DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਲੀਕੇ ਦਾ ਜਾਦੂ

ਅਜੀਤ ਖੰਨਾ ਸਿਆਣੇ ਕਹਿੰਦੇ ਹਨ ਕਿ ਤੁਹਾਡਾ ਸਲੀਕਾ ਇੰਨਾ ਵਧੀਆ ਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਕਿ ਉਸ ਨੂੰ ਵੇਖ ਕੇ ਸਾਹਮਣੇ ਵਾਲਾ ਵਿਅਕਤੀ ਅਸ਼! ਅਸ਼! ਕਰ ਉੱਠੇ। ਜਿਵੇਂ ਜਿਵੇਂ ਤੁਹਾਡੇ ਮੂੰਹ ਵਿੱਚੋਂ ਬੋਲ ਬਾਹਰ ਆਉਣ ਸਾਹਮਣੇ ਵਾਲਾ ਤੁਹਾਡੇ ਬੋਲਾਂ ਨਾਲ...
  • fb
  • twitter
  • whatsapp
  • whatsapp
Advertisement

ਅਜੀਤ ਖੰਨਾ

ਸਿਆਣੇ ਕਹਿੰਦੇ ਹਨ ਕਿ ਤੁਹਾਡਾ ਸਲੀਕਾ ਇੰਨਾ ਵਧੀਆ ਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਕਿ ਉਸ ਨੂੰ ਵੇਖ ਕੇ ਸਾਹਮਣੇ ਵਾਲਾ ਵਿਅਕਤੀ ਅਸ਼! ਅਸ਼! ਕਰ ਉੱਠੇ। ਜਿਵੇਂ ਜਿਵੇਂ ਤੁਹਾਡੇ ਮੂੰਹ ਵਿੱਚੋਂ ਬੋਲ ਬਾਹਰ ਆਉਣ ਸਾਹਮਣੇ ਵਾਲਾ ਤੁਹਾਡੇ ਬੋਲਾਂ ਨਾਲ ਕੀਲਿਆ ਜਾਵੇ। ਤੁਹਾਡੇ ਮੂੰਹ ਵਿੱਚੋਂ ਨਿਕਲਿਆ ਇੱਕ ਇੱਕ ਬੋਲ ਵਜ਼ਨਦਾਰ ਹੋਣਾ ਚਾਹੀਦਾ ਹੈ ਜੋ ਸਾਹਮਣੇ ਵਾਲੇ ਉੱਤੇ ਪੂਰਾ ਪ੍ਰਭਾਵ ਛੱਡੇ। ਬੋਲਣ ਵੇਲੇ ਤੁਹਾਡਾ ਉਚਾਰਣ ਸਾਫ਼ ਤੇ ਸਪੱਸ਼ਟ ਹੋਣਾ ਲਾਜ਼ਮੀ ਹੈ। ਤੁਹਾਡੀ ਬੋਲੀ ਸਾਹਮਣੇ ਵਾਲੇ ਨੂੰ ਪੂਰੀ ਤਰ੍ਹਾਂ ਸਮਝ ਆਉਣੀ ਚਾਹੀਦੀ ਹੈ। ਬੋਲਣ ਦਾ ਸਲੀਕਾ ਇੰਨਾ ਸੋਹਣਾ ਹੋਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਨੂੰ ਲੱਗੇ ਕਿ ਉਹ ਕਿਸੇ ਵਧੀਆ ਇਨਸਾਨ ਨਾਲ ਗੱਲ ਕਰ ਰਿਹਾ ਹੈ।

Advertisement

ਜੇਕਰ ਤੁਹਾਡਾ ਗੱਲ ਕਰਨ ਦਾ ਸਲੀਕਾ ਵਧੀਆ ਨਹੀਂ ਹੋਵੇਗਾ ਤਾਂ ਹਰ ਵਿਅਕਤੀ ਤੁਹਾਡੇ ਤੋਂ ਪਾਸਾ ਵੱਟੇਗਾ। ਉਹ ਤੁਹਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕਰੇਗਾ। ਗੱਲ ਇੰਨੇ ਚੰਗੇ ਸਲੀਕੇ ਨਾਲ ਕਰੋ ਕਿ ਸਾਹਮਣੇ ਵਾਲੇ ਦਾ ਮਨ ਤੁਹਾਡੇ ਨਾਲ ਮੁੜ ਗੱਲ ਕਰਨ ਨੂੰ ਕਰਦਾ ਰਹੇ। ਉਹ ਤੁਹਾਡੇ ਨਾਲ ਗੱਲ ਕਰਨ ਤੋਂ ਝਿਜਕੇ ਨਾ ਸਗੋਂ ਬੇਝਿਜਕ ਹੋ ਕੇ ਗੱਲ ਕਰੇ। ਜਿਸ ਨੂੰ ਬੋਲਣ ਦਾ ਸਲੀਕਾ ਨਹੀਂ, ਉਸ ਤੋਂ ਦੂਰੀ ਬਣਾ ਕੇ ਰੱਖੋ। ਹਮੇਸ਼ਾ ਸਲੀਕੇ ਵਾਲੇ ਬੰਦਿਆਂ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੀ ਸ਼ਖ਼ਸੀਅਤ ’ਚ ਨਿਖਾਰ ਆਵੇਗਾ। ਸਮਾਜ ਵਿੱਚ ਤੁਹਾਡੀ ਇੱਜ਼ਤ ਵਧੇਗੀ। ਦੂਜੇ ਪਾਸੇ ਬਹੁਤ ਵਾਰੀ ਵੇਖਿਆ ਹੈ ਕਿ ਕਈ ਲੋਕਾਂ ਦਾ ਗੱਲ ਕਰਨ ਦਾ ਤਰੀਕਾ ਇੰਨਾ ਖਰ੍ਹਵਾ ਹੁੰਦਾ ਹੈ ਕਿ ਸਾਹਮਣੇ ਵਾਲੇ ਨੂੰ ਇੰਝ ਲੱਗਦਾ ਹੈ ਜਿਵੇਂ ਤੁਸੀਂ ਉਸ ਨੂੰ ਗਾਲ੍ਹਾਂ ਕੱਢ ਰਹੇ ਹੋਵੋ। ਜਿਸ ਕਰਕੇ ਉਹ ਤੁਹਾਡੀ ਚੰਗੀ ਗੱਲ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੁੰਦਾ। ਤੁਹਾਡੇ ਬੋਲਣ ਦਾ ਤਰੀਕਾ ਤੁਹਾਡੀ ਸ਼ਖ਼ਸੀਅਤ ਦੇ ਪੱਖ ਨੂੰ ਦਰਸਾਉਂਦਾ ਹੈ। ਜੇਕਰ ਤੁਹਾਡੇ ਬੋਲਣ ਦਾ ਤਰੀਕਾ ਤੇ ਸਲੀਕਾ ਸਹੀ ਹੈ ਤਾਂ ਤੁਹਾਡੀ ਸ਼ਖ਼ਸੀਅਤ ਦਾ ਦੂਸਰੇ ਵਿਅਕਤੀ ’ਤੇ ਗਹਿਰਾ ਪ੍ਰਭਾਵ ਪਵੇਗਾ, ਪਰ ਜੇ ਸਲੀਕਾ ਸਹੀ ਨਹੀਂ ਤਾਂ ਸਮਝੋ ਤੁਹਾਡਾ ਪੱਖ ਸਹੀ ਨਹੀਂ ਮੰਨਿਆ ਜਾਵੇਗਾ। ਸੋ ਜਿੰਦਗੀ ਵਿੱਚ ਵਿਚਰਦਿਆਂ ਬੋਲਣ ਦਾ ਤਰੀਕਾ ਤੇ ਸਲੀਕਾ ਸਦਾ ਸਹੀ ਰੱਖੋ।

ਬਹੁਤੇ ਲੋਕ ਸੋਚਦੇ ਹਨ ਕਿ ਪੈਸੇ ਨਾਲ ਜ਼ਿੰਦਗੀ ਵਧੀਆ ਬਣਾਈ ਜਾ ਸਕਦੀ ਹੈ, ਪਰ ਜ਼ਿੰਦਗੀ ਵਧੀਆ ਸਿਰਫ਼ ਸਲੀਕੇ ਨਾਲ ਹੀ ਹੁੰਦੀ ਹੈ। ਸਲੀਕਾ ਸਾਡੀ ਜ਼ਿੰਦਗੀ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹ ਮਜ਼ਬੂਤ ਨਹੀਂ ਤਾਂ ਅਸੀਂ ਜ਼ਿੰਦਾ ਤਾਂ ਰਹਿ ਸਕਦੇ ਹਾਂ, ਪਰ ਮਜ਼ਬੂਤ ਤੇ ਹੰਢਣਸਾਰ ਜ਼ਿੰਦਗੀ ਨਹੀਂ ਜਿਉਂ ਸਕਦੇ। ਸਲੀਕਾ ਮਨੁੱਖ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਅੰਗ ਹੈ। ਇਨਸਾਨ ਕਿੰਨਾ ਵੀ ਸੱਚਾ ਸੁੱਚਾ ਕਿਉਂ ਨਾ ਹੋਵੇ। ਜੇ ਉਸ ਦੀ ਗੱਲਬਾਤ ਵਿੱਚ ਕੁੜੱਤਣ ਹੈ ਤਾਂ ਉਹ ਦੂਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਆਪਣੇ ਮਨ ਦੇ ਬਹੁਤੇ ਹਾਵ ਭਾਵ ਅਸੀਂ ਭਾਸ਼ਾ ਦੀ ਮਦਦ ਨਾਲ ਹੀ ਦਰਸਾਉਂਦੇ ਹਾਂ। ਅਸੀਂ ਆਪਣੀ ਭਾਵਨਾ ਉਦੋਂ ਹੀ ਦੂਜੇ ਤੱਕ ਪਹੁੰਚਾ ਸਕਦੇ ਹਾਂ ਜਦੋਂ ਦੂਜੇ ਲਈ ਵੀ ਸ਼ਬਦਾਂ ਦੇ ਉਹੀ ਅਰਥ ਹੋਣ ਜਿਹੜੇ ਕਿ ਸਾਡੇ ਲਈ ਹਨ। ਜਿਸ ਤਰ੍ਹਾਂ ਇੱਕ ਵਸਤੂ ਲਈ ਕਈ ਸ਼ਬਦ ਹੋ ਸਕਦੇ ਹਨ। ਠੀਕ ਇਸੇ ਤਰ੍ਹਾਂ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਮੌਕੇ ਮੁਤਾਬਕ ਅਤੇ ਕਹਿਣ ਦੇ ਅੰਦਾਜ਼ ਨਾਲ ਵੀ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਵਧੀਆ ਜਿਊਣ ਦਾ ਸਲੀਕਾ ਇਹ ਕਹਿੰਦਾ ਹੈ ਕਿ ਆਪਣੇ ਪਰਿਵਾਰ ਨੂੰ ਵਕਤ ਦਿਓ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ। ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰੋ।

‘ਸਲੀਕਾ’ ਕਹਿਣ ਨੂੰ ਸਿਰਫ਼ ਤਿੰਨ ਅੱਖਰਾਂ ਦਾ ਸ਼ਬਦ ਹੈ, ਪਰ ਇਸ ਦੇ ਅਰਥ ਬੜੇ ਡੂੰਘੇ ਤੇ ਮਾਅਨੇ ਭਰਪੂਰ ਹਨ। ਸਲੀਕਾ ਜਿਸ ਦਾ ਸੁਖਾਲਾ ਅਰਥ ਜਾਂ ਮਤਲਬ ਹੈ ਢੰਗ-ਤਰੀਕਾ। ਇਹ ਢੰਗ-ਤਰੀਕਾ ਬੇਸ਼ੱਕ ਕਿਸੇ ਚੀਜ਼ ਦਾ ਵੀ ਹੋਵੇ- ਰਹਿਣ ਸਹਿਣ, ਖਾਣ ਪੀਣ ਜਾਂ ਉੁੱਠਣ ਬਹਿਣ ਦਾ। ਕਈ ਵਾਰ ਬੋਲਣ ਦਾ ਸਲੀਕਾ ਨਾ ਹੋਣ ਦੀ ਘਾਟ ਹੀ ਦੋ ਬੰਦਿਆਂ ਵਿੱਚ ਆਪਸੀ ਵਿਵਾਦ ਦੀ ਵਜ੍ਹਾ ਬਣ ਜਾਂਦੀ ਹੈ ਤੇ ਨਿੱਕੀ ਜਿੰਨੀ ਗ਼ਲਤੀ ਇਨਸਾਨ ਵਿੱਚ ਕੋਹਾਂ ਦੂਰੀਆਂ ਬਣਾ ਦਿੰਦੀ ਹੈ। ਸੋ ਹਰ ਵਿਅਕਤੀ ਨੂੰ ਸੱਭਿਅਕ ਸਮਾਜ ਵਿੱਚ ਰਹਿੰਦਿਆਂ ਨਿਯਮਾਂ ਵਿੱਚ ਬੱਝ ਕੇ ਹੀ ਕਾਰ-ਵਿਹਾਰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਸਲੀਕੇ ਦੀ ਬਿਹਤਰ ਮਿਸਾਲ ਪੇਸ਼ ਕੀਤੀ ਜਾ ਸਕੇ। ਇਸੇ ਤਰ੍ਹਾਂ ਜਦੋਂ ਕਿਸੇ ਨੇ ਕੱਪੜੇ ਸਹੀ ਢੰਗ ਦੇ ਨਾ ਪਾਏ ਹੋਣ ਤਾਂ ਵੀ ਆਖਿਆ ਜਾਂਦਾ ਹੈ ਕਿ ਇਸ ਬੰਦੇ ਨੂੰ ਕੱਪੜੇ ਪਾਉਣ ਦਾ ਭੋਰਾ ਸਲੀਕਾ ਨਹੀਂ ਹੈ। ਜਿਸ ਕਰਕੇ ਉਹ ਵਿਅਕਤੀ ਦੂਜਿਆਂ ਦੀ ਆਲੋਚਨਾ ਦਾ ਪਾਤਰ ਬਣਦਾ ਹੈ। ਕਈ ਵਾਰ ਤਾਂ ਉਸ ਬੰਦੇ ਨੂੰ ਇਸ ਗੱਲ ਵਾਸਤੇ ਟੋਕਿਆ ਵੀ ਜਾਂਦਾ ਹੈ। ਇਸੇ ਕਰਕੇ ਪੁਰਾਣੇ ਸਮਿਆਂ ਵਿੱਚ ਖ਼ੁਸ਼ੀ ਗ਼ਮੀ ’ਤੇ ਕੱਪੜੇ ਪਾਉਣ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ। ਵਿਆਹ ਵਗੈਰਾ ’ਤੇ ਗੂੜ੍ਹੇ ਅਤੇ ਮਰਗ ਵੇਲੇ ਫਿੱਕੇ ਜਾਂ ਚਿੱਟੇ ਰੰਗ ਦੇ ਕੱਪੜੇ ਹੀ ਪਾਏ ਜਾਂਦੇ ਸਨ। ਜੋ ਬੰਦੇ ਦੇ ਪਹਿਰਾਵੇ ਦੇ ਸਲੀਕੇ ਦੀ ਨਿਸ਼ਾਨੀ ਹੁੰਦੇ ਸਨ। ਇਸ ਤੋਂ ਬਿਨਾਂ ਉੁੱਠਣ, ਬਹਿਣ ਤੇ ਖਲੋਣ ਦਾ ਸਲੀਕਾ ਨਾ ਹੋਣ ’ਤੇ ਆਪਣੇ ਬਜ਼ੁਰਗ ਅਕਸਰ ਕਹਿ ਦਿੰਦੇ ਸਨ ਕਿ ਇਸ ਨੂੰ ਬਿਲਕੁਲ ਵੀ ਸਲੀਕਾ ਨਹੀਂ ਹੈ ਕਿ ਕਿਵੇਂ ਕਿਤੇ ਉੁੱਠਣਾ-ਬਹਿਣਾ ਹੈ।

ਬਹੁਤ ਵਾਰ ਵੇਖਿਆ ਜਾਂਦਾ ਹੈ ਕਿ ਬਹਿਣ ਉੱਠਣ ਦਾ ਤਰੀਕਾ ਹੀ ਦੱਸ ਦਿੰਦਾ ਹੈ ਕਿ ਉਸ ਬੰਦੇ ਨੂੰ ਸਮਾਜ ਵਿੱਚ ਵਿਚਰਨ ਦੀ ਕਿੰਨੀ ਕੁ ਲਿਆਕਤ ਹੈ ਜਾਂ ਉਹ ਕਿੰਨੇ ਕੁ ਸੰਸਕਾਰਾਂ ਦਾ ਮਾਲਕ ਹੈ। ਸਿਆਣੇ ਤਾਂ ਬੰਦੇ ਦੇ ਬਹਿਣ ਖਲੋਣ ਤੋਂ ਹੀ ਪਰਖ ਲੈਂਦੇ ਹਨ ਕਿ ਉਹ ਕੀ ਗੱਲ ਕਰਦੇ ਹੋਣਗੇ। ਬੰਦੇ ਦੇ ਹਾਵ ਭਾਵ ਉਸ ਦੇ ਸਲੀਕੇ ਨੂੰ ਦਰਸਾਉਣ ਵਾਲੇ ਦੋ ਮਹੱਤਵਪੂਰਨ ਪੱਖ ਹਨ। ਇਸ ਤੋਂ ਬਿਨਾਂ ਕਿਸੇ ਬੰਦੇ ਨੂੰ ਖਾਣ ਪੀਣ ਦਾ ਚੱਜ ਨਾ ਹੋਣ ਦੀ ਸੂਰਤ ਵਿੱਚ ਵੀ ਇਨ੍ਹਾਂ ਤਿੰਨ ਅੱਖਰਾਂ ਵਾਲੇ ਸ਼ਬਦ ਦੀ ਵਰਤੋਂ ਅਕਸਰ ਕੀਤੀ ਜਾਂਦੀ ਸੀ। ਵਿਆਹਾਂ ਤੇ ਹੋਰ ਸਮਾਗਮਾਂ ’ਤੇ ਵੀ ਇਹ ਆਮ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਵਿਅਕਤੀ ਖਾਣੇ ਦੀ ਪਲੇਟ ਉੱਤੋਂ ਤੱਕ ਭਰ ਲੈਣਗੇ। ਖਾਣ ਵਾਲਾ ਸਾਮਾਨ ਥੋੜ੍ਹਾ ਪਾਉਣ ਦੀ ਬਜਾਏ ਉਹ ਇੱਕੋ ਵਾਰ ਹੀ ਸਾਰਾ ਸਾਮਾਨ ਪਲੇਟ ਵਿੱਚ ਇਕੱਠਾ ਪਾ ਲੈਣਗੇ। ਜੋ ਖਾਣਾ ਖਾਣ ਦਾ ਸਲੀਕਾ ਨਹੀਂ। ਹਮੇਸ਼ਾ ਪਲੇਟ ਵਿੱਚ ਖਾਣ ਵਾਲਾ ਸਾਮਾਨ ਥੋੜ੍ਹਾ ਪਾਓ। ਜੋ ਵੇਖਣ ਵਾਲੇ ਨੂੰ ਵੀ ਚੰਗਾ ਲੱਗੇ। ਤੁਹਾਨੂੰ ਖਾਣ ਲੱਗੇ ਕੋਈ ਮੁਸ਼ਕਲ ਵੀ ਨਾ ਆਵੇ। ਨਹੀਂ ਤਾਂ ਸਾਹਮਣੇ ਵਾਲੇ ਨੂੰ ਤੁਸੀਂ ਉਜੱਡ ਹੀ ਲੱਗੋਗੇ। ਇਸ ਕਰਕੇ ਬੇਸ਼ੱਕ ਸਲੀਕਾ ਸ਼ਬਦ ਸਿਰਫ਼ ਤਿੰਨ ਅੱਖਰਾਂ ਦਾ ਹੀ ਹੈ, ਪਰ ਇਸ ਦੇ ਅਰਥ ਬੜੇ ਡੂੰਘੇ ਤੇ ਗਹਿਰੇ ਭਾਵ ਰੱਖਦੇ ਹਨ ਜੋ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੋਣੇ ਲਾਜ਼ਮੀ ਹਨ। ਇਨ੍ਹਾਂ ਤੋਂ ਬਿਨਾਂ ਕਿਸੇ ਵੀ ਬੰਦੇ ਦੀ ਜ਼ਿੰਦਗੀ ਅਧੂਰੀ ਜਾਪਦੀ ਹੈ।

ਸੰਪਰਕ: 76967-54669

Advertisement
×