱਗਾ। ਆਵਾਜ਼ ਕਦੀ ਬੰਦ ਹੋ ਜਾਂਦੀ ਅਤੇ ਕੁਝ ਸਕਿੰਟਾਂ ਬਾਅਦ ਹੀ ਫਿਰ ਆਉਣੀ ਸ਼ੁਰੂ ਹੋ ਜਾਂਦੀ। ਉਹ ਲੜਕਾ ਉੱਧਰ ਤੁਰ ਪਿਆ ਜਿੱਧਰੋਂ ਆਵਾਜ਼ ਆ ਰਹੀ ਸੀ।
ਇਹ ਨੌਜਵਾਨ ਜਦੋਂ ਅਜੇ ਥੋੜ੍ਹਾ ਹੀ ਪਹਾੜੀ ’ਤੇ ਹੋਰ ਚੜ੍ਹਿਆ ਤਾਂ ਉਸ ਨੇ ਵੇਖਿਆ ਕਿ ਕੁਝ ਬਾਂਦਰ ਇੱਕ ਦਰੱਖਤ ਤੋਂ ਦੂਜੇ ਦਰੱਖਤ ਉੱਪਰ ਟਪੂਸੀਆਂ ਮਾਰ ਰਹੇ ਸਨ ਅਤੇ ਆਵਾਜ਼ ਉਨ੍ਹਾਂ ਕੋਲੋਂ ਹੀ ਆ ਰਹੀ ਸੀ। ਹੁਣ ਉਹ ਥੋੜ੍ਹਾ ਹੋਰ ਬਾਂਦਰਾਂ ਵਾਲੇ ਪਾਸੇ ਗਿਆ ਤਾਂ ਉਸ ਨੇ ਵੇਖਿਆ ਕਿ ਇੱਕ ਬਾਂਦਰ ਦੇ ਹੱਥ ਵਿੱਚ ਘੰਟੀ ਫੜੀ ਹੋਈ ਸੀ ਅਤੇ ਦੂਸਰੇ ਬਾਂਦਰ ਉਸ ਕੋਲੋਂ ਘੰਟੀ ਖੋਹਣੀ ਚਾਹੁੰਦੇ ਸਨ। ਘੰਟੀ ਵਾਲਾ ਬਾਂਦਰ ਇੱਕ ਦਰੱਖਤ ਤੋਂ ਦੂਜੇ ਦਰੱਖਤ ’ਤੇ ਜਦੋਂ ਟਪੂਸੀ ਲਗਾਉਂਦਾ ਸੀ ਤਾਂ ਘੰਟੀ ਦੇ ਵੱਜਣ ਦੀ ਆਵਾਜ਼ ਆਉਂਦੀ ਸੀ। ਦੂਸਰੇ ਬਾਂਦਰ ਜਦੋਂ ਉਸ ਦੇ ਮਗਰ ਆਉਂਦੇ ਸਨ ਤਾਂ ਉਹ ਫਿਰ ਟਪੂਸੀ ਲਗਾਉਂਦਾ ਸੀ ਤਾਂ ਘੰਟੀ ਫਿਰ ਵੱਜਦੀ।
ਨੌਜਵਾਨ ਬਾਂਦਰਾਂ ਦਾ ਸਾਰਾ ਤਮਾਸ਼ਾ ਵੇਖ ਕੇ ਵਾਪਸ ਆ ਗਿਆ ਅਤੇ ਪਿੰਡ ਵਾਲਿਆਂ ਨੂੰ ਸਾਰਾ ਕਿੱਸਾ ਸੁਣਾਇਆ, ਪਰ ਉਸ ਦੀ ਗੱਲ ਕਿਸੇ ਨੇ ਨਾ ਮੰਨੀ। ਹੁਣ ਉਹ ਚਾਰ-ਪੰਜ ਹੋਰ ਲੜਕੇ ਅਤੇ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਅਗਲੇ ਦਿਨ ਆਪਣੇ ਨਾਲ ਚੱਲਣ ਲਈ ਮਨਾਉਣ ਲੱਗਾ। ਨੌਜਵਾਨ ਨੇ ਕੁਝ ਫ਼ਲ ਅਤੇ ਭੁੱਜੇ ਹੋਏ ਛੋਲੇ ਖ਼ਰੀਦੇ ਅਤੇ ਅਗਲੇ ਦਿਨ ਮੂੰਹ-ਹਨੇਰੇ ਕੁਝ ਹੋਰ ਸਾਥੀਆਂ ਨੂੰ, ਜਿਹੜੇ ਉਸ ਦੇ ਨਾਲ ਜਾਣ ਲਈ ਸਹਿਮਤ ਹੋ ਗਏ ਸਨ, ਨਾਲ ਲੈ ਕੇ ਪਹਾੜੀ ਦੇ ਉੱਪਰ ਤੁਰ ਪਿਆ। ਪਹੁ-ਫੁਟਾਲਾ ਹੋਣ ਤੱਕ ਉਹ ਪਹਾੜੀ ਉੱਪਰ ਪਹੁੰਚ ਗਏ। ਕੁਝ ਹੀ ਦੇਰ ਵਿੱਚ ਘੰਟੀ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਲੜਕੇ ਦੇ ਸਾਥੀ ਇੱਕ ਵਾਰੀ ਤਾਂ ਘੰਟੀ ਦੀ ਆਵਾਜ਼ ਸੁਣ ਕੇ ਡਰ ਗਏ, ਪਰ ਜਲਦੀ ਹੀ ਉਨ੍ਹਾਂ ਦਾ ਡਰ ਦੂਰ ਹੋ ਗਿਆ, ਜਦੋਂ ਉਨ੍ਹਾਂ ਨੇ ਘੰਟੀ ਵਾਲੇ ਬਾਂਦਰ ਨੂੰ ਵੇਖ ਲਿਆ।
ਨੌਜਵਾਨ ਨੇ ਬਾਂਦਰਾਂ ਦੇ ਨੇੜੇ ਜਾ ਕੇ ਉਨ੍ਹਾਂ ਨੂੰ ਫ਼ਲ ਅਤੇ ਛੋਲੇ ਵਿਖਾਏ। ਜਦੋਂ ਉਨ੍ਹਾਂ ਦਾ ਧਿਆਨ ਫ਼ਲਾਂ ਅਤੇ ਛੋਲਿਆਂ ਵੱਲ ਹੋਇਆ ਤਾਂ ਫ਼ਲ ਅਤੇ ਛੋਲੇ ਉੱਥੇ ਰੱਖ ਕੇ ਆਪ ਉਹ ਥੋੜ੍ਹਾ ਓਹਲੇ ਵਿੱਚ ਖਲੋ ਗਏ। ਉਹ ਸਾਰੇ ਬਾਂਦਰ ਫ਼ਲਾਂ ਅਤੇ ਛੋਲਿਆਂ ਉੱਪਰ ਝਪਟ ਪਏ। ਘੰਟੀ ਵਾਲਾ ਬਾਂਦਰ ਵੀ ਆਇਆ। ਉਸ ਨੇ ਘੰਟੀ ਉੱਥੇ ਰੱਖ ਦਿੱਤੀ ਅਤੇ ਫ਼ਲ ਅਤੇ ਛੋਲੇ ਚੁੱਕ ਕੇ ਦਰੱਖਤ ਉੱਪਰ ਚੜ੍ਹ ਗਿਆ। ਜਦੋਂ ਸਾਰੇ ਫ਼ਲ ਅਤੇ ਛੋਲੇ ਖ਼ਤਮ ਹੋ ਗਏ ਅਤੇ ਘੰਟੀ ਉੱਥੇ ਪਈ ਰਹਿ ਗਈ ਤਾਂ ਲੜਕੇ ਨੇ ਫੁਰਤੀ ਨਾਲ ਉੱਥੇ ਪਹੁੰਚ ਕੇ ਘੰਟੀ ਚੁੱਕ ਲਈ। ਘੰਟੀ ਨੂੰ ਉਸ ਨੇ ਫ਼ਲਾਂ ਅਤੇ ਛੋਲਿਆਂ ਵਾਲੇ ਖ਼ਾਲੀ ਝੋਲੇ ਵਿੱਚ ਪਾ ਲਿਆ। ਇਹ ਵੇਖ ਕੇ ਉਸ ਦੇ ਸਾਥੀਆਂ ਵਿੱਚ ਵੀ ਜੋਸ਼ ਪੈਦਾ ਹੋ ਗਿਆ।
ਹੁਣ ਉਹ ਹੱਸਦੇ-ਖੇਡਦੇ, ਗੱਪਾਂ ਮਾਰਦੇ ਹੇਠਾਂ ਪਿੰਡ ਵੱਲ ਆ ਰਹੇ ਸਨ। ਪਿੰਡ ਪਹੁੰਚ ਕੇ ਉਨ੍ਹਾਂ ਨੇ ਘੰਟੀ ਵਜਾਉਣੀ ਸ਼ੁਰੂ ਕਰ ਦਿੱਤੀ। ਘੰਟੀ ਦੀ ਆਵਾਜ਼ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਨੌਜਵਾਨ ਘੰਟੀ ਵਜਾਉਂਦਾ ਅਤੇ ਹੱਸਦਾ ਹੋਇਆ ਸਾਰਿਆਂ ਨੂੰ ਕਹਿਣ ਲੱਗਾ ਕਿ ਪਹਾੜ ਉੱਪਰਲੇ ਭੂਤ-ਪ੍ਰੇਤ ਥੱਲੇ ਆ ਗਏ ਹਨ। ਉਸ ਨੇ ਸਾਰਿਆਂ ਨੂੰ ਘੰਟੀ ਦਾ ਭੇਤ ਦੱਸਿਆ। ਹੁਣ ਹਰ ਕੋਈ ਉਹ ਘੰਟੀ ਫੜ ਕੇ ਵਜਾ ਰਿਹਾ ਸੀ ਅਤੇ ਆਪਣੀ ਬੇਵਕੂਫੀ ਅਤੇ ਜਹਾਲਤ ਉੱਪਰ ਨਕਲੀ ਹਾਸਾ ਹੱਸਦਾ ਸ਼ਰਮਿੰਦਾ ਹੋ ਰਿਹਾ ਸੀ।
ਸੰਪਰਕ: 98889-24664